ਪੰਜਵੇਂ ਗੁਰਾਂ ਤੇ ਜਾਲਮ ਨੇ ਜ਼ੁਲਮ ਕੀਤਾ,
ਤਪਦੀ ਰੇਤ ਦੇ ਦਿੱਤਾ ਬਿਠਾਲ ਉੱਤੇ।
ਨੰਗੇ ਪਿੰਡੇ ਉੱਤੇ ਪਾਈ ਰੇਤ ਤੱਤੀ,
ਸੂਰਜ ਹੋਈ ਜਾਵੇ ਲਾਲੋ ਲਾਲ ਉੱਤੇ।
ਭਾਣਾ ਮੰਨ ਮਿੱਠਾ, ਹੋਏ ਸ਼ਹੀਦ ਭਾਵੇਂ,
ਮੁੱਖ ਦੇ ਆਉਣ ਨਾ ਦਿੱਤਾ ਮਲਾਲ ਉੱਤੇ।
ਸੱਚ-ਧਰਮ ਦੀ ਰੱਖਿਆ ਕਰਨ ਖਾਤਰ,
ਤੇਗ ਖੜਕਣੀ ਚਾਹੀਦੀ ਢਾਲ ਉੱਤੇ।
ਗੁਰੂ ਬਣਦਿਆਂ ਹੀ ਛੇਵੀਂ ਜੋਤ ਨੇ ਤਾਂ,
ਅਮਲ ਕੀਤਾ ਸੀ ਇਸੇ ਖਿਆਲ ਉੱਤੇ।
ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾਂ,
ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ।
ਪੰਜਵੇਂ ਪਾਤਸ਼ਾਹ ਨੇ ਜਿਵੇਂ ਆਖਿਆ ਸੀ,
ਬਾਬਾ ਬੁੱਢਾ ਜੀ ਬਚਨ ਕਮਾਉਣ ਲੱਗੇ।
ਨਾਨਕ-ਜੋਤ-ਵਾਰਸ ਹਰਿਗੋਬਿੰਦ ਜੀ ਨੂੰ,
ਜਿੰਮੇਵਾਰੀ ਦਾ ਤਿਲਕ ਲਗਾਉਣ ਲੱਗੇ।
ਬਚਨ ਪਿਤਾ ਦੇ,ਪੁੱਤਰ ਦੀ ਸੂਝ ਦੋਵੇਂ,
ਇੱਕ ਨਵਾਂ ਇਤਿਹਾਸ ਰਚਾਉਣ ਲੱਗੇ।
ਇੱਕ ਖੱਬੇ ਤੇ ਦੂਸਰੀ ਪਾਈ ਸੱਜੇ,
ਤੇਗਾਂ ਦੋ ਦਾਤਾਰ ਸਜਾਉਣ ਲੱਗੇ।
ਕਰਕੇ ਰਸਮ ਪੂਰੀ ਬਾਬੇ ਫਤਹਿ ਬੋਲੀ,
ਨੂਰੀ ਮੁੱਖਦੇ ਚਮਕੇ ਜਲਾਲ ਉੱਤੇ।
ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾਂ,
ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ।
ਜਦੋਂ ਸਿੱਖਾਂ ਦਾ ਭਟਕਿਆ ਮਨ ਕਿਧਰੇ,
ਗੁਰਾਂ ਗਿਆਨ ਦੇ ਕੇ ਉਹਨੂੰ ਮੋੜਿਆ ਸੀ।
ਹਿਰਦੇ ਵਿੱਚ ਪ੍ਰੇਮ ਦੀ ਜਾਗ ਲਾ ਕੇ,
ਇੱਕੋ ਰੰਗ ਪ੍ਰਭੂ ਦਾ ਲੋੜਿਆ ਸੀ।
ਵੇਸ,ਭੇਖ,ਪਾਖੰਡ,ਅਗਿਆਨਤਾ ਨੂੰ,
ਸ਼ਬਦ ਬਾਣ ਨੇ ਮੁੱਢੋਂ ਹੀ ਤੋੜਿਆ ਸੀ।
ਅੱਤ ਹੋਈ ਨਾ ਕਿਧਰੇ ਕਠੋਰਤਾ ਦੀ,
ਤਾ ਹੀਂ ਪੀਰੀ ਸੰਗ ਮੀਰੀ ਨੂੰ ਜੋੜਿਆ ਸੀ।
ਵੈਰੀ ਤਾਈਂ ਜਦ ਸੱਚ ਵੰਗਾਰ ਪਾਵੇ,
ਕੜਕ ਤੇਗ ਦੀ ਜਾਪੇ ਜਿਉ ਕਾਲ ਉੱਤੇ।
ਮੀਰੀ ਪੀਰੀ ਦੀਆਂ ਪਹਿਨਕੇ ਦੋ ਤੇਗਾਂ,
ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ।
ਛੇਵੇਂ ਗੁਰਾਂ ਨੇ ਸਿੱਖਾਂ ਨੂੰ ਹੁਕਮ ਕੀਤਾ,
ਜਦੋ ਜਦੋ ਵੀ ਗੁਰੂ ਕੋਲ ਆਵਣਾ ਜੇ।
ਨੇਜੇ,ਤੀਰ,ਤਲਵਾਰ,ਹਥਿਆਰ ਸੱਭੇ,
ਜੋ ਜੋ ਮਿਲੇ ਉਹ ਨਾਲ ਲਿਆਵਣਾ ਜੇ।
ਸ਼ਸ਼ਤਰ-ਵਿਦਿਆ ਵਿੱਚ ਨਿਪੁੰਨ ਹੋਣਾ,
ਨਾ ਹੀ ਸ਼ਾਸ਼ਤਰ ਮਨੋਂ ਭੁਲਾਵਣਾ ਜੇ।
ਸਿੱਖੋ ਘੋੜ-ਸਵਾਰੀ ਤੇ ਜੰਗ ਕਰਨੀ,
ਸੰਤ ਨਾਲ ਸਿਪਾਹੀ ਕਹਾਵਣਾ ਜੇ।
ਪਹਿਲ ਕਰਨੀ ਨਹੀਂ,ਐਪਰ ਜੇ ਵਾਰ ਹੋਵੇ,
ਚੱਲੇ ਤੇਗ ਫਿਰ ਪੌਣ ਦੀ ਚਾਲ ਉੱਤੇ।
ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾਂ,
ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ।
ਖੁਦ ਘੋੜੇ ਤੇ ਚੜ੍ਹੇ ਹਜੂਰ ਮੇਰੇ,
ਜਾ ਕੇ ਜੰਗਲਾਂ ਵਿਚ ਸ਼ਿਕਾਰ ਕੀਤਾ।
ਸ਼ੇਰ ਨਾਲ ਹੋਇਆ ਕਿਧਰੇ ਟਾਕਰਾ ਜੇ,
ਇੱਕੋ ਝਟਕੇ ਨਾਲ ਉਹਨੂੰ ਸੀ ਪਾਰ ਕੀਤਾ।
ਭਗਤੀ-ਦਰ ਹਰਿਮੰਦਰ ਦੇ ਐਨ ਸਾਹਵੇਂ,
ਉੱਚਾ ਤਖਤ-ਅਕਾਲ ਤਿਆਰ ਕੀਤਾ।
ਦਿਸਣ ਝੂਲਦੇ ਦੋਵੇਂ ਨਿਸ਼ਾਨ ਉੱਚੇ,
ਬੇਗਮ-ਪੁਰੇ ਦਾ ਖਾਕਾ ਤਿਆਰ ਕੀਤਾ।
ਕਦਮਾਂ ਤੇਰਿਆਂ ਤੇ ਸਦਾ ਰਹਾਂ ਚੱਲਦਾ,
ਮਿਹਰ ਕਰੇਂ ਜੇ ਦਾਤਾ ‘ਰੁਪਾਲ’ ਉੱਤੇ।
ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾਂ,
ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ।