ਨਿਊਯਾਰਕ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਸ ਸਮੇਂ ਹਮਲਾ ਹੋ ਗਿਆ ਜਦੋਂ ਉਹ ਪੇਂਸਿਲਵੇਨੀਆਂ ਵਿੱਚ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਪਰਚਾਰ ਕਰ ਰਹੇ ਸਨ। ਟਰੰਪ ਨੂੰ ਗੋਲੀ ਸਿਰਫ਼ ਕੰਨ ਨੂੰ ਛੂਹ ਕੇ ਲੰਘੀ ਹੈ। ਸੀਕਰਟ ਸਰਵਿਸ ਦੇ ਸੁਰੱਖਿਆ ਕਰਮਚਾਰੀਆਂ ਨੇ ਹਮਲਾਵਰ ਨੂੰ ਮਾਰ ਦਿੱਤਾ। ਇੱਕ ਹੋਰ ਵਿਅਕਤੀ ਦੀ ਵੀ ਗੋਲੀ ਲਗਣ ਨਾਲ ਮੌਤ ਹੋ ਗਈ।
ਟਰੰਪ ਇੱਕ ਰੈਲੀ ਦੌਰਾਨ ਅਮਰੀਕਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਸਟੇਜ ਤੇ ਉਨ੍ਹਾਂ ਦੇ ਨਾਲ ਹੋਰ ਲੋਕ ਵੀ ਬੈਠੇ ਸਨ। ਇੱਕਦਮ ਤਾੜ-ਤਾੜ ਗੋਲੀਆਂ ਦੀ ਆਵਾਜ਼ ਗੂੰਜਣ ਲਗੀ। ਟਰੰਪ ਉਸ ਦੌਰਾਨ ਹੇਠਾਂ ਬੈਠ ਗਏ। ਇਸ ਦੌਰਾਨ ਲਗਾਤਾਰ ਗੋਲੀਆਂ ਚਲਦੀਆਂ ਰਹੀਆਂ ਅਤੇ ਉਥੇ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਸੀਖਰਟ ਸਰਵਿਸ ਦੇ ਸੁਰੱਖਿਆ ਕਰਮਚਾਰੀਆਂ ਨੇ ਸਟੇਜ ਨੂੰ ਸਾਰਿਆਂ ਪਾਸਿਆਂ ਤੋਂ ਘੇਰ ਲਿਆ ਅਤੇ ਉਸੇ ਸਮੇਂ ਹੱਥਿਆਰਾਂ ਨਾਲ ਲੈਸ ਕਮਾਂਡੋ ਟਰੰਪ ਨੂੰ ਸੁਰੱਖਿਅਤ ਸਥਾਨ ਤੇ ਲੈ ਗਏ।
ਰਾਸ਼ਟਰਪਤੀ ਜੋ ਬਾਈਡਨ ਨੇ ਟਰੰਪ ਨਾਲ ਸੰਪਰਕ ਕਰਕੇ ਫੋਨ ਤੇ ਉਨ੍ਹਾਂ ਦੀ ਸਿਹਤ ਸਬੰਧੀ ਹਾਲ-ਚਾਲ ਪੁੱਛਿਆ। ਵਾਈਟ ਹਾਊਸ ਨੇ ਬਿਆਨ ਜਾਰੀ ਕਰਕੇ ਇਸ ਹਮਲੇ ਦੀ ਨਿੰਦਿਆ ਕੀਤੀ ਅਤੇ ਗੋਲੀਬਾਰੀ ਦੀ ਜਾਂਚ ਐਫਬੀਆਈ ਨੂੰ ਸੌਂਪਣ ਦਾ ਐਲਾਨ ਕੀਤਾ। ਹਰ ਪਹਿਲੂ ਤੋਂ ਇਸ ਹਮਲੇ ਦੀ ਜਾਂਚ-ਪੜਤਾਲ ਕੀਤੀ ਜਾਵੇਗੀ।