ਉਸ ਵੇਲੇ ਦਮਿਅੰਤੀ ਪੂਰੀ ਤਰਾਂ ਕੰਬ ਗਈ ਜਦੋਂ ਅਚਾਨਕ ਉਸਦੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ ਉਸਨੇ ਫਟਾ-ਫਟ ਪਿੱਛੇ ਮੁੜ ਕੇ ਦੇਖਿਆ ਤਾਂ ਪਲ ਵਿੱਚ ਹੀ ਪਿੱਛੇ ਖੜੇ ਨੂੰ ਪਹਿਚਾਣ ਵੀ ਲਿਆ।
‘ਹਾਏ ਸੋਨੀਆ ਤੂੰ?
”ਤੇ ਹੋਰ ਕੀ ਲੱਭ ਲਿਆ ਨਾ ਮੈਂ ਤੈਨੂੰ ਦਮਿੰਅਤੀ।
‘ਆਹੋ ਅੜੀਏ ਲੱਭ ਲਿਆ ਤੂੰ ਐਧਰ ਬਜ਼ਾਰ ਵਿੱਚ ਕਿੱਧਰ ਆਈ ਆਂ?
”ਕੁਛ ਨੀ ਬੱਸ ਇੱਕ ਦੋ ਕੰਮ ਸੀ ਤੇ ਤੂੰ?
‘ਹੁਣ ਤੱਕ ਤੈਨੂੰ ਪਤਾ ਈ ਹੁਣਾ ਸੋਨੀਆ ਵੀ ਸਾਡਾ ਤਾਂ ਧੰਦਾ ਈ ਐਧਰ ਆ ਉਹ ਗੰਦੀ ਬਸਤੀ ਦਾ ਪਤਾ ਹੁਣਾ ਤੈਨੂੰ?
”ਹਾ ਦਮਿਅੰਤੀ ਪਤਾ ਆ ਪਰ ਪਲੀਜ਼ ਤੂੰ ਐਦਾਂ ਨਾ ਕਹਿ ਕਿਸਮਤ ਦਾ ਗੇੜ ਸੀ ਤੈਨੂੰ ਯਾਦ ਆ ਅਸੀਂ ਦੋਵੇਂ ਕਿੰਨੀਆਂ ਪੱਕੀਆਂ ਸਹੇਲੀਆਂ ਸੀ।
‘ਸੀ ਦਾ ਕੀ ਮਤਲਬ ਸੋਨੀਆ ਹੁਣ ਵੀ ਆਂ ਤੇ ਰਹਾਂਗੀਆਂ ਵੀ ਫਰਕ ਐਨਾ ਆ ਕੀ ਤੂੰ ਸਾਫ਼-ਸੁਥਰੀ ਦੁਨੀਆਂ ਵਿੱਚ ਘੁੰਮਦੀ ਫਿਰਦੀ ਆਂ ਤੇ ਮੈਂ ਗੰਦੇ ਧੰਦੇ ਵਿੱਚ ਫਸੀ ਆਂ ਜਿੱਥੋਂ ਮੈਂ ਨਿਕਲ ਵੀ ਨੀ ਸਕਦੀ।
”ਤੈਨੂੰ ਕੀ ਪਤਾ ਮੇਰੀ ਸਾਫ-ਸੁਥਰੀ ਦਾ ਦਮਿਅੰਤੀ ਬਾਹਰਲੀ ਦੁਨੀਆਂ ਵਿੱਚ ਵੀ ਆਹੀ ਕੁਛ ਹੁੰਦਾ ਆ।
‘ਕਿੱਦਾਂ ਮਤਲਬ ਸੋਨੀਆ?
”ਮਤਲਬ ਸਾਫ ਆ ਘਰ ਦੀ ਗਰੀਬੀ ਕਰਕੇ ਮੈਂ ਕਿਸੇ ਦੁਕਾਨ ਤੇ ਲੱਗੀ ਸੀ ਹਰਾਮਖੋਰ ਮਾਲਕ ਜਦੋਂ ਚਾਹੁੰਦਾ ਸੀ ਮੈਨੂੰ ਖਿੱਚ ਕੇ ਅਲਮਾਰੀ ਪਿੱਛੇ ਲੈ ਜਾਂਦਾ ਸੀ ਘਰ ਦੀ ਮਜ਼ਬੂਰੀ ਕਰਕੇ ਮੈਂ ਵਿਰੋਧ ਨਾ ਕਰਦੀ ਤੇ ਅੱਗੇ ਜਦੋਂ ਵਿਆਹ ਹੋਇਆ ਤਾਂ ਘਰਵਾਲਾ ਸ਼ਰਾਬੀ ਸੀ ਉਸਦੇ ਯਾਰ-ਮਿੱਤਰ ਮੈਨੂੰ ਚਰੂੰਡਦੇ ਰਹਿੰਦੇ ਸੀ।
‘ਹਾਏ ਸੋਨੀਆ ਤੇਰੇ ਨਾਲ ਵੀ ਬਹੁਤ ਮਾੜੀ ਹੋਈ ਆ ਮੈਂ ਤਾਂ ਕਿਹਾ ਖਬਰੇ ਅਸੀਂ ਹੀ ਧੰਦੇ ਵਾਲੀਆਂ ਗੰਦੀ ਜੂਨ ਭੋਗਦੀਆਂ।
”ਸਭ ਬਿਧਮਾਤਾ ਦਾ ਖੇਡ ਆ ਦਮਿਅੰਤੀ ਅਸੀਂ ਕੀ ਕਰ ਸਕਦੀਆਂ?
‘ਚੱਲ ਸੋਨੀਆ ਦਿਲ ਨਾ ਛੱਡ ਕਦੇ ਫਿਰ ਮਿਲਾਂਗੀਆਂ ਚੰਗਾ ਹੁਣ।
ਬਚਪਨਾ
‘ਖਾਲਾ ਇਹ ਕੋਈ ਗੱਲ ਥੋੜੀ ਨਾ ਹੋਈ ਫਿਰ?
”ਉਹ ਤੂੰ ਠੰਢ ਤਾਂ ਰੱਖ ਜ਼ਰਾ।
‘ਠੰਢ ਦੀ ਨੀ ਗੱਲ ਖਾਲਾ ਉਸ ਕੁੜੀ ਨੇ ਸਾਰੀ ਰਾਤ ਮੇਰਾ ਤਮਾਸ਼ਾ ਬਣਾਈ ਰੱਖਿਆ।
”ਉਹ ਦਰਾਸਲ ਨਵੀਂ ਆ ਨਾ ਹਜੇ ਨਾਲ਼ੇ ਉਸਦੀ ਉਮਰ ਵੀ ਛੋਟੀ ਆ ਉਹ ਡਰ ਗਈ ਹੋਓੂ।
ਡਰ ਨੀ ਗਈ ਖਾਲਾ ਉਹਨੇ ਮੇਰਾ ਧੂਆਂ ਕਢਾਤਾ ਨਿੱਕੀ ਨੀ ਉਹ ਤਿੱਖੀ ਆ ਜੇ ਮੈਂ ਪਲੰਘ ਤੇ ਜਾਵਾਂ ਤਾਂ ਉਹ ਥੱਲੇ ਆ ਜਾਂਦੀ ਸੀ ਜੇ ਮੈਂ ਥੱਲੇ ਆਵਾਂ ਤਾਂ ਉਹ ਪਲੰਘ ਤੇ ਪੈ ਜਾਂਦੀ ਸੀ ਸਾਰੀ ਰਾਤ ਉਸਨੇ ਮੈਨੂੰ ਹੱਥ ਨੀ ਲਾਉਣ ਦਿੱਤਾ ਐਨੀ ਸ਼ਰਾਰਤੀ ਆ ਉਹ।
”ਦਰਾਸਲ ਗੱਲ ਪਤਾ ਕੀ ਆ ਉਸ ਕੁੜੀ ਵਿੱਚ ਹਜੇ ਥੋੜਾ ਜਿਹ ਬਚਪਨਾ ਆ ਉਹਨੂੰ ਇਹ ਨੀ ਪਤਾ ਹੁਣ ਉਹ ਕਿਸ ਕੰਮ ਵਿੱਚ ਆ ਐਵੇਂ ਗਾਹਕਾਂ ਮੂਹਰੇ ਟੱਪਦੀ ਰਹਿੰਦੀ ਉਹ ਤਾਂ।
‘ਐਦਾਂ ਨੀ ਹੁੰਦਾ ਖਾਲਾ ਤੂੰ ਚਾਰ ਚਪੇੜਾਂ ਮਾਰ ਕੇ ਸੂਤ ਕਿਉਂ ਨੀ ਕਰਦੀ ਉਹਨੂੰ ਨਾਲ਼ੇ ਇਹ ਬਚਪਨਾ ਬਚਪਨਾ ਕੀ ਲਾਈ ਆ ਕੀ ਹੁੰਦਾ ਬਚਪਨਾ ਮਾਰ ਤਾਂ ਚਾਰ ਉਹਦੇ ਕੰਨਾਂ ਤੇ ਕਰ ਜਵਾਨ ਉਹਨੂੰ।
ਇਹ ਸਭ ਗੱਲਾਂ ਪਾਸੇ ਖੜੀ ਬਿਮਲਾ ਸੁਣ ਰਹੀ ਸੀ ਤਾਂ ਅਖੀਰੀ ਗੱਲ ਤੇ ਉਸਨੂੰ ਗੁੱਸਾ ਆ ਗਿਆ ਤਾਂ ਉਹ ਬੋਲ ਪਈ।
‘ਓਏ ਓਏ ਐਧਰ ਦੇਖ ਮੈਂ ਦੱਸਾਂ ਤੈਨੂੰ ਬਚਪਨਾ ਕੀ ਹੁੰਦਾ।
”ਆਹੋ ਤੂੰ ਦੱਸਦੇ ਤੂੰ ਉਹਤੋਂ ਘੱਟ ਆ?
”ਤੇਰੀ ਆਪਣੀ ਕੁੜੀ ਵੀ ਬਚਪਨੇ ਵਿੱਚ ਈ ਆ ਪਤੰਦਰਾ 25 ਸਾਲਾਂ ਦੀ ਹੋਈ ਆ ਉਹ ਤੂੰ ਹਜੇ ਵੀ ਉਹਨੂੰ ਬੰਦ ਗਲ਼ੇ ਵਾਲਾ ਸੂਟ ਪਵਾਉਂਦਾ ਦੇਖਿਆ ਸੀ ਤੁਹਾਨੂੰ ਪਿਓ ਧੀ ਨੂੰ ਮੈਂ ਬਜ਼ਾਰ ਵਿੱਚ ਜਾਹ ਤਾਂ ਉਹਦੇ ਚਾਰ ਚਪੇੜਾਂ ਮਾਰ ਕੇ ਕਰ ਜਵਾਨ ਉਹਨੂੰ ਹਜੇ ਤੱਕ ਬੱਚੀ ਬਣਾਈਊਂ ਸਾਡੇ ਤੇ ਹਕੂਮਤ ਕਰਦੇ ਆ ਕੇ ਤੁਸੀਂ।”
ਬਿਮਲਾ ਦੀਆਂ ਕਰਾਰੀਆਂ ਸੁਣ ਕੇ ਉਸ ਬੰਦੇ ਦੇ ਹੋਸ਼ ਟਿਕਾਣੇ ਆ ਗਏ ਵਾਰ-ਵਾਰ ‘ਬਚਪਨਾ’ ਸ਼ਬਦ ਉਸਦੇ ਕੰਨੀਂ ਗੂੰਜ ਰਿਹਾ ਸੀ।