ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਖਾਲਸਾ ਰਾਜ ਦੀ ਸਥਾਪਤੀ ਲਈ ਪੰਜਾਬ ਰਾਏਸ਼ੁਮਾਰੀ ਵੋਟਿੰਗ ਸਰਕਾਰੀ ਇਮਾਰਤ ਮਿਊਂਸੀਪਲ ਪਲਾਜ਼ਾ ਕੈਨੇਡਾ ਦੇ ਕੈਲਗਰੀ ਵਿੱਚ ਹੋਇਆ, ਪੁਲਿਸ ਦੀ ਸੁਰੱਖਿਆ ਹੇਠ ਸਿੱਖਸ ਫਾਰ ਜਸਟਿਸ (ਐਸਐਫਜੇ) ਦੁਆਰਾ ਆਯੋਜਿਤ ਇਤਿਹਾਸਕ ਸਮਾਗਮ ਵਿੱਚ 28 ਜੁਲਾਈ ਐਤਵਾਰ ਨੂੰ ਖਾਲਿਸਤਾਨ ਰਾਏਸ਼ੁਮਾਰੀ ਦੇ ਪਹਿਲੇ ਪੜਾਅ ਦੀ ਵੋਟਿੰਗ ਵਿੱਚ 55,000 ਤੋਂ ਵੱਧ ਕਨੇਡਾ’ਚ ਰਹਿੰਦੇ ਸਿੱਖਾਂ ਨੇ ਹਿੱਸਾ ਲਿਆ।
ਪਰ ਇਸ ਦੌਰਾਨ ਭਾਰਤ ਸਰਕਾਰ ਦੇ ਸਖਤ ਵਿਰੋਧ ਦੇ ਬਾਵਜੂਦ ਕੈਨੇਡੀਅਨ ਅਥਾਰਟੀ ਨੇ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਸਥਾਨਕ ਮੇਅਰ ਗੋਂਡੇਕ ਨੇ ਕਿਹਾ ਕਿ ਉਹ ਰਾਏਸ਼ੁਮਾਰੀ ਨੂੰ ਇੱਕ ਜਾਇਜ਼ ਲੋਕਤੰਤਰੀ ਅਭਿਆਸ ਵਜੋਂ ਦੇਖਦੀ ਹੈ, ਜਿਸ ਨੂੰ ਮਨਜ਼ੂਰੀ ਦੇਣ ਜਾਂ ਪਾਬੰਦੀ ਲਗਾਉਣ ਦਾ ਉਨ੍ਹਾਂ ਦੇ ਦਫਤਰ ਕੋਲ ਕੋਈ ਅਧਿਕਾਰ ਨਹੀਂ ਹੈ। ਲੋਕ ਕਿਸੇ ਵੀ ਸਮੇਂ ਮਿਉਂਸਪਲ ਪਲਾਜ਼ਾ ਵਿਖੇ ਇਕੱਠੇ ਹੋ ਸਕਦੇ ਹਨ। ਉਹ ਜੋ ਚਾਹੁਣ ਕਰ ਸਕਦੇ ਹਨ, ਰਾਏਸ਼ੁਮਾਰੀ ਨਾਲ ਸਬੰਧਤ ਪੋਸਟਰਾਂ ਵਿਚ ਤਲਵਿੰਦਰ ਸਿੰਘ ਪਰਮਾਰ ਅਤੇ ਹਰਦੀਪ ਸਿੰਘ ਨਿੱਜਰ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਸਨ।
ਇਹ ਰਾਏਸ਼ੁਮਾਰੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਈ ਜਿਸ ਵਿੱਚ ਹਿੱਸਾ ਲੈਣ ਲਈ ਲੋਕ ਅੰਮ੍ਰਿਤ ਵੇਲੇ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਖੜੇ ਦਿਖਾਈ ਦੇ ਰਹੇ ਸਨ ਅਤੇ ਸ਼ਾਮ ਤੱਕ ਵੱਡੀਆਂ ਵੱਡੀਆਂ ਕਿਲੋਮੀਟਰ ਲੰਬੀਆਂ ਸਿੱਖ ਸੰਗਤਾਂ ਦੀਆਂ ਕਤਾਰਾਂ ਦਿਖਾਈ ਦੇ ਰਹੀਆਂ ਸਨ, ਕੈਲਗਰੀ ਤੋਂ ਇਲਾਵਾ ਐਡਮਿੰਟਨ, ਵਿਨੀਪੈਗ, ਸਸਕਾਟੂਨ, ਰਿਜਾਈਨਾ, ਪ੍ਰਿੰਸ ਜੋਰਜ, ਕੈਮਲੂਪਸ, ਗੋਲਡ ਆਦਿਕ ਸ਼ਹਿਰਾਂ ਤੋਂ ਵੋਟਾਂ ਪਾਉਣ ਲਈ ਬੱਸਾਂ ਕਾਰਾਂ ਅਤੇ ਜਹਾਜ਼ਾਂ ਰਾਹੀਂ ਸਿੱਖ ਸੰਗਤਾਂ ਦੇ ਵੱਡੇ ਕਾਫਲੇ ਪਹੁੰਚੇ ਹੋਏ ਸਨ, ਕੈਲਗਰੀ ਦੇ ਡਾਊਨ ਟਾਊਨ ਵਿੱਚ ਰੱਖੇ ਗਏ ਇਸ ਸਿੱਖ ਰਾਏਸ਼ਮਾਰੀ ਸਮਾਗਮ ਦੂਸਰੀਆਂ ਕਮਿਊਨਿਟੀਆਂ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ ਅਤੇ ਉਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਵਾਲ ਕੀਤੇ ਗਏ।
ਗੁਰੂ ਨਾਨਕ ਸਿੱਖ ਗੁਰਦੁਆਰਾ ਤੋਂ ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਸਮੇਤ ਉਹਨਾਂ ਦੀ ਟੀਮ ਸਰੀ ਤੋਂ ਪਹੁੰਚੀ ਹੋਈ ਸੀ, ਜਿਸ ਵਿੱਚ ਭਾਈ ਗੁਰਮੀਤ ਸਿੰਘ ਤੂਰ ਭਾਈ ਭੁਪਿੰਦਰ ਸਿੰਘ ਹੋਠੀ ਗੁਰਮੀਤ ਸਿੰਘ ਗਿੱਲ ਅਵਤਾਰ ਸਿੰਘ ਖਹਿਰਾ ਅਤੇ ਨਰਿੰਦਰ ਸਿੰਘ ਖਾਲਸਾ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ, ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ ਦੇ ਪ੍ਰਬੰਧਕ ਵੀ ਹਾਜ਼ਰ ਸਨ।
ਗੁਰਦੁਆਰਾ ਦਸ਼ਮੇਸ਼ ਕਲਚਰ ਕੈਲਗਰੀ ਦੇ ਪ੍ਰਧਾਨ ਸਰਦਾਰ ਬਲਜਿੰਦਰ ਸਿੰਘ ਅਤੇ ਉਨਾਂ ਦੀ ਪ੍ਰਬੰਧਕ ਟੀਮ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਅਤੇ ਐਡਮਿੰਟਨ ਤੋਂ ਭਾਈ ਗੁਲਜਾਰ ਸਿੰਘ ਨਿਰਮਾਣ ਅਤੇ ਮਲਕੀਤ ਸਿੰਘ ਢੇਸੀ ਵੱਲੋਂ ਇਸ ਰਾਜਸ਼ੁਮਾਰੀ ਵਿੱਚ ਡੱਟ ਕੇ ਪ੍ਰਚਾਰ ਕੀਤਾ ਗਿਆ, ਵੋਟਾਂ ਪਾਉਣ ਆਈਆਂ ਹੋਈਆਂ ਹਜ਼ਾਰਾਂ ਸਿੱਖ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਠੰਡੇ ਅਤੇ ਮਿੱਠੇ ਜਲ ਦੀ ਸੇਵਾ ਸਾਰਾ ਦਿਨ ਚੱਲਦੀ ਰਹੀ।
ਕੈਨੇਡਾ ਵਿੱਚ ਹੋਏ ਰੈਫਰੈਂਡਮ ਵਿੱਚ ਭਾਰਤ ਵਿਰੋਧੀ ਨਾਅਰੇ ਵੀ ਲਾਏ ਗਏ। ਇਹ ਸਾਰੀ ਘਟਨਾ ਕੈਨੇਡੀਅਨ ਪੁਲਿਸ ਦੀ ਨਿਗਰਾਨੀ ਹੇਠ ਹੋਈ। ਪਰ ਭਾਰਤ ਵਿਰੋਧੀ ਨਾਅਰੇ ਬੰਦ ਨਹੀਂ ਹੋਏ ਖਾਲਿਸਤਾਨ ਜਿੰਦਾਬਾਦ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਨਾਰਿਆਂ ਨੇ ਆਕਾਸ਼ ਨੂੰ ਗੂੰਜਣ ਲਾ ਦਿਤਾ ।
ਪੰਜਾਬ ਰੈਫਰੈਂਡਮ ਕਮਿਸ਼ਨ ਨੇ ਖਾਲਸਾ ਰਾਜ ਦੀ ਸਥਾਪਤੀ ਲਈ ਕਰਵਾਈ ਜਾ ਰਹੀ ਰਾਏਸ਼ੁਮਾਰੀ ਲਈ ਅਗਲੀ ਵੋਟਿੰਗ ਨਿਊਜੀਲੈਂਡ ਸੈਂਟਰ ਵਿੱਚ ਨਵੰਬਰ 2024 ਵਿਚ ਕਰਵਾਉਣ ਦਾ ਐਲਾਨ ਕੀਤਾ।