ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਖਜ਼ਾਨਚੀ ਤੇ ਡੇਰਾਬੱਸੀ ਤੋਂ ਸਾਬਕਾ ਅਕਾਲੀ ਵਿਧਾਇਕ ਤੇ ਸਾਬਕਾ ਸੀਪੀਸੀ ਐਨਕੇ ਸ਼ਰਮਾ ਨੇ ਸੀਨੀਅਰ ਪੁਲੀਸ ਅਧਿਕਾਰੀ ਨਾਲ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੀ ਜ਼ਮੀਨ ਹੜੱਪ ਲਈ ਹੈ। ਇਸ ਦਾ ਖੁਲਾਸਾ ਜੀਰਕਪੁਰ ਦੇ ਪਿੰਡ ਬਿਸ਼ਨੁਪਰਾ ਦੇ ਰਹਿਣ ਵਾਲੇ ਪੀੜਤ ਨੌਨਿਹਾਲ ਸਿੰਘ ਸੋਢੀ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਸੋਢੀ ਨੇ ਮੀਡੀਆ ਸਾਹਮਣੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਜ਼ੀਰਕਪੁਰ ਦੇ ਬਿਸ਼ਨਪੁਰਾ ਵਿਖੇ 2 ਵਿੱਘੇ ਜੱਦੀ ਜ਼ਮੀਨ ਹੈ, ਜਿਸ ਨੂੰ ਐਨ.ਕੇ. ਸ਼ਰਮਾ ਨੇ ਆਪਣਾ ਅਸਰ ਰਸੂਖ ਵਰਤ ਕੇ ਪੰਜਾਬ ਪੁਲਿਸ ਦੇ ਸੇਵਾਮੁਕਤ ਆਈਜੀ ਆਈਪੀਐਸ ਧਰਮ ਸਿੰਘ ਮੋਹੀ ਦੀ ਮਿਲੀਭੁਗਤ ਨਾਲ ਹੜੱਪ ਲਿਆ ਸੀ ਅਤੇ ਇਸ ਸਾਲ 2004 ਵਿੱਚ ਅੱਗੇ ਵੇਚਿਆ ਦਿੱਤਾ। ਇਸ ਦੀ ਰਜਿਸਟਰੇਸ਼ਨ ਦੀ ਕੀਮਤ 67 ਲੱਖ ਰੁਪਏ ਦੱਸੀ ਗਈ ਹੈ, ਜਦੋਂ ਕਿ ਸਭ ਨੂੰ ਪਤਾ ਹੈ ਕਿ ਅਸਲ ਸੌਦਾ ਦੋ ਨੰਬਰ ’ਚ ਕਰੋੜਾਂ ’ਚ ਹੋਣਾ ਸੀ।
ਨੌਨਿਹਾਲ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਲਾਕੇ ਵਿੱਚ ਗਿਆਰਾਂ ਪੀੜ੍ਹੀਆਂ ਤੋਂ ਰਹਿ ਰਿਹਾ ਹੈ, ਦੋਵੇਂ ਬਿਸਨਪੁਰਾ ਵਿੱਚ ਉਨ੍ਹਾਂ ਦੀ ਜੱਦੀ ਜਮੀਨ ਹੈ। ਪਿੰਡ ਵਿੱਚ ਕੁੱਲ ਤਿੰਨ ਪ੍ਰਕਾਰ ਦੀ ਜਮੀਨ ਹੈ, ਪਹਿਲੀ ਖੇਵਟ ਜੋ ਕਿ ਵਾਹੀ ਯੋਗ ਜਮੀਨ, ਦੂਜੀ ਅਬਾਦੀ ਦੇਹ ਮਕਬੂਜਾ ਮਾਲਕਾਨ ਅਤੇ ਤੀਜੀ ਸਾਂਝੇ ਰਸਤੇ ਪਿੰਡ ਦੀ ਸਾਰੀ ਜਮੀਨ ਮਾਲਕੀ ਦੀ ਸੀ। ਪਿੰਡ ਵਿੱਚ ਸਾਰੀ ਜਮੀਨ ਦੇ ਖੇਵਟਦਾਰ ਦਾ ਹੱਕ ਹਕੂਕ ਸੀ। ਜੋ ਕਿ ਮੁਰੱਬਾਬੰਦੀ ਵਿੱਚ ਦਰਜ ਹੈ, ਸਾਡੇ ਪਿੰਡ ਦੀ ਮੁਰੱਬਾਬੰਦੀ 1957 ਵਿੱਚ ਹੋਈ ਸੀ। ਜੋ ਕਿ ਉਸ ਵਕਤ ਪਿੰਡ ਪੈਪਸੂ ਦਾ ਹਿੱਸਾ ਸੀ।
ਉਨ੍ਹਾ ਦੱਸਿਆ ਕਿ ਉਸ ਸਮੇਂ ਸਰਪੰਚ ਪਿੰਡ ਲੋਹਗੜ੍ਹ ਸੰਨ 1996 ਵਿੱਚ ਨਰਿੰਦਰ ਕੁਮਾਰ ਸ਼ਰਮਾਂ ਪੁੱਤਰ ਵਿਸ਼ਵਨਾਥ ਸ਼ਰਮਾਂ ਪੁੱਤਰ ਚਰੰਜੀ ਲਾਲ ਵਾਸੀ ਪਿੰਡ ਲੋਹਗੜ੍ਹ, ਐਮਸੀ ਜੀਰਕਪੁਰ ਅਤੇ ਪੰਜਾਬ ਪੁਲਿਸ ਦੇ ਇੱਕ ਸਾਬਕਾ ਅਧਿਕਾਰੀ ਧਰਮ ਸਿੰਘ ਮੋਹੀ ਪੁੱਤਰ ਕਰਤਾਰ ਸਿੰਘ ਨੇ ਇੱਕ ਗਿਣੀ ਮਿੱਥੀ ਸਾਜਿਸ ਕਰਕੇ ਸਾਡੀ ਅਤੇ ਸਾਡੇ ਰਿਸਤੇਦਾਰ ਆਸਾ ਸੋਢੀ ਪੁੱਤਰ ਰਜਿੰਦਰ ਸਿੰਘ ਸੋਢੀ ਪੁੱਤਰ ਚੰਨਣ ਸਿੰਘ ਸੋਢੀ ਵਾਸੀ ਅਤੇ ਖੇਵਟਦਾਰ ਪਿੰਡ ਬਿਸਨਪੁਰਾ ਅਤੇ ਦਿਆਲਪੁਰਾ ਸੋਢੀਆਂ, ਐਮਸੀ ਜੀਰਕਪੁਰ, ਜਿਲ੍ਹਾ ਐਸਏਐਸ ਨਗਰ ਹਾਲ ਵਾਸੀ ਟੋਰੋਂਟੋ ਕੈਨੇਡਾ ਦੀ ਜਮੀਨ ਹੜੱਪ ਕੇ ਸਾਲ 2004 ਵਿੱਚ ਵੇਚ ਦਿੱਤੀ। ਇਸ ਜਮੀਨ ਦਾ ਰਕਬਾ 2 ਬਿੱਘੇ ਹੈ।
ਸਾਨੂੰ ਇਸ ਚਾਲਸਾਜੀ ਦਾ ਬਾਅਦ ਵਿੱਚ ਪਤਾ ਲੱਗਾ, ਇਸ ਦੇ ਸਬੰਧ ਵਿੱਚ ਐਸਐਸਪੀ ਮੋਹਾਲੀ ਨੂੰ ਵੀ ਸ਼ਿਕਾਇਤ ਕੀਤੀ ਗਈ, ਪਰ ਇਨ੍ਹਾਂ ਦੇ ਰਸੂਖ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਸਾਰੇ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾ ਕੇ ਇਨ੍ਹਾਂ ਦੋਸ਼ੀਆਂ ਉਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ।