ਅੰਮ੍ਰਿਤਸਰ – ਭਾਈ ਅੰਮ੍ਰਿਤਪਾਲ ਸਿੰਘ ਨੇ ਆਖਿਰ ਐਮਪੀ ਦੇ ਪਦ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਨੇ ਹਲਕਾ ਖਡੂਰ ਸਾਹਿਬ ਤੋ ਦੋ ਲੱਖ ਦੇ ਕਰੀਬ ਵੋਟਾਂ ਪ੍ਰਾਪਤ ਕਰਕੇ ਲੋਕ ਸਭਾ ਸੀਟ ਤੇ ਜਿੱਤ ਦਰਜ਼ ਕਰਵਾਈ ਹੈ। ਲੋਕਸਭਾ ਦੇ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਦੇ ਅਹੁਦੇ ਦੀ ਸਹੁੰ ਚੁਕਵਾਈ। ਦੇਸ਼-ਵਿਦੇਸ਼ ਦੇ ਸਿੱਖ ਭਾਈਚਾਰੇ ਨੇ ਇਸ ਤੇ ਖੁਸ਼ੀ ਜਾਹਿਰ ਕੀਤੀ। ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਨੇ ਇਸ ਸਮੇਂ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪੰਜਾਬ ਦੀ ਜਨਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਦੇ ਲਈ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਚਾਰ ਦਿਨ ਦੀ ਪੈਰੋਲ ਮਿਲੀ ਹੈ। ਉਨ੍ਹਾਂ ਨੂੰ ਕੜੇ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਦਿੱਲੀ ਲਿਆਂਦਾ ਗਿਆ। ਉਨ੍ਹਾਂ ਨੂੰ ਸਖਤ ਸ਼ਰਤਾਂ ਨਾਲ 5 ਜੁਲਾਈ ਤੋਂ ਚਾਰ ਦਿਨਾਂ ਦੀ ਪੈਰੋਲ ਮਿਲੀ ਹੈ। ਇਸ ਦੌਰਾਨ ਉਹ ਨਾ ਤਾਂ ਆਪਣੇ ਪਿੰਡ, ਨਾ ਹੀ ਹਲਕੇ ਵਿੱਚ ਜਾ ਸਕਦੇ ਹਨ ਅਤੇ ਨਾ ਹੀ ਪੰਜਾਬ ਜਾ ਸਕਦੇ ਹਨ। ਇਸ ਸਮੇਂ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੂੰ ਪਰਵਾਰਿਕ ਮੈਂਬਰਾਂ ਦੇ ਇਲਾਵਾ ਹੋਰ ਕਿਸੇ ਨੂੰ ਵੀ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ।
ਵਰਨਣਯੋਗ ਹੈ ਕਿ ਇਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਪਿੱਛਲੇ ਸਾਲ ਤੋਂ ਐਨ. ਐਸ.ਏ. ਦੇ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਜੇਲ੍ਹ ਵਿੱਚ ਨਜ਼ਰਬੰਦੀ ਇੱਕ ਸਾਲ ਲਈ ਹੋਰ ਵਧਾ ਦਿੱਤੀ ਗਈ ਸੀ। ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਦੀ ਇਜ਼ਾਜਤ ਨਹੀਂ ਹੈ।