ਕਠਪੁਤਲੀਆ

 

ਲਾਸ਼ਾਂ

‘ਵੈਸੇ ਵੈਜੰਤੀ ਇੱਕ ਗੱਲ ਦਾ ਜੁਆਬ ਹੈ ਤੁਹਾਡੇ ਵਿੱਚੋਂ ਕਿਸੇ ਕੋਲ?
”ਕਿਹੜੀ ਗੱਲ ਮੱਲਿਕਾ?
‘ਮੈਂ ਕਈ ਵਾਰ ਸੋਚਦੀ ਹੁੰਦੀ ਆਂ ਵੀ ਸਾਡੀ ਜ਼ਿੰਦਗੀ ਵਿੱਚ ਕੋਈ ਚੈਨ ਅਰਾਮ ਨੀ ਆ ਨਾ ਦਿਨੇ ਨਾ ਰਾਤ ਬੱਸ ਮਸ਼ੀਨ ਵਾਂਗੂ ਜੋ ਹੁਕਮ ਆਏ ਜਿਸ ਕਮਰੇ ਵਿੱਚੋਂ ਆਏ ਓਧਰ ਨੂੰ ਜਾਣਾ ਪੈਂਦਾ।
”ਹਾਂ ਗੱਲ ਤਾਂ ਤੇਰੀ ਠੀਕ ਆ ਮੱਲਿਕਾ।
‘ਪਰ ਆਪਾਂ ਨੂੰ ਫਿਰ ਵੀ ਕੋਈ ਛੁੱਟੀ ਤਾਂ ਹੋਣੀ ਚਾਹੀਦੀ ਆ ਨਾ?
”ਲੈ  ਦੱਸ ਭਲਾ ਛੁੱਟੀ ਦੀ ਗੱਲ ਕਰਦੀ ਆਂ ਬਿਮਾਰ ਹੋਣ ਸਮੇਂ ਛੁੱਟੀਆਂ ਈ ਹੁੰਦੀਆਂ 4-5 ਦਿਨ।
‘ਯਾਰ ਤੈਨੂੰ ਹੁੰਦੀਆਂ ਹੋਓੂ ਮੈਨੂੰ ਤਾਂ ਉਹ ਵੀ ਨੀ ਹੁੰਦੀਆਂ….
”ਕਿੱਦਾ ਮਤਲਬ?
‘ਮਤਲਬ ਸਾਫ ਆ ਜੇ ਗਾਹਕ ਨੂੰ ਕਹੀ ਵੀ ਜਾਓ ਅਗਲਾ ਤਾਂ ਵੀ ਹੋਰ ਪਾਸੇ ਨੂੰ ਹੱਥ ਮਾਰਦਾ ਰਹਿੰਦਾ ਸੁਣਦਾ ਈ ਨੀ।
”ਮੇਰੇ ਨਾਲ ਵੀ ਕਈ ਵਾਰ ਐਦਾ ਹੋਇਆ ਇੱਕ ਨੇ ਤਾਂ ਮੈਨੂੰ ਵਾਲਾਂ ਤੋਂ ਫੜ ਕੇ ਮੂੰਧੀ ਪਾ ਲਿਆ ਸੀ।
‘ਛੁੱਟੀ ਤਾਂ ਆਪਾਂ ਨੂੰ ਇੱਕ ਸਮੇਂ ਈ ਹੋਓੂ….
”ਉਹ ਕਦੋਂ?
‘ਜਦੋਂ ਆਪਣੀ ਮੌਤ ਆਓੂ ਓੁਦੋਂ ਹੋਰ ਕਦੋਂ?
”ਪਰ ਮੈਨੂੰ ਤਾਂ ਇੱਕ ਹੋਰ ਡਰ ਲੱਗਦਾ ਆ?
‘ਉਹ ਕਿਹੜਾ?
”ਕਿਤੇ ਉੱਪਰ ਜਾ ਕੇ ਸਾਡੇ ਵਿੱਚੋਂ ਸੋਹਣੀਆਂ-ਸੋਹਣੀਆਂ ਕੱਢ ਕੇ ਉਹਨਾਂ ਤੋਂ ਫਿਰ ਨਾ ਇਹੋ ਈ ਕੰਮ ਕਰਵਾਇਆ ਜਾਵੇ ਫਿਰ ਕੀ ਬਣੂੰ? ਯਮਰਾਜ ਮੂਹਰੇ ਕੀ ਜੋਰ?
‘ਬਣਨਾ ਕੀ ਆ ਐਥੇ ਵੀ ਲਾਸ਼ ਵਾਂਗੂ ਰਹਿੰਦੀਆਂ ਉੱਥੇ ਵੀ ਰਹਿ ਲਊਗੀਆਂ।

ਲਾਡਲੀਆਂ

ਗੱਲੀ-ਬਾਤੀਂ ਤੁਰਦੀਆਂ-ਫਿਰਦੀਆਂ ਉਹ ਪਾਰਕ ਕੋਲ ਆ ਕੇ ਬੈਠ ਗਈਆਂ। ਉਹਨਾਂ ਚਾਰਾਂ-ਪੰਜਾਂ ਵਿੱਚੋਂ ਇੱਕ ਕੁੜੀ ਫਟਾ-ਫਟ ਜਾ ਕੇ ਰੇਹੜੀ ਵਾਲੇ ਕੋਲੋਂ ਗੱਚਕ ਫੜ ਲਿਆਈ ਹੁਣ ਖਾਂਦੀਆਂ ਖਾਂਦੀਆਂ ਉਹ ਫਿਰ ਗੱਲੀਂ ਜੁੱਟ ਗਈਆਂ।
‘ਇਹ ਸਵਿਤਾ ਯਾਰ ਗੱਚਕ ਛੱਡੋ ਓਧਰ ਦੇਖੋ ਕੀ ਹੁੰਦਾ….
”ਛੱਡ ਤੂੰ ਉਹਨਾਂ ਨੂੰ ਕਰੀ ਜਾਣ ਜੋ ਕਰਦੇ ਉਹਨਾਂ ਦੀ ਉਮਰ ਆ।
‘ਨਹੀਂ ਅਰਾਧਨਾ ਤੂੰ ਦੇਖ ਤਾਂ ਸਹੀ ਸਾਰੀਆਂ ਜੋੜੀਆਂ ਕਿੱਦਾਂ ਇੱਕ ਦੂਜੇ ਨਾਲ ਚੁੰਬੜੀਆਂ ਬੈਠੀਆਂ।
‘ਇਹ ਪੱਕਾ ਕਾਲਜ ਤੋਂ ਕਲਾਸਾਂ ਛੱਡ ਕੇ ਆਏ ਹੁਣੇ ਆ।
”ਯਾਰ ਇਹ ਤਾਂ ਐਥੇ ਖੁੱਲਮ ਖੁੱਲਾ ਈ ਲੱਗਿਓ ਆ।
‘ਛੀਂ-ਛੀਂ ਤੂੰ ਉਧਰ ਦੇਖ ਉਹ ਮੁੰਡੇ ਨੇ ਆਪਣਾ ਹੱਥ ਕਿੱਥੇ ਪਾਇਆ ਆ।
”ਹੋਰ ਕੀ ਮੁੰਡਾ ਤਾਂ ਲੱਗਦਾ ਈ ਕੰਜਰ ਆ ਤੂੰ ਕੁੜੀ ਦੀ ਅਕਲ ਦੇਖ ਹੋਰ ਉੱਚੀ ਹੋ-ਹੋ ਬੈਠਦੀ ਆ।
‘ਯਾਰ ਕੋਈ ਰੋਕਦਾ ਨੀ ਇਹਨਾਂ ਨੂੰ ਪੁਲਿਸ ਵੀ ਨੀ ਨਾ ਕੋਈ ਹੋਰ?
”ਲੈ ਦੱਸ ਰੋਕਣਾ ਕਿਹਨੇ ਆ ਇਹ ਮੁੰਡੇ-ਕੁੜੀਆਂ ਤਾਂ ਆਪਣੇ ਘਰਦਿਆਂ ਨੂੰ ਬੇਵਕੂਫ ਬਣਾ ਦਿੰਦੇ ਆ।
‘ਯਾਰ ਇਹ ਵੀ ਤਾਂ ਇਹੋ ਹੀ ਗੰਦਖਾਨਾ ਕਰਦੀਆਂ ਫਿਰਦੀਆਂ ਪਰ ਦੁਨੀਆਂ ਨੇ ਬਦਨਾਮੀ ਕੱਲੀ ਸਾਡੇ ਸਿਰ ਮੜੀਓੂ ਆ।
”ਸਾਡਾ ਤੇ ਇਹਨਾਂ ਦਾ ਬੜਾ ਫਰਕ ਆ ਇਹ ਮਾਪਿਆਂ ਦੀਆਂ ਲਾਡਲੀਆਂ ਆ ਘਰੇ ਜਾ ਕੇ ਇਨੀ ਐਦਾਂ ਕਰਨਾ ਜੀਵੇਂ ਦੁੱਧ ਚੁੰਘਦੀਆਂ ਹੋਣ….
‘ਹਾਏ ਰੱਬਾ ਤੂੰ ਓਧਰ ਦੇਖ ਉਹ ਤਾਂ ਹਜੇ ਸਕੂਲੇ ਪੜਦੀ ਲੱਗਦੀ ਵਰਦੀ ਪਾਈ ਆ ਚਲੋ-ਚਲੋ ਉਠੋ ਐਥੋਂ ਕਿਤੇ ਹੋਰ ਬੈਠਦੀਆਂ ਜਾਂ ਫਿਰ ਚਲੋ ਮੁੜ ਪਵੋ ਐਵੇਂ ਖਾਲਾ ਸਿਰ ਤੇ ਚੜੂੰ ਫਿਰ।

ਮਜ਼ਬੂਰੀ

‘ਇਹ ਸਾਂਤੀ ਮੇਰਾ ਇੱਕ ਕੰਮ ਕਰੂੰਗੀ?
”ਪਹਿਲਾਂ ਦੱਸ ਕਿਹੜਾ ਕੰਮ?
‘ਮੇਰਾ ਇੱਕ ਸੁਨੇਹਾ ਦੇ ਕੇ ਆਵੀਂ ਖਾਲਾ ਨੂੰ।
”ਕਿਹੜਾ ਸੁਨੇਹਾ ਤੂੰ ਆਪ ਕਿਉਂ ਨੀ ਜਾਂਦੀ?
‘ਯਾਰ ਮੈਨੂੰ ਆਪਣਾ-ਆਪ ਠੀਕ ਨੀ ਲੱਗਦਾ ਮੈਨੂੰ ਅੱਜ ਚੱਕਰ ਜਿਹੇ ਆਉਂਦੇ ਆ।
”ਯਾਰ ਜਾ ਤਾਂ ਆਵਾ ਪਰ ਉਹਨੇ ਮੈਨੂੰ ਪੈ ਜਾਣਾ।
‘ਉਹ ਨਹੀਂ ਪੈਂਦੀ ਤੂੰ ਜਾਹ ਤਾਂ ਸਹੀ।
‘ਅੱਛਾ ਚੱਲ ਦੱਸ ਫਿਰ ਕੀ ਕਹਿਣਾ ਉਹਨੂੰ?
”ਬੱਸ ਤੂੰ ਉਹਨੂੰ ਜਾ ਕੇ ਐਨਾ ਕਹਿ ਦੇ ਕੇ ਨਮਿਤਾ ਅੱਜ ਠੀਕ ਨੀ ਉਹਨੂੰ ਬਹੁਤ ਬੁਖਾਰ ਆ ਉਸਦੇ ਲਈ ਕਿਸੇ ਗਾਹਕ ਨੂੰ ਹਾਂ ਨਾ ਕਰੇ….
‘ਚੱਲ ਠੀਕ ਆ ਮੈਂ ਜਾਂਦੀ ਆਂ ਜੇ ਉਹ ਪਹਿਲੋਂ ਈ ਮੂੰਹ ਫੁਲਾ ਕੇ ਬੈਠੀ ਹੋਈ ਤਾਂ ਮੈਂ ਮੁੜਦੇ ਪੈਰੀਂ ਵਾਪਿਸ ਆ ਜਾਣਾ।
”ਨਾ-ਨਾ ਡਰ ਨਾ ਕੁਛ ਨੀ ਕਹਿੰਦੀ।
‘ਸੱਚੀਂ ਮੈਨੂੰ ਤਾਂ ਡਰ ਲੱਗੀ ਜਾਂਦਾ।
ਹਜੇ ਸ਼ਾਂਤੀ ਤੇ ਨਮਿਤਾ ਗੱਲ ਕਰ ਹੀ ਰਹੀਆਂ ਸੀ ਕਿ ਬਾਹਰੋਂ ਖਾਲਾ ਦੀ ਅਵਾਜ਼ ਆ ਗਈ। ‘ਨਮਿਤਾ ਗੱਲ ਸੁਣੀ ਜ਼ਰਾ।’
”ਲੈ ਲਓੁ ਵੱਜ ਗਈ ਘੰਟੀ ਉਹਨੇ ਗਾਹਕ ਨੂੰ ਹਾਂ ਕਰਤੀ ਹੁਣੀਂ।
”ਯਾਰ ਗੁੱਸਾ ਨਾ ਕਰੀਂ ਮੈਂ ਤਾਂ ਜਾਣ ਈ ਲੱਗੀ ਸੀ ਉਹਨੂੰ ਕਹਿਣ।
‘ਨਾ-ਨਾ ਤੇਰੇ ਨਾਲ ਕੋਈ ਗੁੱਸਾ ਨੀ ਐਦਾਂ ਕਰ ਫਟਾ-ਫਟ ਮੈਨੂੰ ਇੱਕ ਕਰਾਰਾ ਜਿਹਾ ਪੈੱਗ ਬਣਾ ਦੇ ਮੈਥੋਂ ਤਾਹੀਂ ਉਠ ਹੋਣਾ।
”ਯਾਰ ਤੂੰ ਸਾਂਭ ਤਾਂ ਲਊਗੀ ਨਾ ਸਭ?
‘ਸਾਂਭਣਾ ਈ ਪੈਣਾ ‘ਮਜ਼ਬੂਰੀ’ ਆ।
ਜਦ ਨੂੰ ਖਾਲਾ ਦੀ ਦੂਸਰੀ ਕੜਕਦਾਰ ਅਵਾਜ਼ ਵੀ ਆ ਗਈ।

ਚਿੜੀ

ਕਮਰੇ ਦਾ ਦਰਵਾਜ਼ਾ ਇੰਝ ਖੜਾਕਾ ਕਰ ਕੇ ਖੁੱਲਿਆ ਜੀਵੇਂ ਕਿਸੇ ਨੇ ਲੱਤ ਮਾਰ ਕੇ ਖੋਲਿਆ ਹੋਵੇ। ਪਲੰਘ ਤੇ ਆਪਣੇ ਧਿਆਨ ਬੈਠੀ ਸਾਰਿਕਾ ਦੇ ਮੱਥੇ ਤੇ ਤਿਊੜੀਆਂ ਆ ਗਈਆਂ ਪਰ ਜਦ ਉਸਨੂੰ ਅੰਦਾਜ਼ਾ ਹੋਇਆ ਕਿ ਸਾਹਮਣੇ ਖੜਾ ਅੱਧਖੜ ਉਮਰ ਦਾ ਬੰਦਾ ਗਾਹਕ ਹੈ ਤਾਂ ਉਸਨੂੰ ਮਜਬੂਰਨ ਮੱਥੇ ਦੀਆਂ ਤਿਊੜੀਆਂ ਨੂੰ ਬੁੱਲਾਂ ਦੀ ਮੁਸਕਾਨ ਵਿੱਚ ਬਦਲਣਾ ਪਿਆ।
‘ਆਓ ਜਨਾਬ
”ਆਹਾ ਹੁਣ ਜਨਾਬ ਕਹਿਣ ਲੱਗ ਪਈ ਤੂੰ?
‘ਕੀ ਮਤਲਬ ਪਹਿਲਾਂ ਤਾਂ ਤੁਹਾਨੂੰ ਕਦੇ ਇੱਥੇ ਨੀ ਦੇਖਿਆ ਮੈਂ।
”ਯਾਦ ਕਰ ਉਹ ਸਮਾਂ ਕੁੜੀਏ….
‘ਕਿਹੜਾ ਸਮਾਂ ਕਿੱਦਾਂ ਦਾ ਸਮਾਂ?
ਸਾਹਮਣੇ ਵਾਲੇ ਦੀਆਂ ਅੱਖਾਂ ਵਿੱਚ ਲਹੂ ਉਤਰਿਆ ਹੋਇਆ ਸੀ ਉਹ ਦੰਦ ਪੀਹ ਕੇ ਹਰ ਗੱਲ ਸਾਰਿਕਾ ਨੂੰ ਕਹਿ ਰਿਹਾ ਸੀ ਤੇ ਨਾਲ਼-ਨਾਲ਼ ਆਪਣੇ ਕੱਪੜੇ ਲਾਹ-ਲਾਹ ਕੇ ਪਰੇ ਸਿੱਟੀ ਜਾ ਰਿਹਾ ਸੀ।
”ਉਹੀ ਸਮਾਂ ਜਦੋਂ ਤੂੰ ਨਿੱਕੀ ਜਿਹੀ ਹੁੰਦੀ ਸੀ ਹਰਾਮਦੀਏ….
‘ਮੈਨੂੰ ਕੁਛ ਯਾਦ ਨੀ ਤੁਸੀਂ ਕਿਹੜੇ ਸਮੇਂ ਦੀਆਂ ਗੱਲਾਂ ਕਰਦੇ ਆਂ?
ਐਨਾ ਸੁਣ ਕੇ ਸਾਹਮਣੇ ਖੜਾ ਬੰਦਾ ਇੱਕੋ ਸਾਹ ਭੱਜ ਕੇ ਸਾਰਿਕਾ ਦੇ ਕੋਲ ਆ ਗਿਆ ਤੇ ਉਸਨੇ ਸਾਰਿਕਾ ਨੂੰ ਜਬਰਦਸਤੀ ਬਾਹਾਂ ਵਿੱਚ ਭਰ ਲਿਆ।
‘ਤੈਨੂੰ ਯਾਦ ਨੀ ਕੁੱਤੀਏ ਜਦੋਂ ਮੈਂ ਤੈਨੂੰ ਚੌਕਲੇਟ ਦੇ ਕੇ ਚੁੰਮਣਾ ਚਾਹਿਆ ਸੀ ਤੂੰ ਕਿੱਦਾਂ ਭੱਜ ਗਈ ਸੀ ਹੁਣ ਭੱਜ ਕੇ ਦਿਖਾ।
ਇਹ ਗੱਲ ਸੁਣ ਕੇ ਸਾਰਿਕਾ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਉਸ ਬੰਦੇ ਨੇ ਉਸਨੂੰ ਮਿੰਟਾਂ-ਸਕਿੰਟਾਂ ਵਿੱਚ ਨਿਰਵਸਤਰ ਕਰ ਦਿੱਤਾ।
”ਭੱਜਦੀ ਨੀ ਭੱਜ ਹੁਣ ਕਿੱਥੇ ਭੱਜਣਾ ਮੈਂ ਐਨੇ ਸਾਲ ਉਡੀਕਿਆ ਹੁਣ ਫਸੀ ਤੂੰ ਚਿੜੀਏ।
ਸਾਰਿਕਾ ਨੇ ਕੋਈ ਵਿਰੋਧ ਨਾ ਕੀਤਾ ਸਾਰੀ ਰਾਤ ਉਸਦੇ ਪਰ ਕਤਰ ਹੁੰਦੇ ਰਹੇ।

ਰੱਬ ਰਾਖਾ

‘ਦਮਿਅੰਤੀ….
”ਹੂੰ ਕੀ ਕਹਿੰਦੀ ਯੋਗਿਤਾ?
‘ਰਾਤ ਤੂੰ ਚੀਕਾਂ ਸੁਣੀਆਂ ਸੀ?
”ਤੇ ਹੋਰ ਨਹੀਂ ਸੁਣੀਆਂ ਉਹ ਤਾਂ ਦੂਰ-ਦੂਰ ਤੱਕ ਲੋਕਾਂ ਨੇ ਵੀ ਸੁਣੀਆਂ ਹੋਓੂ ਆਪਾਂ ਤਾਂ ਐਥੇ ਈ ਕੋਲ ਸੀ।
‘ਯਾਰ ਵੈਸੇ ਕਾਫੀ ਛੋਟੀ ਆ ਉਹ ਕੁੜੀ ਹਜੇ।
”ਛੋਟੀ ਸੀ ਹੁਣ ਤਾਂ ਵੱਡੀ ਹੋ ਗਈ ਨਾ?
‘ਉਹ ਕਿੱਦਾਂ?
”ਜੋ ਰਾਤ ਉਸਦੇ ਨਾਲ ਹੋਇਆ ਹੁਣ ਉਹ ਕਿੱਥੇ ਛੋਟੀ ਰਹਿ ਗਈ?
‘ਇਹ ਤਾਂ ਹੈ ਪਰ ਮੈਨੂੰ ਬਹੁਤ ਦੁੱਖ ਹੋਇਆ।
”ਦੁੱਖ ਤਾਂ ਮੈਨੂੰ ਵੀ ਹੋਇਆ ਪਰ ਕੀ ਕਰ ਸਕਦੀਆਂ ਆਪਾਂ?
‘ਤੈਨੂੰ ਪਤਾ ਉਸਨੂੰ ਸਾਰੀ ਰਾਤ ਨੀਂ ਸੌਣ ਦਿੱਤਾ।
”ਸਾਡੇ ਧੰਦੇ ਵਿੱਚ ਸੌਣ ਦਾ ਕੀ ਕੰਮ ਭਲਾ?
‘ਯਾਰ ਤੈਨੂੰ ਤਰਸ ਨੀ ਆਉਂਦਾ?
”ਆਇਆ ਸੀ ਰਾਤੀ ਜਦੋਂ ਉਹ ਲੰਗੜੀ ਲੱਤੇ ਬਾਥਰੂਮ ਵਿੱਚ ਗਈ ਸੀ ਉਹਨੂੰ ਮੈਂ ਚੋਰੀ ਦੇਣਾ ਦਰਦ ਦੀ ਗੋਲੀ ਖਿਲਾਤੀ ਸੀ।
‘ਇਹ ਤਾਂ ਤੂੰ ਬਹੁਤ ਚੰਗਾ ਕੀਤਾ।
”ਹੁਣ ਠੀਕ ਆ ਉਹ?
‘ਆਹੋ ਠੀਕ ਈ ਆ ਉਹਨੂੰ ਸਾੜੀ ਬੰਨਣੀ ਸਿਖਾਉਂਦੀਆਂ ਸੀ ਕੁੜੀਆਂ।
”ਚਲੋ ਦੇਖੋ ਅੱਗੇ ਕੀ ਹੁੰਦਾ ਉਸਦੇ ਨਾਲ।
‘ਹਾਂ ਦੇਖਣ ਤੋਂ ਇਲਾਵਾ ਕਰ ਵੀ ਕੀ ਸਕਦੇ ਆਂ?
”ਸਹੀ ਗੱਲ ਆ।
‘ਇੱਕ ਗੱਲ ਹੋਰ ਸੁਣੀ ਮੈਂ ਕਹਿੰਦੇ ਇੱਕ ਸ਼ਾਹੂਕਾਰ ਉਹਨੂੰ ਹਫਤੇ ਲਈ ਲੈ ਕੇ ਜਾਊ।
”ਫਿਰ ਨੀ ਬਚਦੀ ਉਹ ਲਿਖਾ ਕੇ ਲੈ ਲਾ….
‘ਕਹਿ ਨੀ ਸਕਦੇ ‘ਰੱਬ-ਰਾਖਾ’ ਹੁਣ ਤਾਂ ਉਸਦਾ।
”ਹਾ-ਹਾ-ਹਾ ਜ਼ਰੂਰ।

ਕੁਮਲਾਈਆਂ

ਬਜ਼ਾਰ ਵਿੱਚ ਘੁੰਮਦੀਆਂ-ਫਿਰਦੀਆਂ ਦੀ ਉਨਾਂ ਵਿੱਚੋਂ ਰੇਸ਼ਮਾ ਦੀ ਨਜ਼ਰ ਅਚਾਨਕ ਇੱਕ ਨਵੇਂ ਵਿਆਹੇ ਜੋੜੇ ਤੇ ਪਈ ਤਾਂ ਉਸਨੇ ਫਟਾ-ਫਟ ਜਯਾ ਦਾ ਧਿਆਨ ਵੀ ਉੁਧਰ ਕਰਵਾਇਆ।
‘ਜਯਾ ਉਹ ਦੇਖ ਕੌਣ?
”ਕਿਧਰ ਦੇਖਾਂ ਐਨਾਂ ਰੱਸ਼ ਆ ਕੌਣ ਆ?
‘ਉਹ ਦੇਖ ਨਾ ਤੂੰ ਉਹ ਕਾਲੀ ਕਮੀਜ਼ ਵਾਲਾ ਨਿਖਲ ਆ ਨਾ ਆਪਣੀ ਘਰਵਾਲੀ ਨਾਲ ਸਬਜ਼ੀ ਖਰੀਦ ਰਿਹਾ ਨਹੀਂ ਨਹੀਂ ਉਦਾਂ ਈ ਤੁਰਿਓ ਆ ਦੋਵੇਂ ਪਤਾ ਆ ਨਾ ਨਿਖਲ ਜਿਹੜਾ ਤੇਰੇ ਕੋਲ ਬਹੁਤ ਆਉਂਦਾ ਸੀ।
”ਆਹੋ-ਆਹੋ ਯਾਦ ਆਇਆ ਰੇਸ਼ਮਾ ਇਹਦਾ ਵਿਆਹ ਹੋਣ ਤੋਂ ਬਾਅਦ ਇਹ ਮੁੜਕੇ ਕਦੇ ਆਇਆ ਨੀਂ।
‘ਪਾਗਲ ਈ ਆ ਤੂੰ ਵੀ ਦੱਸ ਉਹ ਭਲਾ ਵਿਆਹ ਤੋਂ ਬਾਅਦ ਤੇਰੇ ਕੋਲ ਕਿਉਂ ਆਊ?
”ਤੇ ਤੂੰ ਫਿਰ ਇਹ ਦੱਸ ਵੀ ਜਿਹੜੇ ਐਨੀ ਹੇੜ ਆਉਂਦੀ ਆ ਉਹ ਕਿਤੇ ਕੁਆਰਿਆਂ ਦੀ ਆਉਂਦੀ ਆ।
‘ਉਹ ਨਹੀਂ ਯਾਰ ਐਸੀ ਗੱਲ ਨੀ ਓਦੋਂ ਦਰਾਸਲ ਫਿਰ ਇਹ ਆਪਣੀਆਂ ਘਰਵਾਲੀਆਂ ਨਾਲ ਰੁੱਝ ਜਾਂਦੇ ਆ ਫਿਰ ਇਹਨਾਂ ਨੂੰ ਸਾਡੀ ਯਾਦ ਨੀ ਆਉਂਦੀ।
”ਆਹੋ ਉਹ ਖੁਸ਼ਬੁਆ ਛੱਡਦੀਆਂ ਹੁੰਦੀਆਂ ਤਾਂ ਕਰਕੇ।
‘ਹਾ-ਹਾ-ਹਾ ਉਹ ਤਾਂ ਨਵੇਂ ਗੁਲਾਬ ਵਾਂਗੂ ਟਹਿਕਦੀਆਂ।
”ਤੇ ਆਪਾ?
‘ਆਪਾ ਕੀ ਕੁਛ ਵੀ ਨੀ।
”ਨਹੀਂ ਨਹੀਂ ਆਪਾਂ ਵੀ ਟਹਿਕਦੀਆਂ ਹੀ ਸੀ ਕਦੇ?
‘ਸੀ ਜ਼ਰੂਰ ਪਰ ਹੁਣ ਤਾਂ ਆਪਾਂ ਕੁਮਲਾਈਆਂ ਈ ਆ ਨਾ?
”ਸਹੀ ਗੱਲ ਆ ਤੇਰੀ ਚੱਲ ਹੁਣ ਮੁੜ ਚਲੀਏ।

ਬੇਸ਼ਰਮੀ

‘ਯਾਰ ਸ਼ਾਰਧਾ।
”ਹੂੰ ਸ਼ਾਂਤੀ ਕੀ ਗੱਲ?
‘ਯਾਰ ਖਾਲਾ ਸਾਨੂੰ ਐਦਾਂ ਬਾਹਰ ਨਾ ਭੇਜਿਆ ਕਰੇ ਤਾਂ ਕਿਤੇ ਜਿਹਨੇ ਆਉਣਾ ਐਥੇ ਕੋਠੇ ਤੇ ਆ ਜਾਇਆ ਕਰੇ।
”ਫਿਰ ਤੂੰ ਖਾਲਾ ਨੂੰ ਕਹਿ ਨਾ ਜਾ ਕੇ ਐਥੇ ਮੇਰੇ ਕੋਲ ਕੀ ਸੰਘ ਪਾੜਨ ਲੱਗੀਊਂ ਆਂ।
‘ਯਾਰ ਉਹਨੇ ਕਿਤੇ ਸੁਣਨੀ ਆ।
”ਪਹਿਲਾਂ ਤੂੰ ਇਹ ਦੱਸ ਹੋਇਆ ਕੀ?
‘ਯਾਰ ਕੁਛ ਨੀ ਹਾਲ ਤੂੰ ਪੁੱਛ ਨਾ ਬੱਸ ਖਾਲਾ ਨੇ ਜਿੱਥੇ ਮੈਨੂੰ ਭੇਜਿਆ ਸੀ ਉੱਥੇ ਪਤਾ ਕੀ ਸੀ?
”ਕੀ ਹੋਇਆ ਭੂਤ ਸੀ ਕੋਈ?
‘ਤੈਨੂੰ ਮਜ਼ਾਕ ਸੁੱਝਦਾ ਆ, ਜਦੋਂ ਮੈਂ ਗਈ ਤਾਂ ਮੂਹਰੇ ਤਿੰਨ ਸਕੂਲ ਦੇ ਮੁੰਡੇ ਸੀ ਉਹਨਾਂ ਦੇ ਤਾਂ ਮੂੰਹ ਤੇ ਦਾੜੀ ਵੀ ਨਹੀਂ ਸੀ ਆਈਉ ਉਨੀ ਰਲ ਕੇ ਪੈਸੇ ਪਾ ਕੇ ਮੈਨੂੰ ਮੰਗਾਇਆ ਸੀ….
‘ਅੱਛਾ ਯਾਰ ਇਹ ਤਾਂ ਥੋੜੀ ਅਜੀਬ ਗੱਲ ਹੋਈ।
”ਥੋੜੀ ਨੀ ਬਹੁਤ ਅਜੀਬ ਗੱਲ ਹੋਈ ਉਹਨਾਂ ਨੂੰ ਕੁਛ ਪਤਾ ਨੀ ਸੀ ਹਲਕਿਆਂ ਵਾਂਗ ਮੇਰੇ ਦਵਾਲੇ ਹੋ ਗਏ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਆਪਣੇ ਤੇ ਐਨੀ ਘਿਣ ਆਈ ਤੂੰ ਸੋਚ ਨੀ ਸਕਦੀ ਉਹਨਾਂ ਵਿਚਾਰਿਆਂ ਦੀ ਪੜਨ ਦੀ ਉਮਰ ਆ ਖਾਲਾ ਨੂੰ ਚਾਹੀਦਾ ਸੀ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਦਿੰਦੀ।
‘ਤੇ ਤੂੰ ਕਿਉਂ ਨੀ ਦਿੱਤਾ ਜਵਾਬ?
”ਮੈਂ ਦਿੰਦੀ ਤਾਂ ਮੇਰੀਆਂ ਲੱਤਾਂ ਭੰਨਣੀਆਂ ਸੀ ਖਾਲਾ ਨੇ।
‘ਬੜੀ ਬੇਸ਼ਰਮੀ ਵਾਲੀ ਗੱਲ ਆ ਵੈਸੇ ਤਾਂ ਖਾਲਾ ਲਈ।
”ਬਹੁਤ ਜ਼ਿਆਦਾ ਥੋੜੀ ਨੀ। ਬਸ ਪੈਸਿਆਂ ਦੀ ਭੁੱਖੀ ਆ।

ਨਰਕ

‘ਰਾਮਤੀ ਉਹ ਕੁੜੀ ਨੀ ਮੁੜ ਕੇ ਦੇਖੀ ਕਿਧਰ ਹੁੰਦੀ ਅੱਜ ਕੱਲ?
”ਕਿਹੜੀ ਕੁੜੀ ਮਨੋਰਮਾ?
‘ਉਹੀ ਜਿਹੜੀ ਪਿਛਲੇ ਸਾਲ ਆਈ ਸੀ ਮਸੀਂ 15 ਕੁ ਸਾਲਾਂ ਦੀ ਸੀ ਹਫਤਾ ਇੱਕ ਉਸਦੇ ਚੀਕ-ਚਿਹਾੜੇ ਨੇ ਸਾਰਾ ਕੋਠਾ ਸਿਰ ਤੇ ਚੁੱਕਿਆ ਸੀ
”ਉਹ ਅੱਛਾ ਤੂੰ ਦੀਪਾਲੀ ਦੀ ਗੱਲ ਕਰਦੀ ਆਂ?
”ਉਹ ਤਾਂ ਕਾਫੀ ਸਮਾਂ ਬਿਮਾਰ ਰਹੀ ਆ ਹਜੇ ਵੀ ਅਰਾਮ ਈ ਕਰਦੀ ਆ।
”ਕਿਉਂ ਕਿ ਹੋਇਆ ਉਸਨੂੰ?
‘ਹੋਇਆ ਉਹੀ ਜੋ ਸਾਡੇ ਨਾਲ ਵੀ ਹੋਇਆ ਸੀ?
”ਕੀ ਮਤਲਬ ਮੈਂ ਸਮਝੀ ਨੀ?
”ਯਾਰ ਉਹਦੇ ਬੱਚਾ ਠਹਿਰ ਗਿਆ ਸੀ।
”ਹਾਏ ਮੈਂ ਮਰ ਜਾਂ ਫਿਰ? ਨਾਲੇ ਕਿਹਦਾ?
‘ਉਹਦਾ ਈ ਉਹ ਜਿਹੜਾ ਹਰਾਮਦਾ ਆਉਂਦਾ ਹੁੰਦਾ ਕਾਲੀ ਜਿਹੀ ਬੂਥੀ ਆਲਾ ਜਵਾਲਾ ਦਾਸ….
”ਉਹ ਬੁੱਢੜ ਹਜੇ ਰੱਜਿਆ ਨੀ ਇਹਨਾਂ ਕੰਮਾਂ ਵਿੱਚੋਂ ਅੰਨਾ ਪੈਸਾ ਆ ਢਿੱਡਲ ਕੋਲ ਤਾਹੀਂ ਆਹ ਕਰਤੂਤਾਂ ਤੇ ਆਉਂਦਾ ਉਹ।
‘ਨਹੀਂ ਯਾਰ ਅਸਲ ਵਿੱਚ ਖਾਲਾ ਨੇ ਉਸਨੂੰ ਸਿਰ ਚੜਾਇਆ ਆ ਹਰ ਛੋਟੀ ਕੁੜੀ ਉਹਦੇ ਮੂਹਰੇ ਸੁੱਟ ਦਿੰਦੀ ਆ।
”ਅੱਛਾ ਤੇ ਉਹ ਕੁੜੀ ਫਿਰ ਬੱਚਾ ਗਿਰਾਉਣ ਕਰਕੇ ਈ ਬਿਮਾਰ ਹੈ ਨਾ?
”ਹੋਰ ਕੀ ਅੜੀਏ ਉਹ ਤਾਂ ਮਰਨੋਂ ਬਚੀ ਆ।
”ਚੱਲ ਕਾਲੀ ਬੂਥੀ ਵਾਲੇ ਤੋਂ ਤਾਂ ਬਚ ਗਈ ਨਾ?
‘ਲੈ ਬਚੀ ਕਿੱਥੇ ਆ ਅਗਲਾ ਉਡੀਕਦਾ ਆ ਵੀ ਕਦੋਂ ਠੀਕ ਹੋਵੇ
”ਫਿਰ ਤਾਂ ਬੇਚਾਰੀ ਮਰ ਜਾਵੇ ਤਾਂ ਵਧੀਆ ਜੀਅ ਕੇ ਵੀ ਨਰਕ ਈ ਝੱਲਣਾ।
‘ਇਹ ਤਾਂ ਹੈ ਅੜੀਏ।
”ਊਂ ਬੱਚੇ ਵਾਲੀ ਗੱਲ ਸੱਚ ਆ ਮੈਨੂੰ ਤਾਂ ਨੀ ਲੱਗਦਾ?
‘ਆਹੋ ਸਾਵਧਾਨੀ ਤਾਂ ਵਰਤੀ ਹੋਊਗੀ ਮਤਲਬ ਇਹ ਆ ਵੀ ਕੁੜੀ ਉਦਾਂ ਬਹੁਤ ਸਤਾਈ ਉਸ ਹਰਾਮੀ ਨੇ।
”ਸੱਚੀ ਅੜੀਏ ਨਰਕ ਈ ਆ ਹੁਣ ਤਾਂ ਉਸਦੀ ਜ਼ਿੰਦਗੀ।

ਭੁੱਖ

ਸੂਰਜ ਦੀ ਪਹਿਲੀ ਕਿਰਣ ਦੇ ਨਾਲ ਹੀ ਸ਼ਬਨਮ ਦੀ ਅੱਖ ਖੁੱਲੀ ਤੇ ਉਹ ਪਲੰਘ ਤੋਂ ਉਠ ਕੇ ਨਹਾਉਣ ਧੋਣ ਲਈ ਚਲੀ ਗਈ ਪਰ ਸਾਰੇ ਬਾਥਰੂਮਾਂ ਮੂਹਰੇ ਕੁੜੀਆਂ ਦੀਆਂ ਕਤਾਰਾਂ ਲੱਗੀਆਂ ਦੇਖਕੇ ਸ਼ਬਨਮ ਨੂੰ ਥੋੜਾ ਗੁੱਸਾ ਵੀ ਆਇਆ ਪਰ ਉਹ ਮਨ ਮਾਰ ਕੇ ਮੁੜ ਆਪਣੇ ਪਲੰਘ ਤੇ ਆ ਕੇ ਨਿਢਾਲ ਹੋ ਕੇ ਪੈ ਗਈ। ਅਮੀਰਜ਼ਾਦਾ ਹਜੇ ਤੱਕ ਵੀ ਉਵੇਂ ਦਾ ਉਵੇਂ ਹੀ ਪਲੰਘ ਤੇ ਲੇਟਿਆ ਹੋਇਆ ਸੀ ਉਸਦੇ ਲੰਮੇ-ਲੰਮੇ ਘੁਰਾੜੇ ਸੁਣ ਕੇ ਇੱਕ ਵਾਰ ਫਿਰ ਤੋਂ ਸ਼ਬਨਮ ਨੂੰ ਗੁੱਸਾ ਆਇਆ ਪਰ ਇਸ ਵਾਰ ਵੀ ਉਸਨੂੰ ਮਨ ਮਾਰਨਾ ਹੀ ਪਿਆ ਸਗੋਂ ਗੁੱਸੇ ਦੀ ਜਗਾਹ ਉਸਨੇ ਬਨਾਵਟੀ ਪਿਆਰ ਜਿਤਾਇਆ।
‘ਜਨਾਬ ਉਠੋ ਵੀ ਕੀ ਗੱਲ ਆਪਣੇ ਘਰ ਨੀ ਜਾਣਾ?
”ਹੂੰ ਕੀ ਆ?
‘ਕੁਛ ਨੀ ਮੈਂ ਕਿਹਾ ਦਿਨ ਚੜ ਆਇਆ ਉਠੋ ਹੁਣ।
”ਤੂੰ ਕੀ ਕਰਾਉਣਾ ਉਠਾ ਕੇ….?
‘ਨਾ ਕਰਾਉਣਾ ਤਾਂ ਕੁਛ ਨੀ ਮੇਰੇ ਵੱਲੋਂ ਸਾਰਾ ਦਿਨ ਪਏ ਰਹੋ।
”ਫਿਰ ਜਗਾਇਆ ਕਿਉਂ ਤੂੰ ਸਾਲੀਏ?
‘ਅੱਛਾ ਮੈਂ ਜਗਾਇਆ ਤਾਂ ਗੁੱਸਾ ਲੱਗਾ ਤੇ ਜਿਹੜਾ ਆਪ ਸਾਰੀ ਰਾਤ ਮੈਨੂੰ ਜਗਾਇਆ ਉਹੋ?
”ਉਹਦਾ ਬਕਾਇਦਾ ਤੈਨੂੰ ਮੁੱਲ ਦਿੱਤਾ ਹੋਇਆ….
‘ਤੇ ਬਦਲੇ ਵਿੱਚ ਮੈਂ ਕੁਛ ਨੀ ਦਿੱਤਾ ਹਨਾ?
”ਉਹ ਮਾਮੂਲੀ ਗੱਲ ਆ।
”ਅੱਛਾ ਜੇ ਮਾਮੂਲੀ ਗੱਲ ਆ ਤਾਂ ਫਿਰ ਐਧਰ ਕਿਉਂ ਆਉਂਦੇ ਹੁੰਦੇ ਵਾਰ-ਵਾਰ?
‘ਉਹ ਤਾਂ ਸਰੀਰਕ ਭੁੱਖ ਲੈ ਆਉਂਦੀ ਆ ਜਿੱਦਾਂ ਤੈਨੂੰ ਰੋਟੀ ਦੀ ਭੁੱਖ ਲੈ ਆਈ ਐਥੇ।
ਅੱਗੋਂ ਸ਼ਬਨਮ ਨੂੰ ਕੋਈ ਗੱਲ ਨੀ ਅਹੁੜੀ ਉਹ ਛੱਤ ਵੱਲ ਦੇਖਣ ਲੱਗ ਪਈ।

ਔਕਾਤ

‘ਉੱਠੋ ਵੀ ਹੁਣ।
”ਹੂੰ….
‘ਕੀ ਹੂੰ? ਹੁਣ ਸੁੱਤੇ ਈ ਰਹਿਣ ਦੀ ਸਲਾਹ ਆ ਉਠਣਾ ਨੀ?
”ਦਿਨ ਦੇਖੋ ਕਿੱਡਾ ਚੜਿਆ ਆ।
”ਹੂੰ ਉੱਠ ਗਿਆ ਤੂੰ ਕਦੋਂ ਉੱਠੀ?
‘ਮੈਂ ਤਾਂ ਪਹਿਲੋਂ ਦੀ ਬਹੁਤ ਪਹਿਲੋਂ ਦੀ ਉਠੀ ਆਂ ਨਹਾ ਵੀ ਲਿਆ।
”ਐਡੀ ਕਾਹਲ਼ੀ ਸੀ ਨਹਾਉਣ ਦੀ?
‘ਹੋਰ ਕੀ ਮੈਂ ਤੁਹਾਨੂੰ ਕੁਛ ਦੱਸਣਾ ਵੀ ਸੀ।
”ਕੀ ਦੱਸਣਾ ਸੀ?
‘ਮੈਂ ਨੀ ਓ
‘ਕੀ ਮੈਂ ਨੀ ਦੱਸ ਵੀ।
”ਮੈਨੂੰ ਨੀ ਪਤਾ ਮੈਂ ਨੀ ਦੱਸਣਾ ਆਪਣਾ ਹੱਥ ਫੜਾਓ।
‘ਲੈ ਫੜ ਹੱਥ ਵਿੱਚ ਕੀ ਦੇਖਣਾ।
”ਆਹ ਮੇਰੇ ਢਿੱਡ ਨੂੰ ਲਾਓ।
‘ਅੱਛਾ ਲੈ ਲਾ ਤਾ ਹੁਣ?
”ਹੁਣ ਕੀ ਸਮਝੇ ਨੀ ਮੈਂ ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀ ਆ।
‘ਚੁੱਪ ਕਰ ਕੁੱਤੀਏ ਕੀ ਬਕਵਾਸ ਆ?
”ਬਕਵਾਸ ਨੀ ਸੱਚ ਕਹਿੰਦੀ ਆਂ।
‘ਕੋਈ ਸੱਚ ਸੁੱਚ ਨੀ ਪਤਾ ਨੀ ਕਿਹਦਾ ਗੰਦ ਆ ਐਨੇ ਆਉਂਦੇ ਆ ਤੇਰੇ ਕੋਲ।
”ਰੱਬ ਦਾ ਵਾਸਤਾ ਐਦਾ ਨਾ ਕਹੋ।
‘ਤੂੰ ਮੂੰਹ ਬੰਦ ਕਰ ਕਿਸੇ ਹੋਰ ਕੁੜੀ ਤੋਂ ਲੈ ਕੇ ਗੋਲੀ ਖਾ ਕੇ ਪਰੇ ਮਾਰ ਇਹਨੂੰ।
”ਨਹੀਂ ਮੈਂ ਐਦਾਂ ਨੀ ਕਰ ਸਕਦੀ ਇਹ ਤੁਹਾਡਾ ਆ।
‘ਤੂੰ ਗੰਦੀਏ ਆਪਣੀ ਔਕਾਤ ਵਿੱਚ ਰਹਿ ਸੁਣ ਗਿਆ ਨਾ।
”ਬੱਸ ਚੁੱਪ ਕਰ ਜਾਓ ਹੁਣ ਮੈਂ ਇਹ ਗੱਲ ਕੋਲੋ ਹੀ ਕਹੀ ਸੀ ਤੇ ਮੈਨੂੰ ਤੁਹਾਡੀ ਔਕਾਤ ਵੀ ਪਤਾ ਲੱਗ ਗਈ ਜੋ ਇੱਕ ਮਿੰਟ ਵਿੱਚ ਮੈਨੂੰੂ ਔਕਾਤ ਦੱਸਣ ਲੱਗ ਪਏ।
ਹੁਣ ਚੁੱਪ ਚਾਰ-ਚੁਫੇਰੇ ਫੈਲ ਗਈ ਸੀ।

ਲਵਾਰਿਸ

‘ਉਹ ਅੱਛਾ ਟਰੱਕ ਡਰਾਇਵਰ ਹੋ ਤੁਸੀਂ ਹਨਾ?
”ਤੇ ਉਹ ਤਾਂ ਮੈਂ ਤੈਨੂੰ ਰਾਤੀ ਆਉਂਦੇ ਨੀ ਹੀ ਦੱਸ ਦਿੱਤਾ ਸੀ।
‘ਪਤਾ ਨੀ ਮੇਰੇ ਤਾਂ ਚਿੱਤ ਚੇਤੇ ਨੀ।
”ਕਿਉਂ ਐਨੀਂ ਛੇਤੀ ਚੇਤਾ ਖਰਾਬ ਹੋ ਗਿਆ ਤੇਰਾ ਹਜੇ ਤਾਂ ਤੇਰੀ ਉਮਰ ਬੜੀ ਘੱਟ ਲੱਗਦੀ ਆ ਦੇਖਣ ਨੂੰ।
‘ਹਾਂ ਉਮਰ ਤਾਂ ਘੱਟ ਹੀ ਹੈ ਮਸੀਂ ਬਾਈ ਸਾਲ।
”ਹੈਰਾਨੀ ਦੀ ਗੱਲ ਆ ਫਿਰ ਤਾਂ ਓੂਂ ਮੈਂ ਦੇਖਿਆ ਤੂੰ ਡੀਕ ਲਾ ਕੇ ਸ਼ਰਾਬ ਪੀ ਲਈ ਰਾਤ ਤੈਨੂੰ ਕੌੜੀ ਨੀ ਲੱਗੀ?
‘ਹਾ-ਹਾ ਕੁੜਤਣ ਤੋਂ ਕੌੜੀ ਤਾਂ ਨੀ ਹੁੰਦੀ ਸ਼ਰਾਬ?
”ਅੱਛਾ ਕੁੜਤਣ ਤੇ ਕੌੜੀ ਵਿੱਚ ਵੀ ਫਰਕ ਹੁੰਦੈ?
‘ਤੇ ਹੋਰ ਨਹੀਂ ਪਰ ਜੇ ਸਮਝੋ ਤਾਂ।
”ਮੇਰੇ ਕੋਲ ਸਮਝਣ ਦਾ ਤਾਂ ਟਾਇਮ ਹੈ ਨਹੀਂ ਮੈਂ ਹੁਣ ਜਾਣਾ ਆ ਮੇਰਾ ਬੰਬੇ ਦਾ ਚੱਕਰ ਆ।
‘ਠੀਕ ਹੈ ਮੈਂ ਕਦੋਂ ਰੋਕਿਆ?
”ਮੇਰੇ ਕੋਲੋਂ ਰੁਕ ਵੀ ਨੀਂ ਹੁਣਾ ਅੱਗੇ ਮਾਲਕ ਉਡੀਕਦੇ ਆ।
‘ਪਿੱਛੇ ਨੀ ਉਡੀਕਦਾ ਕੋਈ?
”ਐਦਾਂ ਕਿਉਂ ਕਹਿੰਦੀ ਆਂ ਪਿੱਛੇ ਘਰਵਾਲੀ ਉਡੀਕਦੀ ਆ ਬੱਚੇ ਉਡੀਕਦੇ ਆ ਪਰਿਵਾਰ ਉਡੀਕਦਾ ਆ।
‘ਠੀਕ ਹੈ
”ਅੱਛਾ ਇੱਕ ਗੱਲ ਦੱਸੀਂ ਕੀ ਨਾਮ ਸੀ ਤੇਰਾ?
‘ਸੁਮਨਦੀਪ….ਰਾਤੀਂ ਦੱਸਿਆ ਤਾਂ ਸੀ ਹਾ-ਹਾ-ਹਾ
”ਹੱਸ ਨਾ ਸ਼ਕਲ ਦੇਖ ਆਪਣੀ ਸ਼ੀਸ਼ੇ ਵਿੱਚ ਤੂੰ ਤਾਂ ਹੁਣ ਵੀ ਇੱਕ ਤਰਾਂ ਮਰੀ ਪਈ ਆਂ ਕੀ ਵਜਾਹ ਆ?
‘ਵਜਾਹ ਤਾਂ ਸਾਫ ਆ ਬੱਸ ਤੁਸੀਂ ਐਂ ਸਮਝ ਲਓ ਵੀ ਤੁਹਾਡੇ ਟਰੱਕ ਵਾਂਗੂੰ ਮੇਰੀ ਵੀ ਚਲਾਈ ਬਹੁਤ ਆ ਹਾ-ਹਾ-ਹਾ।
‘ਮਤਲਬ ਤੇਰਾ ਇੰਜਣ ਜਾਮ ਹੋਣ ਵਾਲਾ ਹਾ-ਹਾ-ਹਾ….
”ਨਹੀਂ ਨਹੀਂ ਹਜੇ ਤਾਂ ਪੁਰਜੇ ਈ ਘਸੇ ਆ ਬੱਸ।
”ਹਾ-ਹਾ ਲੱਗਦਾ ਤੂੰ ਨੀ ਬਾਰੇ ਆਉਣ ਦੇਣਾ ਚੰਗਾ ਫਿਰ ਮਿਲਦੇ ਆਂ ਜੇ ਸੂਤ ਲੱਗਾ।
”ਕੋਈ ਨੀ ਜ਼ਰੂਰ ਮੈਂ ਐਥੇ ਈ ਹੁਣਾ ਕਿਉਂਕਿ ਮੈਨੂੰ ਅੱਗੇ-ਪਿੱਛੇ ਕੋਈ ਉਡੀਕਣ ਵਾਲਾ ਨਹੀਂ ਮੈਂ ਤਾਂ ਸਮਝੋ ਲਵਾਰਿਸ ਹਾਂ।

ਪਿਸਤੌਲ
ਰਾਤ ਇੱਕ ਪੁਲਿਸ ਵਾਲਾ ਆਇਆ ਸੀ ਸੁਰਜੀਤ ਕੋਲ। ਪਹਿਲਾਂ ਤਾਂ ਉਸਨੂੰ ਦੇਖਦੇ ਸਾਰ ਸੁਰਜੀਤ ਨੇ ਮਨ ਹੀ ਮਨ ਸੋਚਿਆ। ‘ਪੱਕਾ ਇਸਨੂੰ ਪਹਿਲਾਂ ਵੀ ਕਿਤੇ ਦੇਖਿਆ ਹੈ ਸ਼ਾਇਦ ਇੱਥੇ ਹੀ ਕੋਠੇ ਤੇ ਕਿਸੇ ਹੋਰ ਕੁੜੀ ਵੱਲ ਜਾਂ ਫਿਰ ਬਾਹਰ ਕਿਤੇ ਸ਼ਹਿਰ-ਬਜ਼ਾਰ ਵਿੱਚ ਫਿਰ ਸੁਰਜੀਤ ਖਿਆਲਾਂ ਵਿੱਚੋਂ ਨਿਕਲੀ ਤੇ ਆਪਣਾ ਆਪ ਸਹਿਜ ਕਰ ਲਿਆ। ਦਿਨ ਚੜਦੇ ਹੀ ਉਹ ਪੁਲਿਸਵਾਲਾ ਜਾਣ ਲਈ ਤਿਆਰ ਹੀ ਬੈਠਾ ਸੀ ਕਿ ਸੁਰਜੀਤ ਨੇ ਗੱਲ ਤੋਰੀ। ਇੱਕ ਗੱਲ ਪੁੱਛਾਂ ਜਨਾਬ?
”ਉਹ ਅਸੀਂ ਕਾਹਦੇ ਜਨਾਬ ਆਂ ਸਰਕਾਰ ਦੇ ਨੌਕਰ ਆਂ ਫਿਰ ਵੀ ਪੁੱਛ ਕੀ ਪੁੱਛਣਾ? ‘ਇਹ ਤੁਹਾਡੀ ਨਜ਼ਰ ਸਭ ਤੇ ਰਹਿੰਦੀ ਆ ਤੁਹਾਡੇ ਤੇ ਵੀ ਤਾਂ ਕਿਸੇ ਦੀ ਰਹਿੰਦੀ ਹੋਊਗੀ ਕਿਉਂ ਹੈ ਜਾਂ ਨਹੀਂ?
”ਬਿਲਕੁਲ ਹੈ ਘਰਵਾਲੀ ਪੂਰੀ ਨਜ਼ਰ ਰੱਖਦੀ ਆ।
‘ਫਿਰ ਇੱਥੇ ਕਿੱਦਾਂ ਆ ਗਏ।
”ਉਹਨੂੰ ਸਕੀਮ ਪਾਈ ਏ ਕਿਹਾ ਸੀ ਕਿ ਰਾਤ ਪੁਲਿਸ ਸਟੇਸ਼ਨ ਵਿੱਚ ਹੀ ਕੰਮ ਹੈ ‘ਠੀਕ ਹੈ ਠੀਕ ਹੈ ਉਦਾਂ ਕਈ ਵਾਰ ਤੁਹਾਡੇ ਕੋਲੋਂ ਥੋੜਾ ਡਰ ਜਿਹਾ ਆਉਂਦਾ ਆ।
”ਕਿਉਂ ਡਰ ਕਿਸ ਗੱਲ ਦਾ?
‘ਵੈਸੇ ਈ ਜਿੱਦਾਂ ਕਈ ਵਾਰੀ ਰੇਡ ਪੈਂਦੀ ਆ ਉਦੋਂ।
”ਹਾ-ਹਾ-ਹਾ ਉਹਦਾ ਕੋਈ ਡਰ ਨਾ ਰੱਖੋ ਖਾਲਾ ਨਾਲ ਸਾਡੀ ਪਹਿਲਾਂ ਈ ਗੱਲ ਹੋਈ ਹੁੰਦੀ ਹੈ ਫਿਰ ਵੀ ਜੇ ਕਿਸੇ ਕੁੜੀ ਨੂੰ ਹਿਰਾਸਤ ਵਿੱਚ ਲੈਣਾ ਵੀ ਪਵੇ ਤਾਂ ਬਾਅਦ ਵਿੱਚ ਖਾਲਾ ਇੱਕੋ ਫੋਨ ਨਾਲ ਛੁਡਵਾ ਲੈਂਦੀ ਹੈ।
‘ਪਰ ਮੈਂ ਸੁਣਿਆ ਕਿਸੇ-ਕਿਸੇ ਨੂੰ ਨਹੀਂ ਛੁਡਵਾਉਂਦੀ।
”ਹਾਂ ਉਹ ਤਾਂ ਫਿਰ ਜਿਹੜੀਆਂ ਉਸਦੇ ਕਹਿਣੇ ਵਿੱਚ ਨਹੀਂ ਉਹਨਾਂ ਨੂੰ ਨੀ ਛੁਡਾਉਣਾ ਚਾਹੁੰਦੀ ਹੁੰਦੀ ਅਗਲੀ ਵੈਸੇ ਅਸੀਂ ਖੁਦ ਹੀ ਇੱਕ ਦੋ ਦਿਨਾਂ ਵਿੱਚ ਛੱਡ ਦਈਦਾ।
‘ਠੀਕ ਹੈ ਇੱਕ ਗੱਲ ਦੱਸੋ ਤੁਹਾਡੇ ਮਹਿਕਮੇ ਦੇ ਵੱਡੇ ਅਫ਼ਸਰ ਵੀ ਜਾਣਦੇ ਆ ਖਾਲਾ ਨੂੰ? ‘ਤੇ ਹੋਰ ਕੀ ਆਹ ਜਿਹੜਾ ਪਿਸਤੌਲ ਦਿਖਾ ਕੇ ਕਈ ਵਾਰ ਖਾਲਾ ਰੋਅਬ ਝਾੜਦੀ ਤੁਹਾਡੇ ਤੇ ਉਹ ਵੱਡੇ ਅਫਸਰਾਂ ਨੇ ਹੀ ਦਿੱਤਾ ਹੁੰਦਾ।
‘ਤੂੰ ਹੁਣ ਮੂੰਹ ਸਿੱਧਾ ਕਰ ਡਰਨ ਦੀ ਕੀ ਲੋੜ ਆ ਲਾਇਸੈਂਸ ਤੁਹਾਡੇ ਬਣੇ ਪਏ ਆ।
”ਫਿਰ ਵੀ ਤੋਖਲਾ ਜਿਹਾ ਰਹਿੰਦਾ ਆ।
‘ਤੂੰ ਗੋਲੀ ਮਾਰ ਤੋਖਲੇ ਨੂੰ ਐਵੇਂ ਨੀ ਘਬਰਾਇਦਾ।
”ਹਾਂ ਗੋਲੀ ਮਾਰਨ ਲਈ ਤਾਂ ਮੈਨੂੰ ਵੀ ਪਿਸਤੌਲ ਚਾਹੀਦਾ ਨਾ?
‘ਕੋਈ ਨੀ ਪਿਸਤੌਲ ਵੀ ਆ ਜਾਊ ਜਦੋਂ ਤੇਰਾ ਆਪਣਾ ਕੋਠਾ ਖੁੱਲਿਆ ਚੰਗਾ ਮੈਂ ਚੱਲਦਾ ਹੁਣ।

ਇਹ ਕੀ ਹੋ ਗਿਆ ਧੀਏ?

ਬਜ਼ਾਰ ਵੱਲੋਂ ਆਉਂਦੇ ਹੋਏ ਇੱਕ ਪਤਲੀ ਜਿਹੀ ਗਲੀ ਦੇ ਬਿਲਕੁਲ ਸਿਰੇ ਤੇ ਆ ਕੇ ਉਸ ਵਕਤ ਜਸਪ੍ਰੀਤ ਦੇ ਹੋਸ਼ ਉਡ ਗਏ ਜਦ ਉਸਨੇ ਸਾਹਮਣੇ ਖੜੇ ਰਸਤੇ ਨੂੰ ਰੋਕੀ ਇੱਕ ਬੰਦੇ ਨੂੰ ਦੇਖਿਆ ਜਿਸਦੀਆਂ ਅੱਖਾਂ ਵਿੱਚ ਸ਼ਾਇਦ ਅੱਥਰੂ ਸੀ।
‘ਪਿੱਛੇ ਨਾ ਮੁੜੀ ਜੱਸੀ।
”ਕੌਣ ਜੱਸੀ ਕਿਹੜੀ ਜੱਸੀ ਮੇਰਾ ਨਾਮ ਜਸਪ੍ਰੀਤ ਹੈ।
‘ਮੇਰੀ ਧੀ ਜੱਸੀ ਹੋਰ ਕੌਣ?
”ਖਬਰਦਾਰ ਜੇ ਅੱਗੇ ਇੱਕ ਸ਼ਬਦ ਵੀ ਬੋਲਿਆ ਮੈਂ ਨਹੀਂ ਕਿਸੇ ਦੀ ਧੀ-ਧੂ।
‘ਇੰਝ ਨਾ ਕਹਿ ਜੱਸੀ ਹੋਇਆ ਉਹੀ ਜੋ ਰੱਬ ਨੂੰ ਮਨਜ਼ੂਰ ਸੀ ਧੀਏ।
”ਹੁਣ ਇਹ ਰੱਬ ਵਿੱਚ ਕਿੱਥੋਂ ਆ ਗਿਆ ਉਦੋਂ ਕਿੱਥੇ ਸੀ ਜਦੋਂ ਸਹੁਰਿਆਂ ਨੇ ਮੈਨੂੰ ਅੱਧੀ ਰਾਤ ਨੂੰ ਬਾਹਰ ਕੱਢਤਾ ਸੀ?
‘ਧੀਏ ਤੈਨੂੰ ਘਰ ਦੀ ਗਰੀਬੀ ਦਾ ਤਾਂ ਪਤਾ ਹੀ ਸੀ ਅਸੀਂ ਬੇਬਸ ਸੀ।
”ਹਾਂ ਪਤਾ ਸੀ ਮੈਨੂੰ ਸਭ ਪਤਾ ਸੀ ਘਰ ਦੀ ਗਰੀਬੀ ਦਾ ਵੀ ਤੁਹਾਡੀ ਸ਼ਰਾਬ ਦਾ ਵੀ ਸਾਡੀ ਹੁੰਦੀ ਕੁੱਟ-ਮਾਰ ਦਾ ਵੀ ਤੇ ਤੁਹਾਡੀ ਫਿਰ ਘੁਰਾੜਿਆਂ ਵਾਲੀ ਨੀਂਦ ਦਾ ਵੀ।
‘ਮੈਨੂੰ ਮਾਫ ਕਰਦੇ ਧੀਏ ਮੇਰਾ ਕਾਲਜਾ ਸਦਾ ਧੁਖਦਾ ਰਹਿੰਦਾ ਆ।
”ਮੇਰਾ ਰਾਹ ਛੱਡ ਦਓੁ ਸਮਝ ਲਓੁ ਇਹੋ ਹੀ ਤੁਹਾਡੀ ਮਾਫੀ ਹੈ ਮੇਰੇ ਵੱਲੋਂ।
‘ਮੇਰੀ ਇੱਕ ਸੱਧਰ ਹੈ ਜੱਸੀ ਪੂਰੀ ਕਰਦੇ।
”ਮੈਂ ਕੁਛ ਨਹੀਂ ਜਾਣਦੀ ਸਾਡੇ ਰਾਹ ਵੱਖਰੇ ਆ ਮੈਨੂੰ ਲੰਘਣ ਦਿਓ।
”ਜੱਸੀ ਇੱਕ ਵਾਰ ਬੱਸ ਇੱਕ ਵਾਰ ਮੈਨੂੰ ਗਲ਼ੇ ਲਗਾ ਲੈਣ ਦੇ ਧੀਏ।
”ਨਹੀਂ-ਨਹੀਂ ਨਹੀਂ ਕਦੇ ਵੀ ਨਹੀਂ।
ਜਸਪ੍ਰੀਤ ਦੀ ਇਸ ਨਹੀਂ ਨਾਲ ਜਿਵੇਂ ਅਸਮਾਨ ਵੀ ਕੰਬ ਗਿਆ ਹੋਵੇ ਹੁਣ ਉਸਦੀਆਂ ਅੱਖਾਂ ਵਿੱਚ ਵੀ ਅੱਥਰੂ ਸੀ।
‘ਮੰਨ ਲਾ ਧੀਏ ਮੇਰੀ ਮਿੰਨਤ ਈ ਆ ਮੈਨੂੰ ਗਲ਼ ਲਗਾ ਲੈਣ ਦੇ।
”ਨਹੀਂ ਪਾਪਾ ਮੈਨੂੰ ਮਰਦਾਂ ਤੋਂ ਨਫ਼ਰਤ ਆ ਮੈਂ ਗਲ਼ ਨੀ ਲਾ ਸਕਦੀ।
‘ਗੁੱਸਾ ਨਾ ਕਰੀਂ ਧੀਏ ਪਰ ਉਥੇ ਕੋਠੇ ਤੇ ਵੀ ਤਾਂ ਤੈਨੂੰ ਗਲ਼ ਲਾਉਣ ਵਾਲੇ ਮਰਦ ਹੀ ਆ….
”ਉਹ ਮਰਦ ਨਹੀਂ ਪਾਪਾ ਬੁੱਚੜ ਆ ਤੇ ਯਾਦ ਰੱਖਣਾ ਸਾਰੇ ਮਰਦ ਔਰਤ ਨੂੰ ਉਸਦੀ ਮਰਜ਼ੀ ਦੇ ਬਿਨਾਂ ਕੋਈ ਗਲ਼ੇ ਨੀ ਲਗਾ ਸਕਦਾ ਗਲ਼ੇ ਉਸਦੀ ਲਾਚਾਰੀ ਹੀ ਲੱਗਦੀ ਹੈ।
‘ਜੋ ਵੀ ਆ ਧੀਏ ਗਲ਼ੇ ਲੱਗ ਜਾ ਨਹੀਂ ਤਾਂ ਦੇਖਲਾ ਮਾਰਾਂਗਾ ਤੈਨੂੰ ਫਿਰ। ਬਾਪ ਦਾ ਹਵਾ ਵਿੱਚ ਉਠਿਆ ਹੱਥ ਦੇਖਕੇ ਜਸਪ੍ਰੀਤ ਨੂੰ ਬਚਪਨਾ ਚੇਤੇ ਆ ਗਿਆ ਤੇ ਉਹ ਬੋਲੀ
”ਮੰਮੀ ਕਿੱਥੇ ਆ ਤੁਸੀਂ ਆਹ ਪਾਪਾ ਮੈਨੂੰ ਮਾਰਦੇ ਆ।
ਫਿਰ ਉਹ ਭੱਜ ਕੇ ਬੁੱਢੇ ਬਾਪ ਦੇ ਗਲ਼ ਲੱਗ ਗਈ ਦੋਵਾਂ ਦੇ ਅੱਥਰੂ ਇੱਕ-ਮਿੱਕ ਹੋ ਗਏ ਕੋਲੋਂ ਦੀ ਲੰਘਦੇ ਕੁਛ ਲੋਕ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸੀ। ”ਲੈ ਇਹਨਾਂ ਕੋਠੇ ਵਾਲੀਆਂ ਨੇ ਹੁਣ ਸ਼ਰੇਆਮ ਧੰਦਾ ਸ਼ੁਰੂ ਕਰਤਾ” ਤੇ ਜੱਸੀ ਦਾ ਬਾਪ ਉਸਦੇ ਸਿਰ ਤੇ ਹੱਥ ਫੇਰੀ ਕਹਿ ਰਿਹਾ ਸੀ। ਇਹ ਕੀ ਹੋਇਆ ਧੀਏ ਇਹ ਕਿੱਦਾਂ ਹੋ ਗਿਆ ਸਭ?

ਬੋਲ਼ਾ ਰੱਬ
‘ਹੈਂ ਇਹ ਕੀ?
”ਕੀ ਹੋ ਗਿਆ ਹੈਰਾਨੀ ਕਿਸ ਗੱਲ ਦੀ?
‘ਮੈਂ ਤਾਂ ਸੁਣਿਆ ਜਿਮੀਂਦਾਰ ਚਾਹ ਪੀਂਦੇ ਈ ਨੀ?
”ਕਿਉਂ ਕਮਲੀਆਂ ਮਾਰਦੀ ਏਂ ਜਿਮੀਂਦਾਰ ਦੀ ਤਾਂ ਸ਼ੁਰੂਆਤ ਈ ਚਾਹ ਤੋਂ ਹੁੰਦੀ ਆ ਨਾਲ਼ੇ ਜੋ ਤੂੰ ਸੁਣਿਆ ਜਿਮੀਂਦਾਰਾਂ ਬਾਰੇ ਉਹ ਵੀ ਦੱਸਦੇ ।
‘ਮੈਂ ਤਾਂ ਇਹ ਸੁਣਿਆ ਕੀ ਸ਼ਰਾਬ ਈ ਪੀਂਦੇ ਤੇ ਸ਼ਰਾਬ ਈ ਖਾਂਦੇ।
”ਉਹ ਸ਼ਰਾਬ ਰਾਤੀਂ ਪੀਤੀ ਤਾਂ ਸੀ ਨਾਲੇ ਸੀ ਵੀ ਬਰੈਂਡਡ ਤੇਰੇ ਸੰਦੂਕ ਵਿੱਚ ਪਈ ਮੂਤ ਜਿਹੀ ਦਾ ਤਾਂ ਕੋਈ ਮੁਕਾਬਲਾ ਨੀ ਸਾਡੇ ਵਾਲੀ ਨਾਲ।
‘ਹਾਂ ਇਹ ਤਾਂ ਹੈ ਪਰ ਸਾਨੂੰ ਕੀ ਭਾਅ ਬਰੈਂਡਡ ਨਾਲ ਅਸੀਂ ਤਾਂ ਬਾਅਦ ਵਿੱਚ ਉਸੇ ਮੂਤ ਨੂੰ ਈ ਬੁੱਲ ਲਾਉਣੇ।
”ਕੋਈ ਨਾ ਜਾਣ ਲੱਗਾ ਬਰੈਂਡਡ ਤੇਰੇ ਕੋਲ ਛੱਡ ਜਾਉਂ।
‘ਉਹ ਅੱਛਾ ਸੱਚੀਂ ਤੇ ਹੋਰ ਕੀ ਛੱਡ ਕੇ ਜਾਊਂਗੇ।
”ਹੋਰ ਕੁਛ ਹੈ ਈ ਨੀ ਹੋਰ ਕੁਛ ਬਸ ਸ਼ਰਾਬ ਆ ਜਾਂ ਜ਼ਮੀਨ ਆ।
‘ਤੇ ਜਾਂ ਫਿਰ ਸ਼ਬਾਬ ਆ ਹਨਾ?
”ਸ਼ਬਾਬ ਦੀ ਤਾਂ ਤੂੰ ਪੁੱਛ ਈ ਨਾ ਹਵੇਲੀ ਦੀਆਂ ਉਨੀਆਂ ਇੱਟਾਂ ਨੀ ਜਿੰਨੇ ਉੱਥੇ ਸ਼ਬਾਬ ਝਟਕਾਏ ਆ।
‘ਹਾ-ਹਾ ਫਿਰ ਹਵੇਲੀ ਵਿੱਚ ਈ ਬੁੱਤਾ ਸਾਰ ਲੈਣਾ ਸੀ ਇਧਰ ਕਿਉਂ ਆਏ?
”ਜੋ ਮਰਜ਼ੀ ਆ ਪਰ ਫਿਰ ਵੀ ਉੱਥੇ ਪੰਗਾ ਆ ਕਈ ਵਾਰੀ ਕੇਸ ਜਿਹੇ ਬਣ ਜਾਂਦੇ ਆ ਕਿਹੜਾ ਕਚਿਹਰੀਆਂ ਵਿੱਚ ਖੱਜਲ ਹੁੰਦਾ ਫਿਰੇ?
‘ਹਾ-ਹਾ ਕਚਿਹਰੀਆਂ ਦਾ ਡਰ ਆ ਨਾ?
”ਨਹੀਂ ਡਰ ਤਾਂ ਕਾਹਦਾ ਊਂ ਈ ਸਿਰ ਭਕਾਈ ਜਿਹੀ ਨੀਂ ਪਸੰਦ ਤਾਂ ਕਰਕੇ ਹਵੇਲੀ ਹੁਣ ਘੱਟ ਈ ਮਹਿਕਾਈਦੀ ਆ।
‘ਅੱਛਾ ਤੇ ਇਧਰ ਨੀ ਡਰ ਕੋਈ?
”ਲੈ ਦੱਸ ਭਲਾ ਇਧਰ ਕੀ ਡਰ ਹੁਣਾਂ ਪੈਸਾ ਸਿੱਟੋ ਤਮਾਸ਼ਾ ਦੇਖੋ ਤੁਹਾਡੇ ਨਾਲ ਤਾਂ ਧੱਕਾ ਵੀ ਕਰ ਲਈਏ ਤਾਂ ਬੱਸ ਇੱਕ ਦੋ ਨੋਟ ਵਾਧੂ ਫੜਾਉਣੇ ਪੈਂਦੇ ਖਾਲਾ ਨੂੰ ਫਿਰ ਬੰਦਾ ਬਰੀ ਹੋ ਕੇ ਬਾਹਰ ਨਿਕਲ ਜਾਂਦਾ।
‘ਹਾ-ਹਾ ਸਹੀ ਗੱਲ ਆ ਤੇ ਰੱਬ ਦਾ ਡਰ?
”ਲੈ ਰੱਬ ਦੇਕੀਕਹਿਣੇ ਰੱਬ ਤਾਂ ਹਵੇਲੀ ਵਿੱਚੋਂ ਚੀਕਾਂ ਸੁਣ ਕੇ ਨੀ ਬਹੁੜਦਾ ਐਥੇਉਹਨੇਗੰਦਗੀਵਿੱਚਕੀਅੰਬਲੈਣਆਉਣਾ?’ਆਹੋਤੇ ਤੁਸੀਂ ਤਾਂ ਆ ਗਏ ਨਾ?
”ਆਉਂਦੇ ਰਵਾਂਗੇ ਜਿੰਨਾ ਚਿਰ ਰਸ ਹੈਂ ਹੁਣ ਫਿਲਹਾਲ ਜਾਂਦੇ ਹਾਂ ਆਹ ਪਈ ਬੋਤਲ।
ਜਿਮੀਦਾਰ ਦੇ ਜਾਣ ਤੋਂ ਬਾਅਦ ਨਰਿੰਦਰ ਸੋਚ ਰਹੀ ਸੀ ਕੀ ‘ਸਾਡੀ ਵਾਰੀ ਰੱਬ ਸੱਚੀਂ ਬੋਲ਼ਾ ਆ?’

ਕੁੱਤਾ

ਚੀਕਾਂ-ਕੂਕਾਂ ਅਤੇ ਲੇਰਾਂ ਜਾਂ ਫਿਰ ਇਸ ਤਰਾ ਦੇ ਹੋਰ ਵੀ ਕਈ ਸ਼ੋਰ-ਸ਼ਰਾਬੇ ਸੁਣਨ ਦੀ ਉਹ ਹੁਣ ਆਦੀ ਹੋ ਚੁੱਕੀ ਸੀ। ਜਦੋਂ ਵੀ ਆਸ-ਪਾਸ ਦੇ ਕਿਸੇ ਕਮਰੇ ਵਿੱਚੋਂ ਉਸਨੂੰ ਕਿਸੇ ਦੇ ਰੋਣ ਜਾਂ ਚਿੱਲਾਉਣ ਦੀ ਅਵਾਜ਼ ਆਉਂਦੀ ਤਾਂ ਉਹ ਅੱਖਾਂ ਭਰ ਕੇ ਇੱਕੋ ਗੱਲ ਸੋਚਦੀ। ”ਹੇ ਰੱਬਾ ਇੱਕ ਹੋਰ ਦੀ ਬਲੀ ਦੇ ਹੋ ਰਹੀ ਆ।”
ਅੱਜ ਜਦੋਂ ਉਸਨੂੰ ਚੂੰ-ਚੂੰ ਦੀ ਅਵਾਜ਼ ਸੁਣੀ ਤਾਂ ਉਸਨੇ ਕਮਰੇ ਵਿੱਚੋਂ ਬਾਹਰ ਨਿੱਕਲ ਕੇ ਦੇਖਿਆ ਤਾਂ ਪੂਰੇ ਕੋਠੇ ਦੇ ਆਸ-ਪਾਸ ਕੋਈ ਨਹੀਂ ਸੀ ਉਸਦੇ ਪੈਰਾਂ ਨੂੰ ਜਦ ਕੁਝ ਗਿੱਲਾ-ਗਿੱਲਾ ਲੱਗਾ ਤਾਂ ਉਸਨੇ ਥੱਲੇ ਦੇਖਿਆ ਕਿ ਇੱਕ ਕੁੱਤਾ ਉਸਦੇ ਪੈਰ ਚੱਟ ਰਿਹਾ ਸੀ। ਆਰਤੀ ਦਾ ਕੁੱਤੇ ਨੂੰ ਦੇਖ ਕੇ ਮਨ ਜਿਹਾ ਭਰ ਗਿਆ ਉਸਦੀ ਲੱਤ ਤੇ ਕੋਈ ਚੋਟ ਲੱਗੀ ਸੀ ਉਹ ਕੁੱਤੇ ਨੂੰ ਚੁੱਕ ਕੇ ਕਮਰੇ ਵਿੱਚ ਲੈ ਆਈ ਖਾਲਾ ਨੇ ਉਸਨੂੰ ਬਥੇਰਾ ਕਿਹਾ ਕਿ ਕੁੱਤਾ ਨੀ ਰੱਖਣਾ ਪਰ ਉਸਨੇ ਇੱਕੋ ਗੱਲ ਮੁਕਾਤੀ ‘ਮਾਸੀ ਤੂੰ ਫ਼ਿਕਰ ਨਾ ਕਰ ਮੈਂ ਆਪਣੇ ਕੋਲੋ ਕਰੂੰ ਖਰਚ ਇਹਦੇ ਖਾਣ ਪੀਣ ਤੇ’।
ਆਰਤੀ ਜਦ ਕਦੇ ਵੀ ਕਿਸੇ ਕਾਰਣ ਰੋਟੀ ਨਾ ਖਾਦੀ ਤਾਂ ਉਸ ਦਿਨ ਕੁੱਤਾ ਵੀ ਰੋਟੀ ਨੂੰ ਮੂੰਹ ਨਾ ਲਾਉਂਦਾ ਨਾ ਦੁੱਧ ਦੀ ਬਾਟੀ ਨੂੰ ਜੀਭ ਮਾਰਦਾ। ਇੱਕ ਦਿਨ ਜਦ ਉਹ ਸਾਰੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਤਾਂ ਇੱਕ ਕੁੜੀ ਬੋਲੀ ਪਈ ”ਯਾਰ ਐਥੇ ਆਉਂਦੇ ਤਾਂ ਕਈ ਆ ਭੁੱਖ ਪੂਰੀ ਕਰਦੇ ਆ ਝੂਠੇ-ਸੱਚੇ ਵਾਅਦੇ ਕਰਦੇ ਆ ਪਰ ਵਫ਼ਾਦਾਰ ਤਾਂ ਕੋਈ ਵੀ ਨੀ ਆ।”
ਜਦ ਇਹ ਗੱਲ ਆਰਤੀ ਦੇ ਕੰਨੀ ਪਈ ਤਾਂ ਉਸਨੇ ਗੋਦੀ ਵਿੱਚ ਪਾਏ ਕੁੱਤੇ ਦੇ ਸਿਰ ਤੇ ਹੱਥ ਫੇਰਦੀ ਨੇ ਜਵਾਬ ਦਿੱਤਾ ”ਮੇਰੇ ਕੋਲ ਤਾਂ ਆਹ ਵਫ਼ਾਦਾਰ ਹੈਗਾ ਆ ਤੁਸੀਂ ਆਪੋ-ਆਪਣਾ ਲੱਭ ਲਓੁ” ਲੰਬੇ ਜਿਹੇ ਮੇਜ਼ ਤੇ ਬੈਠੇ ਗਾਹਕ ਆਰਤੀ ਦੀ ਇਹ ਗੱਲ ਸੁਣ ਕੇ ਸ਼ਰਮਿੰਦੇ ਜਿਹੇ ਹੋ ਗਏ।

ਚਾਰ ਨੰਬਰ ਕਮਰਾ

ਕਮਰੇ ਵਿੱਚ ਬੈਠੀ-ਬੈਠੀ ਗਰੀਮਾ ਜਦ ਅੱਕ ਗਈ ਤਾਂ ਉਹ ਬਾਹਰ ਬਾਲਕੋਨੀ ਵਿੱਚ ਆ ਕੇ ਖੜੀ ਹੋ ਗਈ। ਜਦ ਉਸਨੇ ਆਸ-ਪਾਸ ਨਜ਼ਰ ਮਾਰੀ ਤਾਂ ਦੇਖਿਆ ਕਿ ਉਸਦੇ ਕੋਠੇ ਤੇ ਕੰਮ ਕਰਨ ਵਾਲੇ ਦਲਾਲ ਨੋਟ ਗਿਣ-ਗਿਣ ਕੇ ਜੇਬ ਵਿੱਚ ਪਾ ਰਹੇ ਸੀ ਇਹ ਦੇਖਕੇ ਗਰੀਮਾ ਨੇ ਜ਼ਮੀਨ ਤੇ ਥੁੱਕਤਾ ਅਕਸਰ ਕਈ ਵਾਰ ਜਦ ਉਸਦਾ ਹੱਥ ਨੋਟਾਂ ਨੂੰ ਲੱਗਦਾ ਸੀ ਤਾਂ ਮੱਲੋ-ਮੱਲੀ ਥੁੱਕ ਉਸਦੀ ਜੁਬਾਨ ਦੀ ਨੋਕ ਤੇ ਆ ਜਾਂਦਾ ਸੀ।
ਫਿਰ ਅਚਾਨਕ ਗਰੀਮਾ ਦੀ ਨਜ਼ਰ ਸਾਹਮਣੇ ਕੁਝ ਦੂਰੀ ਤੇ ਇੱਕ ਘਰ ਤੇ ਗਈ ਜਿੱਥੇ ਇੱਕ ਬੰਦਾ ਆਪਣੀ ਘਰਵਾਲੀ ਨਾਲ ਲੜ ਰਿਹਾ ਸੀ। ਲੜਦੇ-ਲੜਦੇ ਗੱਲ ਐਨੀ ਵੱਧ ਗਈ ਕੀ ਦੋਵੇਂ ਤੀਵੀਂ ਆਦਮੀ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਪਏ। ਫਿਰ ਪਤੀ ਨੇ ਘਰਵਾਲੀ ਨੂੰ ਗੁੱਤੋਂ ਫੜ ਕੇ ਘੜੀਸਣਾ ਸ਼ੁਰੂ ਕਰਤਾ।
ਇਸ ਦਰਿੱਸ਼ ਨੂੰ ਦੇਖਦੇ ਹੋਏ ਗਰੀਮਾ ਦਾ ਧਿਆਨ ਬਹੁਤ ਪਿੱਛੇ ਚਲਾ ਗਿਆ ਜਦ ਇਸੇ ਤਰਾਂ ਹੀ ਉਸਦਾ ਬਾਪ ਉਸਦੀ ਮਾਂ ਨੂੰ ਕੁੱਟਦਾ ਹੁੰਦਾ ਸੀ। ਉਸਦੇ ਬਾਪ ਤੋਂ ਤੰਗ ਹੋ ਕੇ ਉਸਦੀ ਮਾਂ ਸਾਰੀ-ਸਾਰੀ ਰਾਤ ਰੋਂਦੀ ਰਹਿੰਦੀ ਸੀ। ਉਸਦਾ ਬਾਪ ਉਸਦੀ ਮਾਂ ਨੂੰ ਦਾਰੂ ਪੀ ਕੇ ਪਸੂਆਂ ਵਾਂਗੂ ਕੁੱਟਦਾ ਹੁੰਦਾ ਸੀ। ਇੱਕ ਵਾਰ ਜਦ ਹੱਥੋਪਾਈ ਕਰਦੇ ਨੂੰ ਗਰੀਮਾ ਨੇ ਰੋਕਣਾ ਚਾਹਿਆ ਸੀ ਤਾਂ ਉਸਦੇ ਬਾਪ ਨੇ ਚੁੱਲੇ ਮੂਹਰਿਓ ਬੇਲਣਾ ਚੁੱਕ ਕੇ ਗਰੀਮਾ ਦੇ ਸਿਰ ਤੇ ਮਾਰਿਆ ਸੀ। ਜਿਸਦਾ ਨਿਸ਼ਾਨ ਹੁਣ ਵੀ ਗਰੀਮਾ ਦੇ ਮੱਥੇ ਤੇ ਸੀ।
ਸੋਚਦੇ-ਸੋਚਦੇ ਅਚਾਨਕ ਗਰੀਮਾ ਦਾ ਹੱਥ ਜਦ ਆਪਣੇ ਮੱਥੇ ਤੇ ਪਏ ਨਿਸ਼ਾਨ ਨੂੰ ਛੂਹਿਆ ਤਾਂ ਉਸਨੂੰ ਯਾਦ ਆਇਆ ਕਿ ਉਸਦਾ ਵੀ ਇੱਕ ਘਰ-ਪਰਿਵਾਰ ਸੀ। ਜਦ ਨੂੰ ਇੱਕ ਅਵਾਜ਼ ਉਸਦੇ ਕੰਨੀ ਪਈ ”ਗਰੀਮਾ ਚਾਰ ਨੰਬਰ ਕਮਰੇ ਵਿੱਚ ਚਲ ਜਾ।”

ਟਿਕਾਣਾ

ਜਿੱਦਾਂ ਈ ਇੱਕ ਜੋਰਦਾਰ ਥੱਪੜ ਲਤਾ ਦੇ ਮੂੰਹ ਤੇ ਵੱਜਾ ਤਾਂ ਉਸਦਾ ਦਿਲ ਕਿਤਾ ਕੀ ਪਲੰਘ ਤੋਂ ਉਠ ਕੇ ਦੂਰ ਕਿਤੇ ਭੱਜ ਜਾਵੇ। ਪਰ ਕੀਮਤ ਤੈਅ ਹੋਣ ਕਰਕੇ ਉਸਨੂੰ ਸਭ ਝੱਲਣਾ ਪੈਣਾ ਸੀ। ਜੇ ਉਸਨੂੰ ਇਸ ਕੋਠੇ ਤੇ ਆਈ ਨੂੰ ਬਹੁਤੇ ਸਾਲ ਹੋ ਗਏ ਹੁੰਦੇ ਤਾਂ ਬਾਕੀ ਕੁੜੀਆਂ ਵਾਂਗੂ ਉਸਨੇ ਵੀ ਥੱਪੜ ਮਾਰਨੇ ਵਾਲੇ ਦਾ ਹੱਥ ਤੋੜ ਦੇਣਾ ਸੀ ਪਰ ਹੁਣ ਬੇਬਸ ਹੋ ਕੇ ਉਹ ਪਈ ਰਹੀ।
ਸਵੇਰੇ ਜਦੋਂ ਸੁੱਤ-ਉਨੀਂਦਰੀ ਜਿਹੀ ਲਤਾ ਦਰਵਾਜ਼ੇ ਵਿੱਚ ਬੈਠੀ ਸੀ ਤਾਂ ਕੁਦਰਤੀ ਉਥੋਂ ਇੱਕ ਛੋਟੀ ਜਿਹੀ ਕੁੜੀ ਲੰਘਦੀ-ਲੰਘਦੀ ਰੁਕ ਗਈ ‘ਇਹ ਦੀਦੀ ਤੂੰ ਕੀ ਖਾਂਦੀ ਆ?
”ਹਾ-ਹਾ ਕੁਛ ਨੀ ਪਾਨ ਖਾਂਦੀ ਆਂ ਕੀ ਹੋਇਆ?
‘ਦੀਦੀ ਮੈਨੂੰ ਵੀ ਦੇਦੇ ਪਾਨ ਮੈਂ ਕਦੀਂ ਨੀ ਖਾਧਾ ਮੇਰਾ ਵੀ ਖਾਣ ਨੂੰ ਦਿਲ ਕਰਦਾ ਦੇਦੇ ਨਾ ਦੀਦੀ।
”ਨਹੀਂ ਇਹ ਤਾਂ ਜੂਠਾ ਆ ਤੈਨੂੰ ਨੀ ਦੇਣਾ।
‘ਫਿਰ ਕੀ ਆ ਦੀਦਾ ਮੈਂ ਜੂਠਾ ਵੀ ਖਾ ਲਊਂਗੀ ਦੇਦੇ ਤਾਂ’ ਕੁਛ ਸੋਚ ਕੇ ਲਤਾ ਨੇ ਆਪਣੇ ਬਲਾਊਜ਼ ਵਿੱਚੋਂ ਨੋਟ ਕੱਢੇ ਤੇ ਇੱਕ ਨੋਟ ਉਸ ਕੁੜੀ ਵੱਲ ਵਧਾ ਦਿੱਤਾ ‘ਲੈ ਫੜ ਤੂੰ ਕੁਛ ਹੋਰ ਚੀਜ਼ੀ ਖਾ ਲਵੀਂ ਦੁਕਾਨ ਤੋਂ….
‘ਦੀਦੀ ਤੁਸੀਂ ਬਹੁਤ ਚੰਗੇ ਆਂ ਤੁਸੀਂ ਮੈਨੂੰ ਐਨੇ ਪੈਸੇ ਦਿੱਤੇ ਦੀਦੀ ਤੁਹਾਡੇ ਕੋਲ ਕਿੰਨੇ ਈ ਪੈਸੇ ਆ ਹਨਾ?
”ਹਾ-ਹਾ ਤੂੰ ਹੁਣ ਬਹੁਤੀਆਂ ਗੱਲਾਂ ਨਾ ਕਰ ਤੇ ਜਾਹ ਐਥੋਂ ਤੇ ਮੁੜ ਕੇ ਨਾ ਇਧਰ ਨੂੰ ਆਵੀਂ
‘ਦੀਦੀ-ਦੀਦੀ ਜਦੋਂ ਮੈਂ ਵੱਡੀ ਹੋ ਗਈ ਮੈਂ ਵੀ ਤੇਰੇ ਵਾਂਗੂ ਐਨੇ ਸਾਰੇ ਨੋਟ ਕਮਾਉਣੇ।’ ਸੁਣਦੇ ਸਾਰ ਲਤਾ ਨੇ ਜੋਰਦਾਰ ਚਾਂਟਾ ਕੁੜੀ ਦੇ ਮੂੰਹ ਤੇ ਮਾਰਿਆ ਤਾਂ ਉਹ ਰੋਣ ਲੱਗੀ ”ਤੁਸੀਂ ਗੰਦੇ ਆਂ ਦੀਦੀ ਤੁਸੀਂ ਮੇਰੇ ਥੱਪੜ ਮਾਰਿਆ ਤੁਸੀਂ ਸੋਹਣੇ ਨੀ ਗੰਦੇ ਆ।” ਫਿਰ ਰੋਂਦੀ ਜਾਂਦੀ ਕੁੜੀ ਨੂੰ ਦੇਖ ਕੇ ਲਤਾ ਨੂੰ ਖਿਆਲ ਆਇਆ ਕਿ ”ਥੱਪੜ ਖਾਣ ਤੋਂ ਬਾਅਦ ਇਹ ਕੁੜੀ ਤਾਂ ਘਰ ਚਲੇ ਗਈ ਮੇਰੇ ਥੱਪੜ ਵੱਜਣ ਤੇ ਮੈਂ ਕਿਸ ਟਿਕਾਣੇ ਤੇ ਜਾਵਾਂ?
-0-

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>