(ਸ਼ਬਦ ਸੁਰਧਾਂਜਲੀ ਡਾ ਸੁਰਜੀਤ ਪਾਤਰ ਨੂੰ)
ਉਹ ਰਾਗ ਤੋਂ ਵੈਰਾਗ ਤੀਕ
ਜਾਨਣ ਵਾਲੀ ਆਵਾਜ਼ ਸ਼ਬਦ ਸੀ
ਦਿਲ ਦੀ ਪਰਤਾਂ ਚ
ਰੰਗ ਵਾਂਗ ਘੁਲ ਜਾਣ ਵਰਗਾ
ਕੰਬ ਜਾਣ ਵਾਲਾ
ਹਉਕਾ ਭਰਨ ਤੇ ਵੀ
ਹਰ ਪੈੜ ਜਾਨਣ ਵਾਲਾ
ਮਹਿਰਮ ਇਤਿਹਾਸ ਦੀ
ਉਹਨੂੰ ਕਤਈ ਚੰਗੀ
ਨਹੀਂ ਸੀ ਲੱਗਦੀ ਰਾਹਾਂ ਦੀ ਖਾਕ ਛਾਨਣੀ
ਉਹਨੂੰ ਮੈਂ ਆਖ਼ਰ ਵੇਲੇ ਵੀ ਕਿਹਾ ਸੀ ਕਿ ਕਿਤੇ ਮਿੱਟੀ ਨੂੰ ਪਰੇ ਕਰਕੇ
ਉਗ ਆਵੀਂ ਖਿੜ੍ਹ ਪਵੀਂ
ਸੱਜਰਾ ਨਗ਼ਮਾ ਬਣ ਕੇ ਗੁਲਾਬ ਦੇ ਫੁੱਲ ਵਾਂਗ
ਮੈਂ ਉਸ ਵੇਲੇ
ਤੇਰੇ ਸਿਰ ਤੋਂ ਤਾਰਿਆਂ ਦੀ ਛਤਰੀ ਤਾਣੂਗਾ
ਤੂੰ ਆ ਤਾਂ ਸਈ ਪਰਤ ਕੇ
ਸੂਰਜ ਡੁੱਬਦੇ ਨਹੀਂ ਹੁੰਦੇ ਯਾਰਾ
ਤੇ ਫਿਰ ਰੋਸ਼ਨੀਆਂ ਦਾ ਕਿਉਂ ਪ੍ਰਬੰਧ ਕਰੀਏ
ਲੋਕਾਂ ਨੂੰ ਛੱਡ ਤੂੰ
ਸ਼ਬਦ ਨਹੀਂ ਕਦੇ ਪੱਥਰ ਬਣਦੇ ਹੁੰਦੇ
ਚੱਲ ਮੇਰਾ ਵਾਅਦਾ ਰਿਹਾ
ਚੰਦ ਤਾਰਿਆਂ ਨੂੰ ਨਰਦਾਂ ਬਣਾ
ਧਰਤ ਤੇ ਸ਼ਤਰੰਜ ਖੇਡਾਂਗੇ ਦੋਨੋਂ
ਸਤਰ ਤਾਂ ਕੀ
ਤੇਰੇ ਤਾਂ ਮੈਂ ਅਵੀਨੰਦਨ ਗ੍ਰੰਥ ਲਿਖਣ ਲਈ ਤੈਨੂੰ ਪੁੱਛਿਆ ਸੀ
ਪਰ ਤੂੰ ਨਾਂਹ ਕਰ ਦਿੱਤੀ ਸੀ
ਸੱਚੇ ਸਾਕ
ਸੁੱਚੇ ਵਾਕ ਬਣਾਂਗੇ
ਤੂੰ ਆ ਤਾਂ ਸਈ ਇੱਕ ਵਾਰ
ਮੈਂ ਤਾਂ ਤੈਨੂੰ ਕਈ ਵਾਰ ਸੱਦਿਆ ਸੀ
ਕਿ ਸ਼ਾਮ ਵਿੱਚ ਆਰਤੀ ਉਤਾਰਾਂਗੇ ਤਾਰਿਆਂ ਕੋਲ ਬੈਠਾਂਗੇ ਦੋਨੋਂ
ਤੂੰ ਹੀ ਫੋਨ ਕਰ ਨਾਂਹ
ਲਿਖ ਗਿਆ ਗਲੀਆਂ ਰਾਹਾਂ ਤੇ
ਬੂਹੇ ਢੋਹ ਜੰਦਰਾ ਮਾਰ ਲਿਆ ਤੈਂ
ਹੁਣ ਕਦੇ ਅੰਬਰ ਤੇ ਬੈਠਾਂਗੇ
ਮਹਿਫ਼ਲ ਸਜ਼ਾਵਾਂਗੇ
ਤੂੰ ਤਾਂ ਜਾਣ ਲੱਗਾ
ਆਪਣੇ ਨਾਂ ਦੀ
ਨੇਮ ਪਲੇਟ ਵੀ ਲਾਹ ਕੇ ਲੈ ਗਿਆ ਏਂ
ਨਿਸ਼ਾਨ ਵੀ ਪੂੰਝ ਮਿਟਾ ਗਿਆ ਏਂ ਸਾਰੇ
ਬੱਚੇ ਭਾਬੀ ਭੈਣ ਭਰਾ
ਤੇ ਅਸੀਂ ਸਾਰੇ ਦੋਸਤ ਓਦਣ ਦੇ
ਘਰ ਬੈਠੇ ਉਡੀਕ ਰਹੇ ਹਾਂ ਤੈਨੂੰ
ਕਿ ਆ ਕੇ ਫਿਰ
ਇੱਕ ਸੁਰੀਲੀ ਜੇਹੀ ਆਵਾਜ਼ ਵਿੱਚ ਗ਼ਜ਼ਲ ਸੁਣਾਵੇਂਗਾ
ਸੋਹਣਿਆ ਇਦਾਂ ਨਹੀਂ ਨਾਰਾਜ਼ ਹੋਈਦਾ ਬੂਹੇ ਨਹੀਂ ਢੋਹੀਦੇ
ਰਾਹ ਨਹੀਂ ਬੰਦ ਕਰੀਦੇ
ਯਾਰਾਂ ਦੇ ਸਦੀਆਂ ਲਈ
ਚੇਤਿਆਂ ਚ ਤੈਨੂੰ ਰੱਖਾਂਗੇ
ਸੁਣਦੇ ਰਹਾਂਗੇ ਤੇਰੀਆਂ ਆਵਾਜ਼ਾਂ
ਅਲਵਿਦਾ ਪਾਤਰ