ਖਡੂਰ ਸਾਹਿਬ – ਲੋਕਸਭਾ ਚੋਣਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਹਲਕੇ ਤੋਂ ਪੂਰੇ ਪੰਜਾਬ ਵਿੱਚ ਸੱਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਨੇ ਜੇਲ੍ਹ ਵਿੱਚੋਂ ਹੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਨਾਮਜ਼ਦਗੀ ਪੇਪਰ ਭਰੇ ਸਨ। ਉਹ ਇਸ ਸਮੇਂ ਨੈਸ਼ਨਲ ਸਕਿਊਰਟੀ ਐਕਟ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੇ ਲਈ ਸਾਰਾ ਚੋਣ ਪਰਚਾਰ ਉਨ੍ਹਾਂ ਦੇ ਪ੍ਰੀਵਾਰ ਅਤੇ ਹਲਕੇ ਦੇ ਲੋਕਾਂ ਵੱਲੋਂ ਕੀਤਾ ਗਿਆ ਹੈ। ਹਲਕੇ ਦੇ ਪਿੰਡਾਂ ਦੇ ਲੋਕਾਂ ਨੇ ਆਪ ਮੁਹਾਰੇ ਬੜੇ ਉਤਸ਼ਾਹ ਨਾਲ ਰੋਡ ਸ਼ੋਅ ਕੱਢੇ। ਨੌਜਵਾਨਾਂ ਵੱਲੋਂ ਘਰ-ਘਰ ਜਾ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਪਰਚਾਰ ਕੀਤਾ ਗਿਆ। ਹਰ ਉਮਰ ਅਤੇ ਹਰ ਵਰਗ ਦੇ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ। ਸਿੱਖ ਕੌਮ ਨੇ ਇਨ੍ਹਾਂ ਚੋਣਾਂ ਵਿੱਚ ਸਾਰੇ ਰਿਕਾਰਡ ਤੋੜ ਕੇ ਭਾਈ ਸਾਹਿਬ ਨੂੰ ਸ਼ਾਨਦਾਰ ਜਿੱਤ ਦਿਵਾਈ।
ਅੰਮ੍ਰਿਤਪਾਲ ਸਿੰਘ ਦਾ ਜਦੀ ਪਿੰਡ ਜਲੂਪੁਰ ਖੇੜਾ ਹੈ ਜੋ ਕਿ ਖਡੂਰ ਸਾਹਿਬ ਹਲਕੇ ਵਿੱਚ ਹੀ ਆਉਂਦਾ ਹੈ। ਉਹ ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਮੁੱਖੀ ਵੀ ਹਨ। ਉਨ੍ਹਾਂ ਨੇ ਪੰਜਾਬ ਵਿੱਚ ਨੌਜਵਾਨਾਂ ਨੂੰ ਨਸਿ਼ਆਂ ਤੋਂ ਮੁਕਤ ਕਰਵਾਉਣ ਲਈ ਅਤੇ ਅੰਮ੍ਰਿਤਧਾਰੀ ਬਣਾੳਣ ਲਈ ਬਹੁਤ ਉਪਰਾਲੇ ਕੀਤੇ ਸਨ। ਉਨ੍ਹਾਂ ਨੇ ਖਾਲਸਾ ਵਹੀਰ ਦੁਆਰਾ ਵੀ ਸਿੱਖ ਨੌਜਵਾਨਾਂ ਨੂੰ ਸੇਧ ਦਿੱਤੀ ਸੀ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਉਪਰ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਸੀ। ਪਿੱਛਲੇ ਇਕ ਸਾਲ ਤੋਂ ੳਹ ਉਥੇ ਹੀ ਜੇਲ੍ਹ ਵਿੱਚ ਬੰਦ ਹਨ।
ਇਸ ਸੱਭ ਦੇ ਬਾਵਜੂਦ ਸਿੱਖ ਕੌਮ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬੜੀ ਵੱਡੀ ਲੀਡ ਨਾਲ ਜਿੱਤਾਇਆ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਕੁਲਬੀਰ ਸਿੰਘ ਜੀਰਾ ਨੂੰ 197120 ਵੋਟਾਂ ਦੇ ਫਰਕ ਨਾਲ ਹਰਾਇਆ। ਉਨ੍ਹਾਂ ਦੇ ਵਿਰੋਧ ਵਿੱਚ ਕਾਂਗਰਸ ਦੇ ਇਲਾਵਾ ਆਪ ਦੇ ਲਾਲਜੀਤ ਸਿੰਘ ਭੁਲਰ, ਸਿ਼ਅਦ ਦੇ ਵਿਰਸਾ ਸਿੰਘ ਵਲਟੋਹਾ ਅਤੇ ਭਾਜਪਾ ਦੇ ਮਨਜੀਤ ਸਿੰਘ ਮੰਨਾ ਉਮੀਦਵਾਰ ਸਨ।