ਬੰਗਾ – ਪੰਜਾਬ ਦੇ ਉੱਘੇ ਗਾਇਕ ਅਤੇ ਗੀਤਕਾਰ ਦੇਬੀ ਮਖਸੂਸਪੁਰੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਪੁੱਜ ਕੇ ਖ਼ੂਨ ਦਾਨ ਕੀਤਾ । ਉਹਨਾਂ ਕਿਹਾ ਕਿ ਉਹਨਾਂ ਨੂੰ ਮਨੁੱਖਤਾ ਦੀ ਭਲਾਈ ਲਈ ਲੰਬੇ ਅਰਸੇ ਤੋਂ ਕੰਮ ਕਰਦੇ ਢਾਹਾਂ ਕਲੇਰਾਂ ਦੇ ਸਿਹਤ ਅਤੇ ਸਿੱਖਿਆ ਦੇ ਅਦਾਰਿਆਂ ’ਚ ਆ ਕੇ ਸਕੂਨ ਮਿਲਦਾ ਹੈ । ਉਹਨਾਂ ਇਸ ਹਸਪਤਾਲ ’ਚ ਘਰ ਵਰਗੇ ਮਾਹੌਲ ਅਤੇ ਉੱਚ ਪੱਧਰ ਦੀਆਂ ਮੈਡੀਕਲ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ । ਦੇਬੀ ਮਖਸੂਸਪੁਰੀ ਨੇ ਕਿਹਾ ਕਿ ਉਹ ਦੇਬੀ ਫੈਨਜ਼ ਕਲੱਬ ਬੰਗਾ ਵਲੋਂ ਢਾਹਾਂ ਕਲੇਰਾਂ ਵਿਖੇ ਅਗਲੇ ਮਹੀਨੇ ਖ਼ੂਨਦਾਨ ਕੈਂਪ ਦਾ ਪ੍ਰਬੰਧ ਕਰਨਗੇ ਅਤੇ ਗੁਰੂ ਨਾਨਕ ਮਿਸ਼ਨ ਨਰਸਿੰਗ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨਾਲ ਰੂ-ਬ-ਰੂ ਵੀ ਹੋਣਗੇ । ਹਸਪਤਾਲ ਦੀ ਬਲੱਡ ਬੈਂਕ ਵਿਖੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਦੇਬੀ ਮਖਸੂਸਪੁਰੀ ਨੂੰ ਸਨਮਾਨਿਤ ਕਰਨ ਦੀ ਰਸਮ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਨਿਭਾਈ । ਉਹਨਾਂ ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ 40 ਸਾਲ ਦੇ ਸਫ਼ਲ ਸਫਰ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ । ਇਸ ਮੌਕੇ ਸੁਖਜਿੰਦਰ ਸਿੰਘ ਨੌਰਾ, ਹਰਜਿੰਦਰ ਸੋਨੀ, ਰਣਜੀਤ ਸਿੰਘ ਧਾਲੀਵਾਲ, ਜਸਕਰਨ ਸਿੰਘ ਚਾਹਲ ਅਤੇ ਬਲੱਡ ਬੈਂਕ ਦਾ ਸਟਾਫ਼ ਵੀ ਸ਼ਾਮਲ ਸਨ ।