ਪਾਤਰ ਸਾਹਿਬ ਦੀ ਮੈਂ ਅੜੀਓ, ਕੀ ਕੀ ਸਿਫਤ ਸੁਣਾਵਾਂ।
ਰੱਬੀ ਗੁਣ ਦਾਤੇ ਜੋ ਦਿੱਤੇ, ਉਹਨਾਂ ਦੇ ਗੁਣ ਗਾਵਾਂ ।
ਸੀਤਲ ਸ਼ਾਂਤ ਸੁਭਾਅ ਦੇ ਮਾਲਕ, ਕਦੇ ਨਾ ਬੋਲਣ ਕੌੜਾ
ਹਰ ਗੱਲ ਨਾਪ ਤੋਲ ਕੇ ਬੋਲਣ, ਬੋਲਣ ਥੋੜ੍ਹਾ ਥੋੜ੍ਹਾ
ਚਿਹਰੇ ਤੇ ਮੁਸਕਾਨ, ਤੇ ਮੱਥੇ ਕਵਿਤਾ ਦਾ ਸਿਰਨਾਵਾਂ
ਪਾਤਰ ਸਾਹਿਬ …
‘ਲੱਗੀ ਨਜ਼ਰ ਪੰਜਾਬ ਨੂੰ’ ਦੀ ਵੀ ਚਿੰਤਾ ਪਾਤਰ ਕਰਦਾ
ਪਰਦੇਸਾਂ ਦੇ ਦਰਦਾਂ ਨੂੰ ਵੀ, ਸ਼ਾਇਰੀ ਦੇ ਵਿੱਚ ਭਰਦਾ
ਕਹਿੰਦਾ- ਰਾਹਾਂ ਤੇ ਨਹੀਂ ਤੁਰਦਾ, ਆਪਣੇ ਰਾਹ ਬਣਾਵਾਂ
ਪਾਤਰ ਸਾਹਿਬ …
ਪਾਣੀ ਵਰਗੇ ਗੀਤ ਨੇ ਉਸਦੇ, ਤਾਂ ਹੀ ਹਰਮਨ ਪਿਆਰੇ
ਪੱਤਝੜ ਵਿੱਚ ਬਹਾਰ ਉਡੀਕਣ, ਉਹ ਸਾਰੇ ਦੇ ਸਾਰੇ
ਮੋਮਬੱਤੀਆਂ ਜਗਾਉਂਦੇ, ਭਾਵੇਂ ਤੱਤੀਆਂ ਵਗਣ ਹਵਾਵਾਂ
ਪਾਤਰ ਸਾਹਿਬ …
ਚੁੱਪ ਚੁਪੀਤੇ ਤੁਰ ਗਿਆ ਪਾਤਰ, ਹਰ ਕੋਈ ਹੈ ਅੱਜ ਕਹਿੰਦਾ
ਮਹਿਫਲ ਵਿੱਚ ਸੁਣਾਉਂਦਾ ਸ਼ਾਇਰੀ, ਸ਼ਾਨ ਵਧਾਉਂਦਾ ਰਹਿੰਦਾ
ਹਰ ਗਾਇਕ ਦੀ ਇੱਛਾ ਹੁੰਦੀ, ਉਸ ਦੀਆਂ ਗ਼ਜ਼ਲਾਂ ਗਾਵਾਂ
ਪਾਤਰ ਸਾਹਿਬ …
‘ਦੀਸ਼’ ਕਿਉਂ ਤੂੰ ਝੋਰਾ ਲਾਇਆ, ਸੁਖਨਵਰ ਨਾ ਮਰਦੇ
ਹਰ ਇਕ ਦੇ ਦਿਲ ਅੰਦਰ ਵਸ ਕੇ, ਰੌਸ਼ਨ ਜ਼ਿੰਦਗੀ ਕਰਦੇ
ਸ਼ਰਧਾ ਦੇ ਫੁੱਲ ਮੈਂ ਵੀ ਲੈ ਕੇ, ਸਿਜਦਾ ਕਰ ਕੇ ਆਵਾਂ
ਪਾਤਰ ਸਾਹਿਬ …