ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵੱਲੋਂ ਤੀਜੇ ਘੱਲੂਘਾਰੇ ਦੇ ਮਹਾਨ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਸਮਰਪਿਤ ਗਤਕਾ ਮੁਕਾਬਲੇ ਕਰਵਾਏ ਗਏ ।
ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸ਼ਨੀਵਾਰ ਵਾਲੇ ਦਿਨ ਛੋਟੇ ਬੱਚਿਆਂ ਦੇ ਗੱਤਕਾ ਮੁਕਾਬਲਿਆਂ ਨਾਲ ਇਹ ਖੇਡ ਮੇਲਾ ਆਰੰਭ ਹੋਇਆ । ਭਾਈ ਨਰਿੰਦਰ ਸਿੰਘ ਖਾਲਸਾ ਨੇ ਦਸਿਆ ਕਿ ਇਸ ਵਿੱਚ ਵੱਖ ਵੱਖ ਉਮਰ ਵਰਗਾਂ ਦੇ ਬੱਚਿਆਂ ਵੱਲੋਂ ਗੱਤਕੇ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਸ਼ਸ਼ਤਰਾਂ ਦੇ ਜੌਹਰ ਦੇਖਣ ਨੂੰ ਮਿਲੇ ।
ਐਤਵਾਰ ਦੂਜੇ ਦਿਨ ਦੇ ਗੱਤਕੇ ਮੁਕਾਬਲਿਆਂ ਦੀ ਸ਼ੁਰੂਆਤ ਵਿਚ 15 ਸਾਲ ਤੋਂ ਉਪਰ ਵਰਗ ਦੇ ਬੱਚਿਆਂ ਵਲੋਂ ਸ੍ਰੀ ਸਾਹਿਬ ਦੇ ਨਾਲ ਮੁਕਾਬਲੇ ਵਿੱਚ ਭਾਗ ਲਿਆ ਗਿਆ । ਲੋਅਰਮੇਨਲੈਂਡ ਵੈਨਕੂਵਰ ਦੀਆਂ ਟੀਮਾਂ ਤੋ ਇਲਾਵਾ ਕੈਨੇਡਾ ਤੋਂ ਇਲਾਵਾ ਅਮਰੀਕਾ ਤੋਂ ਪਹੁੰਚੀਆਂ ਟੀਮਾਂ ਵੱਲੋਂ ਵੀ ਇਹਨਾਂ ਮੁਕਾਬਲਿਆਂ ਵਿਚ ਵਿਸ਼ੇਸ਼ ਤੌਰ ਤੇ ਭਾਗ ਲਿਆ ਗਿਆ । ਤੀਰ ਅੰਦਾਜੀ, ਚੱਕਰ ਸੁੱਟਣੇ, ਬਰਸ਼ੇ ਬਾਜ਼ੀ, ਨੇਜੇਬਾਜੀ ਦੇ ਜੋਹਰ ਦਿਖਾਏ ਗਏ ਜਿਸ ਵਿੱਚ ਨੌਜੁਆਨ ਬੱਚੇ ਬੱਚੀਆਂ ਤੋਂ ਇਲਾਵਾ ਬੀਬੀਆਂ ਦੇ ਵੀ ਮੁਕਬਲੇ ਹੋਏ ਸਨ ।
ਤੀਰ ਅੰਦਾਜੀ ਨੇਜ਼ਾ ਬਾਜ਼ੀ, ਬਰਸ਼ੇ ਸੁੱਟਣੇ, ਕਿਰਪਾਨਾਂ ਅਤੇ ਹੋਰ ਪੁਰਾਤਨ ਜੰਗੀ ਸ਼ਾਸਤਰਾਂ ਨਾਲ ਬਹੁਤ ਜ਼ਬਰਦਸਤ ਫਾਈਟਾਂ ਕੀਤੀਆਂ ਗਈਆਂ ਅਤੇ ਪੁਰਾਤਨ ਯੁੱਧ ਕਲਾ ਦੇ ਨਮੂਨੇ ਪੇਸ਼ ਕੀਤੇ ਗਏ ।
ਵੱਖੋ ਵੱਖਰੇ ਮੁਕਾਬਲਿਆਂ ਤੋਂ ਬਾਅਦ ਇੱਕ ਦਾ ਪੰਜਾਂ ਨਾਲ ਗਤਕੇ ਦਾ ਮੁਕਾਬਲਾ ਜਿਸ ਵਿੱਚ ਮਿਥੇ ਹੋਏ ਸਮੇਂ ਵਿੱਚ ਪੁਐਂਟਾਂ ਦੇ ਅਧਾਰ ਤੇ ਨਿਰਧਾਰਤ ਜੱਜਾਂ ਦੀ ਟੀਮ ਵੱਲੋ ਜਿੱਤ ਹਾਰ ਦੇ ਫੈਸਲੇ ਕੀਤੇ ਗਏ ਅਤੇ ਜੇਤੂਆਂ ਨੂੰ ਤੀਜੇ ਘੱਲੂਘਾਰੇ ਦੇ ਜਾਂਬਾਜ ਯੋਧਿਆਂ ਦੇ ਨਾਮ ਤੇ ਸੋਨੇ ਦੇ ਪੰਜ ਮੈਡਲ ਅਤੇ ਪੁਰਾਤਨ ਕਿਰਪਾਨਾਂ, ਢਾਲਾਂ, ਕਟਾਰਾਂ ਤੇ ਛੋਟੀਆਂ ਸ੍ਰੀ ਸਾਹਿਬ ਤੋਂ ਇਲਾਵਾ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਤੋਂ ਇਲਾਵਾ ਗੁ. ਦਸ਼ਮੇਸ਼ ਦਰਬਾਰ, ਗੁ. ਸੁੱਖ ਸਾਗਰ, ਗੁ. ਭਵ ਸਾਗਰ ਤਾਰਨ ਓਲੀਵਰ ਬੀਸੀ ਅਤੇ ਬੈਲਿੰਗਹੈਮ, ਲੰਡਨ ਤੇ ਕੈਂਟ ਯੂਐਸਏ ਦੇ ਗੁਰਦੁਆਰਾ ਸਾਹਿਬਾਨ ਵੱਲੋ ਜੇਤੂਆਂ ਦੇ ਇਨਾਮਾਂ ਵਿੱਚ ਹਿੱਸਾ ਪਾਕੇ ਭਰਵਾਂ ਸਹਿਯੋਗ ਕੀਤਾ ਗਿਆ।
ਅਕਾਲ ਖਾਲਸਾ ਗਤਕਾ ਅਖਾੜਾ ਦੇ ਉਸਤਾਦ ਜਗਜੀਤ ਸਿੰਘ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਕਮੇਟੀ ਵੱਲੋ ਸਮੂਹ ਸੰਗਤਾਂ ਦਾ ਭਰਵਾਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ । ਦੋਨੋ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ ।