ਅਰਦਾਸ ਵਿਚ ਜਦੋ ਹਰ ਰੋਜ ਇਹ ਸ਼ਬਦ ਪੜ੍ਹਦੇ ਹਾਂ ..” ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ,ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ।” ਤਾਂ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ। ਇਹ ਸਾਰੇ ਤਸੀਹੇ ਸੋਚ ਕੇ ਹੀ ਦਿਲ ਕੰਬ ਜਾਂਦਾ ਹੈ। ਕਿਸ ਤਰਾਂ ਦੀ ਆਤਮਿਕ ਉਚੱਤਾ ਦੇ ਮਾਲਿਕ ਹੋਣਗੇ ਇਨ੍ਹਾਂ ਅਸਹਿ ਤੇ ਅਕਹਿ ਕਸ਼ਟਾਂ ਨੂੰ ਖਿੜੇ ਮੱਥੇ ਸਹਿ ਜਾਣ ਵਾਲੇ। ਅੱਜ ਇਹਨਾਂ ਵਿਚੋਂ ਹੀ ਇੱਕ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਸ਼ਹੀਦ ਬਾਰੇ ਵਿਚਾਰ ਕਰਦੇ ਹਾਂ ਜਿਨ੍ਹਾਂ ਆਪਣੀ ਖੋਪੜੀ ਲੁਹਾਈ ਸੀ।
ਭਾਈ ਤਾਰੂ ਸਿੰਘ ਜੀ ਦਾ ਜਨਮ ਪਿਤਾ ਭਾਈ ਜੋਧ ਸਿੰਘ ਦੇ ਘਰ ਮਾਤਾ ਸ੍ਰੀ ਮਤੀ ਧਰਮ ਕੌਰ ਦੀ ਕੁੱਖੋਂ 1720 ਨੂੰ ਪਿੰਡ ਪੂਹਲਾ, ਜਿਹੜਾ ਅਣਵੰਡੇ ਪੰਜਾਬ ਦੇ ਲਾਹੌਰ ਜਿਲੇ ਵਿੱਚ ਸੀ ਅਤੇ ਅੱਜਕਲ੍ਹ ਜਿਲਾ ਅੰਮ੍ਰਿਤਸਰ ਵਿਚ ਹੈ, ਵਿਖੇ ਹੋਇਆ। ਮੱਸੇ ਰੰਘੜ੍ਹ ਨੂੰ ਉਸਦੇ ਕੁਕਰਮਾਂ ਦੀ ਸਜਾ ਵਜੋਂ ਉਸਦਾ ਸਿਰ ਵੱਢ ਕੇ ਲਿਆਉਣ ਵਾਲੇ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਆਪ ਜੀ ਦੇ ਦਾਦਾ ਜੀ ਸਨ ਅਤੇ ਕਰੋੜੀ ਮਿਸਲ ਦੇ ਮੁਖੀ ਜੱਥੇਦਾਰ ਸ਼ਾਮ ਸਿੰਘ ਜੀ ਆਪ ਜੀ ਦੇ ਨਾਨਾ ਜੀਂ ਸਨ। ਇਸ ਤਰਾਂ ਗੁਰਸਿੱਖੀ ਆਪ ਜੀ ਨੂੰ ਵਿਰਸੇ ਵਿੱਚ ਹੀ ਮਿਲੀ ਸੀ ਜਿਸ ਵਿਚ ਬਾਣੀ ਅਤੇ ਨਾਮ ਸਿਮਰਨ ਦੇ ਨਾਲ ਨਾਲ ਖਾਲਸੇ ਦਾ ਜੰਗਜੂ ਸੁਭਾਅ ਵੀ ਆਪ ਜੀ ਦੇ ਖੂਨ ਵਿਚ ਸ਼ੁਰੂ ਤੋਂ ਹੀ ਸੀ। ਆਪ ਜੀ ਦੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਸਨ, ਜਿਸ ਨੂੰ ਤਾਰੂ ਸਿੰਘ ਜੀ ਨੇ ਵੀ ਅਪਣਾ ਲਿਆ ਅਤੇ ਪੂਰੀ ਜੀਅ ਜਾਨ ਨਾਲ , ਮਿਹਨਤ ਨਾਲ ਖੇਤੀ ਕਰਦੇ। ਨਾਲ ਭਜਨ ਬੰਦਗੀ ਵੀ ਕਰਦੇ ਅਤੇ ਹਰ ਲੋੜਬੰਦ ਦੀ ਆਪਣੇ ਵਿਤ ਅਨੁਸਾਰ ਮੱਦਦ ਵੀ ਕਰਦੇ। ਆਪ ਜੀ ਦੀ ਮਾਤਾ ਜੀ ਨੇ ਗੁਰਸਿੱਖੀ ਦੀ ਭਾਵਨਾ ਆਪ ਵਿੱਚ ਸਿਦਕ ਅਤੇ ਪ੍ਰੇਮ ਨਾਲ ਪੈਦਾ ਕੀਤੀ ਹੋਈ ਸੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਜੱਥੇਦਾਰੀ ਵਾਲੇ ਜੱਥੇ ਤੋਂ ਆਪ ਜੀ ਨੇ ਖੰਡੇ ਦੀ ਪਾਹੁਲ ਲਈ ਸੀ । ਪਰਿਵਾਰ ਵਿਚ ਆਪ ਜੀ ਦੇ ਮਾਤਾ ਜੀ ਤੋਂ ਬਿਨਾਂ ਇੱਕ ਆਪ ਜੀ ਦੀ ਭੈਣ ਤਾਰੋ ਰਹਿੰਦੀ ਸੀ, ਜਿਸ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਉਹ ਪੇਕੇ ਘਰ ਹੀ ਰਹਿ ਰਹੀ ਸੀ। ਇਹ ਤਿੰਨੋਂ ਸਿੱਖੀ ਦੇ ਰੰਗ ਵਿਚ ਰੰਗੇ ਹੋਏ ਸੇਵਾ ਅਤੇ ਸਿਮਰਨ ਦੀ ਅਨੂਠੀ ਮਿਸਾਲ ਸਨ। ਲਾਹੌਰ ਤੋਂ ਪੱਟੀ ਨੂੰ ਜਾਣ ਵਾਲੀ ਸੜਕ ਤੇ ਹੀ ਪਿੰਡ ਪੂਹਲਾ ਪੈਂਦਾ ਹੈ, ਇਸ ਰਸਤੇ ਜਾਣ ਵਾਲੇ ਯਾਤਰੀ ਦੇਰ ਸਵੇਰ ਹੋਣ ਤੇ ਭਾਈ ਤਾਰੂ ਸਿੰਘ ਜੀ ਕੋਲ ਅਰਾਮ ਕਰਦੇ ਸਨ ਜਿੱਥੇ ਉਹਨਾਂ ਨੂੰ ਭਾਈ ਸਾਹਿਬ ਜੀ ਬਿਨਾਂ ਕੋਈ ਭਿੰਨ ਭਾਵ ਕੀਤੇ ਹਰ ਇਕ ਨੂੰ ਲੰਗਰ ਵੀ ਛਕਾਉਂਦੇ, ਅਤੇ ਮੰਜਾ ਬਿਸਤਰਾ ਬਗੈਰਾ ਵੀ ਦਿੰਦੇ ਸਨ। ਭਾਈ ਸਾਹਿਬ ਦਾ ਇਲਾਕੇ ਵਿਚ ਵਧੀਆ ਸਤਿਕਾਰ ਅਤੇ ਪ੍ਰਭਾਵ ਬਣਿਆ ਹੋਇਆ ਸੀ ।……
1716 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਸਹਿ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਸ਼ਹੀਦੀ ਤੋੰ ਬਾਅਦ ਜ਼ਕਰੀਆ ਖਾਂ ਵਲੋਂ ਸਿੱਖਾਂ ਤੇ ਜ਼ੁਲਮ ਹੋਰ ਵੀ ਵਧਾ ਦਿੱਤੇ ਗਏ ਸਨ। ਮੱਸੇ ਰੰਘੜ੍ਹ ਦੇ ਸਿਰ ਵੱਢੇ ਜਾਣ ਤੇ ਗੁੱਸੇ ਨਾਲ ਭਰਿਆ ਹੋਇਆ ਜ਼ਕਰੀਆ ਖਾਂ ਸਿੱਖਾਂ ਦਾ ਨਾਮ ਨਿਸ਼ਾਨ ਹੀ ਖਤਮ ਕਰ ਦੇਣਾ ਚਾਹੁੰਦਾ ਸੀ। ਇਸ ਲਈ ਉਸ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਸਨ । ਅਜਿਹੇ ਸਮੇ ਸਿੰਘ ਜੰਗਲਾਂ ਵਿਚ ਜਾ ਰਹਿਣ ਲੱਗੇ ਸਨ। ਅਤੇ ਵਕਤ ਮਿਲੇ ਤੋਂ ਦਰਬਾਰ ਸਾਹਿਬ ਮੱਥਾ ਟੇਕ ਜਾਂਦੇ ਅਤੇ ਸਮਾਂ ਦੇਖ ਕੇ ਗੁਰੀਲਾ ਢੰਗ ਨਾਲ ਜੰਗ ਵੀ ਜਾਰੀ ਰੱਖ ਰਹੇ ਸਨ। ਪਰ ਖਾਲਸਾ ਜਥੇਬੰਦ ਨਹੀਂ ਸੀ। ਭਾਈ ਤਾਰੂ ਸਿੰਘ ਦੇ ਪਰਿਵਾਰ ਵਲੋਂ ਜੰਗਲ ਵਿਚ ਛੁਪੇ ਇਹਨਾਂ ਸਿੰਘਾਂ ਲਈ ਲੰਗਰ ਦੀ ਸੇਵਾ ਬਾਕਾਇਦਾ ਕੀਤੀ ਜਾਂਦੀ ਸੀ। ਲੰਗਰ ਅਤੇ ਹੋਰ ਸਮਾਨ ਜਿਵੇਂ ਬਸਤਰ ਆਦਿ ਬਹੁਤੀ ਵਾਰੀ ਭਾਈ ਤਾਰੂ ਸਿੰਘ ਜੀ ਪੁਚਾ ਕੇ ਆਉਂਦੇ। ਆਪਣੇ ਮਿੱਠੇ ਸੁਭਾਅ, ਬਾਣੀ ਦੇ ਪ੍ਰੇਮੀ ਹੋਣ ਕਰਕੇ, ਇਮਾਨਦਾਰੀ , ਮਿਹਨਤੀ ਅਤੇ ਹਰੇਕ ਦੇ ਕੰਮ ਆਉਣ ਦੀ ਬਿਰਤੀ ਕਾਰਨ ਭਾਈ ਤਾਰੂ ਸਿੰਘ ਜੀ ਦਾ ਸਾਰੇ ਨਗਰ ਨਿਵਾਸੀ ਪੂਰਾ ਸਤਿਕਾਰ ਕਰਦੇ ਸਨ ।
ਸਿੱਖ ਇਸ ਸਮੇਂ ਇਤਿਹਾਸ ਦੇ ਕਿਸ ਮੋੜ ਤੋਂ ਲੰਘ ਰਹੇ ਸਨ, ਇਹ ਜਾਨਣ ਲਈ ਵਿਦਵਾਨ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਜਾਚਕ ਦੀ ਪੇਸ਼ ਕੀਤੀ ਸਮੇਂ ਦੀ ਵੰਡ ਨੂੰ ਵਿਚਾਰਨਾ ਜਰੂਰੀ ਹੈ। ਜਾਚਕ ਜੀਂ ਨੇ ਸਿੱਖ ਇਤਿਹਾਸ ਨੂੰ ਸਮੇਂ ਅਨੁਸਾਰ ਕੁਝ ਯੁੱਗਾਂ ਵਿਚ ਵੰਡਿਆ ਹੈ , ਜੋ ਇਸ ਤਰਾਂ ਹਨ—
੧.ਗੁਰਬਾਣੀ ਯੁੱਗ –1469 ਤੋਂ 1606 ਈਸਵੀ ਤੱਕ
੨.ਕੁਰਬਾਨੀ ਯੁੱਗ – 1606 ਤੋਂ 1708 ਈਸਵੀ ਤੱਕ
੩.ਪ੍ਰੀਖਿਆ ਯੁੱਗ – 1708 ਤੋਂ 1748 ਈਸਵੀ ਤੱਕ
੪.ਚੜ੍ਹਦੀ ਕਲਾ ਯੁੱਗ – 1748 ਤੋਂ 1765 ਈਸਵੀ ਤੱਕ
੫.ਸਰਦਾਰੀ ਯੁੱਗ – 1765 ਤੋਂ 1799 ਈਸਵੀ ਤੱਕ
੬.ਰਾਜ ਭਾਗ ਯੁੱਗ – 1799 ਤੋਂ 1849 ਈਸਵੀ ਤੱਕ
੭.ਪੁਨਰ-ਜਾਗ੍ਰਿਤੀ ਯੁੱਗ – 1849 ਤੋਂ 1910 ਈਸਵੀ ਤੱਕ
੮ ਇਨਕਲਾਬੀ ਯੁੱਗ -1910 ਤੋਂ 1925 ਈਸਵੀ ਤੱਕ
੯.ਸਵਰਾਜ ਯੁੱਗ – 1925 ਤੋਂ 1984 ਈਸਵੀ ਤੱਕ
੧੦.ਪੁਨਰ ਆਜ਼ਾਦੀ ਸੰਘਰਸ਼ ਯੁੱਗ -1984 ਤੋਂ ਹੁਣ ਤੱਕ
ਉਪਰੋਕਤ ਵੰਡ ਅਨੁਸਾਰ ਭਾਈ ਤਾਰੂ ਸਿੰਘ ਜੀ ਦਾ ਸਮਾਂ ਪ੍ਰੀਖਿਆ ਯੁੱਗ ਦਾ ਸੀ। ਉਹਨਾਂ ਦੀ ਬੜੀ ਕਰੜੀ ਪ੍ਰੀਖਿਆ ਹੋਈ ਸੀ, ਜਿਸ ਵਿਚੋਂ ਉਹ ਪੂਰੇ ਸਫਲ ਹੋ ਕੇ ਨਿਕਲੇ ਸਨ ।ਪ੍ਰੀਖਿਆ ਦੀ ਸ਼ੁਰੂਆਤ ਆਪਣੇ ਹੀ ਗੱਦਾਰਾਂ ਵਲੋਂ ਕੀਤੀ ਗਈ ਸੀ। ਜੰਡਿਆਲੇ ਦੇ ਹਰਿਭਗਤ ਨਿਰੰਜਨੀਏ ਦੀ ਮੁਖਬਰੀ ਕਰਕੇ ਭਾਈ ਤਾਰੂ ਸਿੰਘ ਜੀ ਨੂੰ ਬਾਗੀਆਂ ਦੀ ਮੱਦਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਭਾਈ ਸਾਹਿਬ ਨੂੰ ਬੇਅੰਤ ਤਸੀਹੇ ਦਿੱਤੇ ਗਏ। ਆਪ ਨੂੰ ਇਸਲਾਮ ਧਾਰਨ ਕਰ ਲੈਣ ਲਈ ਬਹੁਤ ਸਾਰੇ ਲਾਲਚ ਵੀ ਦਿੱਤੇ ਗਏ ਅਤੇ ਜਾਨੋ ਮਾਰਨ ਦੇ ਡਰਾਵੇ ਵੀ ਦਿੱਤੇ ਗਏ। ਪਰ ਗੁਰੂ ਦੇ ਨਾਮ ਵਿੱਚ ਰੰਗੇ ਉਹ ਬਿਲਕੁਲ ਨਹੀਂ ਡੋਲੇ। ਭਾਈ ਸੰਤੋਖ ਸਿੰਘ ਜੀ ਉਸ ਬਾਰੇ ਲਿਖਦੇ ਹਨ–
ਜਿਮ ਜਿਮ ਸਿੰਘਨ ਤੁਰਕ ਸਤਾਵੈ ।
ਤਿਮ ਤਿਮ ਮੁੱਖ ਪਰ ਲਾਲੀ ਆਵੈ ।…..(ਗੁਰਪ੍ਰਤਾਪ ਸੂਰਜ ਗ੍ਰੰਥ)
ਕਿਹਾ ਜਾਂਦਾ ਏ ਕਿ ਪਹਿਲਾਂ ਭਾਈ ਸਾਹਿਬ ਦੇ ਕੇਸ ਕਤਲ ਕਰਨ ਦਾ ਹੁਕਮ ਦਿੱਤਾ ਸੀ, ਪਰ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਮੇਰੀ ਜਾਨ ਬੇਸ਼ੱਕ ਲੈ ਲਵੋ, ਪਰ ਕੇਸ ਕਤਲ ਨਾ ਕੀਤੇ ਜਾਣ ਅਤੇ ਭਾਈ ਸਾਹਿਬ ਨੇ ਸਿੱਖੀ ਕੇਸਾਂ ਸੰਗ ਨਿਭਣ ਦੀ ਅਰਦਾਸ ਕੀਤੀ। ਜ਼ਕਰੀਏ ਨੂੰ ਹੋਰ ਗੁੱਸਾ ਆਇਆ ਅਤੇ ਉਸਨੇ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰਨ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਜਿਨ੍ਹਾਂ ਕੇਸਾਂ ਤੇ ਇਹ ਮਾਣ ਕਰਦਾ ਏ , ਉਨ੍ਹਾਂ ਨੂੰ ਇਸ ਢੰਗ ਨਾਲ ਜੜ੍ਹ ਤੋੰ ਹੀ ਉਤਾਰ ਦੇਵੋ ਕਿ ਮੁੜ ਕੇਸ ਆਉਣ ਹੀ ਨਾ । ਭਾਈ ਸਾਹਿਬ ਦੇ ਰੰਬੀ ਨਾਲ ਖੋਪਰੀ ਉਤਾਰੀ ਗਈ। ਭਾਈ ਸਾਹਿਬ ਬਾਣੀ ਦਾ ਜਾਪ ਕਰਦੇ ਰਹੇ। ਕਿਸੇ ਕਵੀ ਦੀ ਕਲਮ ਨੇ ਬਹੁਤ ਵਧੀਆ ਬਿਆਨਿਆ ਹੈ -
ਰੰਬੀ ਨਾਲ ਖੋਪੜ ਲਹਿੰਦੇ ਤੋਂ ਭਾਈ ਤਾਰੂ ਸਿੰਘ ਫ਼ਰਮਾਵੇ ।।
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ ।।
ਸਚਮੁੱਚ ਅਜਿਹਾ ਸਿਦਕ ਸਦੀਆਂ ਤੱਕ ਆਉਣ ਵਾਲੀਆ ਪੀੜ੍ਹੀਆਂ ਨੂੰ ਪ੍ਰੇਰਨਾ ਦੇਣ ਦੇ ਕਾਬਲ ਹੈ।
ਖੋਪਰੀ ਉਤਾਰਨ ਤੋਂ ਬਾਅਦ ਕਾਵਾਂ ਅਤੇ ਗਿਰਝਾਂ ਦੇ ਖਾਣ ਲਈ ਉਨ੍ਹਾਂ ਨੂੰ ਇਕ ਖਾਈ ਵਿੱਚ ਸੁੱਟ ਦਿੱਤਾ ਗਿਆ। ਪਤਾ ਲੱਗਣ ਤੇ ਲਾਹੌਰ ਦੇ ਸਿੱਖਾਂ ਨੇ ਕਿਸੇ ਤਰਾਂ ਸਰਕਾਰੀ ਆਗਿਆ ਲੈ ਕੇ ਉਨ੍ਹਾਂ ਨੂੰ ਧਰਮਸ਼ਾਲਾ ਵਿੱਚ ਲੈ ਆਂਦਾ । ਉਨ੍ਹਾਂ ਦੇ ਜਖਮਾਂ ਨੂੰ ਨਿੰਮ ਦੇ ਪਾਣੀ ਨਾਲ ਸਾਫ਼ ਕੀਤਾ ਗਿਆ। ਫਿਰ ਹਲ਼ਦੀ ਦਾ ਲੇਪਨ ਕੀਤਾ ਗਿਆ ਅਤੇ ਕੜਾਹ ਬੰਨ੍ਹਿਆ ਗਿਆ। ਹੌਲੀ ਹੌਲੀ ਜਖਮ ਠੀਕ ਹੋਣ ਲੱਗੇ ਅਤੇ 3-4 ਦਿਨ ਪਿੱਛੋਂ ਭਾਈ ਸਾਹਿਬ ਨੂੰ ਹੋਸ਼ ਆਈ ।
ਇਸੇ ਸਮੇ ਜਿਕਰ ਆਉਂਦਾ ਹੈ ਕਿ ਜ਼ਕਰੀਆ ਖਾਂ ਦਾ ਪਿਸ਼ਾਬ ਬੰਦ ਹੋ ਗਿਆ ਅਤੇ ਕਿਸੇ ਵੀ ਹਕੀਮ ਤੋਂ ਠੀਕ ਨਾ ਹੋਇਆ। ਕਿਸੇ ਦਰਬਾਰੀ ਨੇ ਕਹਿ ਦਿੱਤਾ ਕਿ ਤੁਸੀਂ ਗੁਰੂ ਕੇ ਸਿੰਘ ਤੇ ਜ਼ੁਲਮ ਕੀਤਾ ਹੈ, ਇਹ ਉਸਦੀ ਸਜਾ ਹੈ। ਜ਼ਕਰੀਆ ਖਾਂ ਨੇ ਮੁਆਫੀ ਭਰੀ ਬੇਨਤੀ ਤਾਰੂ ਸਿੰਘ ਜੀ ਕੋਲ ਭੇਜੀ। ਅਤੇ ਆਪਣੀ ਸਮੱਸਿਆ ਦਾ ਹੱਲ ਪੁੱਛਿਆ। ਜਿਕਰ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਨਵਾਬ ਦੇ ਸਿਰ ਵਿੱਚ ਮਾਰੇ ਜਾਣ ਤੇ ਉਸਦਾ ਪਿਸ਼ਾਬ ਖੁੱਲਿਆ । ਭਾਈ ਸਾਹਿਬ ਜੀ ਨੂੰ ਪਤਾ ਲੱਗਿਆ, ਉਨ੍ਹਾਂ ਕਿਹਾ ਕਿ ਹੁਣ ਸਾਡਾ ਵਕਤ ਵੀ ਆ ਗਿਆ ਹੈ। ਇਸ ਤਰਾਂ ਖੋਪੜੀ ਉਤਾਰੇ ਜਾਣ ਦੇ 22 ਦਿਨ ਬਾਅਦ 1 ਜੁਲਾਈ 1745 ਨੂੰ ਭਾਈ ਸਾਹਿਬ ਨੇ ਆਪਣਾ ਸਰੀਰ ਤਿਆਗ ਦਿੱਤਾ। ਸ਼ਹੀਦੀ ਸਮੇਂ ਆਪ ਜੀ ਦੀ ਉਮਰ ਸਿਰਫ 25 ਸਾਲ ਸੀ । ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਜੀ, ਨੌਲੱਖਾ ਬਜ਼ਾਰ, ਲਾਹੌਰ ਵਿਚ ,ਸ਼ਹੀਦ ਗੰਜ ਮਸਜਿਦ ਦੀ ਗਰਾਊਂਡ ਤੇ ਬਣਿਆ ਹੋਇਆ ਹੈ।
ਨੋਬਲ ਇਨਾਮ ਪ੍ਰਾਪਤ ਸੰਤ ਕਵੀ ਰਾਬਿੰਦਰ ਨਾਥ ਟੈਗੋਰ ਨੇ ਭਾਈ ਸਾਹਿਬ ਜੀ ਤੇ ਇੱਕ ਖੂਬਸੂਰਤ ਕਵਿਤਾ ਲਿਖੀ ਹੈ , ਜਿਸ ਨੂੰ ਸੁਰਜੀਤ ਪਾਤਰ ਜੀਂ ਨੇ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਛੋਟੀ ਜਿਹੀ ਇਹ ਕਵਿਤਾ , ਇਸ ਮਹਾਨ ਸ਼ਹੀਦ ਪ੍ਰਤੀ ਕਵੀ ਦੀ ਸ਼ਰਧਾ ਅਤੇ ਸਤਿਕਾਰ ਪ੍ਰਗਟ ਕਰਦੀ ਹੈ ।
“ਮੈਨੂੰ ਤੇਰੀ ਭਰੀ ਜਵਾਨੀ ਤੇ ਰਹਿਮ ਆਉਂਦਾ ਹੈ ।
ਜਾਹ ਮਾਏ ਬਖਸ਼ਦਾ ਹਾਂ ਤੇਰੀ ਜਾਨ ।
ਬਸ ਇਸ ਦੇ ਇਵਜ਼ ਵਿਚ ਮੈਨੂੰ ਤੂੰ ਇਕ ਤੋਹਫ਼ਾ ਦੇ ਜਾ ਜਾਣ ਲੱਗਿਆ
ਤੋਹਫ਼ਾ ਦੇ ਜਾ ਆਪਣੇ ਖੂਬਸੂਰਤ ਲੰਮੇ ਵਾਲ ।”
” ਮਨਜੂਰ ਹੈ ਬਾਦਸ਼ਾਹ” -ਭਾਈ ਤਾਰੂ ਸਿੰਘ ਨੇ ਕਿਹਾ
“ਤੂੰ ਵੀ ਕੀ ਕਰੇਂਗਾ ਯਾਦ
ਕਿਸੇ ਸਿੱਖ ਕੋਲੋਂ ਕੁੱਝ ਮੰਗਿਆ ਸੀ
ਦੇ ਜਾਵਾਂਗਾ ਤੈਨੂੰ ਆਪਣੇ ਸੋਹਣੇ ਲੰਮੇ ਵਾਲ
ਪਰ ਇੱਕਲੇ ਵਾਲ ਨਹੀਂ
ਆਪਣਾ ਸਿਰ ਵੀ ਦੇ ਜਾਵਾਂਗਾ ਨਾਲ ।”
ਅੱਜ ਜਦੋਂ ਨੌਜਵਾਨ ਨਾਈ ਦੀ ਦੁਕਾਨ ਤੇ ਜਾ ਕੇ ਆਪ ਕੇਸ ਕਟਵਾਉਂਦੇ ਦੇਖੀਦਾ ਹੈ, ਤਾਂ ਬਹੁਤ ਦੁੱਖ ਲੱਗਦਾ ਹੈ। ਇਸ ਵਿਚ ਸਿਰਫ ਉਨ੍ਹਾਂ ਨੌਜਵਾਨਾਂ ਦਾ ਹੀ ਕਸੂਰ ਨਹੀਂ ਹੈ, ਸਗੋਂ ਅਸੀਂ ਸਾਰੇ ਮਾਪੇ, ਅਧਿਆਪਕ, ਸਾਡੇ ਸਿੱਖ ਪ੍ਰਚਾਰਕ ਸਾਰੇ ਦੇ ਸਾਰੇ ਬਰਾਬਰ ਦੇ ਕਸੂਰਵਾਰ ਹਾਂ ਜਿਹੜੇ ਇਹਨਾਂ ਨੌਜਵਾਨਾਂ ਦੇ ਮਨ ਵਿਚ ਕੇਸਾਂ ਦੀ ਮਹੱਤਤਾ ਨਹੀਂ ਭਰ ਸਕੇ। ਕਿਉਂ ਸਾਡੇ ਬੱਚੇ ਅਤੇ ਨੌਜਵਾਨ ਗੁਰੂਆਂ, ਸਾਹਿਬਜ਼ਾਦਿਆਂ, ਅਤੇ ਇਹਨਾਂ ਸਿੰਘਾਂ ਦੀ ਥਾਂ ਤੇ ਫ਼ਿਲਮੀ ਕਲਾਕਾਰਾਂ ਨੂੰ ਆਪਣਾ ਰੋਲ ਮਾਡਲ ਬਣਾਉਣ ਲੱਗ ਗਏ ਹਨ ???? ਕਿਉਂ ,ਕਿਉਂ ਆਖਰ ਕਿਉਂ ???? ਅਜਿਹੇ ਸ਼ਹੀਦੀ ਸਾਕੇ ਪੜ੍ਹ ਸੁਣ ਕੇ ਕਿਉਂ ਨਹੀਂ ਸਿੱਖੀ ਪ੍ਰਤੀ ਪ੍ਰੇਮ ਜਾਗੇਗਾ ?? ਅਸੀਂ ਪਿਆਰ ਨਾਲ ਗੁਰੂ ਦੀ, ਸਿੱਖੀ ਦੀ ਗੱਲ ਸੁਣਾਉਣ ਤਾਂ ਲੱਗੀਏ। ਵਾਹਿਗੁਰੂ ਜੀ ਮਿਹਰ ਕਰਨ।।