ਦਿੱਲੀ : ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਵਿਰੋਧੀ ਧਿਰਾਂ ਨੂੰ ਮੋਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਬੇਲੋੜ੍ਹੀਆਂ ਤੋਹਮਤਾਂ ਲਗਾਉਣ ਤੋਂ ਗੁਰੇਜ ਕਰਨ ਦੀ ਨਸੀਅਤ ਦਿੱਤੀ ਹੈ। ਉਨ੍ਹਾਂ ਵਿਰੋਧੀ ਧਿਰਾਂ ਵਲੋਂ ਸਮੇਂ-ਸਮੇਂ ‘ਤੇ ਕਮੇਟੀ ਪ੍ਰਬੰਧਕਾਂ ਨੂੰ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਮਾਮਲਿਆਂ ‘ਚ ਘੇਰਨ ‘ਤੇ ਆਪਣੀ ਪ੍ਰਤਿਕਿਰਿਆ ਦਿੰਦਿਆ ਕਿਹਾ ਕਿ ਇਨ੍ਹਾਂ ਸਕੂਲਾਂ ਦੇ ਮੋਜੂਦਾ ਮਾੜ੍ਹੇ ਮਾਲੀ ਹਾਲਤਾਂ ਦਾ ਮੁੱਖ ਕਾਰਨ ਦਿੱਲੀ ਗੁਰਦੁਆਰਾ ਕਮੇਟੀ ‘ਤੇ ਲੰਬੇ ਸਮੇਂ ਕਾਬਿਜ ਰਹੇ ਸਾਬਕਾ ਪ੍ਰਬੰਧਕਾਂ ਦੀ ਲੱਚਰ ਕਾਰਗੁਜਾਰੀ ਰਹੀ ਹੈ। ਇੰਦਰ ਮੋਹਨ ਸਿੰਘ ਨੇ ਦਸਿਆ ਕਿ ਇਨ੍ਹਾਂ ਸਕੂਲਾਂ ‘ਚ ਸੈਂਕੜ੍ਹੇ ਬੇਲੋੜ੍ਹੀਆਂ ਭਰਤੀਆਂ (ਖਾਸਕਰ ਦਫਤਰੀ ਸਟਾਫ) ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਦੋਰਾਨ 2007-2008 ‘ਚ ਕੀਤੀਆਂ ਗਈਆਂ ਸਨ। ਉਨ੍ਹਾਂ ਸਰਨਾ ਭਰਾਵਾਂ ਨੂੰ ਚੇਤੇ ਕਰਵਾਉਂਦਿਆਂ ਕਿਹਾ ਕਿ ਉਸ ਸਮੇਂ ਉਨ੍ਹਾਂ (ਇੰਦਰ ਮੋਹਨ ਸਿੰਘ) ਵਲੋਂ ਸੂਚਨਾ ਦੇ ਅਧਿਕਾਰ ਨਿਯਮ 2005 ਦੇ ਅਧੀਨ ਇਹਨਾਂ ਨਾਜਾਇਜ ਭਰਤੀਆਂ ਦੇ ਸਬੰਧ ‘ਚ ਮੰਗੀ ਜਾਣਕਾਰੀ ਨਾ ਦੇਣ ‘ਤੇ ਭਾਰਤ ਸਰਕਾਰ ਦੇ ਕੇਂਦਰੀ ਸੂਚਨਾ ਆਯੋਗ ਵਲੌਂ ਸਰਨਾ ਭਰਾਵਾਂ ਦੀ ਕਮੇਟੀ ‘ਤੇ ਭਾਰੀ ਜੁਰਮਾਨੇ ਵੀ ਲਗਾਏ ਗਏ ਸਨ। ਇੰਦਰ ਮੋਹਨ ਸਿੰਘ ਨੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਬੀਤੇ ਦਿਨੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ‘ਚ ਪੋਸਟ-ਫਿਕਸੇਸ਼ਨ ਪਾਲਿਸੀ ਲਾਗੂ ਕਰਕੇ ਵਾਧੂ ਸਟਾਫ ਨੂੰ ਨੋਕਰੀ ਤੋਂ ਕੱਢਣ ਦੀ ਸਲਾਹ ਦੇਣ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਸ਼ਾਇਦ ਮਨਜੀਤ ਸਿੰਘ ਜੀ.ਕੇ. ਭੁੱਲ ਗਏ ਹਨ ਕਿ ਉਹਨਾਂ ਦੇ ਪ੍ਰਧਾਨਗੀ ਦੇ ਕਾਰਜਕਾਲ ਦੋਰਾਨ ਇਹਨਾਂ ਸਕੂਲਾਂ ‘ਚ ਪੋਸਟ-ਫਿਕਸੇਸ਼ਨ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵੀ ਸ੍ਰ. ਜੀ.ਕੇ. ਦੇ ਚਹੇਤੇ ਮੈਂਬਰਾਂ ਤੋ ਇਲਾਵਾ ਉਹ (ਇੰਦਰ ਮੋਹਨ ਸਿੰਘ) ਵੀ ਕਨਵੀਨਰ ਦੇ ਤੋਰ ‘ਤੇ ਸ਼ਾਮਿਲ ਸਨ। ਉਸ ਕਮੇਟੀ ਵਲੋਂ ਬਹੁਤ ਮਸ਼ੱਕਤ ਨਾਲ ਤਿਆਰ ਕੀਤੀ ਰਿਪੋਰਟ ਮਨਜੀਤ ਸਿੰਘ ਜੀ.ਕੇ. ਨੂੰ ਅਪ੍ਰੈਲ 2015 ‘ਚ ਸੋਂਪ ਦਿੱਤੀ ਸੀ ਪਰੰਤੂ ਉਹ ਰਿਪੋਰਟ ਸਾਬਕਾ ਪ੍ਰਬੰਧਕਾਂ ਨੇ ਆਪਣੇ ਨਿਜੀ ਮੁਫਾਦਾ ਕਾਰਨ ਠੰਡੇ ਬਸਤੇ ‘ਚ ਪਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਉਸ ਰਿਪੋਰਟ ‘ਤੇ ਉਸ ਸਮੇਂ ਅਮਲ ਕਰ ਲਿਆ ਜਾਂਦਾ ਤਾਂ ਅਜ ਸਕੂਲਾਂ ਦੇ ਇਨ੍ਹੇ ਮਾੜ੍ਹੇ ਹਾਲਾਤ ਨਹੀ ਹੋਣੇ ਸਨ। ਇੰਦਰ ਮੋਹਨ ਸਿੰਘ ਨੇ ਸਕੂਲਾਂ ਲਈ 123 ਕਰੋੜ੍ਹ ਰੁਪਏ ਛੱਡ ਕੇ ਜਾਣ ਦੇ ਦਾਅਵੇ ‘ਤੇ ਸਰਨਾ ਭਰਾਵਾਂ ਨੂੰ ਸਵਾਲ ਕੀਤਾ ਹੈ ਕਿ ਜੇਕਰ ਉਹ ਇਹ ਰਾਸ਼ੀ ਸਾਲ 2013 ‘ਚ ਅਗਲੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸੋਂਪ ਕੇ ਗਏ ਸਨ ਤਾਂ ਸਾਲ 2021 ‘ਚ ਚੁਣੇ ਮੋਜੂਦਾ ਪ੍ਰਬੰਧਕਾਂ ਦੀ ਜਵਾਬਦੇਹੀ ਕਿਵੇਂ ਬਣਦੀ ਹੈ ?
ਇੰਦਰ ਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਸਾਬਕਾ ਪ੍ਰਬੰਧਕਾਂ ਦੀ ਨਾਜਾਇਜ ਕਾਰਗੁਜਾਰੀਆਂ ਦੇ ਬਾਵਜੂਦ ਮੋਜੂਦਾ ਦਿੱਲੀ ਕਮੇਟੀ ਨੇ ਸਤਵੇ ਤਨਖਾਹ ਕਮੀਸ਼ਨ ਦੇ ਮੁਤਾਬਿਕ ਤਨਖਾਹਾਂ ਦੇਣ ਦੀ ਮੰਜੂਰੀ ਦਿੱਤੀ ਹੈ। ਇਸ ਤੋਂ ਇਲਾਵਾ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲਾਂ ‘ਚ ਦਿੱਲੀ ਕਮੇਟੀ ‘ਤੇ ਹੋਰਨਾਂ ਗੁਰਦੁਆਰਿਆਂ ਦੇ ਸੇਵਾਦਾਰ, ਰਾਗੀ ‘ਤੇ ਗ੍ਰੰਥੀ ਸਿੰਘਾਂ ਦੇ ਪੱੜ੍ਹ ਰਹੇ ਬਚਿਆਂ ਦੀ ਪੂਰੀ ਫੀਸ ਮਾਫ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਭਰਪੂਰ ਸ਼ਲਾਘਾ ਕਰਨੀ ਚਾਹੀਦੀ ਹੈ। ਇੰਦਰ ਮੋਹਨ ਸਿੰਘ ਨੇ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਗੁਰੁਦੁਆਰਾ ਕਮੇਟੀ ਵਲੌ ਕੀਤੇ ਜਾ ਰਹੇ ਪੰਥਕ ‘ਤੇ ਹੋਰਨਾਂ ਉਪਰਾਲਿਆਂ ‘ਚ ਸਹਿਯੋਗ ਕਰਨ ‘ਤੇ ਆਪਣੀਆਂ ਗੈਰ-ਕਾਨੂੰਨੀ ਕਾਰਗੁਜਾਰੀਆਂ ‘ਤੇ ਪਰਦਾ ਪਾਉਣ ਲਈ ਦਿੱਲੀ ਗੁਰਦੁਆਰਾ ਕਮੇਟੀ ‘ਤੇ ਬੇਲੋੜ੍ਹੀਆਂ ਤੋਹਮਤਾਂ ਲਗਾਉਣ ਤੋਂ ਗੁਰੇਜ ਕਰਨ।