ਸੁਖਬੀਰ ਸਿੰਘ ਬਾਦਲ ਨੇ ਫ਼ਰਵਰੀ 2024 ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਤਾਂ ਜੋ ਅਕਾਲੀ ਦਲ ਦੇ ਵਰਕਰਾਂ ਨੂੰ ਲਾਮਬੰਦ ਕਰਕੇ ਪਾਰਟੀ ਨੂੰ ਮੁੜ ਮਜ਼ਬੂਤ ਕਰਕੇ ਪੰਜਾਬ ਵਿੱਚ ਪਾਰਟੀ ਦਾ ਆਧਾਰ ਵਧਾਇਆ ਜਾ ਸਕੇ। ਪੰਜਾਬ ਬਚਾਓ ਯਾਤਰਾ ਅੱਧ ਵਿਚਕਾਰ ਹੀ ਛੱਡਣੀ ਪਈ ਪ੍ਰੰਤੂ ਹੁਣ ਟਕਸਾਲੀ ਅਕਾਲੀ ਨੇਤਾਵਾਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਵੰਗਾਰਦਿਆਂ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕਰਨ ਦਾ ਐਲਾਨ ਕੀਤਾ ਹੈ। ਟਕਸਾਲੀ ਅਕਾਲੀ ਨੇਤਾ ਇਸ ਲਹਿਰ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦੀ ਗੱਲ ਕਰਦੇ ਹਨ।
ਟਕਸਾਲੀ ਸ੍ਰੀ ਅਕਾਲ ਤਖ਼ਤ ਤੋਂ ਇਹ ਲਹਿਰ ਸ਼ੁਰੂ ਕਰਕੇ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਪੰਥਕ ਪਰੰਪਰਾਵਾਂ ਅਨੁਸਾਰ ਚਲਣ ਵਾਲੀ ਹੈ। ਪ੍ਰੰਤੂ ਸੁਖਬੀਰ ਸਿੰਘ ਬਾਦਲ ਪੰਥਕ ਪਾਰਟੀ ਨੂੰ ਲੀਹਾਂ ਤੋਂ ਲਾਹ ਕੇ ਕੰਮ ਕਰ ਰਹੇ ਸਨ। ਅਸਲ ਵਿੱਚ ਟਕਸਾਲੀਆਂ ਦੀ ਭਾਵਨਾ ਸੁਖਬੀਰ ਸਿੰਘ ਬਾਦਲ ਵਿਰੁੱਧ ਅਕਾਲੀ ਵਰਕਰਾਂ ਨੂੰ ਸੰਗਠਤ ਕਰਨ ਦੀ ਯੋਜਨਾ ਲੱਗਦੀ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ 103 ਸਾਲ ਪੁਰਾਣੀ ਜੁਝਾਰੂਆਂ ਦੀ ਕੁਰਬਾਨੀਆਂ ਦੇਣ ਵਾਲੀ ਰੀਜਨਲ ਪਾਰਟੀ ਬਿਖਰਨ ਦੇ ਕਿਨਾਰੇ ਪਹੁੰਚ ਗਈ ਹੈ। ਸਮੁੱਚੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਬਣਿਆਂ ਹੋਇਆ ਹੈ ਕਿਉਂਕਿ ਦੇਸ਼ ਦੀ ਇਹ ਪਹਿਲੀ ਰੀਜਨਲ ਪਾਰਟੀ ਹੈ, ਜਿਸ ਦਾ ਅਸਤਿਤਵ ਖ਼ਤਰੇ ਵਿੱਚ ਪੈ ਗਿਆ ਹੈ। ਅੱਜ ਕਲ੍ਹ ਕੌਮੀ ਪਾਰਟੀਆਂ ਦੀ ਸਿਆਸੀ ਅਸਥਿਰਤਾ ਕਰਕੇ ਰੀਜਨਲ ਪਾਰਟੀਆਂ ਦੀ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਹੋਂਦ ਬਰਕਰਾਰ ਰਹਿਣਾ ਅਤਿਅੰਤ ਜ਼ਰੂਰੀ ਹੈ। ਅਜਿਹੇ ਨਾਜ਼ਕ ਸਮੇਂ ਜਦੋਂ ਕੇਂਦਰ ਵਿੱਚ ਗਠਜੋੜ ਸਰਕਾਰਾਂ ਦੀ ਪ੍ਰਣਾਲੀ ਚਲ ਰਹੀ ਹੈ ਤਾਂ ਅਕਾਲੀ ਦਲ ਦਾ ਬਿਖ਼ਰਨਾ ਪੰਜਾਬੀਆਂ ਲਈ ਨੁਕਸਾਨਦਾਇਕ ਸਾਬਤ ਹੋਵੇਗਾ। ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਪਿਛਲੇ 7 ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੀਨੀਅਰ ਅਕਾਲੀ ਨੇਤਾ ਮਹਿਸੂਸ ਕਰ ਰਹੇ ਹਨ ਕਿ ਅਕਾਲੀ ਦਲ ਕੋਈ ਪਿਤਾ ਪੁਰਖੀ ਪਾਰਟੀ ਨਹੀਂ ਹੈ। ਇਸ ਲਈ ਪਾਰਟੀ ਦੇ ਸੰਵਿਧਾਨ ਅਨੁਸਾਰ ਅੰਦਰੂਨੀ ਪਰਜਾਤੰਤਰਿਕ ਢੰਗ ਨਾਲ ਚੋਣ ਹੋਣੀ ਜ਼ਰੂਰੀ ਹੈ। ਪਰਕਾਸ਼ ਸਿੰਘ ਬਾਦਲ ਨੇ ਆਪਣੀ ਸਰਪ੍ਰਸਤੀ ਹੇਠ ਸਾਰੇ ਸੀਨੀਅਰ ਨੇਤਾਵਾਂ ਨੂੰ ਅਣਡਿਠ ਕਰਕੇ ਸੁਖਬੀਰ ਸਿੰਘ ਬਾਦਲ ਨੂੰ 2008 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ 2009 ਵਿੱਚ ਉਪ ਮੁੱਖ ਮੰਤਰੀ ਬਣਾ ਲਿਆ ਸੀ। ਜਦੋਂ ਤੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਿਆਂ ਹੈ ਉਦੋਂ ਤੋਂ ਹੀ ਪਾਰਟੀ ਵਿੱਚ ਘੁਸਰ ਮੁਸਰ ਹੋ ਰਹੀ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ। ਨਤੀਜੇ ਨਿਰਾਸ਼ਾਜਨਕ ਰਹੇ ਹਨ। 2022 ਵਿੱਚ ਤਾਂ ਪਾਰਟੀ ਸਿਰਫ 3 ਵਿਧਾਨ ਸਭਾ ਸੀਟਾਂ ਜਿੱਤ ਸਕੀ,
ਇਥੋਂ ਤੱਕ ਕਿ ਪਰਕਾਸ਼ ਸਿੰਘ ਬਾਦਲ ਵੀ ਲੰਬੀ ਤੋਂ ਚੋਣ ਹਾਰ ਗਏ ਸਨ। 2024 ਦੀਆਂ ਲੋਕ ਸਭਾ ਚੋਣਾ ਵਿੱਚ 13 ਲੋਕ ਸਭਾ ਸੀਟਾਂ ਵਿੱਚੋਂ ਸਿਰਫ ਇੱਕ ਬਠਿੰਡਾ ਦੀ ਸੀਟ ਜਿੱਤ ਸਕੇ ਤੇ 10 ਸੀਟਾਂ ਤੋਂ ਪਾਰਟੀ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ। ਵੋਟ ਪ੍ਰਤੀਸ਼ਤ 12 ਫ਼ੀ ਸਦੀ ਰਹਿ ਗਈ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੀ ਵੋਟ ਪ੍ਰਤੀਸ਼ਤ 18 ਹੋ ਗਈ। ਜਿਸ ਕਰਕੇ ਟਕਸਾਲੀ ਅਕਾਲੀ ਨੇਤਾਵਾਂ ਵਿੱਚ ਨਿਰਾਸ਼ਾ ਫ਼ੈਲ ਗਈ। ਇਸ ਕਰਕੇ ਉਨ੍ਹਾਂ ਨੇ ਸੀਨੀਅਰ ਅਕਾਲੀ ਨੇਤਾ ਮਰਹੂਮ ਕੁਲਦੀਪ ਸਿੰਘ ਬਡਾਲਾ ਦੇ ਫਾਰਮ ਹਾਊਸ ਵਿੱਚ ਟਕਸਾਲੀ ਨੇਤਾਵਾਂ ਦੀ ਮੀਟਿੰਗ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਵਰਕਰਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਸਤੀਫ਼ਾ ਦੇਣ ਲਈ ਮਤਾ ਪਾਸ ਕੀਤਾ ਗਿਆ ਹੈ। ਪਰਕਾਸ਼ ਸਿੰਘ ਬਾਦਲ ਦੇ ਜਿਉਂਦਿਆਂ ਹੀ ਸੀਨੀਅਰ ਨੇਤਾਵਾਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਸੀ। 2019 ਵਿੱਚ ਮਾਝੇ ਦੇ ਜਰਨੈਲ ਦੇ ਤੌਰ ‘ਤੇ ਜਾਣੇ ਜਾਂਦੇ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਛੱਡ ਗਏ। ਉਨ੍ਹਾਂ ਨੇ ਆਪਣਾ ਅਕਾਲੀ ਦਲ ਟਕਸਾਲੀ ਬਣਾ ਲਿਆ। ਫਿਰ ਸੁਖਦੇਵ ਸਿੰਘ ਢੀਂਡਸਾ 2020 ਵਿੱਚ ਵੱਖਰੇ ਹੋ ਗਏ ਤੇ ਉਨ੍ਹਾਂ ਸੰਯੁਕਤ ਅਕਾਲੀ ਦਲ ਬਣਾ ਲਿਆ। ਇਸ ਪ੍ਰਕਾਰ ਅਕਾਲੀ ਦਲ ਨੂੰ ਖੋਰਾ ਲੱਗਦਾ ਰਿਹਾ। ਪਰਕਾਸ਼ ਸਿੰਘ ਬਾਦਲ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ ਇਹ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਲਈ ਵੱਡੀ ਵੰਗਾਰ ਖੜ੍ਹੀ ਹੋ ਗਈ ਹੈ।
ਇਸ ਵਾਰ ਸ੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨਾ ਦੇ ਪਰਿਵਾਰਿਕ ਮੈਂਬਰ ਜਿਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੀਤ ਕੌਰ, ਮੋਹਣ ਸਿੰਘ ਤੁੜ ਦਾ ਜਵਾਈ ਸੁਚਾ ਸਿੰਘ ਛੋਟੇਪੁਰ, ਜਗਦੇਵ ਸਿੰਘ ਤਲਵੰਡੀ ਦੀ ਨੂੰਹ ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਜਾਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਲੜਕਾ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦਾ ਲੜਕਾ ਭਾਈ ਮਨਜੀਤ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਦੋਹਤਾ ਹਰਿੰਦਰਪਾਲ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ ਦਾ ਲੜਕਾ ਗਗਨਦੀਪ ਸਿੰਘ ਬਰਨਾਲਾ, ਸਿਕੰਦਰ ਸਿੰਘ ਮਲੂਕਾ, ਬੀਬੀ ਪਰਮਜੀਤ ਕੌਰ ਲਾਂਡਰਾਂ ਆਦਿ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣ ਲਈ ਆਯੋਜਤ ਮੀਟਿੰਗ ਵਿੱਚ ਹਿੱਸਾ ਲਿਆ ਹੈ। ਇਸ ਤੋਂ ਪਹਿਲਾਂ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵਿਅਕਤੀ ਇਕ ਪੋਸਟ ਲਈ ਪਰਕਾਸ਼ ਸਿੰਘ ਬਾਦਲ ਨੂੰ ਨਵੰਬਰ 1998 ਵਿੱਚ ਸੁਝਾਅ ਦਿੱਤਾ ਸੀ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ 16 ਮਾਰਚ 1999 ਨੂੰ ਖਾਲਸਾ ਸਾਜਨਾ ਦੇ 300 ਸਾਲਾ ਸਮਾਗਮ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਣਾ ਸਰਬ ਹਿੰਦ ਅਕਾਲੀ ਦਲ ਬਣਾ ਲਿਆ ਸੀ। ਉਸ ਤੋਂ ਬਾਅਦ 2002 ਵਿੱਚ ਹੋਈਆਂ ਵਿਧਾਨ ਸਭਾ ਚੋਣਾ ਵਿੱਚ ਭਾਵੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਰਬ ਹਿੰਦ ਅਕਾਲੀ ਦਲ ਦਾ ਇਕ ਵੀ ਉਮੀਦਵਾਰ ਜਿੱਤ ਨਹੀਂ ਸਕਿਆ ਸੀ ਪ੍ਰੰਤੂ ਬਾਦਲ ਦਲ ਨੂੰ ਹਰਾਉਣ ਵਿੱਚ ਯੋਗਦਾਨ ਪਾਇਆ ਸੀ।
ਇਸ ਦਾ ਭਾਵ ਇਹ ਹੈ ਕਿ ਬਾਦਲ ਪਰਿਵਾਰ ਹਰ ਹਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੇ ਆਪਣਾ ਕਬਜ਼ਾ ਰੱਖਣਾ ਚਾਹੁੰਦਾ ਹੈ। ਭਾਵੇਂ ਅਕਾਲੀ ਦਲ ਵਿੱਚ ਪਹਿਲਾਂ ਵੀ ਬਹੁਤ ਉਤਰਾਅ ਚੜ੍ਹਾਅ ਆਏ ਹਨ ਪ੍ਰੰਤੂ ਪਹਿਲੀਆਂ ਬਗਾਬਤੀ ਸੁਰਾਂ ਸਾਰਥਿਕ ਸਾਬਤ ਨਹੀਂ ਹੋਈਆਂ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਮਿਕਨਾਤੀਸੀ ਸਿਆਸਤ ਨੇ ਕਿਸੇ ਵਿਰੋਧੀ ਨੂੰ ਉਠਣ ਹੀ ਨਹੀਂ ਦਿੱਤਾ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾਵਾਂ ਵੱਲੋਂ ਸੰਗਠਤ ਢੰਗ ਨਾਲ ਪ੍ਰੋਗਰਾਮ ਉਲੀਕਿਆ ਗਿਆ ਹੈ। ਵੇਖਣ ਵਾਲੀ ਗੱਲ ਹੈ ਕਿ ਵਿਦੇਸ਼ ਦਾ ਪੜ੍ਹਿਆ ਸੁਖਬੀਰ ਸਿੰਘ ਬਾਦਲ ਇਸ ਜਵਾਰਭਾਟੇ ਦੀ ਲਹਿਰ ਦਾ ਮੁਕਾਬਲਾ ਕਰ ਸਕੇਗਾ ਜਾਂ ਫਿਰ ਬਾਦਲ ਪਰਿਵਾਰ ਦਾ ਗਲਬਾ ਢਹਿ ਢੇਰੀ ਹੋ ਜਾਵਗਾ। ਪਰਕਾਸ਼ ਸਿੰਘ ਬਾਦਲ ਨੂੰ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਸ ਨੇ ਆਪਣੀ ਸਿਆਸੀ ਕਾਬਲੀਅਤ ਨਾਲ ਅਕਾਲੀ ਦਲ ਦੇ ਕਿਸੇ ਵੀ ਨੇਤਾ ਨੂੰ ਆਪਣੇ ਬਰਾਬਰ ਉਭਰਨ ਹੀ ਨਹੀਂ ਦਿੱਤਾ। ਭਾਵੇਂ ਇੱਕ ਦਰਜਨ ਤੋਂ ਵੱਧ ਅਕਾਲੀ ਦਲ ਅਜੇ ਵੀ ਪੰਜਾਬ ਵਿੱਚ ਬਣੇ ਹੋਏ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਬਾਦਲ ਸਭ ਤੋਂ ਮਜ਼ਬੂਤ ਅਕਾਲੀ ਦਲ ਹੈ। ਅਕਾਲੀ ਦਲ ਨੂੰ ਸਿਆਸੀ ਤਾਕਤ ਗੁਰੂ ਘਰਾਂ ਤੋਂ ਮਿਲਦੀ ਹੈ। ਜਿਸ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੁੰਦਾ ਹੈ, ਉਹ ਹੀ ਮੁੱਖ ਧਾਰਾ ਵਾਲਾ ਅਕਾਲੀ ਦਲ ਸਥਾਪਤ ਸਮਝਿਆ ਜਾਂਦਾ ਹੈ, ਕਿਉਂਕਿ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਉਸ ਅਕਾਲੀ ਦਲ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਰਚਾ ਕਰਦੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਰਿਹਾ ਹੈ, ਇਸ ਕਰਕੇ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਦਲ ਪਰਿਵਾਰ ਨੇ ਹੋਣ ਨਹੀਂ ਦਿੱਤੀਆਂ, ਕਿਉਂਕਿ ਹੋ ਸਕਦਾ ਬਾਦਲ ਧੜਾ ਕਮੇਟੀ ਦੀਆਂ ਚੋਣਾਂ ਹਾਰ ਨਾ ਜਾਵੇ ਤੇ ਅਕਾਲੀ ਦਲ ਤੋਂ ਵੀ ਕਬਜ਼ਾ ਛੱਡਣਾ ਪੈ ਸਕਦਾ ਹੈ।
ਜਦੋਂ ਟਕਸਾਲੀ ਨੇਤਾਵਾਂ ਦੀ ਜਲੰਧਰ ਵਿਖੇ ਮੀਟਿੰਗ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਤਾ ਪਾਸ ਕਰ ਰਹੀ ਸੀ ਤਾਂ ਦੂਜੇ ਪਾਸੇ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਸੁਖਬੀਰ ਸਿੰਘ ਬਾਦਲ ਆਪਣੇ ਸਮਰਥਕਾਂ ਨਾਲ ਅਗਲੀ ਰਣਨੀਤੀ ਬਣਾਉਣ ਲਈ ਮੀਟਿੰਗ ਕਰ ਰਿਹਾ ਸੀ। ਇਸ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ ਗਿਆ ਹੈ। ਚੰਡੀਗੜ੍ਹ ਵਾਲੀ ਮੀਟਿੰਗ ਵਿੱਚ ਬਲਵਿੰਦਰ ਸਿੰਘ ਭੁੰਦੜ ਅਤੇ ਜਨਮੇਜਾ ਸਿੰਘ ਸੇਖ਼ੋਂ ਤੋਂ ਬਿਨਾ ਹੋਰ ਕੋਈ ਬਹੁਤੇ ਸੀਨੀਅਰ ਲੀਡਰ ਹਾਜ਼ਰ ਨਹੀਂ ਸਨ। ਸਿੱਖ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹਨ, ਉਹ ਸ਼੍ਰੋਮਣੀ ਅਕਾਲੀ ਦਲ ਵਰਗੀ ਰੀਜਨਲ ਪਾਰਟੀ ਦਾ ਅਜਿਹੇ ਸੰਕਟ ਵਿੱਚ ਹੋਣ ‘ਤੇ ਚਿੰਤਾ ਪ੍ਰਗਟ ਕਰ ਰਹੇ ਹਨ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਕਾਲੀ ਦਲ ਕਦੀਂ ਵੀ ਖ਼ਤਮ ਨਹੀਂ ਹੋਵੇਗਾ, ਅਜਿਹੇ ਜਵਾਰਭਾਟੇ ਵਰਗੀਆਂ ਲਹਿਰਾਂ ਪਹਿਲਾਂ ਵੀ ਆਈਆਂ ਹਨ ਤੇ ਅੱਗੋਂ ਨੂੰ ਵੀ ਆਉਂਦੀਆਂ ਰਹਿਣਗੀਆਂ। ਪੜਚੋਲਕਾਰ ਮਹਿਸੂਸ ਕਰਦੇ ਹਨ, ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਹਿੱਤਾਂ ਲਈ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਬਿਲਕੁਲ ਇਸ ਤਰ੍ਹਾਂ ਹੀ ਗਾਂਧੀ ਪਰਿਵਾਰ ‘ਤੇ ਪਰਿਵਾਰਵਾਦ ਦਾ ਇਲਜ਼ਾਮ ਲਗਦਾ ਸੀ ਤਾਂ ਉਨ੍ਹਾਂ ਨੇ ਮਲਿਕ ਅਰਜੁਨ ਖੜਗੇ ਨੂੰ ਪ੍ਰਧਾਨ ਬਣਾਕੇ ਇਹ ਇਲਜ਼ਾਮ ਲਾਹ ਦਿੱਤਾ ਹੈ ਭਾਵੇਂ ਤੂਤੀ ਗਾਂਧੀ ਪਰਿਵਾਰ ਦੀ ਹੀ ਬੋਲਦੀ ਹੈ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਕੋਈ ਹੋਰ ਲੀਡਰ ਨੂੰ ਪ੍ਰਧਾਨ ਬਣਾਕੇ ਅਕਾਲੀ ਦਲ ਨੂੰ ਸੰਕਟ ਵਿੱਚੋਂ ਕੱਢਣ ਦੀ ਪਹਿਲ ਕਰਨੀ ਚਾਹੀਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ