ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਤੀਜਾ ਘੱਲੂਘਾਰਾ ਜੂਨ ’84 ਦੀ 40 ਵੀਂ ਵਰ੍ਹੇ ਗੰਢ ਮੌਕੇ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਗਈ ਕਿਤਾਬ ‘ਰਾਜਘਾਟ ’ਤੇ ਹਮਲਾ’ ਜਾਰੀ ਕੀਤੀ ਜਾਵੇਗੀ। ਸਮਾਗਮ ਦੇ ਮੁਖ ਬੁਲਾਰੇ ਪੰਥਕ ਆਗੂ ਤੇ ਜੁਝਾਰੂ ਭਾਈ ਦਲਜੀਤ ਸਿੰਘ ਖਾਲਸਾ ਜੀ ਹੋਣਗੇ। ਇਸ ਸਮਾਗਮ ’ਚ ਲੇਖਕ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਵਲੋਂ ਜੂਨ ’84 ’ਚ ਹਿੰਦ ਹਕੂਮਤ ਗੁਰਦੁਆਰਾ ਸਾਹਿਬਾਨ ’ਤੇ ਕੀਤੇ ਹਿੰਸਕ ਹਮਲਿਆਂ ਬਾਰੇ ਵਿਸ਼ੇਸ਼ ਵਿਖਿਆਨ ਹੋਵੇਗਾ, ਜਿਨ੍ਹਾਂ ਨੇ ਇਸ ਮਸਲੇ ’ਤੇ ਸਾਲਾਂ ਬੱਧੀ ਸਖ਼ਤ ਮਿਹਨਤ ਕਰਕੇ ਇਕ ਦਸਤਾਵੇਜ ਰੂਪੀ ਕਿਤਾਬ ਲਿਖੀ ਹੈ। ਪੰਥਕ ਸੇਵਕ ਬਾਬਾ ਹਰਦੀਪ ਸਿੰਘ ਮਹਿਰਾਜ ਵਲੋਂ ਜਾਰੀ ਪ੍ਰੈਸ ਨੋਟ ਵਿਚ ਦੱਸਿਆ ਗਿਆ ਕਿ ਜੂਨ ’84 ’ਚ ਸਿੱਖ ਨਸਲਕੁਸ਼ੀ ਦਾ ਬਦਲਾ ਲੈਣ ਲਈ ਉਸ ਵੇਲੇ ਦੇ ਵਿਦਿਆਰਥੀ ਭਾਈ ਕਰਮਜੀਤ ਸਿੰਘ ਸੁਨਾਮ ਵਲੋਂ ਕੱਟੇ ਭਾਵ ਦੇਸੀ ਪਿਸਤੌਲ ਨਾਲ ਪ੍ਰਧਾਨ ਮੰਤਰੀ ਰਾਜੀਵ ਗਾਂਧੀ ’ਤੇ ਕਾਤਲਾਨਾ ਹਮਲਾ ਕਰਨ ਦੀ ਦਿਲ ਹੂਲਵੀ ਦਾਸਤਾਨ ਦੀ ਹੱਡਬੀਤੀ ਤੇ ਕਿਤਾਬ ‘ਰਾਜਘਾਟ ’ਤੇ ਹਮਲਾ’ ਦੇ ਸੰਦਰਭ ’ਚ ਭਾਈ ਸੁਨਾਮ ਆਪਣੇ ਵਿਚਾਰ ਸੰਗਤ ਦੇ ਸਨਮੁੱਖ ਰੱਖਣਗੇ। ਬਾਬਾ ਹਰਦੀਪ ਸਿੰਘ ਮਹਿਰਾਜ ਨੇ ਦਸਿਆ ਕਿ ਇਸ ਸਮਾਗਮ ਵਿਚ ਇਲਾਕੇ ਦੀਆਂ ਸ਼ਹੀਦ ਸਿੰਘਣੀਆਂ, ਜਿਨ੍ਹਾਂ ਦਾ ਵਿਰਤਾਂਤ ਨਵੀਂ ਕਿਤਾਬ ‘ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ’’ ’ਚ ਛਾਪਿਆ ਗਿਆ ਹੈ, ਉਹਨਾਂ ਨੂੰ ‘‘ਕੌਰਨਾਮਾ’’ ਕਿਤਾਬ ਭੇਟ ਕੀਤੀ ਜਾਵੇਗੀ।
ਅੰਤ ਵਿਚ ਉਨ੍ਹਾਂ ਨੇ ਪਿੰਡ ਦੀ ਸਮੂਹ ਸਾਧ ਸੰਗਤ ਵਲੋਂ ਕਰਵਾਏ ਜਾ ਰਹੇ ਇਸ ਗੁਰਮਤਿ ਸਮਾਗਮ ’ਚ ਇਲਾਕੇ ਦੀਆਂ ਸੰਗਤਾਂ ਨੂੰ ਵੱਡੀ ਗਿਣਤੀ ‘ਚ ਹਿੱਸਾ ਲੈਣ ਦੀ ਅਪੀਲ ਕੀਤੀ।