ਬਲਾਚੌਰ, ( ਉਮੇਸ਼ ਜੋਸ਼ੀ )- ਬਲਾਚੌਰ ਤਹਿਸੀਲ ਵਿੱਚ ਸਥਿਤ ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੇ ਬੀ.ਐਸ.ਸੀ. (ਆਨਰਜ਼) ਖੇਤੀਬਾੜੀ ਦੇ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਦੋ ਦਿਨਾਂ ਵਿੱਦਿਅਕ ਦੌਰਾ ਕੀਤਾ। ਇਸ ਟੂਰ ਦੌਰਾਨ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰਾਂ ਅਤੇ ਵਿਗਿਆਨੀਆਂ ਦੁਆਰਾ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਦਿੱਤੀ। ਡਾ. ਸੋਹਣ ਸਿੰਘ ਵਾਲੀਆ, ਡਾਇਰੈਕਟਰ, ਸਕੂਲ ਆਫ਼ ਆਰਗੈਨਿਕ ਫਾਰਮਿੰਗ ਨੇ ਵਿਦਿਆਰਥੀਆਂ ਨੂੰ ਜੈਵਿਕ ਖੇਤੀ ਬਾਰੇ, ਡਾ. ਏ. ਐੱਸ. ਸਿੱਧੂ ਅਤੇ ਡਾ. ਵਜਿੰਦਰ ਕਾਲੜਾ ਨੇ ਜੈਵਿਕ ਖੇਤ ਪ੍ਰਯੋਗਾਂ ਦਾ ਦੌਰਾ ਕਰਵਾਇਆ ਅਤੇ ਕਿਹਾ ਕਿ ਕਿਸਾਨਾਂ ਲਈ ਇਹ ਫਸਲਾਂ ਦੀ ਖੇਤੀ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੀ ਹੈ। ਡਾ: ਨੀਰਜ ਰਾਣੀ ਨੇ ਵਿਦਿਆਰਥੀਆਂ ਨੂੰ ਸੰਯੁਕਤ ਖੇਤੀ ਪ੍ਰਣਾਲੀ ਬਾਰੇ ਜਾਣੂ ਕਰਵਾਇਆ, ਇਸ ਦੇ ਨਾਲ ਹੀ ਵੱਖ-ਵੱਖ ਨਸਲਾਂ ਦੀਆਂ ਮੱਝਾਂ, ਗਾਵਾਂ, ਬੱਕਰੀਆਂ ਅਤੇ ਮੱਛੀ ਪਾਲਣ ਦੇ ਧੰਦਿਆਂ ਬਾਰੇ ਜਾਣਕਾਰੀ ਦਿੱਤੀ। ਡਾ. ਜਸਪਾਲ ਸਿੰਘ, ਕੀਟ ਵਿਗਿਆਨੀ, ਨੇ ਮਧੂ ਮੱਖੀ ਪਾਲਣ ਦੀਆਂ ਤਕਨੀਕਾਂ ਅਤੇ ਸ਼ਹਿਦ ਕੱਢਣ ਦੇ ਯੰਤਰਾਂ ਬਾਰੇ ਜਾਣਕਾਰੀ ਦਿੱਤੀ। ਡਾ. ਪਰਵੀਨ ਕੁਮਾਰ ਮਲਹੋਤਰਾ, ਬਾਇਓਟੈਕਨੋਲੌਜਿਸਟ, ਨੇ ਵਿਦਿਆਰਥੀਆਂ ਨੂੰ ਟਰਾਂਸਜੈਨਿਕ ਫਸਲਾਂ ਬਾਰੇ ਦੱਸਿਆ ਅਤੇ ਸਕੂਲ ਆਫ਼ ਬਾਇਓਟੈਕਨਾਲੋਜੀ ਵਿੱਚ ਟਿਸ਼ੂ ਕਲਚਰ ਪ੍ਰਯੋਗਸ਼ਾਲਾ ਅਤੇ ਨਵੀਂ ਸਥਾਪਿਤ ਕੀਤੀ ਗਈ ਅਸੀਲ ਬਰੀਡ ਦਾ ਦੌਰਾ ਕਰਵਾਇਆ।ਡਾ. ਤਾਨੀਆ ਠਾਕੁਰ, ਫਲੋਰੀਕਲਚਰਿਸਟ, ਨੇ ਵਿਦਿਆਰਥੀਆਂ ਨੂੰ ਬੋਟੈਨੀਕਲ ਗਾਰਡਨ ਵਿੱਚ ਪੌਦਿਆਂ ਦੀ ਵਿਭਿੰਨਤਾ ਬਾਰੇ ਜਾਣੂ ਕਰਵਾਇਆ। ਡਾ: ਮਨਿੰਦਰ ਕੌਰ, ਵਿਗਿਆਨੀ, ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ, ਨੇ ਕਣਕ ਅਤੇ ਚੌਲਾਂ ਦੇ ਪ੍ਰੋਸੈਸਿੰਗ ਪਲਾਂਟ ਦਾ ਦੌਰਾ ਕਰਵਾ ਕੇ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਚੌਲ ਮਿਲਿੰਗ ਪਲਾਂਟ ਅਤੇ ਆਟਾ ਮਿਲਿੰਗ ਪਲਾਂਟਾਂ ਬਾਰੇ ਜਾਣਕਾਰੀ ਦਿੱਤੀ। ਡਾ. ਸ਼ਿਵਾਨੀ ਸ਼ਰਮਾ, ਮਾਈਕੋਲੋਜਿਸਟ, ਅਤੇ ਸ਼੍ਰੀ ਕਨਵਰਪ੍ਰੀਤ ਸਿੰਘ, ਰਿਸਰਚ ਸਕਾਲਰ ਨੇ ਮਸ਼ਰੂਮ ਰਿਸਰਚ ਅਤੇ ਟੈਕਨਾਲੋਜੀ ਸੈਂਟਰ ਦਾ ਦੌਰਾ ਕਰਵਾਇਆ, ਜਿੱਥੇ ਵਿਦਿਆਰਥੀਆਂ ਨੇ ਖੁੰਬਾਂ ਦੀਆਂ ਵੱਖ-ਵੱਖ ਕਿਸਮਾਂ, ਉਨ੍ਹਾਂ ਦੇ ਵਿਕਾਸ ਦੇ ਪੜਾਵਾਂ ਅਤੇ ਖੁੰਬਾਂ ਦੀ ਖੇਤੀ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਡਾ. ਵਿਜੇ ਕਾਂਤ, ਭੂਮੀ ਵਿਗਿਆਨੀ, ਨੇ ਡਾ. ਉੱਪਲ ਮਿਊਜ਼ੀਅਮ, ਉੱਤਰ ਭਾਰਤ ਦੇ ਕੁਦਰਤੀ ਸੋਮਿਆਂ ਦੇ ਅਜਾਇਬ ਘਰ ਦਾ ਦੌਰਾ ਕਰਵਾਇਆ ਅਤੇ ਡਾ. ਪ੍ਰੇਰਨਾ ਨੇ ਹੁਨਰ ਵਿਕਾਸ ਕੇਂਦਰ ਵਿਖੇ ਵੱਖ-ਵੱਖ ਸਹੂਲਤਾਂ ਦਾ ਵੇਰਵਾ ਦਿੱਤਾ। ਇਸ ਤੋਂ ਇਲਾਵਾ, ਮਾਣਯੋਗ ਫੈਕਲਟੀ ਮੈਂਬਰਾਂ, ਜਿਨ੍ਹਾਂ ਵਿੱਚ ਡਾ. ਵਿਨੀਤ ਕੁਮਾਰ, ਡਾ. ਮਨਮੋਹਨ ਧਾਕਲ, ਡਾ. ਮਨਦੀਪ ਸਿੰਘ ਹੁੰਜਨ, ਅਤੇ ਡਾ. ਯੋਗਿਤਾ ਬੋਹਰਾ ਸ਼ਾਮਲ ਸਨ, ਨੇ ਪੈਥੋਲੋਜੀ ਵਿਭਾਗ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਵੱਖ-ਵੱਖ ਯੰਤਰਾਂ ਬਾਰੇ ਜਾਣੂ ਕਰਵਾਇਆ।ਡਾ. ਮਨਮੋਹਨਜੀਤ ਸਿੰਘ, ਡੀਨ, ਪੀ.ਏ.ਯੂ.- ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਨੇ ਵਿਦਿਆਰਥੀਆਂ ਦੇ ਵਿੱਦਿਅਕ ਯਤਨਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਪੀ.ਏ.ਯੂ. ਦੇ ਫੈਕਲਟੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਟੂਰ ਦਾ ਆਯੋਜਨ ਡਾ. ਅਬਰਾਰ ਯੂਸਫ, ਅਕੈਡਮਿਕ ਕੋਆਰਡੀਨੇਟਰ ਵੱਲੋਂ ਕੀਤਾ ਗਿਆ ਅਤੇ ਜਿਸ ਵਿੱਚ ਡਾ. ਰਵਨੀਤ ਕੌਰ, ਡਾ. ਸਰਵਨ ਕੁਮਾਰ ਅਤੇ ਡਾ. ਸ਼ਮਿੰਦਰ ਕੁਮਾਰ ਵੀ ਸ਼ਾਮਲ ਸਨ।ਤਸਵੀਰ 16 ਨਵਾਂਸਹਿਰ ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵਿਦਿਅਕ ਦੌਰ ਦੌਰਾਨ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ (ਬਲਾਚੌਰ ) ਦੇ ਵਿਦਿਆਰਥੀ ਖੇਤੀ ਵਿਗਿਆਨੀਆਂ ਨਾਲ ਅਤੇ ਹੋਰ ਵੱਖ ਵੱਖ ਦ੍ਰਿਸ਼
ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਦਿਨਾਂ ਵਿੱਦਿਅਕ ਦੌਰਾ
This entry was posted in ਪੰਜਾਬ.