ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਖਾਲਿਸਤਾਨ ਜਲਾਵਤਨ ਸਰਕਾਰ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਸ: ਗਜਿੰਦਰ ਸਿੰਘ ਬੀਤੇ ਦਿਨੀਂ ਲਾਹੌਰ ਵਿਖੇ ਚਾਲੀ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜਲਾਵਤਨੀ ਕੱਟਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਅਸੀਂ ਉਸ ਨੂੰ ਖਾਲਿਸਤਾਨ ਦੇ ਸੰਘਰਸ਼ ਦੇ ਇੱਕ ਅਸੀਮ ਯੋਧੇ ਦੇ ਰੂਪ ਵਿੱਚ ਦੇਖਦੇ ਹਾਂ ।
ਉਪਰੋਕਤ ਵਿਚਾਰ ਪ੍ਰਗਟ ਕਰਦਿਆਂ ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਜਥੇਦਾਰ ਗੁਰਮੇਜ ਸਿੰਘ ਗਿੱਲ ਯੂ ਕੇ, ਜਥੇਦਾਰ ਬਲਬੀਰ ਸਿੰਘ ਯੂ ਕੇ, ਜਥੇਦਾਰ ਸੁਬੇਗ ਸਿੰਘ ਡੈਨਮਾਰਕ, ਜਥੇਦਾਰ ਸਤਨਾਮ ਸਿੰਘ ਬੱਬਰ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਜਰਮਨੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਅਜ਼ਾਦ ਖਾਲਸਾ ਰਾਜ ਦੀ ਪ੍ਰਾਪਤੀ ਲਈ ਭਾਈ ਗਜਿੰਦਰ ਸਿੰਘ ਨੇ ਆਪਣਾ ਸਾਰਾ ਜੀਵਨ ਅਰਪਿਤ ਕਰ ਦਿੱਤਾ। ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਨੇ ਦਿੱਲੀ ਦਰਬਾਰ ਨਾਲ ਟੱਕਰ ਵਿੱਚ ਕਦੇ ਵੀ ਢਿੱਲ ਨਹੀਂ ਦਿਖਾਈ । ਜਿੱਥੇ ਉਹ ਇਕ ਚੰਗੇ ਨੀਤੀਵੇਤਾ ਸਨ, ਉਹ ਇਕ ਲਿਖਾਰੀ ਤੇ ਸ਼ਾਇਰ ਵੀ ਬਹੁਤ ਵਧੀਆ ਸਨ । ਉਹਨਾਂ ਦੀ ਕਵਿਤਾ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਸਿੱਖ ਨੌਜਵਾਨ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਿਲ ਹੋਏ । ਬੇਸ਼ੱਕ ਉਹ ਆਪਣੇ ਪਰਿਵਾਰ ਤੋਂ ਦੂਰ ਰਹੇ ਪਰ ਉਹ ਆਪਣੇ ਆਪ ਨੂੰ ਗੁਰੂ ਚਰਨਾਂ ਦੇ ਬਹੁਤ ਨੇੜੇ ਰੱਖਦੇ ਸਨ । ਪੰਥ ਨੂੰ ਸਭ ਜਥੇਬੰਦੀਆਂ ਤੋਂ ਪਹਿਲਾਂ ਅਤੇ ਸਭ ਤੋਂ ਉਤੇ ਰੱਖ ਕੇ ਸੋਚਦੇ ਸਨ। ਜਦੋਂ 1981 ਵਿੱਚ ਉਹਨਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗਿਰਫ਼ਤਾਰੀ ਦੇ ਵਿਰੁੱਧ ਭਾਰਤ ਦਾ ਜਹਾਜ਼ ਅਗਵਾ ਕੀਤਾ ਉਸ ਸਮੇਂ ਉਹ ਭਾਰਤੀ ਏਜੰਸੀਆਂ ਦੀਆਂ ਨਜ਼ਰਾਂ ਵਿੱਚ ਆ ਗਏ ਸਨ । ਪਾਕਿਸਤਾਨ ਵਿੱਚ ਜਹਾਜ਼ ਅਗਵਾ ਦੇ ਕੇਸ ਵਿੱਚ ਕੈਦ ਕੱਟਣ ਪਿੱਛੋਂ ਵੀ ਉਹ ਨਾ ਭਾਰਤ ਗਏ ਤੇ ਨਾ ਕਿਸੇ ਹੋਰ ਮੁਲਕ ਵਿੱਚ ਗਏ । ਉਹ ਖ਼ਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਅਜ਼ਾਦੀ ਲਈ ਹਮੇਸ਼ਾਂ ਤਤਪਰ ਰਹਿੰਦੇ ਸਨ । ਖਾਲਸਾ ਰਾਜ ਖਾਲਿਸਤਾਨ ਦੀ ਅਜ਼ਾਦੀ ਦੀ ਤਮੰਨਾ ਆਪਣੇ ਦਿੱਲ ਵਿੱਚ ਲੈ ਕੇ ਅਕਾਲ ਪੁਰਖ ਵੱਲੋਂ ਬਖਸ਼ੇ ਹੋਏ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਬੇਦਾਗ ਜੀਵਨ ਲੈ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਸਰਕਾਰ ਵੱਲੋਂ ਉਹਨਾਂ ਨੂੰ ਖਾਲਿਸਤਾਨੀ ਅਜ਼ਾਦੀ ਦਾ ਯੋਧਾ ਕਰਾਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ । ਪੰਥ ਨੂੰ ਅਜਿਹੇ ਯੋਧਿਆਂ ਦੀ ਹਮੇਸ਼ਾਂ ਹੀ ਲੋੜ ਹੈ, ਪਰ ਗੁਰੂ ਦਾ ਭਾਣਾ ਸਭ ਤੋਂ ਉਪਰ ਹੈ । ਸਰਕਾਰ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹਨਾਂ ਦੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।