ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਚੌਥਾ ਸ਼ੱਕੀ 22 ਸਾਲਾ ਅਮਨਦੀਪ ਸਿੰਘ ਮੰਗਲਵਾਰ ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਆਪਣੀ ਪਹਿਲੀ ਅਦਾਲਤ ਅੰਦਰ ਪੇਸ਼ੀ ਲਈ ਤਕਨੀਕੀ ਖਰਾਬੀ ਕਾਰਨ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ।
ਲੋਅਰ ਮੇਨਲੈਂਡ ਦੀ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੁਆਰਾ ਸਿੰਘ ‘ਤੇ ਪਹਿਲੀ-ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ ਵਿਚ ਹੁਣ ਸਾਰੇ ਦੋਸ਼ੀਆਂ ਨੂੰ 21 ਮਈ ਨੂੰ ਸੂਬਾਈ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਅਤੇ ਉਸੇ ਦਿਨ ਸਮੂਹ ਮੁਲਜ਼ਮਾਂ ਦੀ ਸੁਣਵਾਈ ਹੋਣੀ ਹੈ।
ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਹੋਠੀ ਅਤੇ ਭਾਈ ਨਰਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰਾਂ ਨੂੰ ਵੀ ਚਾਰਜ ਕੀਤਾ ਜਾਵੇਗਾ। ਸਾਰੇ ਕੈਨੇਡੀਅਨਾਂ ਨੂੰ ਇਸ ਨੂੰ ਬਹੁਤ ਗੰਭੀਰਤਾ ਨਾਲ ਦੇਖਣਾ ਚਾਹੀਦਾ ਹੈ ਕਿਉਂਕਿ ਇਹ ਸਿਰਫ਼ ਇੱਕ ਵਿਅਕਤੀ ਦੀ ਗੱਲ ਨਹੀਂ ਹੈ। ਇਹ ਕੈਨੇਡੀਅਨ ਧਰਤੀ ‘ਤੇ ਰਹਿੰਦੇ ਸਿੱਖਾਂ ਤੇ ਹਮਲਾ ਕੀਤਾ ਗਿਆ ਹੈ ।
ਹੋਠੀ ਦਾ ਕਹਿਣਾ ਹੈ ਕਿ ਗੁਰੁਘਰ ਅੰਦਰ ਸਾਡਾ ਮਨੋਬਲ ਮਜ਼ਬੂਤ ਹੈ ਅਤੇ ਆਪਣੇ ਨੇਤਾ ਨੂੰ ਗੁਆਉਣ ਦੇ ਬਾਵਜੂਦ ਭਾਈ ਨਿੱਝਰ ਵਾਂਗ ਅਸੀ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ ।