ਚੰਡੀਗੜ੍ਹ: ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਦਾ ਬ੍ਰੇਨਵਾਸ਼ ਕਰਕੇ ਧਰਮ ਪਰਿਵਰਤਨ ਕਰਾਇਆ ਜਾਣ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ ਪਰ ਰਾਜ ਸਰਕਾਰ ਤੋਂ ਲੈਕੇ ਸਥਾਨਕ ਪ੍ਰਸ਼ਾਸਨ ਤੱਕ ਸਭ ਅੱਖਾਂ ਮੂੰਹੇ ਬੈਠੇ ਹਨ। ਇਸ ਦੇ ਨਾਲ ਜੋ ਇਸ ਦੇ ਖਿਲਾਫ ਅਵਾਜ਼ ਉਠਾਉਂਦੇ ਹਨ, ਉਹਨਾਂ ਨੂੰ ਪੁਲਿਸ ਵੱਲੋਂ ਤੰਗ ਕੀਤਾ ਜਾਂਦਾ ਹੈ। ਇਹ ਕਹਿਣਾ ਹੈ ਜਲੰਧਰ ਵਾਸੀ ਵਨੀਤ ਕੌਰ ਦਾ। ਅੱਜ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਆਯੋਜਿਤ ਇਕ ਪ੍ਰੈਸ ਵਾਰਤਾ ਵਿੱਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕੁਝ ਵਰ੍ਹੇ ਪਹਿਲਾਂ ਉਨ੍ਹਾਂ ਨੇ ਪਾਸਟਰ ਅੰਕੁਰ ਨਿਰੂਲਾ ਦੇ ਕੁਝ ਵੀਡੀਓ ਵੇਖੇ ਜਿਨ੍ਹਾਂ ਵਿੱਚ ਉਹ ਹਿੰਦੂ ਅਤੇ ਸਿੱਖ ਧਰਮਾਂ ਦੇ ਖਿਲਾਫ ਬੋਲ ਰਿਹਾ ਸੀ ਅਤੇ ਲੋਕਾਂ ਨੂੰ ਇਸਾਈ ਧਰਮ ਦੀਆਂ ਖੂਬੀਆਂ ਦੱਸਦੇ ਹੋਏ ਇਸ ਨੂੰ ਅਪਣਾਉਣ ਦੀ ਸਲਾਹ ਦੇ ਰਿਹਾ ਸੀ। ਇਹ ਉਨ੍ਹਾਂ ਨੂੰ ਬਹੁਤ ਹੀ ਨਾਗਵਾਰ ਲਗਿਆ ਅਤੇ ਉਨ੍ਹਾਂ ਨੇ ਉਸ ਦੇ ਖਿਲਾਫ ਮੁਹਿੰਮ ਚਲਾ ਦਿੱਤੀ। ਇਸ ਨਾਲ ਪ੍ਰੇਸ਼ਾਨ ਹੋਕੇ ਪਾਸਟਰ ਅੰਕੁਰ ਨਿਰੂਲਾ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ ਵਨੀਤ ਕੌਰ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ। ਇਸ ਕਰਕੇ ਵਨੀਤ ਕੌਰ ਨੂੰ 42 ਦਿਨ ਜੇਲ ਵਿੱਚ ਕੱਟਣੇ ਪਏ। ਬਾਹਰ ਆਕੇ ਉਨ੍ਹਾਂ ਨੇ ਫਿਰ ਤੋਂ ਪਾਸਟਰ ਅੰਕੁਰ ਨਿਰੂਲਾ ਦੇ ਖਿਲਾਫ ਆਪਣੀ ਮੁਹਿੰਮ ਹੋਰ ਵੀ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀ ਤਾਂ ਪਾਸਟਰ ਅੰਕੁਰ ਨਿਰੂਲਾ ਨੇ ਫਿਰ ਤੋਂ ਉਨ੍ਹਾਂ ਦੇ ਖਿਲਾਫ ਪੁਲਿਸ ਨੂੰ ਝੂਠੀ ਸ਼ਿਕਾਇਤ ਦੇ ਦਿੱਤੀ ਕਿ ਵਨੀਤ ਕੌਰ ਤੇਜ਼ਾਬ ਦੀਆਂ ਬੋਤਲਾਂ ਲੈਕੇ ਉਨ੍ਹਾਂ ਦੇ ਦਫ਼ਤਰ ਵਿੱਚ ਜ਼ਬਰਦਸਤੀ ਘੁਸ ਗਈ ਅਤੇ ਹਮਲਾ ਕਰ ਦਿੱਤਾ। ਪੁਲਿਸ ਨੇ ਸ਼ਿਕਾਇਤ ਲੈ ਲਈ ਤਾਂ ਵਨੀਤ ਕੌਰ ਨੇ ਆਰ.ਟੀ.ਆਈ ਲਾ ਕੇ ਇਸ ਸ਼ਿਕਾਇਤ ਦਾ ਸਟੇਟਸ ਮੰਗਿਆ, ਜਿਸ ਵਿੱਚ ਪੁਲਿਸ ਵਿਭਾਗ ਤੋਂ ਜਵਾਬ ਮਿਲਿਆ ਕਿ ਇਹ ਸ਼ਿਕਾਇਤ ਝੂਠੀ ਹੈ। ਉਧਰ ਉਨ੍ਹਾਂ ਦੇ ਪਤੀ ਨੇ ਵੀ ਉਨ੍ਹਾਂ ‘ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਇਸ ਮੁਹਿੰਮ ਨੂੰ ਬੰਦ ਕਰ ਦਿਣ। ਐਸਾ ਨਾ ਕਰਨ ‘ਤੇ ਉਨ੍ਹਾਂ ਦੇ ਪਤੀ ਨੇ ਵੀ ਉਨ੍ਹਾਂ ਦਾ ਸਾਥ ਛੱਡ ਦਿੱਤਾ।
ਹੁਣ ਵਨੀਤ ਕੌਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਐਸ.ਆਈ.ਟੀ ਬਣਾ ਕੇ ਜਾਂਚ ਕਰਾਈ ਜਾਵੇ ਅਤੇ ਪਾਸਟਰ ਅੰਕੁਰ ਨਿਰੂਲਾ ਵੱਲੋਂ ਕਰਾਏ ਜਾ ਰਹੇ ਧਰਮ ਪਰਿਵਰਤਨ ਨੂੰ ਰੋਕਿਆ ਜਾਵੇ ਅਤੇ ਉਸ ‘ਤੇ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਦੇ ਸਮਰਥਨ ਵਿੱਚ ਅੱਜ ਕਈ ਸਿੱਖ ਜਥੇਬੰਦੀਆਂ ਵੀ ਮੌਜੂਦ ਰਹੀਆਂ ਜਿਨ੍ਹਾਂ ਵਿੱਚ ਨਿਹੰਗ ਸਿੰਘ ਜਥੇਦਾਰ ਗੁਰਪ੍ਰੀਤ ਸਿੰਘ ਕੈਲੀਫੋਰਨੀਆ, ਮਿਸ਼ਨ ਸ਼ਹੀਦ ਬਾਬਾ ਬਾਘ ਸਿੰਘ ਅਹਲੂਵਾਲੀਆ ਦੇ ਗੱਦੀਨਸ਼ੀਨ ਇਕਬਾਲ ਸਿੰਘ ਅਹਲੂਵਾਲੀਆ ਅਤੇ ਬਾਬਾ ਪ੍ਰਗਟ ਸਿੰਘ ਜੀ ਦੀ ਫ਼ੌਜ, ਤਰਨਾ ਦਲ, ਲੁਧਿਆਣਾ ਦੇ ਰਾਜਾ ਰਾਜ ਆਦਿ ਦੇ ਪ੍ਰਤੀਨਿਧੀ ਸ਼ਾਮਿਲ ਰਹੇ।