ਅਮਰੀਕਾ ਵਿੱਚ ਬੰਦੂਕ ਸਭਿਆਚਾਰ ਪਾਲਿਸੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ

ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਦਮਗਜ਼ੇ ਮਾਰਨ ਵਾਲਾ ਅਮਰੀਕਾ ਆਪਣੇ ਦੇਸ਼ ਵਿੱਚ ਹੋ ਰਹੀਆਂ ਹਿੰਸਕ ਕਾਰਵਾਈਆਂ ‘ਤੇ ਕਾਬੂ ਪਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਜ਼ਿਆਦਾ ਵਿਕਸਤ ਤੇ ਖ਼ੁਸ਼ਹਾਲ ਦੇਸ਼ ਕਿਹਾ ਜਾਂਦਾ ਹੈ। ਪ੍ਰੰਤੂ ਮਹਿੰਗਾਈ ਅਤੇ ਬੇਰੋਜ਼ਗਾਰੀ ਨੇ ਲੋਕਾਂ ਦੇ ਨੱਕ ਵਿੱਚ ਦਮ ਲਿਆਂਦਾ ਪਿਆ ਹੈ। ਨੌਜਵਾਨ ਬੇਰੋਜ਼ਗਾਰੀ ਕਰਕੇ ਮਾਨਸਿਕ ਤਣਾਓ ਵਿੱਚ ਹਨ। ਇਸ ਕਰਕੇ ਉਥੋਂ ਦੇ ਸ਼ਹਿਰੀਆਂ ਵਿੱਚ ਅਸੰਤੁਸ਼ਟਤਾ ਹੈ। ਉਸ ਅਸੰਤੁਸ਼ਟਤਾ ਦੇ ਨਤੀਜੇ ਤੁਹਾਡੇ ਸਾਹਮਣੇ ਹਨ। ਤਾਜ਼ਾ ਘਟਨਾਕ੍ਰਮ ਵਿੱਚ ਰਿਪਬਕਲਿਕਨ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਜੇ ਟਰੰਪ ‘ਤੇ ਕਾਤਲਾਨਾ ਹਮਲਾ ਹੈ। ਡੋਨਾਲਡ ਜੇ ਟਰੰਪ ਨੂੰ ਘਾਗ ਅਤੇ ਦਬੰਗ ਸਿਆਸਤਦਾਨ ਕਿਹਾ ਜਾਂਦਾ ਹੈ। ਉਹ 8 ਨਵੰਬਰ 2016 ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਚੁਣੇ ਗਏ ਸਨ। ਨਵੰਬਰ 2020 ਵਿੱਚ ਉਹ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਤੋਂ ਚੋਣ ਹਾਰ ਗਏ ਸਨ। ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੇ ਜ਼ਬਰਦਸਤ ਇਕੱਠ ਕਰਕੇ ਜੋ ਬਾਇਡਨ ਦੀ ਚੋਣ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਥੋਂ ਤੱਕ ਕਿ ਜ਼ਬਰਦਸਤੀ ਦਫ਼ਤਰ ਵਿੱਚ ਵੜ੍ਹਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕਾ ਦੇ ਕਾਨੂੰਨ ਬੰਦੂਕ ਸਭਿਆਚਾਰ ਨੂੰ ਉਤਸ਼ਾਹਤ ਕਰਦੇ ਹਨ, ਜਿਸ ਕਰਕੇ ਅਮਰੀਕਾ ਵਿੱਚ ਹਿੰਸਕ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।  ਦੇਸ਼ ਦੇ 51 ਰਾਜਾਂ ਵਿੱਚੋਂ ਹਰ ਰੋਜ਼ ਹਿੰਸਕ ਘਟਨਾਵਾਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆ ਹਨ। ਸੰਸਾਰ ਵਿੱਚ ਜਿਤਨੀਆਂ ਵੀ ਦੇਸ਼ਾਂ ਦੀਆਂ ਆਪਸ ਵਿੱਚ ਖਹਿਾਜ਼ੀ ਕਰਕੇ ਜੰਗਾਂ ਹੁੰਦੀਆਂ ਹਨ ਤਾਂ ਅਮਰੀਕਾ ਇੱਕ ਪਾਸੇ ਖੜ੍ਹ ਜਾਂਦਾ ਹੈ। ਕਈ ਵਾਰ ਤਾਂ ਵੀਟੋ ਵਰਤਕੇ ਆਪਣੀ ਮਨਮਾਨੀ ਕਰਦਾ ਹੈ। ਪ੍ਰੰਤੂ ਆਪਣਾ ਦੇਸ਼ ਸੰਭਾਲ ਨਹੀਂ ਸਕਦਾ। ਇਥੋਂ ਦੇ ਨਾਗਰਿਕਾਂ ਨੂੰ ਦੇਸ਼ ਦੇ ਕਾਨੂੰਨਾ ਦਾ ਪਾਲਣਾ ਕਰਨ ਵਾਲੇ ਕਿਹਾ ਜਾਂਦਾ ਹੈ ਪ੍ਰੰਤੂ ਅਮਰੀਕਾ ਵਿੱਚ ਨਸਲੀ ਵਿਤਕਰਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ, ਜਿਸ ਦਾ ਸੇਕ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਨੂੰ ਭੁਗਤਣਾ ਪੈ ਰਿਹਾ ਹੈ।

ਡੋਨਾਲਡ ਜੇ ਟਰੰਪ ਤੋਂ ਪਹਿਲਾਂ ਅਮਰੀਕਾ ਦੇ 11 ਰਾਸ਼ਟਰਪਤੀਆਂ ‘ਤੇ ਕਾਤਲਾਨਾ ਹਮਲੇ ਹੋ ਚੁੱਕੇ ਹਨ। ਡੋਨਾਲਡ ਜੇ ਟਰੰਪ 12ਵੇਂ ਰਾਸ਼ਟਰਪਤੀ ਹਨ, ਜਿਨ੍ਹਾਂ ‘ਤੇ ਕਾਤਲਾਨਾ ਹਮਲਾ ਹੋਇਆ ਹੈ। ਅਮਰੀਕਾ ਦੇ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਬੰਦੂਕ ਖ੍ਰੀਦ ਸਕਦਾ ਹੈ, ਉਸ ਨੂੰ ਕੋਈ ਲਾਈਸੈਂਸ ਬਗੈਰਾ ਲੈਣ ਦੀ ਲੋੜ ਨਹੀਂ ਅਤੇ ਨਾ ਹੀ ਕੋਈ ਉਸ ਦੇ ਚਰਿਤਰ ਦੀ ਪੁਲਿਸ ਵੈਰੀਫੀਕੇਸ਼ਨ ਦੀ ਲੋੜ ਹੁੰਦੀ ਹੈ। ਬੱਚੇ ਵੀ ਬੰਦੂਕ ਖ੍ਰੀਦ ਸਕਦੇ ਹਨ। ਘਰਾਂ ਦੇ ਡਰਾਇੰਗ ਰੂਮਜ਼ ਵਿੱਚ ਬੰਦੂਕਾਂ ਲਟਕਦੀਆਂ ਰਹਿੰਦੀਆਂ ਹਨ। ਇਸ ਕਰਕੇ ਹੀ ਲਗਪਗ ਹਰ ਰੋਜ਼ ਕਿਸੇ ਨਾ ਕਿਸੇ ਰਾਜ ਵਿੱਚ ਹਿੰਸਕ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਵਾਸ਼ਿੰਗਟਨ ਦੇ ਬਰਮਿੰਗਮ ਸ਼ਹਿਰ ਵਿੱਚ ਜਿਸ ਦਿਨ ਡੋਨਾਲਡ ਜੇ ਟਰੰਪ ਤੇ ਹਮਲਾ ਹੋਇਆ, ਉਸੇ ਦਿਨ ਨਾਈਟ ਕਲੱਬ ਵਿੱਚ 4 ਵਿਅਕਤੀ ਅਤੇ ਇਕ ਹੋਰ ਥਾਂ ਤਿੰਨ ਵਿੱਅਕਤੀ ਕੁਲ 7 ਲੋਕ ਵੱਖ ਵੱਖ ਹਮਲਿਆਂ ਵਿੱਚ ਮਾਰੇ ਗਏ ਹਨ। ਇਥੋਂ ਤੱਕ ਕਿ ਸਕੂਲਾਂ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਸਾਥੀਆਂ ਨੂੰ ਸਕੂਲਾਂ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਹਨ। ਵਿਦਿਆਰਥੀ ਸਕੂਲਾਂ ਵਿੱਚ ਖਿਡੌਣਿਆਂ ਦੀ ਤਰ੍ਹਾਂ ਬੰਦੂਕਾਂ ਆਮ ਲਈ ਫਿਰਦੇ ਹਨ। ਬੱਚਿਆਂ ਦੇ ਜਨਮ ਦਿਨ ਉਤੇ ਉਨ੍ਹਾਂ ਦੇ ਮਾਪੇ ਅਤੇ ਹੋਰ ਰਿਸ਼ਤੇਦਾਰ ਬੰਦੂਕਾਂ ਤੋਹਫ਼ੇ ਵਜੋਂ ਦਿੰਦੇ ਹਨ। 2019 ਵਿੱਚ ਜਦੋਂ ਸਕੂਲਾਂ ਵਿੱਚ ਹੋਣ ਵਾਲੀਆਂ ਹਿੰਸਕ ਘਟਨਾਵਾਂ ਕਰਕੇ ਗੰਨ ਖ੍ਰੀਦਣ ਦੇ ਕਾਨੂੰਨ ਬਣਾਉਣ ਦੀ ਗੱਲ ਚਲੀ ਸੀ ਤਾਂ ਬੰਦੂਕ ਲਾਬੀ ਨੇ ਸਕੂਲਾਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਲਈ ਬੰਦੂਕਾਂ ਖ੍ਰੀਦਣ ਦੀ ਸਲਾਹ ਦਿੱਤੀ ਸੀ। ਅਮਰੀਕਾ ਦੀ ਬੰਦੂਕ ਲਾਬੀ ਇਤਨੀ ਭਾਰੂ ਹੈ, ਕੋਈ ਵੀ ਸਿਆਸੀ ਪਾਰਟੀ ਬੰਦੂਕ ਖ੍ਰੀਦਣ ਲਈ ਕਾਨੂੰਨ ਬਣਾਉਣ ਦੀ ਹਿੰਮਤ ਹੀ ਨਹੀਂ ਕਰਦੀ। ਹਾਲਾਂ ਕਿ ਉਨ੍ਹਾਂ ਦੇ ਦੇਸ਼ ਵਿੱਚ ਹਿੰਸਕ ਘਟਨਾਵਾਂ ਲਗਾਤਾਰ ਵਧੀ ਜਾ ਰਹੀਆਂ ਹਨ। ਡੋਨਾਲਡ ਜੇ ਟਰੰਪ ਉਪਰ ਕਾਤਲਾਨਾ ਹਮਲਾ ਪੈਨੇਸਲਵਾਕੀਆ ਰਾਜ ਵਿੱਚ ਬਟਲਰ ਕਾਊਂਟੀ ਵਿੱਚ ਹੋਇਆ। ਹਮਲਾ ਕਰਨ ਵਾਲਾ 20 ਸਾਲਾ ਥਾਮਸ ਮੈਥਊ ਕਰੁਕਸ ਰਿਪਬਲਿਕਨ ਪਾਰਟੀ ਦਾ ਮੈਂਬਰ ਸੀ। ਉਸ ਨੇ 300 ਫੁਟ ਉਚੀ ਥਾਂ ਤੋਂ ਬੈਠਕੇ ਏ.ਆਰ.15 ਸੈਮੀ ਆਟੋਮੈਟਿਕ ਅਸਾਲਟ ਰਾਈਫਲ ਨਾਲ ਨਿਸ਼ਾਨਾ ਸਾਧਿਆ ਸੀ, ਜਦੋਂ ਡੋਨਾਲਡ ਜੇ ਟਰੰਪ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਿਹਾ ਸੀ। ਤਾੜ ਤਾੜ ਗੋਲੀਆਂ ਚਲਣ ਨਾਲ ਰੈਲੀ ਵਿੱਚ ਸਨਸਨੀ ਫੈਲ ਗਈ। ਪ੍ਰੰਤੂ ਡੋਨਲਡ ਜੇ ਟਰੰਪ ਦੀ ਖ਼ੁਸ਼ਕਿਸਮਤੀ ਰਹੀ ਕਿ ਉਹ ਵਾਲ ਵਾਲ ਬਚ ਗਏ ਤੇ ਗੋਲੀ ਉਨ੍ਹਾਂ ਦੇ ਸੱਜੇ ਕੰਨ ਨੂੰ ਜ਼ਖ਼ਮੀ ਕਰਦੀ ਅੱਗੇ ਲੰਘ ਗਈ। ਇਸ ਨੂੰ ਚਮਤਕਾਰੀ ਬਚਾਅ ਕਿਹਾ ਜਾ ਸਕਦਾ ਹੈ। ਗੋਲੀ ਲੱਗਣ ਤੋਂ ਬਾਅਦ ਜਦੋਂ ਸੁਰੱਖਿਆ ਦਸਤੇ ਡੋਨਾਲਡ ਜੇ ਟਰੰਪ ਨੂੰ ਬਾਹਰ ਲਿਜਾ ਰਹੇ ਸਨ ਤਾਂ ਟਰੰਪ ਉਚੀ ਉਚੀ ਬੜ੍ਹਕਾਂ ਮਾਰ ਰਹੇ ਸਨ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਕੋਰੀ ਕੰਪੇਰਟੇਰ ਮਾਰਿਆ ਗਿਆ। ਕਾਤਲ ਦੀ ਕਾਰ ਵਿੱਚੋਂ ਵਿਸਫੋਟਿਕ ਪਦਾਰਥ ਬਰਾਮਦ ਹੋਇਆ ਹੈ। ਹਮਲਾਵਰ ਪੈਨੇਸਿਲਵਾਨੀਆ ਦੇ ਬੈਥਲ ਸ਼ਹਿਰ ਦਾ ਰਹਿਣ ਵਾਲਾ ਸੀ।  ਹਮਲਾਵਰ ਥਾਮਸ ਮੈਥਿਊ ਕਰੁਕਸ ਨੇ 2022 ਵਿੱਚ ਬੈਥਲ ਪਾਰਕ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ ਅਤੇ ਕੌਮੀ ਗਣਿਤ ਤੇ ਸਾਇੰਸ ਦਾ 500 ਡਾਲਰ ਦਾ ‘ਇਨੀਸੀਏਟਿਵ ਸਟਾਰ ਅਵਾਰਡ’ ਹੋਰ ਵਿਦਿਆਰਥੀਆਂ ਨਾਲ ਪ੍ਰਾਪਤ ਕੀਤਾ ਸੀ। ਕਾਤਲ ਨੂੰ ਪੁਲਿਸ ਦੀ ਸੀਕਰਿਟ ਸਰਵਿਸ ਨੇ ਮੌਕੇ ‘ਤੇ ਹੀ ਮਾਰ ਦਿੱਤਾ। ਹਮਲਾ ਕਰਨ ਦੇ ਕਾਰਨਾ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕਰ ਰਹੀ ਹੈ। 1981 ਵਿੱਚ ਰੋਨਾਲਡ ਰੀਗਨ ਤੇ ਹੋਏ ਹਮਲੇ ਤੋਂ 24 ਸਾਲ ਬਾਅਦ ਵੱਡੀ ਘਟਨਾ ਵਾਪਰੀ ਹੈ।

ਅਮਰੀਕਾ ਵਿੱਚ ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੇ ਉਮੀਦਵਾਰਾਂ ‘ਤੇ ਹਮਲੇ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਇੱਕ ਦਰਜਨ ਦੇ ਕਰੀਬ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਕੁਝ ਰਾਸ਼ਟਰਪਤੀ ਮਾਰੇ ਵੀ ਗਏ ਸਨ। ਸਭ ਤੋਂ ਪਹਿਲਾ ਹਮਲਾ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਿਮ ☬ਲੰਕਨ ‘ਤੇ 14 ਅਪ੍ਰੈਲ 1865 ਨੂੰ ਫੋਰਡ ਥੇਟਰ ਵਿੱਚ ਹੋਇਆ ਸੀ। ਇਹ ਹਮਲਾ ਜੌਹਨ ਵਿਲਕੀਸ ਬੂਥ ਨੇ ਅਬਰਾਹਿਮ ☬ਲੰਕਨ ਵੱਲੋਂ ਕਾਲੇ ਲੋਕਾਂ ਦੇ ਹੱਕਾਂ ਦੀ ਸਪੋਰਟ ਕਰਨ ਕਰਕੇ ਕੀਤਾ ਸੀ, ਜਿਸ ਵਿੱਚ ਰਾਸ਼ਟਰਪਤੀ ਅਬਰਾਹਿਮ ☬ਲੰਕਨ ਮਾਰੇ ਗਏ ਸਨ। ਕਾਤਲ ਵੀ 26 ਅਪ੍ਰੈਲ 1865 ਨੂੰ ਮਾਰਿਆ ਗਿਆ ਸੀ। ਜੇਮਜ਼ ਗੇਰਫੀਲਡ ਜੋ 20ਵੇਂ ਰਾਸ਼ਟਰਪਤੀ ਸਨ, ਉਨ੍ਹਾਂ ਉਪਰ 2 ਜੁਲਾਈ 1881 ਨੂੰ ਵਾਸ਼ਿੰਗਟਨ ਟਰੇਨ ਸਟੇਸ਼ਨ ਵਿਖੇ ਚਾਰਲਸ ਗੁਟੇਊ ਨੇ ਹਮਲਾ ਕੀਤਾ ਸੀ। ਰਾਸ਼ਟਰਪਤੀ ਦੇ ਜ਼ਖ਼ਮਾਂ ਵਿੱਚ ਇਨਫੈਕਸ਼ਨ ਹੋਣ ਤੋਂ ਬਾਅਦ ਸਤੰਬਰ 1881 ਵਿੱਚ ਸਵਰਗ ਸਿਧਾਰ ਗਏ ਸਨ। 6 ਸਤੰਬਰ 1901 ਨੂੰ ਅਮਰੀਕਾ ਦੇ 25ਵੇਂ ਰਾਸ਼ਟਰਪਤੀ ਵਿਲੀਅਮ ਮੈਕਨਿਲੇ ਨਿਊਯਾਰਕ ਦੇ ਬੁਫੈਲੋ ਵਿਖੇ ਲਿਓਨ ਜੋਲਕੋਜ਼ ਨੇ ਹਮਲਾ ਕੀਤਾ ਸੀ। ਰਾਸ਼ਟਰਪਤੀ ਚਾਰ ਦਿਨ ਬਾਅਦ ਸਵਰਗ ਸਿਧਾਰ ਗਏ ਸਨ। ਲਿਓਨ ਜੋਲਕੋਜ਼ ਨੂੰ 29 ਅਕਤੂਬਰ 1901 ਨੂੰ ਫ਼ਾਂਸੀ ਦਿੱਤੀ ਗਈ ਸੀ। 32ਵੇਂ ਰਾਸ਼ਟਰਪਤੀ ਫਰੈਂਕਲਿਨ ਰੂਜ਼ਵੈਲਟ ‘ਤੇ ਫਰਵਰੀ 1933 ਵਿੱਚ ਗੈਸਪ ਜੰਗਾਰਾ ਨੇ ਹਮਲਾ ਕੀਤਾ ਸੀ, ਜਿਸ ਵਿੱਚ ਰਾਸ਼ਟਰਪਤੀ ਦੀ ਜਾਨ ਬਚ ਗਈ ਸੀ ਪ੍ਰੰਤੂ ਮੇਅਰ ਐਨਟਨ ਸੀਮਕ ਮਾਰੇ ਗਏ ਸਨ। ਬਾਅਦ ਵਿੱਚ ਕਾਤਲ ਨੂੰ ਫਾਂਸੀ ਹੋ ਗਈ ਸੀ। ਅਮਰੀਕਾ ਦੇ 33ਵੇਂ ਰਾਸ਼ਟਰਪਤੀ ਹੈਰੀ.ਐਸ.ਟਰੂਮੈਨ ਉਪਰ ਆਸਕਰ ਕਲਾਜ਼ੋ ਨੇ ਕਾਤਲਾਨਾ ਹਮਲਾ ਬਲੇਅਰ ਹਾਊਸ ਵਿਖੇ ਨਵੰਬਰ 1950 ਵਿੱਚ ਕੀਤਾ ਸੀ। ਇਸ ਹਮਲੇ ਵਿੱਚ ਰਾਸ਼ਟਰਪਤੀ ਬਚ ਗਏ ਸਨ। ਜੌਹਨ ਐਫ.ਕੈਨੇਡੀ 35ਵੇਂ ਰਾਸ਼ਟਰਪਤੀ ‘ਤੇ 22 ਨਵੰਬਰ 1963 ਨੂੰ ਟੈਕਸਾਸ ਦੇ ਡੱਲਾਸ ਸ਼ਹਿਰ ਵਿੱਚ ਲੀ ਹਾਰਵੇ ਓਸਵਾਲਡ ਨੇ ਕਾਤਲਾਨਾ ਹਮਲਾ ਕੀਤਾ, ਜਿਸ ਵਿੱਚ ਰਾਸ਼ਟਰਪਤੀ ਮਾਰੇ ਗਏ ਸਨ।  ਦੋ ਦਿਨ ਬਾਅਦ ਕਾਤਲ ਵੀ ਮਰ ਗਿਆ ਸੀ। 38ਵੇਂ ਰਾਸ਼ਟਰਪਤੀ ਗਰਾਲਡ ਫੋਰਡ ਉਪਰ 1975 ਵਿੱਚ ਦੋ ਵਾਰੀ ਹਮਲੇ ਹੋਏ। ਉਹ ਦੋਵੇਂ ਵਾਰੀ ਬਚ ਗਏ। ਇਕ ਵਾਰ ਲੀਨੇਟੇ  ਫਰੌਮੀ ਅਤੇ ਦੂਜੀ ਵਾਰ ਸਾਰਾ ਜਾਨੇ ਮੂਰਾ ਨੇ ਹਮਲੇ ਕੀਤੇ ਸਨ। ਅਮਰੀਕਾ ਦੇ 40ਵੇਂ ਰਾਸ਼ਟਰਪਤੀ ਰੋਨਾਲਡ ਰੀਗਨ ‘ਤੇ 30 ਮਾਰਚ 1981 ਨੂੰ ਵਾਸ਼ਿੰਗਟਨ ਡੀ.ਸੀ. ਵਿਖੇ ਕਾਤਲਾਨਾ ਹਮਲਾ ਹੋਇਆ ਪ੍ਰੰਤੂ ਉਹ ਵਾਲ ਵਾਲ ਬਚ ਗਏ। 43 ਵੇਂ ਰਾਸ਼ਟਰਪਤੀ ਜੌਰਜ ਡਵਲਯੂ ਬੁਸ਼ ‘ਤੇ ਜਾਰਜੀਆ ਦੇ ਟਬੀਲਿਸਟ ਸ਼ਹਿਰ ਵਿਖੇ 2005 ਵਿੱਚ ਗਰਨੇਡ ਸੁਟਿਆ ਗਿਆ, ਜਿਸ ਵਿੱਚ ਉਹ ਬਚ ਗਏ। ਕਾਤਲ ਨੂੰ ਉਮਰ ਕੈਦ ਦੀ ਸਜ਼ਾ ਹੋਈ। ਰਾਸ਼ਟਰਪਤੀ ਦੇ ਉਮੀਦਵਾਰਾਂ ਤੇ ਹੋਏ ਹਮਲਿਆਂ ਵਿੱਚ ਡੋਨਾਲਡ ਟਰੰਪ ਤੀਜਾ ਉਮੀਦਵਾਰ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦੇ ਦੋ ਉਮੀਦਵਾਰਾਂ ਤੇ ਵੀ ਹਮਲੇ ਹੋ ਚੁੱਕੇ ਹਨ। ਇਨ੍ਹਾਂ ਵਿੱਚ ਰਾਸ਼ਟਰਪਤੀ ਦੇ ਉਮੀਦਵਾਰ ਥਿਓਡੋਰੇ ਰੂਜ਼ਵੈਲਟ ਉਪਰ 1912 ਵਿੱਚ ਮਿਲਵਾਕੀ ਵਿਖੇ ਹਮਲਾ ਹੋਇਆ ਪ੍ਰੰਤੂ ਉਹ ਬਚ ਗਏ। ਦੂਜੇ ਉਮੀਦਵਾਰ ਰਾਬਰਟ ਐਫ.ਕੈਨੇਡੀ ਉਪਰ 5 ਜੂਨ 1968 ਨੂੰ ਲਾਸ ਏਂਜਲਸ ਵਿਖੇ ਕਾਤਲਾਨਾ ਹਮਲਾ ਹੋਇਆ ਜਿਸ ਵਿੱਚ ਰਾਸ਼ਟਰਪਤੀ ਮਾਰੇ ਗਏ। 12 ਰਾਸ਼ਟਰਪਤੀਆਂ ‘ਤੇ ਹੋਏ ਹਮਲਿਆਂ ਵਿੱਚ 5 ਰਾਸ਼ਟਰਪਤੀ ਮਾਰੇ ਗਏ ਸਨ, 7 ਰਾਸ਼ਟਰਪਤੀ ਹਮਲਿਆਂ ਵਿੱਚ ਬਚ ਗਏ ਸਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਕਿਹਾ ਜਾਂਦਾ ਹੈ ਅਮਰੀਕਾ ਦੇ ਕਾਨੂੰਨ ਬੜੇ ਸਖ਼ਤ ਹਨ ਪ੍ਰੰਤੂ ਬਹੁਤੇ ਹਮਲਾਵਰਾਂ ਨੂੰ ਸਜ਼ਾ ਨਹੀਂ ਹੋ ਸਕੀ। ਜੇ ਅਮਰੀਕਾ ਦੇ ਉਚ ਅਹੁਦਿਆਂ ਵਾਲੇ ਸਰੱਖਿਅਤ ਨਹੀਂ ਹਨ ਤਾਂ ਆਮ ਸ਼ਹਿਰੀਆਂ ਦੀ ਸੁਰੱਖਿਆ ਕਿਵੇਂ ਹੋ ਸਕਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>