ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਖਡੂਰ ਸਾਹਿਬ ਅਤੇ ਫਰੀਦਕੋਟ ਲੋਕ ਸਭਾ ਚੋਣਾਂ ਵਿੱਚ ਪੰਥਕ ਵਰਕਰਾਂ ਦੇ ਜੋਸ਼ ਭਰੇ ਪ੍ਰਦਰਸ਼ਨ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਨੂੰ ਮਿਲੀ ਭਾਰੀ ਜਿੱਤ ਮਗਰੋਂ ਵੀਂ ਪੰਥ ਦਾ ਸੰਘਰਸ਼ ਜਾਰੀ ਰਹੇਗਾ। ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਕੜਾਕੇ ਦੀ ਗਰਮੀ ਦੇ ਬਾਵਜੂਦ ਸਖ਼ਤ ਅਤੇ ਇਕਜੁੱਟ ਹੋ ਕੇ ਕੰਮ ਕਰਨ ਲਈ ਅਸੀ ਸਮੂਹ ਬੰਦੀ ਸਿੰਘ ਪੰਥਕ ਵਰਕਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਪੰਥਕ ਉਮੀਦਵਾਰ ਭਾਰੀ ਵੋਟਾਂ ਦੀ ਗਿਣਤੀ ਨਾਲ ਜਿੱਤੇ ਹਨ ।
ਉਨ੍ਹਾਂ ਕਿਹਾ ਕਿ ਅੱਜ ਕੌਮ ਨੇ ਮੁੜ 1989 ਵਾਲਾ ਇਤਿਹਾਸ ਦੁਹਰਾ ਦਿੱਤਾ ਹੈ। ਇਹ ਸਿੱਖ ਰਾਜਨੀਤੀ ਦੇ ਨਵੇਂ ਅਧਿਆਇ ਦਾ ਆਰੰਭ ਹੈ। ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਦੀ ਜਿੱਤ ਸ਼ਹੀਦਾਂ ਨੂੰ ਸਮਰਪਿਤ ਹੈ। ਸਿੱਖਾਂ ਨੇ ਇੰਦਰਾਂ ਗਾਂਧੀ ਨੂੰ ਸੋਧਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਨੂੰ ਇੰਦਰਾਂ ਦੇ ਪੋਤਰੇ ਦੇ ਬਰਾਬਰ ਭੇਜਕੇ ਸਾਡਾ ਦਿਲ ਜਿੱਤ ਲਿਆ ਹੈ। ਸਭ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਅਸੀਂ ਜਿੱਤ ਦਾ ਜਸ਼ਨ ਨਹੀਂ ਮਨਾਓੁਣਾ ਸਗੋਂ ਕੜ੍ਹਾ ਪ੍ਰਸ਼ਾਦ ਕਰਕੇ ਗੁਰੂ ਦੇ ਚਰਨਾਂ ‘ਚ ਅਰਦਾਸ ਕਰਨੀ ਹੈ। ਸ. ਸਿਮਰਨਜੀਤ ਸਿੰਘ ਮਾਨ ਅਤੇ ਹੋਰ ਪੰਥਕ ਓੁਮੀਦਵਾਰਾਂ ਨੂੰ ਵੀ ਮਿਲਿਆ ਪਿਆਰ ਕਿਸੇ ਜਿੱਤ ਤੋਂ ਘੱਟ ਨਹੀਂ ਹੈ। ਜਿਹੜੇ ਯੋਧਿਆਂ ਵਾਂਗ ਜਿੱਤਾਂ ਜਿੱਤਣ ਦੀਆਂ ਉਮੰਗਾਂ ਨਾਲ ਭਰੇ ਹੁੰਦੇ ਨੇ, ਉਨ੍ਹਾਂ ਲਈ ਹਾਰ ਜਾਂ ਮੌਤ ਦਾ ਕੋਈ ਅਰਥ ਨਹੀਂ ਹੁੰਦਾ। ਡਿੱਕੇ-ਡੋਲੇ ਖਾਣ ਵਾਲ਼ੇ ਬੰਦੇ ਨੂੰ ਹਰ ਕੋਈ ਠਿੱਬੀ ਮਾਰ ਸਕਦਾ ਹੈ। ਪਰੰਤੂ ਸੂਰਮੇਂ, ਉੱਠਣ ਲਈ ਡਿਗਦੇ ਹਨ, ਟੱਕਰ ਲੈਣ ਲਈ ਪਿੱਛੇ ਹਟਦੇ ਹਨ ਅਤੇ ਜਾਗਣ ਲਈ ਸੌਂਦੇ ਹਨ।
ਅੰਤ ਵਿਚ ਉਨ੍ਹਾਂ ਨੇ ਜੂਨ 1984 ਵਿਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਮੇਜਰ ਜਨਰਲ ਸੁਬੇਗ ਸਿੰਘ ਸਮੇਤ ਸਮੂਹ ਸਿੰਘ ਸਿੰਘਣੀਆਂ ਭੁਜੰਗੀਆਂ ਬਜ਼ੁਰਗਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਿਆਂ ਪੰਥ ਨੂੰ ਉਨ੍ਹਾਂ ਵਲੋਂ ਦਰਸਾਇ ਗਏ ਮਾਰਗ ਤੇ ਚਲਣ ਦੀ ਅਪੀਲ ਕੀਤੀ ।