ਆਖਿ਼ਰ ਮੰਜਿ਼ਲ ਕਿੱਥੇ ਹੈ?

ਹਰ ਮੁਸਾਫਿ਼ਰ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੀ ਮੰਜਿ਼ਲ ਨੂੰ ਪ੍ਰਾਪਤ ਕਰੇ। ਦੂਜਾ; ਹਰ ਰਾਹ ਦਾ ਆਖ਼ਰੀ ਪੜਾਅ ਮੰਜਿ਼ਲ ਹੀ ਹੁੰਦੀ ਹੈ। ਰਾਹਵਾਂ ਭਾਵੇਂ ਕਿੰਨੀਆਂ ਵੀ ਲੰਮੀਆਂ ਕਿਉਂ ਨਾ ਹੋਣ? ਪ੍ਰੰਤੂ ਅੰਤਿਮ! ਸੱਚ ਮੰਜਿ਼ਲ ਨੂੰ ਹੀ ਮੰਨਿਆਂ ਜਾਂਦਾ ਹੈ। ਰਾਹਵਾਂ ਵਿਚ ਖਲੋਅ ਕੇ / ਰੁਕ ਕੇ ਕਦੇ ਵੀ ਕਿਸੇ ਸਖ਼ਸ਼ ਨੇ ਆਪਣੀ ਮੰਜਿ਼ਲ ਨੂੰ ਪ੍ਰਾਪਤ ਨਹੀਂ ਕੀਤਾ। ਮੰਜਿ਼ਲ ਪ੍ਰਾਪਤ ਕਰਨ ਦਾ ਇੱਕੋ ਢੰਗ ਹੈ ਅਤੇ ਉਹ ਹੈ ਲਗਾਤਾਰ ਚਲਦੇ ਰਹਿਣਾ/ ਤੁਰਦੇ ਰਹਿਣਾ। ਜਿਹੜਾ ਮਨੁੱਖ ਸਹੀ ਰਾਹ ਉੱਪਰ ਬਿਨਾਂ ਰੁਕੇ ਲਗਾਤਾਰ ਚੱਲਦਾ ਰਹਿੰਦਾ ਹੈ ਆਖਿ਼ਰ! ਨੂੰ ਉਹ ਆਪਣੇ ਵੱਲੋਂ ਮਿਥੀ ਹੋਈ ਮੰਜਿ਼ਲ ਨੂੰ ਪ੍ਰਾਪਤ ਕਰ ਲੈਂਦਾ ਹੈ।

‘ਰਾਹਵਾਂ ਦੇ ਵਿੱਚ ਖੜ ਕੇ ਮੰਜਿ਼ਲ ਮਿਲਦੀ ਨਾ
ਤੁਰਨ ਵਾਲਿਆਂ ਆਖਿ਼ਰ ਪੰਧ ਮੁਕਾ ਜਾਣਾ।’ (ਡਾ। ਨਿਸ਼ਾਨ)

ਖ਼ਾਸ ਗੱਲ ਇਹ ਹੈ ਕਿ ਮੰਜਿ਼ਲ ਕੇਵਲ ਸੰਸਾਰਕ ਮੰਜਿ਼ਲ ਹੀ ਨਹੀਂ ਹੁੰਦੀ ਬਲਕਿ ਕਈ ਵਾਰ ‘ਅਧਿਆਤਮਕ ਮਾਰਗ’ ਤੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੀ ਵੀ ਕਹੀ ਜਾਂਦੀ ਹੈ। ਅਧਿਆਤਮਕ ਮਾਰਗ ਵਿਚ ਮਨੁੱਖ ਦੀ ਅਸਲ ਮੰਜਿ਼ਲ ‘ਪ੍ਰਭੂ ਦੀ ਪ੍ਰਾਪਤੀ’ ਨੂੰ ਕਿਹਾ ਗਿਆ ਹੈ। ਜਿਹੜੇ ਮਨੁੱਖ ਨੇ ਆਪਣੇ ਅਸਲ ਮਕਸਦ ਨੂੰ ਸਮਝ ਲਿਆ ਉਸਦਾ ਮਨੁੱਖੀ ਜੀਵਨ ਸਫ਼ਲ ਮੰਨਿਆਂ ਜਾਂਦਾ ਹੈ; ਗੁਰਮਤਿ ਵਿਚਾਰਧਾਰਾ ਵਿਚ ਮਨੁੱਖੀ ਜੀਵਨ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਦਾ ਸੁਨਹਿਰੀ ਮੌਕਾ ਕਿਹਾ ਗਿਆ ਹੈ।

‘ਭਈ ਪਰਾਪਤਿ ਮਾਨੁਖ ਦੇਹੁਰੀਆ
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥’
(ਗੁਰੂ ਗ੍ਰੰਥ ਸਾਹਿਬ ਜੀ, ਅੰਗ-12)

ਅੱਜ ਦੇ ਸੰਦਰਭ ਵਿਚ ਮਨੁੱਖ ਨੂੰ ਆਪਣੀ ਅਸਲ ਮੰਜਿ਼ਲ ਬਾਰੇ ਗਿਆਨ ਹੀ ਨਹੀਂ ਹੈ। ਖ਼ਬਰੇ! ਇਸੇ ਕਰਕੇ ਅੱਜ ਦਾ ਮਨੁੱਖ ਭੱਜ ਦੌੜ ਭਰੀ ਜਿ਼ੰਦਗੀ ਬਤੀਤ ਕਰ ਰਿਹਾ ਹੈ। ਹਰ ਸਮੇਂ ਪੈਸੇ, ਤਰੱਕੀ ਅਤੇ ਸ਼ੋਹਰਤ ਨੂੰ ਪ੍ਰਾਪਤ ਕਰਨ ਦੀਆਂ ਘਾੜਤਾਂ ਘੜਦਾ ਰਹਿੰਦਾ ਹੈ ਜਾਂ ਫਿਰ ਸੋਚਾਂ ਵਿਚ ਗੁਆਚਿਆ ਰਹਿੰਦਾ ਹੈ ਜਿਸ ਨਾਲ ਉਹ ਕਈ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਦਾ ਸਿ਼ਕਾਰ ਹੋ ਰਿਹਾ ਹੈ।

ਸਿਆਣਿਆਂ ਦਾ ਕਹਿਣਾ ਹੈ ਕਿ ਆਪਣੇ ਜੀਵਨ ਕਾਲ ਦੇ ਜਵਾਨੀ ਪਹਿਰ ਵਿਚ ਮਨੁੱਖ ਇੰਨਾ ਮਸ਼ਰੁਫ ਹੁੰਦਾ ਹੈ ਕਿ ਉਸਨੂੰ ਖਾਣ- ਪੀਣ ਦਾ ਭੋਰਾ ਭਰ ਧਿਆਨ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਦੀ ਦੌੜ ਵਿਚ ਭੱਜ ਰਿਹਾ ਹੁੰਦਾ ਹੈ ਪ੍ਰੰਤੂ! ਬੁਢਾਪੇ ਵਿਚ ਪੈਸੇ ਦੇ ਹੁੰਦਿਆਂ ਵਧੀਆ ਖਾਣਾ ਨਹੀਂ ਖਾ ਸਕਦਾ ਕਿਉਂਕਿ ਉਸ ਵਕਤ ਤੱਕ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਨੇ ਘੇਰ ਲਿਆ ਹੁੰਦਾ ਹੈ। ਫੇਰ ਮਨੁੱਖ ਬੀਤੇ ਵੇਲੇ ਨੂੰ ਚੇਤੇ ਕਰਕੇ ਪਛਤਾਉਂਦਾ ਹੈ ਪ੍ਰੰਤੂ! ਫੇਰ ਸਮਾਂ ਹੱਥ ਨਹੀਂ ਆਉਂਦਾ।

‘ਬੀਤ ਜੈਹੈ ਬੀਤ ਜੈਹੇ
ਜਨਮੁ ਅਕਾਜ ਰੇ ॥ (ਗੁਰੂ ਗ੍ਰੰਥ ਸਾਹਿਬ ਜੀ, ਅੰਗ-1352-53)

ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਅੱਜ ਦੇ ਸਮੇਂ ਮਨੁੱਖ ਕੋਲ ਜਿੱਥੇ ਪੈਸਾ ਹੋਣਾ ਚਾਹੀਦਾ ਹੈ ਉੱਥੇ ਹੀ ਮਾਨਸਿਕ ‘ਸਕੂਨ’ ਵੀ ਹੋਣਾ ਚਾਹੀਦਾ ਹੈ। ਅੱਜ ਪੈਸੇ ਦੀ ਦੌੜ ਨੇ ਮਨੁੱਖ ਨੂੰ ‘ਮਸ਼ੀਨ’ ਬਣਾ ਕੇ ਰੱਖ ਦਿੱਤਾ ਹੈ। ਮਨੁੱਖ ਆਪਣੀਆਂ ਲੋੜਾਂ ਤੋਂ ਵੱਧ ਕਮਾ ਕੇ ਆਪਣੀ ਜਿ਼ੰਦਗੀ ਨੂੰ ਆਰਾਮਦਾਇਕ ਬਣਾਉਣਾ ਚਾਹੁੰਦਾ ਹੈ ਪ੍ਰੰਤੂ! ਪੈਸੇ ਅਤੇ ਸ਼ੋਹਰਤ ਨਾਲ ਸਕੂਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਅੱਜ ਮਨੁੱਖ ਦੀਆਂ ਇੱਛਾਵਾਂ ਕੁਝ ਹੋਰ ਹਨ ਅਤੇ ਉਹ ‘ਪ੍ਰਾਪਤ’ ਕੁਝ ਹੋਰ ਕਰਨਾ ਚਾਹੁੰਦਾ ਹੈ।

ਇਹ ਗੱਲ 100 ਫ਼ੀਸਦੀ ਸੱਚ ਅਤੇ ਦਰੁੱਸਤ ਹੈ ਕਿ ਜਿਹੜਾ ਮਨੁੱਖ ਪੈਦਾ ਹੋਇਆ ਹੈ ਉਸਦੀ ਮੌਤ ਵੀ ਲਾਜ਼ਮੀ ਹੋਵੇਗੀ। ਇਹ ਕੋਈ ਢੇਰੀ ਢਾਉਣ ਵਾਲੀ ਜਾਂ ਉਤਸ਼ਾਹ ਨੂੰ ਢਾਉਣ ਵਾਲੀ ਗੱਲ ਨਹੀਂ ਅਤੇ ਨਾ ਹੀ ਸੰਸਾਰ ਤੋਂ ਭੱਜ ਕੇ ਕਿਤੇ ਜਾਣ ਦੀ ਗੱਲ ਦੀ ਪ੍ਰੋੜ੍ਹਤਾ ਹੈ ਬਲਕਿ ਮਨੁੱਖ ਨੂੰ ਅਸਲ ਸੱਚ ਬਾਰੇ ਜਾਣਕਾਰੀ ਹਿੱਤ ਹੈ। ਹਾਂ, ਮਿਹਨਤ ਕਰਨੀ ਚੰਗੀ ਗੱਲ ਹੈ। ਜਿ਼ੰਦਗੀ ਵਿਚ ਕਾਮਯਾਬ ਹੋਣਾ ਉਸ ਤੋਂ ਵੀ ਚੰਗੀ ਗੱਲ ਹੈ ਪ੍ਰੰਤੂ! ਇਸ ਕਾਮਯਾਬੀ ਅਤੇ ਮਿਹਨਤ ਕਰਕੇ ‘ਆਪਣਿਆਂ’ ਤੋਂ ਦੂਰ ਹੋ ਜਾਣਾ ਜਾਂ ‘ਆਪਣੇ- ਆਪ’ ਨੂੰ ਹੀ ਭੁੱਲ ਜਾਣਾ ‘ਸਿਆਣਪ’ ਨਹੀਂ ਕਹੀ ਜਾ ਸਕਦੀ। ਜਿਹੜਾ ਜੀਵਨ ਮਿਿਲਆ ਹੈ ਉਸਨੂੰ ਸੁਖ ਅਤੇ ਚੈਨ ਨਾਲ ‘ਆਪਣਿਆਂ’ ਨਾਲ ਬਤੀਤ ਕਰਨਾ ਚਾਹੀਦਾ ਹੈ।

ਸੂਫ਼ੀ ਪ੍ਰੰਪਰਾ ਦੇ ਅੰਤਰਗਤ ਇਹ ਵਿਚਾਰ ਪੇਸ਼ ਕੀਤਾ ਜਾਂਦਾ ਹੈ, ‘ਇਹ ਸੰਸਾਰ ਇੱਕ ਪੁੱਲ ਹੈ ਅਤੇ ਸਿਆਣੇ ਲੋਕ ਪੁੱਲ ਤੇ ਘਰ ਨਹੀਂ ਪਾਉਂਦੇ।’

ਮਨੁੱਖ ਨੂੰ ਸਿਰਫ਼ ਮਸ਼ੀਨੀ ਜੀਵਨ ਹੀ ਨਹੀਂ ਜਿਉਣਾ ਚਾਹੀਦਾ ਬਲਕਿ ਮਨ ਦੀਆਂ ਕੋਮਲ ਭਾਵਨਾਵਾਂ ਨੂੰ ਪਛਾਣਨਾ ਚਾਹੀਦਾ ਹੈ; ਆਪਣੇ ਅੰਦਰ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ ਅਤੇ ਰੂਹ ਦੇ ਚੈਨ / ਸਕੂਨ ਲਈ ਜਿਉਣਾ ਚਾਹੀਦਾ ਹੈ।

ਵਿਦਵਾਨਾਂ ਦਾ ਕਹਿਣਾ ਹੈ ਕਿ ਜਿਹੜਾ ਕੰਮ ਤੁਸੀਂ ਅੱਜ ਕਰ ਸਕਦੇ ਹੋ; ਆਉਣ ਵਾਲੇ ਦਸਾਂ- ਪੰਦਰਾਂ ਸਾਲਾਂ ਬਾਅਦ ਉਸ ਕੰਮ ਬਾਰੇ ਸਿਰਫ਼ ਸੋਚ ਸਕਦੇ ਹੋ; ਕਰ ਨਹੀਂ ਸਕਦੇ। ਭਾਵ ਜਿਹੜੇ ਕੱਪੜੇ ਤੁਸੀਂ ਅੱਜ ਪਾ ਸਕਦੇ ਹੋ; ਜਿਸ ਜਗ੍ਹਾ ਤੇ ਤੁਸੀਂ ਅੱਜ ਘੁੰਮ ਸਕਦੇ ਹੋ ਉਹ ਕੰਮ ਬੁਢਾਪੇ ਵਿਚ ਨਹੀਂ ਕਰ ਸਕਦੇ। ਇਸ ਲਈ ਆਪਣੇ ਜੀਵਨ ਦੇ ਸਮੇਂ ਨੂੰ ਸਾਰਥਕ ਕੰਮਾਂ ਵਿਚ ਬਤੀਤ ਕਰਨਾ ਚਾਹੀਦਾ ਹੈ ਜਿਸ ਨਾਲ ਜਿੱਥੇ ਸੰਸਾਰਕ ਜੀਵਨ ਸੁਖਦਾਇਕ ਬਤੀਤ ਹੋਵੇ ਉੱਥੇ ਹੀ ਮਾਨਸਿਕ ਸਕੂਨ ਵੀ ਮਿਲ ਸਕੇ ਅਤੇ ਮਾਨਸਿਕ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕੇ। ਇਹੀ ਅਜੋਕੇ ਸੰਦਰਭ ਵਿਚ ਆਦਰਸ਼ਕ ਜੀਵਨ ਜਿਉਣ ਦਾ ਕਾਰਗਰ ਨੁੱਕਤਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>