ਲੁਧਿਆਣਾ – ਇਸਰੋ ਵੱਲੋਂ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਖੰਨਾ ਵਿਖੇ ਕਰਵਾਈ ਗਈ ਤਿੰਨ ਦਿਨਾਂ ਪੁਲਾੜ ਪ੍ਰਦਰਸ਼ਨੀ ਦਾ ਸਮਾਪਤ ਹੋ ਗਈ। ਇਸ ਪ੍ਰਦਰਸ਼ਨੀ ਵਿਚ ਵੱਖ ਵੱਖ ਸਕੂਲਾਂ ਦੇ ਬਾਰਾਂ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਸ਼ਿਰਕਤ ਕਰਦੇ ਹੋਏ ਸਾਇੰਸ ਦੇ ਨਮੂਨੇ ਵੇਖੇ। ਇਸ ਦੇ ਨਾਲ ਹੀ ਵਿਗਿਆਨੀਆਂ ਦੀ ਟੀਮ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਸਕੂਲਾਂ ਅਤੇ ਕਾਲਜਾਂ ਅਤੇ ਸਮਾਜ ਦੇ ਵਿਦਿਆਰਥੀਆਂ ਵਿਚ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਦੌਰਾਨ ਇਸਰੋ ਦੀਆਂ ਪਿਛਲੇ 50 ਸਾਲਾਂ ਦੀਆਂ ਪ੍ਰਾਪਤੀਆਂ ਅਤੇ ਆਉਣ ਵਾਲੇ ਮਿਸ਼ਨਾਂ ਨੂੰ ਵੀ ਉਜਾਗਰ ਕੀਤਾ ਗਿਆ।
ਪ੍ਰਦਰਸ਼ਨੀ ਵਿਚ ਇਸਰੋ ਦੇ ਇਤਿਹਾਸ ਅਤੇ ਸੰਕਲਪ, ਪੁਲਾੜ ਪ੍ਰੋਗਰਾਮ ਦੇ ਵੇਰਵੇ ਅਤੇ ਭਵਿੱਖ ਦੇ ਇਸਰੋ ਰੋਡ ਮੈਪ ਨੂੰ ਕਵਰ ਕੀਤਾ ਗਿਆ । ਵਿਕਰਮ ਸਾਰਾਭਾਈ ਪੁਲਾੜ ਪ੍ਰਦਰਸ਼ਨੀ ਦੀ ਮੋਬਾਈਲ ਪ੍ਰਦਰਸ਼ਨੀ ਵਿਚ ਰਿਮੋਟ ਸੈਂਸਿੰਗ ਅਤੇ ਸੰਚਾਰ ਉਪਗ੍ਰਹਿ, ਨੇਵੀਗੇਸ਼ਨ, ਚੰਦਰਯਾਨ, ਮਾਰਸ ਆਰਬਿਟਰ ਮਿਸ਼ਨ, ਸੈਟੇਲਾਈਟ ਚਿੱਤਰਾਂ ਅਤੇ ਐਪਲੀਕੇਸ਼ਨਾਂ ਨਾਲ ਸਬੰਧਿਤ ਇੱਕ ਡਿਸਪਲੇਅ ਪੈਨਲ ਸ਼ਾਮਲ ਕੀਤੇ ਗਏ। ਇਸ ਦੇ ਨਾਲ ਹੀ ਮੰਗਲ ਮਿਸ਼ਨ ਦੇ ਕੈਮਰੇ ਦੇ ਮਾਡਲ, ਲਾਂਚ ਵਾਹਨ ਪੀ ਐਸ ਐਲ ਵੀ ਅਤੇ ਜੀ ਐਸ ਐਲ ਵੀ, ਉਪਗ੍ਰਹਿ ਇਨਸੈੱਟ, ਆਈ ਆਰ ਐਸ, ਆਰੀਆ ਭੱਟ, ਰਿਸੈਟ ਆਦਿ ਦੇ ਮਾਡਲ ਵੀ ਪ੍ਰਦਰਸ਼ਨੀ ਦਾ ਹਿੱਸਾ ਸਨ। ਜਦ ਕਿ ਧਰਤੀ ਦੁਆਲੇ ਘੁੰਮਦੇ ਉਪਗ੍ਰਹਿਆਂ ਨੂੰ ਦਰਸਾਉਂਦਾ ਵਰਕਿੰਗ ਮਾਡਲ ਵੀ ਪ੍ਰਦਰਸ਼ਨੀ ਦਾ ਇੱਕ ਆਕਰਸ਼ਨ ਸੀ। ਇਨ੍ਹਾਂ ਤੋਂ ਇਲਾਵਾ ਪੁਲਾੜ ਯਾਨ ਦੀ ਪ੍ਰਾਪਤੀ, ਲਾਂਚਿੰਗ ਅਤੇ ਮੰਗਲ ਮਿਸ਼ਨ ’ਤੇ ਵੱਖ-ਵੱਖ ਵੀਡੀਓ ਡਾਕੂਮੈਂਟਰੀ ਵੀ ਸਨ।
ਵਿਦਿਆਰਥੀ ਵਿਚ ਜਾਗਰੂਕਤਾ ਪ੍ਰਤੀਯੋਗਤਾ ਨੂੰ ਵਧਾਉਣ ਲਈ ਪ੍ਰਸ਼ਨ-ਉੱਤਰ ਸੈਸ਼ਨ, ਡਰਾਇੰਗ, ਕੁਇਜ਼ ਵੀ ਆਯੋਜਿਤ ਕੀਤੀ ਗਈ ਸੀ। ਜਦ ਕਿ ਇਸਰੋ ਤੋਂ ਦਿਸ਼ਾ ਦਵੇ, ਹੈਪੀ ਜੀ ਪਟੇਲ ਅਤੇ ਹੈਪੀ ਐਮ ਪਟੇਲ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸ਼ਲਾਘਾਯੋਗ ਪੁਲਾੜ ਇਤਿਹਾਸ ਅਤੇ ਭਾਰਤ ਦੀ ਇਤਿਹਾਸਕ ਯਾਤਰਾ ਬਾਰੇ ਚਾਨਣਾ ਪਾਇਆ। ਜ਼ਿਕਰੇਖਾਸ ਹੈ ਕਿ ਚੰਦਰਯਾਨ ਤਿੰਨ ਜੋ ਕਿ ਦੁਨੀਆ ਵਿਚ ਚੰਦਰਮਾ ਦੇ ਦੱਖਣੀ ਧਰੁਵ ’ਤੇ ਚੰਦਰਮਾ ਮਿਸ਼ਨ ਦੀ ਪਹਿਲੀ ਸਫਲ ਸਾਫਟ-ਲੈਂਡਿੰਗ ਹੈ। ਇਸ ਦੌਰਾਨ ਇਸਰੋ ਦੇ ਰਾਹੁਲ ਗਰਗ ਸੀਨੀਅਰ ਵਿਗਿਆਨੀ, ਵਿਕਾਸ ਗੁਪਤਾ ਸੀਨੀਅਰ ਵਿਗਿਆਨੀ ਅਤੇ ਇਸਰੋ ਤੋਂ ਮੋਹਿਤ ਸ਼ਰਮਾ ਯੰਗ ਸਾਇੰਟਿਸਟ ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਇਸਰੋ ਦੀ ਤਿੰਨ ਦਿਨਾਂ ਪੁਲਾੜ ਪ੍ਰਦਰਸ਼ਨੀ ਦੀ ਕਾਮਯਾਬੀ ਲਈ ਸਭ ਦਾ ਧੰਨਵਾਦ ਕੀਤਾ। ਗੁਰਕੀਰਤ ਸਿੰਘ ਨੇ ਕਿਹਾ ਕਿ ਇਹ ਤਿੰਨ ਦਿਨਾਂ ਪੁਲਾੜ ਪ੍ਰਦਰਸ਼ਨੀ ਨੌਜਵਾਨ ਦਿਮਾਗਾਂ ਦੀਆਂ ਕਲਪਨਾਵਾਂ ਨੂੰ ਜਗਾਉਣ ਅਤੇ ਖੇਤਰ ਵਿਚ ਪੁਲਾੜ ਵਿਗਿਆਨ ਦੀ ਸਿੱਖਿਆ ਨੂੰ ਅੱਗੇ ਵਧਾਉਣ ਵਿਚ ਯੋਗਦਾਨ ਪਾਉਣ ਲਈ ਬਿਹਤਰੀਨ ਯੋਗਦਾਨ ਦੇ ਰਹੀ ਹੈ। ਇਹ ਪਹਿਲਕਦਮੀ ਭਵਿੱਖ ਦੀ ਪ੍ਰਤਿਭਾ ਨੂੰ ਪਾਲਨ ਪੋਸ਼ਣ ਅਤੇ ਭਾਰਤ ਦੇ ਨੌਜਵਾਨਾਂ ਵਿਚ ਪੁਲਾੜ ਖੋਜ ਲਈ ਪਿਆਰ ਪੈਦਾ ਕਰਨ ਲਈ ਇਸਰੋ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।ਅਖੀਰ ਵਿਚ ਗੁਲਜ਼ਾਰ ਗਰੁੱਪ ਮੈਨੇਜਮੈਂਟ ਵੱਲੋਂ ਇਸਰੋਂ ਦੇ ਵਿਗਿਆਨੀਆਂ ਨੂੰ ਸਨਮਾਨਿਤ ਕੀਤਾ ਗਿਆ।