“ਵੋਟਾਂ ਵੇਲ਼ੇ ਦੋ ਉਂਗਲ਼ਾਂ ਜੀਆਂ ਕਾਹਤੋਂ ਖੜ੍ਹੀਆਂ ਕਰਦੇ ਐ..?”

‘ਅੜਿੱਕੇ’ ਦਾ ਨਾਂ ਤਾਂ ਘਰਦਿਆਂ ਨੇ ਬਖਤੌਰ ਸਿਉਂ ਰੱਖਿਆ ਸੀ। ਪਰ ਹਰ ਗੱਲ ਵਿੱਚ ਬੁਰੀ ਤਰ੍ਹਾਂ ਨਾਲ ਟੰਗ ਅੜਾਉਣ ਕਰਕੇ, ਲੋਕਾਂ ਨੇ ਉਸ ਦਾ ਨਾਂ ਹੀ ‘ਅੜਿੱਕਾ’ ਪਾ ਲਿਆ ਸੀ। ਪਿੰਡਾਂ ਵਿੱਚ ਹਾਲ ਹੀ ਇਹ ਹੈ ਕਿ ਜੇ ਕਿਸੇ ਦਾ ਨਾਂ ‘ਕੁਲਦੀਪ’ ਹੋਵੇ, ਉਸ  ਨੂੰ ‘ਮਾਣਕ’ ਅਤੇ ਜੇ ਕਿਸੇ ਦਾ ਨਾਂ ‘ਦੇਵ’ ਹੋਵੇ ਤਾਂ ਉਸ ਨੂੰ ‘ਥਰੀਕਿਆਂ ਵਾਲਾ’ ਕਹਿਣ ਲੱਗ ਪੈਣਗੇ। ਤੀਮੀਂ ਤੋਂ ਛਿੱਤਰ ਖਾਣ ਵਾਲੇ ਦਾ ਨਾਂ ‘ਸੂਰਮਾਂ’, ਛੋਟੀ ਭਰਜਾਈ ਤੋਂ ਘੋਟਣੇ ਖਾਣ ਵਾਲੇ ਛੜੇ ਜੇਠ ਦਾ ਨਾਂ ‘ਘੈਂਟ’ ਅਤੇ ਮਾਸ਼ੂਕ ਤੋਂ ਚੱਪਲੀਆਂ ਖਾਣ ਵਾਲ਼ੇ ਦਾ ਨਾਂ ‘ਚਾਪਲੀਨ’ ਰੱਖ ਲੈਂਦੇ ਹਨ। ਪਿੰਡਾਂ ਵਿੱਚ ਨਾਂਵਾਂ ਦਾ ਇੱਕ ਆਪਣਾ ਹੀ ‘ਇਤਿਹਾਸ’ ਹੈ। ਜਿਵੇਂ ਮਾਲਵੇ ਵਿਚ ਕਹਾਵਤ ਹੈ, “ਬੁੜ੍ਹੀ ਮਰਗੀ ਨਖਾਸਣੇ ਨਾਲ, ਧੀ ਦਾ ਨਾਂ ਥੰਧੀ…!” ਕਈ ਬਾਈ ਸੋਚਣਗੇ ਬਈ ਇਹ ‘ਨਖਾਸਣਾ’ ਕੀ ਬਲਾਅ ਹੋਈ…? ‘ਨਖਾਸਣੇ’ ਦਾ ਮਤਲਬ ‘ਖੁਸ਼ਕੀ’ ਹੁੰਦਾ ਹੈ ਬਾਈ ਜੀ! ਨਾਵਾਂ ਬਾਰੇ ਕਦੇ ਫੇਰ ਵਿਸਥਾਰ ਕਰਾਂਗੇ। ਲੰਮੀ ‘ਘਾਣੀ’ ਐਂ…!

ਅੜਿੱਕਾ ਅਨਪੜ੍ਹ ਸੀ। ਨਸ਼ੇ ਪੂਰੇ ਟਿਕਾਅ ਕੇ ਕਰਦਾ ਸੀ। ਨਸ਼ੇ ਕਰਨੇ ਅਤੇ ਸੱਥ ਵਿੱਚ ਆ ਬੈਠਣਾ। ਪੜ੍ਹੇ-ਲਿਖਿਆਂ ਤੋਂ ਅਖ਼ਬਾਰਾਂ ਦੀਆਂ ਖ਼ਬਰਾਂ ਸੁਣਨੀਆਂ। ਖ਼ਬਰਾਂ ਸੁਣਦੇ – ਸੁਣਦੇ ਵਿੱਚ ਸੀ. ਬੀ. ਆਈ. ਦਾ ਨਾਂ ਕਿਤੇ ਨਾ ਕਿਤੇ ਜ਼ਰੂਰ ਆ ਜਾਣਾ। ਬੱਸ..! ਫਿਰ ਕੀ ਸੀ…? ਸੀ. ਬੀ. ਆਈ. ਦਾ ਭੂਤ ਅੜਿੱਕੇ ਨੂੰ ਅਜਿਹਾ ਨਸੂੜੇ੍ ਦੀ ਗਿੜ੍ਹਕ ਵਾਂਗ ਚਿੰਬੜਿਆ, ਕਿ ਲਹਿਣ ਦਾ ਨਾਂ ਨਹੀਂ ਸੀ ਲੈਂਦਾ।

ਜੇ ਕਿਸੇ ਦੀ ਮੱਝ ਨੂੰ ਕੱਟੇ ਨੇ ਚੁੰਘ ਜਾਣਾ। ਅਗਲੇ ਨੇ ‘ਬੂ-ਪਾਹਰਿਆ’ ਤਾਂ ਕਰਨੀ ਹੀ ਸੀ..! ਤਾਂ ਅੜਿੱਕਾ ਬੜੇ ਮਜਾਜ ਨਾਲ ਕਹਿੰਦਾ, “ਇਹ ਤਾਂ ਭਾਈ ਅਣਹੋਣੀ ਐਂ। ਸਾਰਾ ਕਸੂਰ ਕੱਟੇ ਦਾ ਵੀ ਨਹੀਂ, ਸਾਜਿਸ਼ ਵਿੱਚ ਮੱਝ ਦੀ ਵੀ ਪੂਰੀ ਸ਼ਾਮਲ ਐ। ਹੈਂ ਬਈ ਸਹੁਰੇ ਦੀਏ! ਤੂੰ ਸਾਰਾ ਦੁੱਧ ਚੁੰਘਾਇਆ ਤਾਂ ਚੁੰਘਾਇਆ ਕਿਉਂ? ਮਾਲਕਾਂ ਦਾ ਵੀ ਖਿਆਲ ਕਰ, ਜਿਹੜੇ ਤੈਨੂੰ ਸਾਂਭਦੇ ਐ। ਕੱਟਾ ਤੇ ਮੱਝ ਦੋਨੋਂ ਦੋਸ਼ੀ! ਇਹਦੀ ਇਨਕੁਆਰੀ ਸੀ. ਬੀ. ਆਈ. ਤੋਂ ਕਰਵਾਉ,  ਧੋਖਾਧੜੀ ਵੱਡੀ ਚਾਹੇ ਛੋਟੀ, ਜੁਰਮ ਐਂ! ਮੱਝ ਵੀ ਮੰਤਰੀਆਂ ਨਾਲੋਂ ਘੱਟ ਨਹੀਂ, ਉਹ ਬੋਟਾਂ ਲੈ ਕੇ ਦਿੱਲੀ ਜਾ ਵਜਦੇ ਐ ਤੇ ਇਹ ਪੱਠਾ-ਦੱਥਾ ਛਕ ਕੇ ਦੁੱਧ ਕੱਟੇ ਨੂੰ ਚੁੰਘਾ ਛੱਡਦੀ ਐ।” ਉਹ ਨਸ਼ੇ ਵਿੱਚ ਅਵਲ਼ੀਆਂ-ਸਵਲ਼ੀਆਂ ਮਾਰਨ ਲੱਗ ਪੈਂਦਾ।

ਜੇ ਅੜਿੱਕੇ ਦੇ ਘਰਵਾਲੀ ਉਸ ਨੂੰ ਜ਼ਮੀਨ ਵੇਚਣ ਤੋਂ ਜਾਂ ਨਸ਼ੇ ਕਰਨ ਤੋਂ ਵਰਜਦੀ, ਉਹ ‘ਅਲੀ – ਅਲੀ’ ਕਰਕੇ ਮਗਰ ਪੈ ਜਾਂਦਾ, “ਗੱਲ ਸੁਣ ਲੈ ਟਿਕਾਅ ਕੇ..! ਜਮੀਨ ਮੇਰੀ, ਨਸ਼ੇ ਮੈਂ ਖਰੀਦਦੈਂ, ਕਰਦਾ ਮੈਂ ਆਂ, ਤੂੰ ਮੇਰੇ ‘ਤੇ ਕੋਈ ਸੀ. ਬੀ. ਆਈ. ਨੀ ਲੱਗੀ ਵੀ! ਜੇ ਮੁੜ ਕੇ ਮੇਰੀ ਗੱਲ ਵਿਚ ਦਖਲ ਦਿੱਤਾ, ਫੇਰ ਦੇਖ ਲੈ, ਤੂੰ ਮੇਰੇ ‘ਤੇ ਕਰਫੂ ਤਾਂ ਨੀ ਲਾਉਣਾ? ਤੂੰ ਦੱਸ ਮੇਰੇ ਤੇ ਕੀ ਕਮਿਸ਼ਨ ਬਿਠਾਉਣੈਂ?”

ਇੱਕ ਦਿਨ ਡੋਗਰ ਦੀ ਬੱਕਰੀ ਗੁਆਚ ਗਈ। ਉਹਨਾਂ ਨੇ ਗੁਰਦੁਆਰੇ ਦੇ ਸਪੀਕਰ ਵਿੱਚ ਬੁਲਾ ਦਿੱਤਾ, “ਨੱਗਰ ਨਿਵਾਸੀਉ, ਡੋਗਰ ਦੀ ਬੱਕਰੀ ਗੁਆਚ ਗਈ ਐ, ਕਿਸੇ ਨੇ ਦੇਖੀ ਹੋਵੇ ਕ੍ਰਿਪਾ ਕਰਕੇ ਸੂਚਨਾਂ ਦੇਵੇ!”

ਅੜਿੱਕੇ ਦੀ ਛਿੱਟ ਲੱਗੀ ਹੋਈ ਸੀ। ਸੂਚਨਾਂ ਸੁਣਦਿਆਂ ਹੀ ਬੋਲਿਆ, “ਨੱਗਰ ਨਿਵਾਸੀ ਸੀ. ਬੀ. ਆਈ. ਐ…? ਬੱਕਰੀ ਕਿਸੇ  ਨੇ ਵੱਢ ਕੇ ਪਤੀਲੇ ‘ਚ ਸਿੱਟਲੀ ਹੋਊ, ਕਰਤੀ ਹੋਊ ਘੜ੍ਹਿੱਚ, ਤੋਰਤੀ ਹੋਊ ਸੁਰਗਾਂ ਨੂੰ, ਹੋਰ ਬੱਕਰੀ ਨਾਲ ਕਿਹੜਾ ਕਿਸੇ ਨੇ ਫ਼ੇਰੇ ਲੈਣੇ ਸੀ…?”

-”ਯਾਰ ਨੀਂਹ ਪੱਥਰ ਰੱਖੇ ਨੂੰ ਸਾਲ ਹੋ ਗਿਆ, ਪਰ ਪਾਣੀ ਆਲੀ ਟੈਂਕੀ ਅਜੇ ਤੱਕ ਨਹੀਂ ਬਣੀ।” ਮਲਕੀਤ ਮਿਸਤਰੀ ਨੇ ਇੱਕ ਦਿਨ ਸੱਥ ਵਿਚ ਬੈਠ ਕੇ ਗੱਲ ਚਲਾਈ।

-”ਚਲੋ ਟੈਂਕੀ ਬਣੀ ਚਾਹੇ ਨਹੀਂ ਬਣੀਂ, ਜਿਹੜਾ ਨੀਂਹ ਆਲਾ ਪੱਥਰ ਜਿਆ ਲਾਇਐ ਉਹੀ ਵਧੀਐ, ਮਡੀਹਰ ਨੂੰ ਲੱਤਾਂ ਲਮਕਾ ਕੇ ਬੈਠਣ ਨੂੰ ਜਗਾਹ ਤਾਂ ਬਣਗੀ, ਮੰਤਰੀ ਜਿੰਨਾਂ ਕੁ ਦਿੰਦੇ ਐ, ਉਨੇ ਕੁ ਤੇ ਈ ਸਬਰ ਕਰਨਾਂ ਸਿੱਖੋ! ਜਾਂਦੇ ਚੋਰ ਦੀ ਤੜਾਗੀ ਈ ਬਹੁਤ ਹੁੰਦੀ ਐ, ਹੋਰ ਮੰਤਰੀ ‘ਤੇ ਸੀ. ਬੀ. ਆਈ. ਤਾਂ ਬਿਠਾਉਣੋ ਰਹੇ!”

ਅੱਜ ਕੱਲ੍ਹ ਸਾਰੇ ਪੰਜਾਬ ਵਿੱਚ ਚੋਣਾਂ ਦਾ ‘ਬਿਗਲ’ ਵੱਜਿਆ ਹੋਇਆ ਸੀ। ਹਰ ਪਿੰਡ, ਹਰ ਘਰ ਅਤੇ ਹਰ ਸੱਥ ਵਿੱਚ ਚੋਣਾਂ ਦੀਆਂ ਗੱਲਾਂ ਹੀ ਹੋ ਰਹੀਆਂ ਸਨ।

-”ਚੋਣਾਂ ਦਾ ਮਤਬਲ ਪਤਾ ਕੀ ਹੁੰਦੈ…?” ਅੜਿੱਕੇ ਨੇ ਸੱਥ ਵਿਚ ਬੈਠੇ ਬੰਦਿਆਂ ਨੂੰ ਪੁੱਛਿਆ।

-”ਚੋਣਾਂ ਦਾ ਮਤਲਬ ਹੁੰਦੈ; ਵੋਟਾਂ… ਇਲੈਕਸ਼ਨ…!” ਕਿਸੇ ਨੇ ਕਿਹਾ।

-”ਨ੍ਹਾਅ…! ਜਮਾਂ ਗਲਤ..!” ਅੜਿੱਕਾ ਮੁਨੱਕਰ ਸੀ।

-”ਹੋਰ ਕੀ ਹੁੰਦੈ…?” ਕਾਮਰੇਡ ਵਿਅੰਗਮਈ ਹੱਸਿਆ।

-”ਚੋਣਾਂ ਦਾ ਮਤਬਲ ਹੁੰਦੈ, ਮੰਤਰੀਆਂ ਵੱਲੋਂ ਇਸ਼ਾਰਾ।” ਨਸ਼ੇ ਦੀ ਆੜ ਵਿੱਚ ਉਹ ਅਗਲੇ ਦੇ ਮੂੰਹ ‘ਚ ਉਂਗਲ ਦੇਣ ਤੱਕ ਜਾਂਦਾ ਸੀ।

-”ਉਹ ਕਾਹਦਾ…?”

-”ਚੋਣਾਂ ਦਾ ਮਤਬਲ ਹੁੰਦੈ ਬਈ, “ਚੋਣੈਂ”…? ਬਈ, ਭਾਈ ਹੁਣ ਜੇ ਵੋਟਾਂ ਤੋਂ ਪਹਿਲਾਂ ਚੋਣੈਂ ਤਾਂ ਬੇਸ਼ੱਕ ਚੋਅ ਲਉ, ਨਹੀਂ ਮੈਂ ਮੁੜ ਕੇ ਡਾਹ ਨਹੀਂ ਦੇਣੀ, ਫੇਰ ਨਾ ਬਾਲਟੀ ਚੱਕੀ ਮੇਰੇ ਮਗਰ ਭੱਜੇ ਫਿਰਿਉ…!”
ਸਾਰੇ ਹੱਸ ਪਏ।

-”ਹੱਸਣ ਦੀ ਗੱਲ ਨਹੀਂ, ਦੇਖ ਲਉ, ਬੋਟਾਂ ਤੋਂ ਪਹਿਲਾਂ ਹਰ ‘ਮੀਦਬਾਰ ਰੋਜ ਦੋ ਸੌ ਕੋਹ ਬਾਟ ਕਰ ਦਿੰਦੈ, ਪੰਜਾਂ ਸਾਲਾਂ ਦਾ ਸਫ਼ਰ ਪਹਿਲਾਂ ਈ ਪੂਰਾ ਕਰ ਲੈਂਦੇ ਐ, ਫੇਰ ਬੋਟਾਂ ਤੋਂ ਬਾਅਦ ਬਾਵੇ ਅੰਗ ਨੀਂ ਆਉਂਦੇ, ਦਿੱਲੀ ਈ ਗੇੜਾ ਰੱਖਦੇ ਐ, ਜਿਵੇਂ…ਮੇਰੇ ਮੂੰਹੋਂ ਕੁਛ ਹੋਰ ਨਿਕਲ ਚੱਲਿਆ ਸੀ-।”

-”ਕੱਢ..! ਕੱਢ ਮੂੰਹੋਂ..! ਗੱਲ ਦਿਲ ‘ਚ ਨਹੀਂ ਰੱਖੀਦੀ ਹੁੰਦੀ..!” ਕਾਮਰੇਡ ਨੇ ਅੜਿੱਕੇ ਦੀ ਬੱਤੀ ਉਗੀਸੀ।

-”ਜਿਵੇਂ ਦਿੱਲੀ ਜਾ ਕੇ ‘ਨਵੇਂ ਦੁੱਧ’ ਹੋਣਾਂ ਹੁੰਦੈ-।” ਉਸ ਨੇ ਗੱਲ ਪੂਰੀ ਕਰ ਮਾਰੀ।
ਮਡੀਹਰ ਵਿੱਚ ਹਾਸੜ ਪੈ ਗਈ।

-”ਜਾਂ ਫੇਰ ਕੰਨ ਨੂੰ ਲਾ ਕੇ ਕੋਹੜ ਕਿਰਲ੍ਹਾ ਜਿਆ, ਦੰਦੀਆਂ ਜੀਆਂ ਕੱਢੀ ਜਾਣਗੇ।” ਅੜਿੱਕੇ ਨੂੰ ਮੰਤਰੀਆਂ ਦੇ ਮੋਬਾਇਲ ਫ਼ੋਨਾਂ ‘ਤੇ ਬਹੁਤੀ ਚਿੜ੍ਹ ਸੀ।

-”ਧਰਮਿੰਦਰ ਕਹਿੰਦੇ ਫ਼ੇਰ ਵੋਟਾਂ ‘ਚ ਖੜ੍ਹ ਗਿਆ।” ਪਾੜ੍ਹੇ ਨੇ ਵੈਸੇ ਹੀ ਗੱਪ ਛੱਡਿਆ।

-”ਰਾਜਨੀਤੀ ਉਹਦੇ ਬੱਸ ਦਾ ਰੋਗ ਨਹੀਂ ਬਾਈ ਸਿਆਂ।” ਅੜਿੱਕੇ ਨੇ ਤੋੜ ਕੇ, ਦੋ ਟੁੱਕ ਫ਼ੈਸਲਾ ਦੇ ਦਿੱਤਾ।

-”ਕਿਉਂ ਉਹਦੇ ਛਪਾਕੀ ਲਿੱਕਲ਼ੀ ਐ?”

-”ਟੈਲੀਬੀਜਨ ‘ਤੇ ਈ ਲੱਕ-ਲੁੱਕ ਹਿਲਾਈ ਜਾਂਦਾ, ਬਧੀਆ ਸੀ।”

-”ਕਾਹਤੋਂ…?”

-”ਹੇਲਾਂ ਬਾਹਮਣੀ ਨਾਲ ਇਸ਼ਕ ਮੁਸ਼ਕ ਕਰੀ ਜਾਂਦਾ, ਹੁਣ ਦੱਸੋ ਬਈ ਉਹ ਰਾਜ ਭਾਗ ਬੰਨੀਂ ਦੇਖੂ ਜਾਂ ਹੇਲਾਂ ਬਾਹਮਣੀ ਨੂੰ ਸੰਭਾਲੂ..?”

-”ਹੇਲਾਂ ਬਾਹਮਣੀ ਨਹੀਂ ਬਾਈ, ਹੇਮਾਂ ਮਾਲਿਨੀ ਕਹਿ..!”

-”ਕੁਛ ਹੋਇਆ…! ਕੀਤਾ ਤਾਂ ਕੁੱਤ ਪੌਅ ਈ ਐ..? ਆਹ ਆਪਣੇ ਪੰਜਾਬ ਦੇ ਵੱਡੇ ਮੰਤਰੀ ਦੀ ਗੱਲ ਈ ਲੈਲੋ…!” ਅੜਿੱਕਾ ਡੰਡ ਬੈਠਕਾਂ ਕੱਢਣ ਲੱਗ ਪਿਆ।

-”ਖੁੱਲ੍ਹ ਕੇ ਦੱਸ…।” ਕਾਮਰੇਡ ਉਸ ਨੂੰ ਗੇੜਾ ਪਾ ਕੇ ਸਟਾਰਟ ਹੀ ਰੱਖਦਾ ਸੀ। ਵੈਸੇ ਧੱਕਾ-ਸਟਾਰਟ ਅੜਿੱਕਾ ਵੀ ਨਹੀਂ ਸੀ। ਬੱਸ…! ਟੱਸ ਭੰਨਣ ਦੀ ਹੀ ਲੋੜ ਸੀ!

-”ਗੋਡੇ ਉਹਦੇ ਆਬਦੇ ਨਹੀਂ ਤੁਰਦੇ, ਜਣੇਪੇ ਵਾਲ਼ੀ ਤੀਮੀਂ ਵਾਂਗੂੰ ਦੋ ਬੰਦੇ ਫ਼ੜ ਕੇ ਤੋਰਦੇ ਐ, ਜੀਹਤੋਂ ਗੋਡਿਆਂ ਤੋਂ ਨਹੀਂ ਤੁਰਿਆ ਜਾਂਦਾ ਉਹ ਰਾਜ ਭਾਗ ਨੂੰ ਕਿਮੇਂ ਤੋਰਲੂ…? ਬਈ ਤੂੰ ਘਰੇ ਬੈਠ ਕੇ ਰਾਮ ਰਾਮ ਕਰ…! ਇੱਕ ਤਾਂ ਪਤੰਦਰ ਦੇ ਗੋਡੇ ਨੀ ਤੁਰਦੇ, ਦੂਜਾ ਗੋਡਿਆਂ ਤੱਕ ਸੁੱਥੂ ਦਾ ਨਾਲ਼ਾ ਲਮਕਾ-ਲੂ! ਪਤਾ ਨੀ ਜਾਣ ਕੇ ਕਰਦੈ?”

-”ਰਾਮ ਰਾਮ ਕਰੇ ਚਾਹੇ ਨਾ ਕਰੇ, ਦਿੱਲੀ ਵਾਲ਼ੇ ਤਾਂ ਰਾਮ ਮੰਦਰ – ਰਾਮ ਮੰਦਰ ਤਾਂ ਕਰੀ ਜਾਂਦੇ ਐ!” ਮਲਕੀਤ ਬਾਈ ਬੋਲਿਆ।

-”ਇੱਕ ਪੁਰਾਣਾ ਬਾਬਾ ਜਨਤਾ ਨੂੰ ਲਮਕਦਾ ਨਾਲ਼ਾ ਦਿਖਾ ਕੇ ਦੇਖ ਲੈ ਕਿੰਨੇ ਵਾਰੀ ਮੁੱਖ ਮੰਤਰੀ ਬਣ ਗਿਆ ਪਤੰਦਰ…!”

-”ਇਹ ਢੰਗ ਵੀ ਕਿਸੇ ਕਿਸੇ ਨੂੰ ਈ ਆਉਂਦੇ ਐ, ਜਣੇ ਖਣੇ ਦੇ ਵੱਸ ਦਾ ਰੋਗ ਨੀ ਇਹੇ…!”
ਅੱਧੇ ਕੁ ਹੱਸ ਪਏ ਅਤੇ ਅੱਧੇ ਕੁ ਚੁੱਪ ਰਹੇ।

-”ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ।” ਚੁੱਪ ਅੜਿੱਕੇ ਨੇ ਹੀ ਤੋੜੀ।

-”ਕਾਹਦੀ…?”

-”ਬੋਟਾਂ ਵੇਲੇ ਹੱਥ ਜੇ ਜੋੜਨ ਦੀ ਤਾਂ ਸਮਝ ਆਉਂਦੀ ਐ ਬਈ ਮਿੰਨਤ ਤਰਲਾ ਕਰਦੇ ਐ, ਪਰ ਇਹੇ ਜਿਹੜੀਆਂ ਸਹੇ ਦੇ ਕੰਨਾਂ ਮਾਂਗੂੰ ਦੋ ਉਂਗਲਾਂ ਜੀਆਂ ਖੜ੍ਹੀਆਂ ਕਰਦੇ ਐ, ਉਹ ਕਾਹਤੋਂ ਕਰਦੇ ਐ ਬਈ…?”

-”ਦੋ ਉਂਗਲਾਂ ਖੜ੍ਹੀਆਂ ਕਰਨੀਆਂ, ਜਿੱਤ ਦੀ ਨਿਸ਼ਾਨੀ ਹੁੰਦੀ ਐ।” ਪਾੜ੍ਹੇ ਨੇ ਦੱਸਿਆ।

-”ਬੋਟਾਂ ਅਜੇ ਪੈਣੀਐਂ, ਫੈਸਲੇ ਹੋਣੇ ਐਂ, ਇਹ ਜਿੱਤ ਦੀਆਂ ਉਂਗਲਾਂ ਪਹਿਲਾਂ ਈ ਖੜ੍ਹੀਆਂ ਕਰੀ ਜਾਂਦੇ ਐ, ਬਿਨਾਂ ਪਾਣੀ  ਤੋਂ  ਮੌਜੇ ਲਾਹੁੰਣ ਆਲੀ ਗੱਲ ਹੈ ਕਿ ਨਹੀਂ ਹੈ? ਉਂਗਲਾਂ ਤਾਂ ਖੜ੍ਹੀਆਂ ਕਰੀ ਜਾਂਦੇ ਐ, ਤੇ ਜੇ ਹਾਰਗੇ ਫੇਰ?”

-”ਫੇਰ ਉਂਗਲਾਂ ਥੱਲੇ ਕਰ ਲੈਣਗੇ, ਕੋਈ ਜੋਰ ਲੱਗਦੈ?” ਕਾਮਰੇਡ ਨੇ ਅਗਲਾ ਹੱਲ ਦੱਸਿਆ।

-”ਬਸ਼ੱਰਮੀਂ ਦੀ ਵੀ ਕੋਈ ਹੱਦ ਹੁੰਦੀ ਐ, ਬਾਈ।”

-”ਪਾੜ੍ਹਿਆ ਨਮਾਂ ‘ਖਬਾਰ ਨੀ ਆਇਆ ਅੱਜ?” ਅੜਿੱਕੇ ਨੇ ਪੁੱਛਿਆ।

-”ਆਇਐ ਬਾਈ-।”

-”ਪੜ੍ਹਗਾਂ ਕੋਈ ਖਬਰ…! ਤੱਤੀ ਜੀ ਪੜ੍ਹੀਂ, ਠੰਢ ਜੀ ਲੱਗੀ ਜਾਂਦੀ ਐ!”

-”ਸੁਣਾ ਬਈ ਇਹਨੂੰ ਕੋਈ ਖਬਰ, ਕਰ ਗਰਮ ਪਾੜ੍ਹਿਆ…।” ਕਾਮਰੇਡ ਨੇ ਆਖਿਆ।
ਪਾੜ੍ਹੇ ਨੇ ਕੱਪੜੇ ਦੇ ਥਾਨ ਵਾਂਗ ਅਖ਼ਬਾਰ ਖੋਲ੍ਹ ਲਿਆ।

-”ਖਬਰ ਐ, ਅਮਰੀਕਾ ਦਾ ਰਾਸ਼ਟਰਪਤੀ ਸਾਈਕਲ ਤੋਂ ਡਿੱਗ ਪਿਆ, ਰਗੜਾਂ ਲੱਗੀਆਂ।” ਪਾੜ੍ਹੇ ਨੇ ਪੜ੍ਹ ਕੇ ਦੱਸਿਆ।

-”ਲੈ ਇਹ ਵੀ ਕੋਈ ਖਬਰ ਐ…? ਲੱਗੀਆਂ ਰਗੜਾਂ…! ਮੈਂ ਭੁੱਕੀ ਖਾ ਕੇ ਨੌਤੀ ਸੌ ਆਰੀ ਰੇਹੜ੍ਹੀ ਤੋਂ ਡਿੱਗਿਆ ਹੋਊਂਗਾ?” ਉਸ ਨੇ ਨੱਕ ਚਾੜ੍ਹਿਆ।

ਹਾਸੜ ਪੈ ਗਈ।

-”ਤੇਰੇ ‘ਚ ਤੇ ਉਹਦੇ ‘ਚ ਬਹੁਤ ਫਰਕ ਐ ਬਾਈ!”

-”ਕਿਉਂ ਉਹ ਕੋਈ ਉਤੋਂ ਡਿੱਗਿਐ…? ਅਸੀਂ ਟੁੱਕ ਨੀ ਖਾਂਦੇ? ਕੋਈ ਚੱਜ ਦੀ ਹੋਰ ਖਬਰ ਸੁਣਾ ਯਾਰ?”

-”ਸਾਧੂਆਂ ਨੂੰ ਵਿਟਾਮਿਨ ਵੰਡੇ, ਗੁੱਸੇ ‘ਚ ਆਏ ਸਾਧ ਵਿਟਾਮਿਨ ਵੰਡਣ ਵਾਲਿਆਂ ਨਾਲ ਛਿੱਤਰੋ ਛਿੱਤਰੀ!”

-”ਛਿੱਤਰੋ ਛਿੱਤਰੀ ਹੋਣਾ ਈ ਸੀ…! ਉਹਨਾਂ ਨੂੰ ਵੰਡਣ ਦੀ ਕੀ ਲੋੜ ਸੀ? ਵੰਡਦੇ ਜੱਗਰ ਅਰਗਿਆਂ ਨੂੰ, ਜਿਹੜੇ ਆਏ ਸਾਲ ਜੁਆਕ ਪਾਥੀ ਮਾਂਗੂੰ ਪੱਥ ਧਰਦੇ ਐ-?”

ਹੱਸਦਾ ਕਾਮਰੇਡ ਲਾਮਾ-ਲੇਟ ਹੋ ਗਿਆ। ਮਡੀਹਰ ਵੱਖ ਹੱਸੀ ਜਾ ਰਹੀ ਸੀ।

-”ਮੈਨੂੰ ਹੋਰ ਸਮਝ ਨਹੀਂ ਲੱਗਦੀ, ਬਈ ਸਾਲ਼ੇ ਜੁਆਕ ਨੂੰ ਹਰ ਸਾਲ ਦੇਬਤੇ ਮਾਂਗੂੰ ਪ੍ਰਗਟ ਕਿਵੇਂ ਕਰ ਲੈਂਦੇ ਐ? ਖੁੱਡੇ ‘ਚੋਂ ਕਬੂਤਰ ਕੱਢਣ ਮਾਂਗੂੰ ਪਤੰਦਰ ਜੁਆਕ ਕੱਢ ਦਿਖਾਉਂਦੇ ਐ!”

ਅੜਿੱਕੇ ਦੇ ਕਹਿਣ ‘ਤੇ ਕਾਮਰੇਡ ਨੂੰ ਹੱਥੂ ਆਉਂਦਾ ਮਸਾਂ ਬਚਿਆ।

-”ਪ੍ਰਧਾਨ ਮੰਤਰੀ ਵੱਲੋਂ ਵਿਦੇਸ਼ੀ ਯਾਤਰਾ ਸੁਰੂ।” ਪਾੜ੍ਹੇ ਨੇ ਅਗਲੀ ਖਬਰ ਪੜ੍ਹੀ।

-”ਇਹ ਕੁੱਕੜ-ਛਿੱਦੀ ਜਿਆ ਕਿਸੇ ਨਾ ਕਿਸੇ ਪਾਸੇ ਨੂੰ ਜੱਕਾ ਜੋੜੀ ਈ ਰੱਖਦੈ!”

-”ਕਿਹੜਾ ਕੋਈ ਫਿਕਰ ਫਾਕਾ? ਵਿਹਲੀ ਰੰਨ ਪ੍ਰਾਹੁਣਿਆਂ ਜੋਗੀ! ਪਤਾ ਲੱਗੇ ਜੇ ਕਰਕੇ ਖਾਣਾ ਪਵੇ, ਫੇਰ ਦੇਖੀਏ ਜੱਕੇ ਕਿਮੇਂ ਜੁੜਦੇ ਐ?”

-”ਤਾਇਆ…! ਤੈਨੂੰ ਘਰੇ ਤਾਈ ਸੱਦਦੀ ਐ!” ਕਿਸੇ ਜੁਆਕ ਨੇ ਆ ਕੇ ਅੜਿੱਕੇ ਨੂੰ ਕਿਹਾ।

-”ਤਾਇਆ ਆਖਣ ਤੋਂ ਪਹਿਲਾਂ ਮੇਰੇ ਗੋਲੀ ਮਾਰ ਦਿੰਦਾ! ਤੂੰ ਸਾਲਿਆ ਚੱਪਣਾਂ ਜਿਆ! ਮੈਨੂੰ ਤਾਇਆ ਆਖਿਆ ਤਾਂ ਆਖਿਆ ਕਿਵੇਂ? ਮੈਂ ਤੇਰੇ ਪਿਉ ਨਾਲੋਂ ਪੂਰਾ ਸਾਲ ਛੋਟੈਂ, ਪਤੈ..? ਕੁੜੀ ਯਾਵ੍ਹੇ ਦਾ ਨਾਸਲ ਜਿਆ…! ਨਾਸਾਂ ‘ਚ ਦੇ ਲਊ ਸਾਲਾ ਉਂਗਲ, ਜਿਵੇਂ ਕੋਈ ਖਜਾਨਾ ਪੱਟਣਾ ਹੁੰਦੈ..।”

-”ਜਾਹ ਸੁਣਿਆਂ ਗੱਲ, ਕੋਈ ਕੰਮ ਹੋਊ, ਜੁਆਕ ਦੇ ਗਲ ਈ ਪੈ ਗਿਆ।” ਕਾਮਰੇਡ ਬੋਲਿਆ।

-”ਨਹੀਂ ਕੌਮਨਸ਼ਟਾ..! ਇਹ ਤੇ ਇਹਦੀ ਮਾਂ ਮੈਨੂੰ ਜਾਣ ਕੇ ਤਪਾਉਂਦੇ ਐ! ਉਹ ਕਮੰਡਲੀ ਜੀ ਮੈਨੂੰ ‘ਭਾਈ ਜੀ’ ਆਖੂ, ਤੇ ਰਹਿੰਦੀ ਖੂੰਹਦੀ ਕਸਰ ਇਹ ਤਾਇਆ ਆਖ ਕੇ ਪੂਰੀ ਕਰ ਦਿੰਦੈ, ਸਾਲਾ ਚਾਪੜ ਜਿਆ!”

-”ਚੱਲ ਕੁਛ ਨਹੀ ਹੁੰਦਾ, ਜੁਆਕ ਨੂੰ ਮਾਫ਼ੀ ਬਖਸ਼।”

-”ਉਹ ਸਾਲੀ ਮੈਥੋਂ ਘੁੰਡ ਕੱਢ ਲਊ ਜਿਵੇਂ ਕੱਲ੍ਹ ਦੀ ਜੁਆਕੜੀ ਹੁੰਦੀ ਐ, ਇਹਦਾ ਪਿਉ  ਉਹਤੋਂ ਵੀ ਚੰਦ ਐ, ਉਹ ਮੈਨੂੰ ਵੱਡਾ ਭਾਈ ਈ ਦੱਸੂ..! ਲੈ, ਕਰਲੋ ਗੱਲ…! ਇਹਨਾਂ ਦਾ ਤਾਂ ਸਾਰਾ ਆਵਾ ਈ ਊਤਿਆ ਵਿਐ, ਇੱਕ ਅੱਧਾ ਹੋਵੇ ਤਾਂ ਬੰਦਾ ਚੱੁਪ ਵੱਟ ਲੈਂਦੈ, ਜਿਹੋ ਜੀ ਨੰਦੋ ਬਾਹਮਣੀ ਉਹੋ ਜਿਆ ਘੁੱਦੂ ਜੇਠ, ਜੀਉ- ਜੀ ਚੜ੍ਹਦਾ ਚੰਦ ਐ।”

-”ਜਾਹ ਜਾਇਆ ਹੁਣ, ਕਾਹਤੋਂ ਕਚੀਰ੍ਹਾ ਕਰਦੈਂ, ਬੰਤ ਕੁਰ ਉਡੀਕਦੀ ਹੋਊ?” ਕਾਮਰੇਡ ਨੇ ਅੜਿੱਕੇ ਨੂੰ ਠੰਢਾ ਕੀਤਾ।

-”ਬੰਤ ਕੁਰ ਸੀ. ਬੀ. ਆਈ. ਐ? ਉਹਦੇ ਵੀ ਲੈਨੈ ਝੱਗੇ ਦਾ ਮੇਚ ਜਾ ਕੇ, ਸੁਨੇਹਾਂ ਦੇ ਕੇ ਭੇਜੂ ਸਾਲੀ ਐਸ ਟੂਟਲ਼ ਨੂੰ, ਬਈ ਹੋਰ ਸਾਰਾ ਪਿੰਡ ਮਰ ਗਿਆ…?”

ਅੜਿੱਕਾ ਦੀਵੇ ਵਾਂਗ ਮੱਚਦਾ ਬੁੱਝਦਾ ਘਰ ਨੂੰ ਤੁਰ ਪਿਆ।

-”ਲੈ ਘਰੇ ਜਾ ਕੇ ਇਹਨੇ ਜਮਾਂ ਈ ਸੀਲ ਕੁੱਕੜ ਬਣ ਜਾਣੈਂ।” ਕਿਸੇ ਨੇ ਆਖਿਆ।

-”ਚੱਲ ਰਹਿਣ ਦੇ…! ਹੁਣ ਤੂੰ ਘਾਣੀ ਛੇੜਲੀ…!” ਕਾਮਰੇਡ ਨੇ ਉਸ ਨੂੰ ਬੋਲਣੋਂ ਰੋਕ ਦਿੱਤਾ।

ਅੜਿੱਕੇ ਬਿਨਾ ਸੱਥ ‘ਭਾਂ-ਭਾਂ’ ਕਰਨ ਲੱਗ ਪਈ ਸੀ! ਬੰਦਿਆਂ ਨਾਲ ਹੀ ਤਾਂ ਰੌਣਕ ਹੁੰਦੀ ਐ ਬਾਈ ਜੀ….!!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>