ਇਹੀ ਸਿਰਨਾਵਾਂ ਹੈ
ਬੋਦੀ ਵਾਲੇ ਤੇ ਧਰੂ ਤਾਰੇ ਦਾ
ਜਿੱਥੋਂ ਚੋਰ ਸਿਪਾਹੀ ਲੱਭਦੇ ਹੁੰਦੇ ਸਾਂ
ਮੇਰੀ ਉਸ ਧਰਤ ਮਾਂ
ਜਹਾਨ ਦੇ ਪਾਵਿਆਂ ਦੇ
ਨਿਸ਼ਾਨ ਅਜੇ ਵੀ ਏਥੇ ਲੱਗੇ ਹੋਏ ਹਨ
ਜਿਥੋਂ ਮੈਂ ਅਸਮਾਨ ਮਿਣਦਾ
ਟਿਮਟਿਮਾਉਂਦੇ ਤਾਰੇ ਗਿਣਦਾ
ਅਰਸ਼ ਉਦੋਂ ਮੇਰੇ ਲਈ ਇੱਕ ਥਾਲ ਵਰਗਾ ਹੀ ਹੁੰਦਾ ਸੀ
ਤੇ ਚੋਰ ਸਿਪਾਹੀ ਕੌਡੀਆਂ ਵਰਗੇ
ਝੂਟੇ ਮਾਟੇ ਲੈਂਦਾ
ਇਥੋਂ ਹੀ ਮੈਂ ਅਸਮਾਨ ਨੂੰ ਹੱਥ ਲਾ ਕੇ
ਕਈ ਵਾਰ ਹੱਸਦਾ ਮੁੜਦਾ ਸੀ
ਬਾਤਾਂ ਸੁਣਦਾ ਬੁਝਾਰਤਾਂ ਬੁੱਝਦਾ
ਹੁੰਗਾਰਿਆਂ ਨੂੰ ਸੁਆ ਸੌਂ ਜਾਇਆ ਕਰਦਾ ਸੀ
ਫਿਰ ਓਹੀ ਤਾਰਿਆਂ ਸੁਪਨਿਆਂ ਨਾਲ ਲੱਦੀਆਂ ਰਾਤਾਂ
ਨੂੰ ਹਾਉਕੇ ਖਾ ਗਏ
ਤੇ ਉਹ ਉਦਾਸ ਪ੍ਰੇਸ਼ਾਨ ਹੋ ਗਈਆਂ
ਉਹੀ ਬਾਤਾਂ ਸੁਣਾਉਂਦੀਆਂ ਰਾਤਾਂ
ਮੇਰੇ ਨਾਲ ਰੁੱਸ ਗਈਆਂ
ਸੁਪਨਿਆਂ ਵਾਲੀਆਂ ਰਾਤਾਂ
ਜੇ ਕਦੇ ਨਰਾਜ਼ ਹੋ ਜਾਣ ਤਾਂ
ਲੱਖ ਮਨਾਓ ਮੰਨਦੀਆਂ ਨਹੀਂ ਹੁੰਦੀਆਂ
ਚੇਤਿਆਂ ਵਿੱਚ ਖੁਣੀਆਂ
ਜਾਂਦੀਆਂ ਹਨ
ਫਿਰ ਉਹਨਾਂ ਰਾਤਾਂ ਦੇ ਉਨੀਂਦਰਿਆਂ ਨੂੰ
ਸਦੀਆਂ ਦੇ ਵਿਯੋਗ ਖਾ ਗਏ
ਅਸਮਾਨ ਕੰਬਿਆ
ਪਾਵੇ ਸਹਿਮ ਗਏ
ਤਾਰੇ ਇਕ ਇਕ ਕਰਕੇ ਟੁੱਟਣ ਲੱਗੇ
ਬਾਤਾਂ ਵਾਲੀਆਂ
ਦਾਦੀਆਂ ਮਾਂਵਾਂ
ਨੇ ਆਪਣੇ ਚਰਖ਼ੇ ਚੰਦ ਤੇ ਜਾ ਡਾਹੇ
ਉਮਰਾਂ ਦੇ ਸਾਰੇ ਹੁੰਗਾਰੇ ਤੇ ਗੀਤ
ਖਿੱਲਰ ਗਏ
ਮਹਿਕਾਂ ਨਾਲ ਖਿੜਿਆ ਅੰਬਰ
ਉਦਾਸਿਆ ਕੋਣੇ ਚ ਬੈਠਾ ਝਾਕਣ ਲੱਗਾ
ਆਪਣੇ ਹੀ ਘਰ ਨੂੰ ਜਾਂਦੇ ਰਾਹ
ਪਛਾਨਣੋ ਹਟ ਗਏ
ਮੇਲਿਆਂ ਨੂੰ ਭਰੇ ਜਾਂਦੇ ਰਸਤੇ
ਸਾਰੇ ਸੁੰਨੇ ਹੋ ਗਏ
ਸ਼ਾਮਾਂ ਸਰਘੀਆਂ ਚੋਂ
ਰੰਗ ਖੁਰ ਗਏ ਸੱਤ ਰੰਗੀਆਂ ਪੀਂਘਾਂ ਦੇ
ਪੱਤਿਆਂ ਚ ਸੁਰਤਾਲ ਨਾ ਰਹੀ
ਹਵਾਵਾਂ ਦੀਆਂ ਰਾਗਨੀਆਂ
ਨੂੰ ਡੀਕ ਗਿਆ ਕੋਈ ਤੂਫ਼ਾਨ
ਬੱਦਲਾਂ ਚੋਂ ਸ਼ਰਾਬੀ ਛਰਾਟੇ ਮੁੱਕ ਗਏ
ਡਿਊੜੀਆਂ ਚੋਂ ਆਸਾਂ ਉਮੀਦਾਂ ਵਾਲੀਆਂ ਡੰਗੋਰੀਆਂ
ਕਿਤੇ ਦੂਰ ਜਾ ਦਫ਼ਨ ਹੋ ਗਈਆਂ
ਮੀਹਾਂ ਚ ਵਿੰਗ ਤੜਿੰਗੇ ਹੋਏ
ਮੰਜਿਆਂ ਦੇ ਪਾਵਿਆਂ ਦੀ
ਕੋਈ ਤਕਦੀਰ ਬਦਲਣ ਨਾ ਆਇਆ
ਆਂਢ ਗੁਆਂਢ ਚ ਹੱਸਦੀ
ਮੁਹੱਬਤ ਦੇ ਹੱਥੋਂ
ਕੌਲੀਆਂ ਡਿੱਗ ਪਈਆਂ ਮੁਸਕਰਾਹਟਾਂ ਦੀਆਂ
ਉਸੇ ਇਸ਼ਕ ਦੀ ਕਹਾਣੀ
ਗਲੀਆਂ ਚ ਤੁਰੀ ਫਿਰਦੀ ਵਾਜਾਂ ਮਾਰਦੀ ਰਹੀ
ਕਿਸੇ ਨੇ ਇੱਕ ਵੀ ਨਾ ਸੁਣੀ