ਦਸੂਹਾ, (ਹੁਸ਼ਿਆਰਪੁਰ) – ਬੀਤੇ ਦਿਨ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਦੇ ਬਿਬਲਿਓਸਮੀਆ ਕਲੱਬ ਦੇ ਸਾਹਿਤ ਰਚਨਾ ਵਿੱਚ ਰੁੱਚੀ ਰੱਖਣ ਵਾਲੇ 15 ਦੇ ਕਰੀਬ ਵਿਦਿਆਰਥੀਆਂ ਨੂੰ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਨਾਲ ਮਿਲਵਾਉਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਲਿਜਾਇਆ ਗਿਆ ।ਜਿੱਥੇ ਉਹਨਾਂ ਦੇ ਪਰਿਵਾਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦਿਲੋਂ ਜੀ ਆਇਆ ਕਿਹਾ ਗਿਆ । ਇਸ ਮੌਕੇ ਪੰਜਾਬੀ ਵਿਭਾਗ ਦੇ ਡਾ. ਰੁਪਿੰਦਰ ਕੌਰ ਗਿੱਲ , ਇੰਗਲਿੰਗ ਵਿਭਾਗ ਦੇ ਡਾ. ਮਨੀਸ਼ ਕੁਮਾਰ ਅਤੇ ਹਿੰਦੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅੰਕਿਤਾ ਸ਼ਰਮਾ ਵੀ ਵਿਦਿਆਰਥੀਆਂ ਦੇ ਨਾਲ ਜੁੜ ਗਏ । ਕਾਲਜ ਦੇ ਇਨ੍ਹਾਂ ਸਾਹਿਤ ਲੇਖਣ ਨਾਲ ਜੁੜੇ ਹੋਏ ਵਿਦਿਆਰਥੀਆਂ ਨੇ ਕਹਾਣੀਕਾਰ ਲਾਲ ਸਿੰਘ ਦੇ ਨਾਲ ਉਨ੍ਹਾਂ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਗੱਲਬਾਤ ਕੀਤੀ । ਉਨ੍ਹਾਂ ਦੀ ਲਿਖਣ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੁਆਰਾ ਲਿਖਤ ਪੁਸਤਕਾਂ ਬਾਰੇ ਚਰਚਾ ਕੀਤੀ । ਵਿਦਿਆਰਥਣ ਸ਼ਬਨਮ ਨੇ ਉਨ੍ਹਾਂ ਦੀ ਕਹਾਣੀ “ਗੜ੍ਹੀ ਬਖਸ਼ਾ ਸਿੰਘ” ਬਾਰੇ ਚਰਚਾ ਕੀਤੀ । ਜਦਕਿ ਬਲਰੀਨ ਕੌਵ ਨੇ “ਸੰਸਾਰ” ਬਾਰੇ ਚਰਚਾ ਕਰਦੇ ਹੋਏ ਇਸ ਕਹਾਣੀ ਨੂੰ ਲਿਖਣ ਪਿੱਛੇ ਕਾਰਜ਼ਸ਼ੀਲ ਫੈਕਟਰਾਂ ਬਾਰੇ ਲੇਖਕ ਤੋਂ ਜਾਣਕਾਰੀ ਪ੍ਰਾਪਤ ਕੀਤੀ । ਕੋਮਲ ਅਤੇ ਜਸਬੀਰ ਕੌਰ ਨੇ ਉਨ੍ਹਾਂ ਦੀਆਂ ਕਹਾਣੀਆਂ “ਸੌਰੀ ਜਗਨ ” ਅਤੇ ”ਮੋਮਬੱਤੀਆਂ ” ਬਾਰੇ ਚਰਚਾ ਕੀਤੀ । ਵਿਦਿਆਰਥੀਆਂ ਨੇ ਕਹਾਣੀਕਾਰ ਲਾਲ ਸਿੰਘ ਕੋਲੋਂ ਉਨਾਂ ਦੇ ਸਾਹਿਤਕ ਅਨੁਭਵ ਪ੍ਰਾਪਤ ਕੀਤੇ । ਕਹਾਣੀਕਾਰ ਲਾਲ ਸਿੰਘ ਨੇ ਵਿਦਿਆਰਥੀਆਂ ਨੂੰ ਸਾਹਿਤ ਲਿਖਣ ਦੇ ਮਿਆਰੀ ਸਾਹਿਤ ਦੇ ਗੁਣ ਦੱਸੇ । ਇਸ ਮੌਕੇ ਸਾਹਿਤ ਸਭਾ ਖਾਲਸਾ ਕਾਲਜ ਨਾਲ ਜੁੜੇ ਹੋਏ ਵਿਦਿਆਰਥੀਆਂ ਨੇ ਕਹਾਣੀਕਾਰ ਲਾਲ ਸਿੰਘ ਦੀ ਨਿੱਜੀ ਲਾਇਬਰੇਰੀ ਅਤੇ ਉਨ੍ਹਾਂ ਦੇ ਲਿਖਣ ਕਮਰੇ ਨੂੰ ਦੇਖਿਆ । ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਇੱਕ ਚੰਗੇ ਲਿਖਾਰੀ ਨੂੰ ਜ਼ਰੂਰ ਕਿਸੇ ਵਿਚਾਰਧਾਰਾ ਦੇ ਨਾਲ ਜੁੜੇ ਹੋਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਦਾ ਸਮਾਜਿਕ ਅਨੁਭਵ ਵੀ ਹੋਣਾ ਚਾਹੀਦਾ ਹੈ । ਇੱਕ ਚੰਗਾ ਲੇਖਕ ਸੁਹਿਰਦ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਆਪਣੀਆਂ ਲਿਖਤਾਂ ਵਿੱਚ ਸਮਾਜ ਨੂੰ ਸਹੀ ਸੇਧ ਦੇਣ ਦੀ ਗੱਲ ਜ਼ਰੂਰ ਕਰਨੀ ਚਾਹੀਦੀ ਹੈ । ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਸਿੰਘ ਨੇ ਕਹਾਣੀਕਾਰ ਲਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਡੇ ਵਿਦਿਆਰਥੀਆਂ ਨੂੰ ਕੀਮਤੀ ਸਮਾਂ ਦੇ ਕੇ ਉਨ੍ਹਾਂ ਨੂੰ ਸਾਹਿਤ ਲਿਖਣ ਦੀ ਚੇਟਕ ਲਗਾਈ ਹੈ ਅਤੇ ਇੱਕ ਚੰਗਾ ਅਤੇ ਮਿਆਰੀ ਸਾਹਿਤ ਲਿਖਣ ਦੇ ਗੁਰ ਦੱਸੇ ਹਨ । ਨਵੀ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਲਈ ਅਜਿਹੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਹਨ ।
ਖਾਲਸਾ ਕਾਲਜ ਦੇ ਬਿਬਲਿਓਸਮੀਆ ਕਲੱਬ ਦੇ ਵਿਦਿਆਰਥੀਆਂ ਵੱਲੋਂ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਨਾਲ ਮੁਲਾਕਾਤ
This entry was posted in ਸਰਗਰਮੀਆਂ.