ਸਾਡੇੇ ਗੁਆਂਢੀ ਕੋਈ ਵੀਹ ਸਾਲ ਪਹਿਲੋਂ ਆਪਣੇ ਪਿੰਡੋਂ ਆ, ਸ਼ਹਿਰ, ਸਾਡੇ ਨਾਲ ਦੇ ਪਲਾਟ ਵਿੱਚ ਕੋਠੀ ਉਸਾਰ ਕੇ ਰਹਿਣ ਲੱਗੇ। ਦੋ ਬੱਚੇ ਸਨ ਉਹਨਾਂ ਦੇ। ਇੱਕ ਮੁੰਡਾ ਤੇ ਉਸ ਤੋਂ ਛੋਟੀ ਕੁੜੀ। ਦੋਵਾਂ ਦਾ ਫ਼ਰਕ ਕੋਈ ਦੋ ਕੁ ਸਾਲ ਦਾ ਹੀ ਹੋਵੇਗਾ। ਸੋ ਕੁੜੀ ਪਹਿਲੋਂ ਵਿਆਹ ਦਿਤੀ ਲਾਗਲੇ ਸ਼ਹਿਰ ਕਿਸੇ ਡਾਕਟਰ ਨਾਲ। ਸਾਲ ਵਿਚ ਹੀ ਕੁੜੀ ਦੇ ਮੁੰਡਾ ਹੋ ਗਿਆ। ਦੋਵੇਂ ਪਰਿਵਾਰ ਖੁਸ਼ ਸਨ। ਹਾਲਾਂਕਿ ਸਾਡੇ ਗੁਆਂਢੀਆਂ ਦਾ ਕਪੜੇ ਦੇ ਥੋਕ ਦਾ ਚੰਗਾ ਕਾਰੋਬਾਰ ਸੀ ਪਰ ਦੇਖੋ—ਦੇਖੀ ਮੁੰਡਾ ਆਪਣੀ ਪਤਨੀ ਅਤੇ ਆਪਣੇ ਦੋ ਨਿੱਕੇ—ਨਿੱਕੇ ਬੱਚਿਆਂ ਨਾਲ ਕੈਨੇਡਾ ‘ਸੈੱਟ’ ਹੋ ਗਿਆ। ਮੁੰਡਾ, ਉਸਦੀ ਪਤਨੀ ਅਤੇ ਬੱਚਿਆਂ ਨਾਲ ਗੁਆਂਢੀ ‘ਫੇਸ—ਟਾਈਮ’ ਉੱਤੇ ਲੰਮਾ ਲੰਮਾ ਸਮਾਂ ਗੱਲਾਂ ਕਰਦੇ ਰਹਿੰਦੇ। ਜਦੋਂ ਪੋਤਰਾ ਪੋਤਰੀ ਉਹਨਾਂ ਨੂੰ ਤੋਤਲੀ ਜ਼ੁਬਾਨ ਵਿਚ ਦਾਦੂ—ਦਾਦੂ, ਦਾਮਾ—ਦਾਮਾ ਕਹਿੰਦੇ ਤਾਂ ਸਾਡੇ ਗੁਆਂਢੀ ਬੜੇ ਖੁਸ਼ ਹੁੰਦੇ। ਭਾਵੇਂ ਪਿੰਡੋਂ ਆਇਆਂ ਨੂੰ ਵੀਹ ਸਾਲ ਹੋ ਗਏ ਸਨ ਪਰ ਗੁਆਂਢੀ ਸਾਡੇ ਆਪਣਾ ਪੇਂਡੂ ਖਾਸਾ ਨਹੀਂ ਸਨ ਛਡਦੇ। ਕਣਕ, ਮੱਕੀ, ਸਰੋਂ ਅੱਜ ਵੀ ਉਹਨਾਂ ਦੇ ਪਿੰਡੋਂ ਹੀ ਆਉਂਦੀ।
ਉਧਰ ਗੁਆਂਢੀਆਂ ਦਾ ਦੋਹਤਾ ਵੀ ਸੁੱਖ ਨਾਲ ਢਾਈ—ਤਿੰਨ ਵਰਿਆਂ ਦਾ ਹੋ ਗਿਆ ਸੀ। ਕੁੜੀ ਉਹਨਾਂ ਦੀ ਕਿਸੇ ਪ੍ਰਾਈਵੇਟ ਸਕੂਲ ਵਿਚ ਟੀੱਚਰ ਲਗ ਗਈ। ਐਵੇਂ ਮਸ਼ਰੂਫ ਰਹਿਣ ਲਈ। ਹਾਲਾਂਕਿ ਜਵਾਈ ਦੀ ਡਾਕਟਰੀ ਚੰਗੀ ਚਲਦੀ ਸੀ। ਕਿਉਂਕਿ ਦੋਹਤਾ ਹਾਲੇ ਕਾਫ਼ੀ ਛੋਟਾ ਸੀ ਅਤੇ ਸਕੂਲ ਨਹੀਂ ਸੀ ਜਾਣ ਲੱਗਿਆ, ਉਸਦੀ ਮਾਂ ਅਕਸਰ ਉਸਨੂੰ ਉਸਦੇ ਨਾਨਕੇ ਛੱਡ ਜਾਂਦੀ। ਬੜਾ ਹੀ ਪਿਆਰਾ ਬੱਚਾ ਸੀ। ਗੋਗਲੂ ਜਿਹਾ। ਘੁੰਗਰਾਲੇ ਵਾਲ, ਮੋਟੀਆਂ ਅੱਖਾਂ ਤੇ ਗੋਰਾ ਰੰਗ। ਉਸਦੇ ਨਾਲ ਹੀ ਸਾਡੇ ਗੁਆਂਢੀਆਂ ਦੀ ਕੁੜੀ ਨੇ ਆਪਣੇ ਕੋਲ ਰੱਖੀ ‘ਆਇਆ’ ਨੂੰ ਵੀ ਛਡ ਜਾਣਾ। ਲੱਗਭਗ ਸਾਰਾ ਹੀ ਦਿਨ ਦੋਹਤਰਾ ਅਤੇ ਉਸਦੀ ਮੋਨਾ ਆਂਟੀ ਸਾਡੇ ਗੁਆਂਢ ਰਹਿੰਦੇ। ਸ਼ਾਮ ਨੂੰ ਗੁਆਂਢੀਆਂ ਦੀ ਧੀ ਜਾਂ ਜਵਾਈ ਆ ਕੇ ਅੰਕੁਰ ਅਤੇ ਮੋਨਾ ਨੂੰ ਵਾਪਿਸ ਲੈ ਜਾਂਦੇ।
ਬੱਚਾ ਸਾਰਾ ਦਿਨ ਗਵਾਂਢ ਵਿਚ ਰੋਣਕ ਲਾਈ ਰਖਦਾ। ਨਾਨਾ—ਨਾਨੀ ਦਾ ਵੀ ਦਿਲ ਪਰਚਿਆ ਰਹਿੰਦਾ। ਪਰ ਧੀ—ਜੁਆਈ ਵੱਲੋਂ ਇਕ ਬੜੀ ਸਖ਼ਤ ਹਿਦਾਇਤ ਸੀ ਨਾਨੇ—ਨਾਨੀ ਅਤੇ ਮੋਨਾ ਨੂੰ। ਬੱਚੇ ਨਾਲ ਪੰਜਾਬੀ ’ਚ ਗਲ ਨੀ ਕਰਨੀ। ਅਵਲ ਤਾਂ ਅੰਗਰੇਜ਼ੀ ਵਿਚ ਬੋਲੋ, ਨਹੀਂ ਤਾਂ ਹਿੰਦੀ। ਡਾਕਟਰ ਪਾਪਾ ਤੇ ਟੀਚਰ ਮੰਮੀ ਭਾਵੇਂ ਆਪਸ ਵਿਚ ਪੰਜਾਬੀ ’ਚ ਗੱਲਾਂ ਕਰਦੇ ਪਰ ਅੰਕੁਰ ਸਾਹਮਣੇ ਸਿਰਫ਼ ਅੰਗਰੇਜ਼ੀ ਵਿਚ ਹੀ ਬੋਲਦੇ।ਪੇਂਡੂ ਨਾਨਾ—ਨਾਨੀ ਅਤੇ ਬਿਹਾਰਨ ਮੋਨਾ ਵਾਹ ਲੱਗਦੀ ਜੁਆਕ ਨਾਲ ਅੰਗਰੇਜ਼ੀ ਵਿਚ ਗੱਲਾਂ ਕਰਦੇ, ਜਿੰਨੀ ਕੁ ਉਹਨਾਂ ਨੂੰ ਸਿਖਾਈ ਗਈ ਜਾਂ ਆਉਂਦੀ ਹੁੰਦੀ।
“ਵੋਹ ਦੇਖੋ ਟਰੀ ਪਰ ਕਰੋਅ”
“ਅੰਕੁਰ ਬਾਬਾ, ਵਹਾਂ ਨਹੀਂ ਯਹਾਂ ਸਿੱਟ”
“ਉਰੇ ਆਓ, ਕਮ—ਕਮ, ਸਲੋਅ, ਰੰਨ ਮਤ ਕਰੋ”
“ਵੋਹ ਦੇਖੋ, ਸਕਾਈ ਮੈਂ ਐਰੋਪਲੇਨ”
“ਅੰਕੁਰ ਪੋਟੀ ਆਈ ਤੋਂ ਬਤਾ ਦੇਣਾ, ਕਲੋਥਜ਼ ਮੈਂ ਨਹੀਂ ਕਰਨੀ”
“ਚਲੋ ਅੰਕੁਰ ਪੁੱਤ ਸਲੀਪੀ ਸਲੀਪੀ ਕਰੋ”
ਨਾਨਕੇ ਘਰ ਅੰਕੁਰ ਅਜਿਹੇ ਵਾਕ ਡੋਰ—ਭੋਰ ਹੋਇਆ ਸੁਣਦਾ ਰਹਿੰਦਾ ਤੇ ਵਿੱਚੇ ਹੀ ਆਪਣੀਆਂ ਤੋਤਲੀਆਂ ਮੋਤਲੀਆਂ ਕਹਿ ਛਡਦਾ।
ਪਰ ਅੱਜ ਤਾਂ ਅੰਕੁਰ ਨੇ ਜਿਵੇਂ ਸਾਰਾ ਨਾਨਕਾ ਘਰ ਹੀ ਸਿਰ ਉੱਤੇ ਚੁੱਕਿਆ ਹੋਇਆ ਸੀ। ਪਤਾ ਨੀ ਕਿਹੜੀ ਗਲੋਂ ਉਹ ਜਿਉਂ ਰੋਣ ਲੱਗਿਆ, ਜਿਉਂ ਰੋਣ ਲੱਗਿਆ ਕਿ ਹਟਣ ਦਾ ਨਾਂ ਹੀ ਨਾ ਲਵੇ।
“ਨੋ, ਨੋ ਕਰਾਈ… ਨੋ” ਨਾਨਾ—ਨਾਨੀ ਅੰਕੁਰ ਨੂੰ ਚੁੱਪ ਕਰਵਾਉਣ ਦੀ ਅਸਫ਼ਲ ਕੋਸਿ਼ਸ ਕਰ ਰਹੇ ਸਨ।
ਹੁਣ ਉਸਦੇ ਲਗਾਤਾਰ ਰੋਣ ਦੀ ਅਵਾਜ਼ ਆਲੇ ਦੁਆਲੇ ਦੀ ਸ਼ਾਂਤੀ ਭੰਗ ਕਰਨ ਲੱਗੀ। ਮੈਥੋਂ ਰਿਹਾ ਨਾ ਗਿਆ। ਬੰਨੇਰੇ ਤੋਂ ਹੀ ਗੁਆਂਢੀਆਂ ਨੂੰ ਪੁੱਛਿਆ, “ਕੀ ਗੱਲ ਭਾਈ ਸਾਹਿਬ… ਕੀ ਹੋਇਆ ਅੱਜ ਅੰਕੁਰ ਨੂੰ? ਤਬੀਅਤ ਤਾਂ ਠੀਕ ਹੈ… ਅੱਗੇ ਤਾਂ ਕਦੇ ਐਨਾ ਚਿਰ ਨੀ ਰੋਇਆ।”
“ਕੀ ਦੱਸੀਏ ਜੀ.. ਇਹਦਾ ਕਿਤੇ ਟੁਆਏ ਟੁਟ ਗਿਆ। ਲੱਗ ਗਿਆ ਰੋਣ। ਧੀ—ਜੁਆਈ ਨੇ ਕਿਹੈ ਬਈ ਇਹਦੇ ਨਾਲ ਅੰਗਰੇਜ਼ੀ ’ਚ ਹੀ ਗਲ ਕਰਨੀ ਹੈ। ਜੇ ਨਾ ਕਰੀਏ ਤਾਂ ਮੋਨਾ ਸਿ਼ਕਾਇਤਾਂ ਕਰਦੀ ਹੈ। ਆਪਣੇ ਤਰੀਕੇ ਅਸੀਂ ਬਥੇਰਾ ਜ਼ੋਰ ਲਾ ਲਿਆ ਇਹਨੂੰ ਚੁਪ ਕਰਵਾਉਣ ਲਈ। ਗਲ ਨਹੀਂ ਬਣੀ…। ਹੁਣ ਸਾਨੂੰ ਇਹ ਨੀ ਪਤਾ ਬਈ ਇਹਨੂੰ ਅੰਗਰੇਜ਼ੀ ’ਚ ਕਿਵੇਂ ਬਰਾਈਐ।”
ਗੁਆਂਢੀ ਮੇਰੇ, ਅੰਕੁਰ ਦੇ ਅੰਗਰੇਜ਼ੀ ਰੋਣੇ ਮੂਹਰੇ ਜਿਵੇਂ ਰੋਣਹਾਕੇ ਹੋਏ ਖੜੇ ਸਨ।