ਦਵਿੰਦਰ ਬਾਂਸਲ ਮੁਹੱਬਤ ਨੂੰ ਪ੍ਰਣਾਈ ਹੋਈ ਪ੍ਰਵਾਸੀ ਕਵਿਤਰੀ ਤੇ ਚਿਤਰਕਾਰ ਹੈ। ਉਸ ਦੇ 2 ਕਾਵਿ ਸੰਗ੍ਰਹਿ ‘ਝਾਂਜਰਾਂ ਦੀ ਛਣ-ਛਣ’ ਅਤੇ ‘ਜੀਵਨ ਰੁੱਤ ਦੀ ਮਾਲਾ’ ਪ੍ਰਕਾਸ਼ਤ ਹੋ ਚੁੱਕੇ ਹਨ। ‘ਸਵੈ ਦੀ ਪਰਿਕਰਮਾ’ ਉਸ ਦਾ ਤੀਜਾ ਕਾਵਿ ਸੰਗ੍ਰਹਿ ਹੈ। ਉਸ ਦੀ ਹਰ ਕਵਿਤਾ ਦਾ ਹਰ ਸ਼ਬਦ ਮੁਹੱਬਤ ਦੀ ਬਾਤ ਪਾਉਂਦਾ ਹੈ। ਚਰਚਾ ਅਧੀਨ ਕਾਵਿ ਸੰਗ੍ਰਹਿ ਵਿੱਚ ਉਸ ਦੀਆਂ ਨਿੱਕੀਆਂ ਤੇ ਵੱਡੀਆਂ 70 ਕਵਿਤਾਵਾਂ ਹਨ। ਇਹ ਕਾਵਿ ਸ੍ਰੰਗਹਿ ਆਮ ਕਾਵਿ ਸ੍ਰੰਗਹਿਾਂ ਤੋਂ ਨਿਵੇਕਲਾ ਹੈ ਕਿਉਂਕਿ ਇਨ੍ਹਾਂ ਸਾਰੀਆਂ ਕਵਿਤਾਵਾਂ ਦੇ ਨਾਲ ਉਨ੍ਹਾਂ ਦੇ ਅਰਥਾਂ ਨੂੰ ਦਰਸਾਉਂਦੇ ਚਿਤਰ ਬਰਾਬਰ ਦੇ ਪੰਨੇ ‘ਤੇ ਬਣਾਏ ਹੋਏ ਹਨ। ਜਦੋਂ ਤੁਸੀਂ ਕਾਵਿ ਸ੍ਰੰਗਹਿ ਪੜ੍ਹਨ ਲਈ ਖੋਲ੍ਹਦੇ ਹੋ ਤਾਂ ਪਹਿਲਾਂ ਖੱਬੇ ਹੱਥ ਚਿਤਰ ਤੇ ਸੱਜੇ ਹੱਥਲੇ ਪੰਨੇ ‘ਤੇ ਕਵਿਤਾ ਹੁੰਦੀ ਹੈ। ਇਹ ਚਿਤਰ ਹੀ ਕਵਿਤਾ ਦੀ ਭਾਵਨਾ ਪ੍ਰਗਟਾ ਦਿੰਦੇ ਹਨ। ਕਵਿਤਰੀ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਪਿਆਰ ਮੁਹੱਬਤ ਹੈ ਪ੍ਰੰਤੂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਵੀ ਕੁਝ ਕਵਿਤਾਵਾਂ ਹਨ। ਦਵਿੰਦਰ ਬਾਂਸਲ ਦੀਆਂ ਕਵਿਤਾਵਾਂ ਬਹੁ-ਮੰਤਵੀ ਤੇ ਬਹੁ-ਪਰਤੀ ਹਨ। ਡੂੰਘੇ ਅਰਥਾਂ ਵਾਲੀਆਂ ਹਨ, ਜਿਨ੍ਹਾਂ ਨੂੰ ਸਿੰਬਾਲਿਕ ਵੀ ਕਿਹਾ ਜਾ ਸਕਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਦਵਿੰਦਰ ਬਾਂਸਲ ਦੇ ਅੰਤਰ ਮਨ ਦੀ ਆਵਾਜ਼ ਹਨ। ਇਹ ਕਵਿਤਾਵਾਂ ਉਸ ਦੀ ਜ਼ਿੰਦਗੀ ਦੇ ਤਲਖ਼ ਤਜ਼ਰਬਿਆਂ ‘ਤੇ ਅਧਾਰਤ ਹਨ ਪ੍ਰੰਤੂ ਦਵਿੰਦਰ ਬਾਂਸਲ ਦੀ ਕਮਾਲ ਹੈ ਕਿ ਉਸ ਨੇ ਇਨ੍ਹਾਂ ਕਵਿਤਾਵਾਂ ਨੂੰ ਲੋਕਾਈ ਦੇ ਦਰਦ ਵਿੱਚ ਬਦਲ ਦਿੱਤਾ ਹੈ। ਇਹ ਹਰ ਇਸਤਰੀ ‘ਤੇ ਢੁਕਦੀਆਂ ਹਨ। ਕਵਿਤਰੀ ਨੇ ਆਪਣਾ ਮਨ ਇਨ੍ਹਾਂ ਕਵਿਤਾਵਾਂ ਰਾਹੀਂ ਦ੍ਰਿਸ਼ਟਾਂਤਿਕ ਰੂਪ ਵਿੱਚ ਪ੍ਰਗਟਾਅ ਦਿੱਤਾ ਹੈ। ਕਵਿਤਰੀ ਔਰਤਾਂ ਨੂੰ ਇਨ੍ਹਾਂ ਕਵਿਤਾਵਾਂ ਰਾਹੀਂ ਆਪਣੀ ਪਛਾਣ ਕਰਨ ਲਈ ਜਾਗਰੂਕ ਕਰ ਰਹੀ ਹੈ। ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ‘ਸਵੈ ਦੀ ਪਰਿਕਰਮਾ’ ਵਿੱਚ ਔਰਤ ਨੂੰ ਬਹਾਦਰੀ ਨਾਲ ਸਮਾਜਿਕ ਤਾਣੇ ਬਾਣੇ ਦਾ ਡੱਟਕੇ ਮੁਕਾਬਲਾ ਕਰਨ ਲਈ ਪ੍ਰੇਰਦੀ ਹੈ। ਸਮਰਪਣ ਕਵਿਤਾ ਵੀ ਔਰਤਾਂ ਨੂੰ ਸਵੈ ਦੀ ਪਹਿਚਾਣ ਕਰਨ ਲਈ ਪ੍ਰੇਰਦੀ ਹੈ। ਹਰ ਇਸਤਰੀ ਇਨ੍ਹਾਂ ਕਵਿਤਾਵਾਂ ਵਿੱਚ ਆਪਣਾ ਅਕਸ ਵੇਖ ਰਹੀ ਹੈ।
ਦਵਿੰਦਰ ਬਾਂਸਲ ਭਾਵੇਂ ਕੀਨੀਆਂ ਦੀ ਜੰਮੀ ਪਲੀ ਤੇ ਪ੍ਰਵਾਸ ਵਿੱਚ ਹੀ ਪੜ੍ਹੀ ਲਿਖੀ ਹੈ ਪ੍ਰੰਤੂ ਉਸ ਦਾ ਪੰਜਾਬੀ ਵਿਰਾਸਤ ਨਾਲ ਮੋਹ ਤੇ ਇਸਤਰੀਆਂ ਦੀ ਮਨੋਦਿਸ਼ਾ ਦਾ ਡੂੰਘਾ ਅਧਿਐਨ, ਉਸ ਦੀਆਂ ਕਵਿਤਾਵਾਂ ਵਿੱਚੋਂ ਝਲਕਦਾ ਹੈ। ਇਸਤਰੀ ਦੀ ਜ਼ਿੰਦਗੀ ਦੇ ਉਤਰਾਅ ਝੜ੍ਹਾਅ ਕਵਿਤਰੀ ਦੀ ਮਾਨਸਿਕਤਾ ਨੂੰ ਟੁੰਬਦੇ ਰਹਿੰਦੇ ਹਨ। ਕੁਝ ਕਵਿਤਾਵਾਂ ਇਸਤਰੀਆਂ ਨੂੰ ਆਪਣਾ ਭਵਿਖ ਆਪ ਸੁਆਰਨ ਦੀ ਤਾਕੀਦ ਕਰਦੀਆਂ ਹਨ। ਉਹ ਇਸਤਰੀਆਂ ਨੂੰ ਸਮਾਜ ਦੀ ਸਿਰਜਣਾ ਦਾ ਪ੍ਰਤੀਕ ਕਹਿੰਦੀ ਹੈ ਪ੍ਰੰਤੂ ਸਮਾਜ ਉਸ ਨੂੰ ਬਣਦਾ ਮਨ ਸਨਮਾਨ ਦੇਣ ਤੋਂ ਕੰਨੀ ਕਤਰਾਉਂਦਾ ਹੈ। ਘਰੇਲੂ ਕਲੇਸ਼ ਤੇ ਹਿੰਸਾ ਔਰਤਾਂ ਦੀ ਜ਼ਿੰਦਗੀ ਦਾ ਹਿੱਸਾ ਬਣੇ ਹੋਏ ਹਨ। ਧੋਖੇ, ਦਗ਼ਾ, ਫਰੇਬ ਅਤੇ ਸਮਾਜਿਕ ਕੁਰੀਤੀਆਂ ਔਰਤ ਦੀ ਜ਼ਿੰਦਗੀ ਨੂੰ ਮੁਸ਼ਕਲਾਂ ਵਿੱਚ ਪਾਉਂਦੇ ਰਹਿੰਦੇ ਹਨ। ਸੰਗੀਤ ਤੇ ਮੁਹੱਬਤ ਇਨਸਾਨ ਦੀ ਮਾਨਸਿਕਤਾ ਨੂੰ ਟੁੰਬਦਾ ਹੈ ਤੇ ਫਿਰ ਜ਼ਿੰਦਗੀ ਸੌਖਿਆਂ ਬਸਰ ਕੀਤੀ ਜਾ ਸਕਦੀ ਹੈ। ਕਵਿਤਰੀ ਦੀਆਂ ਕਵਿਤਾਵਾਂ ਮੁਹੱਬਤ ਨੂੰ ਜ਼ਿੰਦਗੀ ਦਾ ਦੂਜਾ ਨਾਮ ਦਿੰਦੀਆਂ ਹਨ। ਮੁਹੱਬਤ ਤੋਂ ਬਿਨਾ ਜ਼ਿੰਦਗੀ ਅਧੂਰੀ ਹੁੰਦੀ ਹੈ। ਦਰਦ ਤੇ ਮੁਹੱਬਤ ਇਕ ਦੂਜੇ ਦੇ ਪੂਰਕ ਹਨ। ਮੁਹੱਬਤ ਜ਼ਿੰਦਗੀ ਨੂੰ ਰੰਗੀਨ ਬਣਾਉਂਦੀ ਹੈ, ਜਿਸ ਕਰਕੇ ਰੌਸ਼ਨੀ ਦੀ ਕਿਰਨ ਵਿਖਾਈ ਦੇਣ ਲੱਗਦੀ ਹੈ। ਵਸਲ ਦੀ ਤਾਂਘ ਜੀਣ ਦਾ ਬਹਾਨਾ ਬਣਦੀ ਹੈ। ਮੁਹੱਬਤ, ਵਸਲ ਤੇ ਬ੍ਰਿਹਾ ਦਾ ਆਪਸੀ ਗੂੜ੍ਹਾ ਨਹੁੰ ਮਾਸ ਦਾ ਸੰਬੰਧ ਹੁੰਦਾ ਹੈ। ਪਿਆਰ, ਮਹੱਬਤ ਤੇ ਇਸ਼ਕ ਵਿੱਚ ਇਹ ਤਿੰਨੋ ਅਵਸਥਾਵਾਂ ਹਰ ਹਾਲਤ ਵਿੱਚ ਆਉਂਦੀਆਂ ਹਨ। ਕਵਿਤਰੀ ਨੇ ਤਿੰਨੋ ਅਵਸਥਾਵਾਂ ਦੀਆਂ ਕਵਿਤਾਵਾਂ ਰਚੀਆਂ ਹਨ। ਇਸ਼ਕ ਦੀਆਂ ਚਸਕਾਂ ਦਾ ਦਰਦ ਬ੍ਰਿਹਾ ਦੇ ਰੂਪ ਵਿੱਚ ਵਾਸਤਾ, ਹਿਜਰ, ਜਿੰਦ ਬੀਤ ਚਲੀਏ, ਅਸੀਂ ਤੁਰ ਜਾਣਾ, ਹੱਡੀਂ ਰਚਿਆ ਇਸ਼ਕ, ਉਮੀਦ, ਹੋਂਦ, ਵਸਲ ਦੀ ਚਾਹਤ, ਦੂਰੀ, ਜੋਬਨ ਰੁੱਤੇ, ਬੇਗਾਨਗੀ, ਅਗਨ, ਆਜਾ ਮਾਹੀ ਕਵਿਤਾਵਾਂ ਰਾਹੀਂ ਪ੍ਰਗਟ ਹੁੰਦਾ ਹੈ। ਪਰਵਾਸ ਵਿੱਚ ਔਰਤ ਆ ਕੇ ਆਜ਼ਾਦੀ ਦੇ ਗ਼ਲਤ ਅਰਥ ਕੱਢਦੀ ਹੈ। ਪੈਸਾ ਹੀ ਜ਼ਿੰਦਗੀ ਨਹੀਂ ਹੁੰਦਾ। ਲੜਕੀਆਂ ਨੂੰ ਮਰਦਾਂ ਵੱਲੋਂ ਵਿਖਾਏ ਜਾਂਦੇ ਸਬਜਬਾਗਾਂ ਤੋਂ ਬਚਣਾ ਚਾਹੀਦਾ ਹੈ। ਕੁਝ ਕਵਿਤਾਵਾਂ ਵਿੱਚ ਉਸ ਦਾ ਪੰਜਾਬ ਵਾਪਸ ਆਉਣ ਦਾ ਹੇਰਵਾ ਵੀ ਵਿਖਾਈ ਦਿੰਦਾ ਹੈ। ਉਹ ਆਜ਼ਾਦ ਖਿਆਲਾਂ ਦੀ ਕਵਿਤਰੀ ਹੈ, ਜਿਹੜੀ ਆਪਣੀਆਂ ਕਵਿਤਾਵਾਂ ਰਾਹੀਂ ਹਰ ਇਸਤਰੀ ਨੂੰ ਜ਼ਿੰਦਗੀ ਦੀਆਂ ਮੁਸੀਬਤਾਂ ਦਾ ਬੇਖ਼ੌਫ਼ ਹੋ ਕੇ ਮੁਕਾਬਲਾ ਕਰਨ ਅਤੇ ਇਸਤਰੀ ਹੋਣ ਦੇ ਤੋਹਫ਼ੇ ਦਾ ਆਨੰਦ ਮਾਨਣ ਲਈ ਪ੍ਰੇਰਦੀ ਹੈ। ਇਸਤਰੀ ਪਰਮਾਤਮਾ ਦਾ ਇਸ ਸੰਸਾਰ ਨੂੰ ਦਿੱਤਾ ਬਿਹਤਰੀਨ ਤੋਹਫ਼ਾ ਹੈ, ਇਸ ਤੋਹਫ਼ੇ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ। ਕਵਿਤਰੀ ਅਨੁਸਾਰ ਇਸਤਰੀ ਪਰਮਾਤਮਾ ਦਾ ਇਸ ਸੰਸਾਰ ਨੂੰ ਦਿੱਤਾ ਬਿਹਤਰੀਨ ਤੋਹਫ਼ਾ ਹੈ, ਇਸ ਤੋਹਫ਼ੇ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ। ਕਵਿਤਰੀ ਸੱਚੀ-ਸੁੱਚੀ ਮੁਹੱਬਤ ਦੀ ਗਵਾਹੀ ਭਰਦੀ ਹੋਈ, ਸਮਾਜਿਕ ਪ੍ਰਾਣੀਆਂ ਨੂੰ ਮੁਹੱਬਤ ਦੇ ਪਵਿਤਰ ਸੰਕਲਪ ‘ਤੇ ਪਹਿਰਾ ਦੇਣ ਦੀ ਵਕਾਲਤ ਕਰਦੀ ਹੈ। ਉਹ ਵਰਤਮਾਨ ਸਮਾਜ ਵਿੱਚ ਇਸਤਰੀ ਨਾਲ ਹੋ ਰਹੇ ਦੁਰਵਿਵਹਾਰ ਤੋਂ ਬਹੁਤ ਖ਼ਫਾ ਹੈ। ਕਵਿਤਰੀ ਇਸਤਰੀ ਦੇ ਸੰਤਾਪ ਨੂੰ ਖ਼ੁਸ਼ਗਵਾਹ ਮਾਹੌਲ ਵਿੱਚ ਬਦਲਣ ਲਈ ਤਤਪਰ ਹੈ। ਦਵਿੰਦਰ ਬਾਂਸਲ ਦੀਆਂ ਸਮੁੱਚੀਆਂ ਕਵਿਤਾਵਾਂ ਮੁੜ ਘਿੜਕੇ ਇਸਤਰੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ, ਉਲਝਣਾਂ ਅਤੇ ਅਨੇਕ ਕਿਸਮ ਦੀਆਂ ਬੁਰਾਈਆਂ ਨੂੰ ਦੂਰ ਕਰਨ ਦੀ ਵਕਾਲਤ ਕਰਦੀਆਂ ਹਨ। ਸਮਾਜਿਕ ਤਾਣੇ ਬਾਣੇ ਵਿੱਚ ਇਸਤਰੀ ਦੀ ਸੁੰਦਰਤਾ ਦੇ ਅਖੌਤੀ ਪੁਜਾਰੀ ਭਾਰੂ ਹੋਏ ਪਏ ਹਨ। ਕਵਿਤਰੀ ਇਸਤਰੀਆਂ ਨੂੰ ਉਨ੍ਹਾਂ ਦੇ ਅਡੰਬਰਾਂ ਤੋਂ ਸੁਚੇਤ ਰਹਿਣ ਦੀ ਪ੍ਰੇਰਨਾਂ ਕਰਦੀ ਹੈ। ਔਰਤ ਦੇ ਹਾਰ ਸ਼ਿੰਗਾਰ ਅਪੂਰਨਤਾ ਦੀ ਨਿਸ਼ਾਨੀ ਹਨ। ਔਰਤ ਨੂੰ ਵੀ ਬਾਹਰੀ ਸੁੰਦਰਤਾ ਨਾਲੋਂ ਮਨ ਦੀ ਸੁੰਦਰਤਾ ਵਲ ਧਿਆਨ ਦੇਣਾ ਚਾਹੀਦਾ ਹੈ। ਹਰ ਮਰਦ ਭਾਵੇਂ ਪਿਤਾ, ਪਤੀ ਤੇ ਪੁੱਤਰ ਹੋਵੇ ਉਨ੍ਹਾਂ ਦਾ ਔਰਤ ਬਾਰੇ ਨਜ਼ਰੀਆ ਇੱਕੋ ਜਿਹਾ ਹੁੰਦਾ ਹੈ। ਉਹ ਆਪਣੀ ਅਸਫਲਤਾ ਸਮੇਂ ਹਮੇਸ਼ਾ ਔਰਤ ਦੇ ਚਰਿਤਰ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹਨ। ਔਰਤਾਂ ਵਹਿਮਾ-ਭਰਮਾ ਦੇ ਚੁੰਗਲ ਵਿੱਚੋਂ ਬਾਹਰ ਨਿਕਲ ਰਹੀਆਂ ਹਨ। ਸਮਾਜ ਔਰਤ ਦੀ ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਇਸਤਰੀ ਸਿਰਫ਼ ਪਿਆਰ ਮੁਹੱਬਤ ਦੀ ਪ੍ਰਤੀਕ ਹੈ। ਪਿਆਰ ਨੂੰ ਦੁਰਾਚਾਰ ਨਾ ਬਣਾਇਆ ਜਾਵੇ। ਦਵਿੰਦਰ ਬਾਂਸਲ ਇਸਤਰੀ ਨੂੰ ਆਪਣੀ ਹਿਫ਼ਾਜ਼ਤ ਆਪ ਕਰਨ ਦੀ ਨਸੀਅਤ ਦਿੰਦੀ ਹੈ। ਸਮਾਜਿਕ ਬਘਿਆੜ ਰੂਪੀ ਮਨੁੱਖੀ ਕਿਰਦਾਰਾਂ ਤੋਂ ਸੁਚੇਤ ਹੋ ਕੇ ਉਨ੍ਹਾਂ ਦੀ ਬਦਨੀਅਤ ਨੂੰ ਖੇਰੂੰ-ਖੇਰੂੰ ਕਰਨ ਲਈ ਇਸਤਰੀਆਂ ਨੂੰ ਲਾਮਬੰਦ ਹੋਣਾ ਪਵੇਗਾ। ਮਰਦ ਔਰਤਾਂ ਦੇ ਜ਼ਜ਼ਬਿਆਂ ਅਰਥਾਤ ਭਾਵਨਾਵਾਂ ਲਾਲ ਖੇਡਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ, ਜਿਸ ਕਰਕੇ ਔਰਤਾਂ ਭਾਵਕ ਹੋ ਕੇ ਚੁੰਗਲ ਵਿੱਚ ਫਸ ਜਾਂਦੀਆਂ ਹਨ। ਔਰਤਾਂ ਦੇ ਜ਼ਜ਼ਬਿਆਂ ਨਾਲ ਸੰਬੰਧਤ ਇਹ ਨਾ ਸੋਚੀਂ, ‘ਹਾਰ ਚਲੇ’, ‘ਹਾਰ ਗਏ ਹਾਂ’, ‘ਉਮੀਦ’, ‘ਕੀ ਕਰੀਏ’ ਆਦਿ ਹਨ। ‘ਤਿੜਕੀ ਹੋਂਦ’ ਕਵਿਤਾ ਵਿੱਚ ਕਵਿਤਰੀ ਇਨਸਾਨਾ ਨੂੰ ਆਪਣੇ ਅੰਦਰ ਝਾਤੀ ਮਾਰਕੇ ਆਪਣੀਆਂ ਗ਼ਲਤੀਆਂ ਸੁਧਾਰਨ ਦੀ ਗੱਲ ਕਰਦੀ ਹੈ।
ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾ ‘ਜ਼ਮਾਨਾ’ ਵਿੱਚ ਕਵਿਤਰੀ ਨੇ ਨਸ਼ੇ, ਭਰੂਣ ਹੱਤਿਆ ਤੇ ਵਿਖਾਵਾ ਕਰਨ ਦੀ ਪ੍ਰਵਿਰਤੀ ਤੋਂ ਪ੍ਰਹੇਜ ਕਰਨ ਲਈ ਕਿਹਾ ਹੈ। ‘ਖੈਰ ਮੰਗਾਂ’ ਕਵਿਤਾ ਵਿੱਚ ਬੇਰੋਜ਼ਗਾਰੀ ਕਰਕੇ ਪੰਜਾਬੀ ਪ੍ਰਵਾਸ ਦਾ ਰੁੱਖ ਅਖਤਿਆਰ ਕਰ ਰਹੇ ਹਨ ਪ੍ਰੰਤੂ ਪ੍ਰਵਾਸ ਵਿੱਚ ਸਭ ਕੁਝ ਅੱਛਾ ਨਹੀਂ, ਬੱਚਿਆਂ ਦਾ ਬਚਪਨ ਰੁਲ ਰਿਹਾ ਹੈ। ‘ਮੇਰੇ ਮਹਿਰਮ’ ਕਵਿਤਾ ਵਿੱਚ ਜੰਗ ਦਾ ਵਿਰੋਧ ਕਰਦੀ ਹੈ, ‘ਦੁਮੇਲ’ ਵਿੱਚ ਪ੍ਰਵਾਸ ਵਿੱਚ ਮਾਪਿਆਂ ਦੀ ਦੁਬਿਧਾ ਦਾ ਪ੍ਰਗਟਾਵਾ ਕਰਦੀ ਹੈ, ‘ਵਸੀਅਤ’ ਬੁਢਾਪੇ ਦੀ ਤ੍ਰਾਸਦੀ ਦਾ ਵਾਸਤਾ ਪਾਉਂਦੀ ਹੈ ਤੇ ‘ਘਰ’ ਵਿੱਚ ਮਰਦਾਂ ਦੀ ਗ਼ੁਲਾਮੀ ਕਰਦੀ ਔਰਤ ਤਿੜਕੇ ਰਿਸ਼ਤਿਆਂ ਨੂੰ ਬਚਾਉਂਦੀ ਦਰਸਾਈ ਹੈ। ‘ਜੀਵਨ ਰੁੱਤਾਂ’ ਕਵਿਤਾ ਜੋ ਕੋਲ ਹੈ, ਉਸ ਦਾ ਆਨੰਦ ਮਾਨਣ ਦੀ ਤਾਕੀਦ ਕਰਦੀ ਹੈ, ਹੋਰ ਪ੍ਰਾਪਤ ਕਰਨ ਦੀ ਇੱਛਾ ਤਿਆਗਣ। ‘ਰਾਖੀ’ ਅਤੇ ‘ਯੁੱਧ’ ਕਵਿਤਾਵਾਂ ਇਸਤਰੀਆਂ ਵੱਲੋਂ ਜ਼ੁਰਮਾ ਵਿੱਚ ਸ਼ਾਮਲ ਹੋਣ ਦੀ ਚਿੰਤਾ ਦਾ ਪ੍ਰਗਟਾਵਾ ਹਨ। ਭਵਿਖ ਵਿੱਚ ਦਵਿੰਦਰ ਬਾਂਸਲ ਤੋਂ ਹੋਰ ਵੀ ਵਧੀਆ ਕਾਵਿ ਸ੍ਰੰਗਹਿ ਦੀ ਕਾਮਨਾ ਕਰਦਾ ਹਾਂ।
155 ਪੰਨਿਆਂ, 240 ਰੁਪਏ, ਦਿਲਕਸ਼ ਮੁੱਖ ਕਵਰ ਵਾਲਾ ਇਹ ਕਾਵਿ ਸੰਗ੍ਰਹਿ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ