ਵਾਸ਼ਿੰਗਟਨ – ਅਮਰੀਕਾ ਦੇ 81 ਸਾਲਾ ਰਾਸ਼ਟਰਪਤੀ ਨੇ ਇਸ ਸਾਲ ਹੋਣ ਵਾਲੀਆਂ ਚੋਣਾਂ ਨਾ ਲੜਣ ਦਾ ਐਲਾਨ ਕੀਤਾ ਹੈ। ਉਨ੍ਹਾਂ ‘ਤੇ ਖ਼ਰਾਬ ਸਿਹਤ ਅਤੇ ਕਮਜ਼ੋਰ ਯਾਦਾਸ਼ਤ ਕਰਕੇ 2025 ਲਈ ਹੋਣ ਵਾਲੀ ਚੋਣ ਤੋਂ ਆਪਣਾ ਨਾਮ ਵਾਪਸ ਲੈਣ ਦਾ ਦਬਾਅ ਵਧਦਾ ਜਾ ਰਿਹਾ ਸੀ।
ਵਿਰੋਧੀ ਪਾਰਟੀ ਦੇ ਲੀਡਰ ਅਤੇ ਰਿਪਬਲਿਕਨ ਪਾਰਟੀ ਦੇ ਲੀਡਰ ਡੋਨਲਡ ਟਰੰਪ ਵਾਰ ਵਾਰ ਉਨ੍ਹਾਂ ਦੀ ਸਿਹਤ ਅਤੇ ਗੱਲਾਂ ਨੂੰ ਭੁਲਣ ਦੀਆਂ ਕਮਜ਼ੋਰੀਆਂ ਨੂੰ ਮੁੱਦਾ ਬਣਾਕੇ ਨਿਸ਼ਾਨਾ ਸਾਧ ਰਹੇ ਸਨ। ਇਸੇ ਦੌਰਾਨ ਕਈ ਸੰਸਥਾਵਾਂ ਵਲੋਂ ਵੀ ਕੀਤੇ ਗਏ ਸਰਵੇ ਦੌਰਾਨ ਬਾਈਡਨ ਨੂੰ ਟਰੰਪ ਤੋਂ ਕਮਜ਼ੋਰ ਉਮੀਦਵਾਰ ਦੱਸਿਆ ਸੀ। ਜਿ਼ਕਰਯੋਗ ਹੈ ਕਿ ਪਿਛਲੇ ਦਿਨੀਂ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਵਲੋਂ ਵੀ ਜੋ ਬਾਈਡਨ ਦੀ ਉਮੀਦਵਾਰੀ ‘ਤੇ ਸਵਾਲ ਕਰਦਿਆਂ ਹੋਇਆਂ ਉਨ੍ਹਾਂ ਦੀ ਉਮੀਦਵਾਰੀ ਤੋਂ ਪਿਛੇ ਹਟਣ ਬਾਰੇ ਕਿਹਾ ਗਿਆ ਸੀ। ਇਸਨੂੰ ਇਸ ਗੱਲੋਂ ਵੀ ਅਹਿਮ ਮੰਨਿਆ ਜਾ ਰਿਹਾ ਸੀ ਕਿ ਰਾਸ਼ਟਰਪਤੀ ਜੋ ਬਾਈਡਨ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਦੇ ਕਾਰਜਕਾਲ ਸਮੇਂ ਉਪ ਰਾਸ਼ਟਰਪਤੀ ਵਜੋਂ ਕੰਮ ਕਰ ਚੁੱਕੇ ਸਨ।
ਐਕਸ ‘ਤੇ ਆਪਣੇ ਪੋਸਟ ਵਿੱਚ ਜੋ ਬਾਈਡਨ ਨੇ ਕਿਹਾ ਕਿ ਉਹ ਜਨਵਰੀ 2025 ਤੱਕ ਦੇਸ਼ ਦੇ ਰਾਸ਼ਟਰਪਤੀ ਅਤੇ ਅਮਰੀਕੀ ਫੋਜਾਂ ਦੇ ਮੁੱਖੀ ਵਜੋਂ ਸੇਵਾਵਾ ਨਿਭਾਉਂਦੇ ਰਹਿਣਗੇ। ਅਮਰੀਕੀ ਰਾਸ਼ਟਰਪਤੀ ਵਜੋਂ ਕੰਮ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਦੇਸ਼ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਹਿਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਉਨ੍ਹਾਂ ਨੇ ਆਪਣੀ ਉਮੀਦਵਾਰੀ ਛੱਡਣ ਦਾ ਇਹ ਫ਼ੈਸਲਾ ਲਿਆ ਹੈ। ਅਮਰੀਕਾ ਵਿੱਚ 28 ਜੂਨ ਨੂੰ ਹੋਈ ਪ੍ਰੈਜੀਡੈਨਸ਼ੀਅਲ ਡਿਬੇਟ ਤੋਂ ਬਾਅਦ ਜੋ ਬਾਈਡਨ ਦੀ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਇਹ ਮੰਗ ਕਰ ਰਹੇ ਸਨ ਕਿ ਉਹ ਆਪਣੀ ਉਮਦਵਾਰੀ ਛੱਡ ਦੇਣ।
ਰਾਸ਼ਟਰਪਤੀ ਜੋ ਬਾਈਡਨ ਵਲੋਂ ਇਹ ਐਲਾਨ ਕਰਨ ਤੋਂ ਬਾਅਦ ਕਮਲਾ ਹੈਰਿਸ ਦੀ ਉਮੀਦਵਾਰੀ ਕਾਫ਼ੀ ਮਜ਼ਬੂਤ ਮੰਨੀ ਜਾ ਰਹੀ ਹੈ।