ਬੰਗਾ - ਯੂ. ਕੇ. ਦੀ ਨਾਮਵਰ ਵਿੱਦਿਅਕ ਸੰਸਥਾ ਡੀ ਮੌਂਟਫੋਰਟ ਯੂਨੀਵਰਸਿਟੀ ਲੈਸਟਰ ਵਲੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠ ਚੱਲ ਰਹੀਆਂ ਸਿਹਤ ਸੰਸਥਾਵਾਂ ਅਤੇ ਮੈਡੀਕਲ ਵਿੱਦਿਅਕ ਸੰਸਥਾਵਾਂ ਵਿੱਚ ਮਾਨਸਿਕ ਸਿਹਤ ਸਬੰਧੀ ਨਵੇਂ ਕੋਰਸ ਸ਼ੁਰੂ ਕਰਨ ਬਾਰੇ ਉਕਤ ਯੂਨੀਵਰਸਿਟੀ ਅਤੇ ਇੰਡੋ ਬ੍ਰਿਟਿਸ਼ ਟਰੇਡ ਕੌਂਸ਼ਲ ਦੇ ਨੁਮਾਇੰਦਿਆਂ ਵਲੋਂ ਢਾਹਾਂ ਕਲੇਰਾਂ ਦਾ ਦੌਰਾ ਕੀਤਾ ਅਤੇ ਇੱਥੇ ਮੈਂਟਲ ਹੈੱਲਥ (ਮਾਨਸਿਕ ਸਿਹਤ) ਦੇ ਕੋਰਸ ਸ਼ੁਰੂ ਕਰਨ ਸਬੰਧੀ ਪੇਸ਼ਕਸ਼ ਕੀਤੀ।
ਯੂਨੀਵਰਸਿਟੀ ਦੇ ਡਾ. ਰਘੂ ਰਾਘਵਨ ਪ੍ਰੋਫੈਸਰ ਆਫ ਮੈਂਟਲ ਹੈੱਲਥ ਅਤੇ ਆਈ ਬੀ ਟੀ ਸੀ ਦੇ ਸ਼੍ਰੀ ਬਲਜੀਤ ਸਿੰਘ ਖੇੜਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨਵੀਆਂ ਤਕਨੀਕਾਂ ਅਤੇ ਤੇਜਭਰੀ ਜ਼ਿੰਦਗੀ ਕਰਕੇ ਆਮ ਲੋਕਾਈ ਵਿੱਚ ਮਾਨਸਿਕ ਪ੍ਰੇਸ਼ਾਨੀਆਂ ਬਹੁਤ ਵੱਧ ਰਹੀਆਂ ਹਨ, ਜਿਸ ਲਈ ਉਹਨਾਂ ਨੂੰ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣ ਲਈ ਮੈਂਟਲ ਹੈੱਲਥ ਵਿਸ਼ੇ ’ਤੇ ਡੀ ਮੌਂਟਫੋਰਟ ਯੂਨੀਵਰਸਿਟੀ ਲੈਸਟਰ ਯੂ ਕੇ ਵਲੋਂ ਕੋਰਸ ਆਰੰਭ ਕੀਤੇ ਹਨ ਅਤੇ ਪੰਜਾਬ ਦੇ ਵਿੱਚ ਇਹ ਮਾਨਸਿਕ ਸਿਹਤ ਦੇ ਕੋਰਸ ਢਾਹਾਂ ਕਲੇਰਾਂ ਦੇ ਚੱਲ ਰਹੇ ਮਿਸ਼ਨਰੀ ਅਦਾਰਿਆਂ ਵਿੱਚ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਸਬੰਧੀ ਇਹ ਪੇਸ਼ਕਸ਼ ਲੈ ਕੇ ਉਹਨਾਂ ਵਲੋਂ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਸਾਧੜਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਵਿਚਾਰ ਵਿਟਾਂਦਰੇ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਡਾਕਟਰ ਸਾਹਿਬਾਨ , ਗੁਰੂ ਨਾਨਕ ਕਾਲਜ ਆਫ ਨਰਸਿੰਗ, ਗੁਰੂ ਨਾਨਕ ਮਿਸ਼ਨ ਪੈਰਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਅਧਿਆਪਕ ਵੀ ਸ਼ਾਮਲ ਹੋਏ । ਇਸ ਮੌਕੇ ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਜੱਥੇਦਾਰ ਸਤਨਾਮ ਸਿੰਘ ਲਾਦੀਆਂ, ਕੁਲਵੰਤ ਸਿੰਘ ਕਲੇਰਾਂ, ਤਰਨਦੀਪ ਸਿੰਘ ਸਾਧੜਾ ਯੂ ਕੇ, ਰੁਪਿੰਦਰ ਸਿੰਘ ਸਾਧੜਾ ਯੂ ਕੇ, ਡਾ. ਸੁਰਿੰਦਰ ਜਸਪਾਲ ਪ੍ਰਿੰਸ੍ਰੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ , ਵਾਇਸ ਪ੍ਰਿੰਸੀਪਲ ਰਮਨਦੀਪ ਕੌਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਡਾ. ਬਲਵਿੰਦਰ ਸਿੰਘ ਡੀ ਐਮ ਐਸ, ਡਾ. ਜਸਦੀਪ ਸਿੰਘ ਸੈਣੀ, ਨਰਸਿੰਗ ਸਪੁਰਡੈਂਟ ਦਵਿੰਦਰ ਕੌਰ, ਗੁਰੂ ਨਾਨਕ ਪੈਰਾਮੈਡੀਕਲ ਕਾਲਜ ਦੇ ਵਾਇਸ ਪ੍ਰਿੰਸੀਪਲ ਰਾਜਦੀਪ ਥਿਥਵਾੜ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।