ਮੇਰੇ ਚਾਚਾ ਜੀ ਸ਼੍ਰੀ ਜੀਵਨ ਝਾਂਜੀ ਕਦੇ ਕਦੇ ਇੱਕ ਗੀਤ ਗੁਣਗੁਣਾਇਆ ਕਰਦੇ ਸਨ “ਮਾਏ ਬੁੱਲੜ ਲੈਣ ਆ ਗਿਆ ਹਈ ਸ਼ਾਵਾ”। ਪਤਾ ਨਹੀਂ ਇਹ ਕੋਈ ਲੋਕਗੀਤ ਹੈ ਜਾਂ ਉਹਨਾਂ ਨੇ ਕਿਤੋਂ ਸੁਣ ਕੇ ਚੇਤਿਆਂ ਵਿਚ ਸਾਂਭ ਰੱਖਿਆ ਸੀ ਜਾਂ ਉਹਨਾਂ ਦੇ ਖੁਦ ਦੇ ਦਿਮਾਗ ਦੀ ਉਪਜ ਸੀ। ਪਰ ਇਹ ਗੀਤ ਵਿਆਹ ਦੇ ਰਸਮ-ਓ-ਰਿਵਾਜ਼ (ਗੀਤ-ਸੰਗੀਤ) ਮੌਕੇ ਸਾਡੇ ਪਰਿਵਾਰ ਵਿੱਚ ਅਕਸਰ ਹੀ ਗਾਇਆ ਜਾਂਦਾ ਸੀ। ਅੱਜ ਵੀ ਗਾਇਆ ਜਾਂਦਾ ਹੈ। ਇਸ ਗੀਤ ਵਿੱਚ ਅੱਗੇ ਜਾ ਕੇ ਸਤਰਾਂ ਆਉਂਦੀਆਂ ਹਨ :
ਟਿੱਡੀਆਂ ਦਾ ਦੁੱਧ ਰਿੜਕਾਂ,
ਠਾਣੇਦਾਰ ਲੱਸੀ ਨੂੰ ਆਏ,
ਇੱਕ ਟਿੱਡੀ ਮਰ ਵੇ ਗਈ,
ਸਾਨੂੰ ਅੱਸੀਆਂ ਦਾ ਘਾਟਾ ਹੋਇਆ।
ਇਹ ਗਾ ਕੇ, ਸੁਣ ਕੇ ਮਜ਼ਾ ਤਾਂ ਬਹੁਤ ਆਉਂਦਾ ਸੀ ਪਰ ਜਦੋਂ ਸੋਚਦੇ ਤਾਂ ਸੋਚਣਾ ਕਿ ਇਹ ਤਾਂ ਉਵੇਂ ਹੀ ਹੈ, ਮਨਪਰਚਾਵੇ ਅਤੇ ਹਾਸੇ ਠੱਠੇ ਲਈ ਕਿਉਂਕਿ ਟਿੱਡੀਆਂ ਕਦੇ ਦੁੱਧ ਨਹੀਂ ਦਿਆ ਕਰਦੀਆਂ ਕਿਉਂਕਿ ਇਹ ਥਣਧਾਰੀ ਜੀਵ ਨਹੀਂ ਹੈ।
ਪਰ ਮੇਰੀ ਇਸ ਸੋਚ ਨੂੰ ਪਿੱਛੇ ਜਿਹੇ ਭਾਰਤੀ ਖੋਜ ਸੰਸਥਾਨ “ਇੰਸਟੀਚਿਊਟ ਫਾਰ ਸਟੈਮ ਸੈਲ ਬਾਇਲੋਜੀ ਅਤੇ ਰਿਜ਼ਨਰੇਟਿਵ ਮੈਡੀਸਨ” ਦੇ ਵਿਗਿਆਨਿਕ ਸੁਬਰਮਨੀਅਮ ਰਾਮਾਸਰਮਈ ਦੀ ਇੱਕ ਖੋਜ ਨੇ ਬਦਲ ਕੇ ਰੱਖ ਦਿੱਤਾ ਹੈ। ਇਸ ਖੋਜ ਵਿੱਚ ਉਹਨਾਂ ਨੇ ਟਿੱਡੀਆਂ ਦੀ ਗੱਲ ਤਾਂ ਨਹੀਂ ਕੀਤੀ ਪਰ ਟਿੱਡੀਆਂ ਦੀ ਨੇੜਲੀ ਸਕੀਰੀ ਵਿੱਚ ਆਉਂਦੇ ਕਾਕਰੋਚਾਂ ਦੀ ਗੱਲ ਕੀਤੀ ਹੈ। ਹਾਂ ਜੀ ਉਹੀ ਕਾਕਰੋਚ ਜਿਨ੍ਹਾਂ ਤੋਂ ਡਰ ਕੇ ਕਈ ਲੋਕ ਚੀਕਾਂ ਛੱਡ ਦਿੰਦੇ ਹਨ। ਉਨਾਂ ਦੇ ਅਨੁਸਾਰ ਅਮਰੀਕਾ ਦੇ ਹਵਾਈ ਦੀਪ ਅਤੇ ਉਸ ਦੀਆਂ ਨੇੜਲੀਆਂ ਥਾਵਾਂ ‘ਤੇ ਪੈਸਫਿਕ ਬੀਟਲ ਨਾਮ ਦੀ ਕਾਕਰੋਚ ਦੀ ਇੱਕ ਕਿਸਮ ਪਾਈ ਜਾਂਦੀ ਹੈ। ਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ਡਿਪਲੋਪਟੇਰਾ ਪੰਕਟਾਟਾ ਕਿਹਾ ਜਾਂਦਾ ਹੈ। ਇਹ ਕਾਕਰੋਚ ਦੀਆਂ ਬਾਕੀ ਪ੍ਰਜਾਤੀਆਂ ਤੋਂ ਬਿਲਕੁਲ ਵੱਖਰੀ ਹੈ ਕਿਉਂਕਿ ਬਾਕੀ ਕਾਕਰੋਚ ਪ੍ਰਜਾਤੀਆਂ ਆਂਡੇ ਦਿੰਦੀਆਂ ਹਨ ਜਦ ਕਿ ਇਹ ਬੱਚੇ ਪੈਦਾ ਕਰਦੀ ਹੈ ਅਤੇ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀ ਹੈ। ਭਾਵ ਥਣਧਾਰੀ ਹੈ।
ਕਾਕਰੋਚ ਦੀ ਇਸ ਪ੍ਰਜਾਤੀ ਦਾ ਦੁੱਧ ਇੰਨਾ ਵਧੀਆ ਹੈ ਕਿ ਵਾਸ਼ਿੰਗਟਨ ਪੋਸਟ ਵਿੱਚ ਛਪੀ ਡਾਕਟਰ ਸੁਬਰਮਨੀਅਮ ਜੀ ਦੀ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਦੁੱਧ ਬਹੁਤ ਕਮਾਲ ਦਾ ਹੈ ਅਤੇ ਸਾਈਡ ਇਫੈਕਟ ਤੋਂ ਬਿਨ੍ਹਾ ਹੈ। ਇਹ ਦੁੱਧ ਇਨਸਾਨਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਸਕਦਾ ਹੈ। ਇਸ ਦੁੱਧ ਦੇ ਫਾਇਦੇ ਬਾ-ਕਮਾਲ ਹਨ।
ਖੋਜੀ ਡਾਕਟਰ ਸੰਚਾਰੀ ਬੈਨਰਜੀ ਦੇ ਹਿਸਾਬ ਨਾਲ ਇਸ ਦੁੱਧ ਵਿੱਚ ਪ੍ਰੋਟੀਨ, ਚਰਬੀ (ਫ਼ੈਟ) ਅਤੇ ਖੰਡ (ਸ਼ੂਗਰ) ਤਿੰਨੇ ਮਿਲ ਕੇ ਇੱਕ ਯੌਗਿਕ ਬਣਾਉਂਦੇ ਹਨ ਜੋ ਬਹੁਤ ਲਾਭਕਾਰੀ ਹੁੰਦਾ ਹੈ। ਕ੍ਰਿਸਟਲੋਗਰਾਫੀ ਦੀ ਅੰਤਰਰਾਸ਼ਟਰੀ ਸੰਸਥਾ ਦੀ ਇੱਕ ਖੋਜ ਦੇ ਮੁਤਾਬਿਕ ਕਾਕਰੋਚ ਦਾ ਦੁਧ ਮੱਝ ਦੇ ਦੁੱਧ ਤੋਂ ਤਿੰਨ ਗੁਣਾ ਵੱਧ ਤਾਕਤਵਰ ਹੁੰਦਾ ਹੈ ਅਤੇ ਇਸ ਵਿੱਚ ਅਮੀਨੋ ਐਸਡ ਵੀ ਚੰਗੀ ਮਿਕਦਾਰ ਵਿੱਚ ਪਾਇਆ ਜਾਂਦਾ ਹੈ। ਗਾਂ ਦੇ ਦੁੱਧ ਤੋਂ ਕਈ ਗੁਣਾ ਜਿਆਦਾ ਇਸ ਵਿੱਚ ਪੌਸਟਿਕ ਤੱਤ ਹੁੰਦੇ ਹਨ। ਜਿਹੜੇ ਕਿ ਜਵਾਨੀ ਨੂੰ ਬਰਕਰਾਰ ਰੱਖਦੇ ਹਨ। ਇਸ ਦੁੱਧ ਦਾ ਸਵਾਦ ਮੂੰਗਫਲੀ ਵਾਲੇ ਮੱਖਣ, ਚਾਕਲੇਟ ਅਤੇ ਚਾਹ ਵਰਗਾ ਰਲਿਆ ਮਿਲਿਆ ਜਿਹਾ ਹੁੰਦਾ ਹੈ। ਇਸ ਦੁੱਧ ਵਿੱਚ ਚੰਗੀ ਚਰਬੀ (ਗੁਡ ਫੈਟ) ਦੀ ਮਿਕਦਾਰ ਵੀ ਗਜਬ ਦੀ ਹੁੰਦੀ ਹੈ। ਇਹ ਭਵਿੱਖ ਦਾ ਵਧੀਆ ਭੋਜਨ (ਸੁਪਰ ਫੂਡ) ਕਿਹਾ ਜਾ ਸਕਦਾ ਹੈ।
ਕੁਝ ਲੋਕ ਅਜਿਹੇ ਹੁੰਦੇ ਹਨ, ਜਿਨਾਂ ਨੂੰ ਦੁੱਧ ਤੋਂ ਐਲਰਜੀ ਹੁੰਦੀ ਹੈ। ਭਾਵ ਉਹ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਨੂੰ ਨਹੀਂ ਪਚਾ ਸਕਦੇ। ਪਰ ਇਹ ਦੁੱਧ ਉਹਨਾਂ ਲੋਕਾਂ ਲਈ ਵੀ ਲਾਹੇਵੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਲੈਕਟੋਜ ਤੋਂ ਮੁਕਤ ਹੁੰਦਾ ਹੈ। ਜਦੋਂ ਦੁੱਧ ਵਿੱਚ ਲੈਕਟੋਜ ਹੋਵੇਗਾ ਹੀ ਨਹੀਂ ਤਾਂ ਸ਼ਰੀਰ ਨੂੰ ਉਸ ਲੈਕਟੋਜ ਨੂੰ ਤੋੜਨ ਦੀ ਲੋੜ ਨਹੀਂ ਪਵੇਗੀ। ਜਿਸ ਕਾਰਨ ਅਜਿਹੇ ਲੋਕ ਢਿਡ ਦੇ ਦਰਦ ਅਤੇ ਗੈਸ ਜਾਂ ਦੁੱਧ ਦੇ ਨਾ ਪਚਣ ਦੀ ਸਮੱਸਿਆ ਤੋਂ ਬਚ ਸਕਣਗੇ।
ਇੱਕ ਹੋਰ ਰਿਪੋਰਟ ਦੇ ਮੁਤਾਬਕ ਇਹਨਾਂ ਕਾਕਰੋਚਾਂ ਦਾ ਇਕ ਕਿਲੋ ਦੁੱਧ ਕੱਢਣ ਦੇ ਲਈ 10 ਹਜ਼ਾਰ ਕਾਕਰੋਚਾਂ ਦੀ ਲੋੜ ਪੈਂਦੀ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਕਾਕਰੋਚ ਦੇ ਦੁੱਧ ਦੀਆਂ ਗੋਲੀਆਂ ਵੀ ਆਉਣੀਆਂ ਸ਼ੁਰੂ ਹੋ ਜਾਣ ਜਿਹੜੀਆਂ ਕਿ ਆਮ ਦਵਾਈ ਵਾਂਗ ਖਾਦੀਆਂ ਜਾ ਸਕਣਗੀਆਂ। ਇਸ ਨੂੰ ਪ੍ਰੋਟੀਨ ਸਪਲੀਮੈਂਟ ਦੇ ਰੂਪ ਵਿੱਚ ਵੀ ਲਿੱਤਾ ਜਾ ਸਕੇਗਾ, ਅਜਿਹੀ ਵਿਗਿਆਨਿਕ ਉਮੀਦ ਕਰਦੇ ਹਨ।