ਅਜ਼ਾਦੀ ਦੇਸ਼ ਦੀ-ਵੰਡ ਪੰਜਾਬ ਦੀ

15 ਅਗਸਤ 1947 ਨੂੰ ਭਾਰਤ ਨੂੰ ਅੰਗਰੇਜਾਂ ਤੋਂ ਆਖ਼ਿਰਕਾਰ ਆਜ਼ਾਦੀ ਮਿਲੀ। ਇਹ ਮੋੜ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸੀ। ਲੰਮੇ ਸਮੇਂ ਤੱਕ ਅੰਗਰੇਜਾਂ ਦੀ ਗੁਲਾਮੀ ਤੋਂ ਬਾਅਦ, ਲੋਕਾਂ ਨੂੰ ਆਪਣੀ ਸੁਤੰਤਰ ਹੋਂਦ ਦਾ ਅਹਿਸਾਸ ਹੋਇਆ। ਪਰ ਅਜ਼ਾਦੀ ਦੀ ਇਸ ਖੁਸ਼ੀ ਦੇ ਨਾਲ ਹੀ ਇੱਕ ਦੁਖਦਾਈ ਹਕੀਕਤ ਵੀ ਜੁੜੀ ਹੋਈ ਸੀ – ਭਾਰਤ ਦੀ ਵੰਡ। ਇਸ ਵੰਡ ਨੇ ਸਿਰਫ਼ ਭਾਰਤ ਨੂੰ ਹੀ ਨਹੀਂ ਬਲਕਿ ਵਿਸ਼ੇਸ਼ਕਰ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇੱਕ ਪਾਸੇ ਭਾਰਤ ਸੀ ਅਤੇ ਦੂਜੇ ਪਾਸੇ ਨਵਾਂ ਬਣਿਆ ਦੇਸ਼, ਪਾਕਿਸਤਾਨ। ਪਰ ਸਵਾਲ ਇੱਕ ਸੀ, ਕਿ ਅਗਰ ਗੁਲਾਮ ਇੱਕ ਦੇਸ਼ ਸੀ ਤਾਂ ਆਜ਼ਾਦੀ ਦੋ ਦੇਸ਼ਾਂ ਨੂੰ ਕਿਉਂ ਦਿੱਤੀ ਗਈ? ਅੰਗਰੇਜਾਂ ਨੇ ‘ਫੁਟ ਪਾਉ ਅਤੇ ਰਾਜ ਕਰੋ’ ਦੀ ਰਾਜਨੀਤੀ ਨੂੰ ਖੇਡਦਿਆਂ ਇਸ ਵੰਡ ਦੀ ਰਚਨਾ ਕੀਤੀ। ਅਸਲ ਵਿੱਚ ਇਹ ਫੈਸਲਾ ਇਕ ਚਲਾਕੀ ਭਰੀ ਰਣਨੀਤੀ ਸੀ, ਜਿਸ ਨਾਲ ਅੰਗਰੇਜ਼ ਭਾਰਤ ‘ਚ ਆਪਣਾ ਰਾਜ ਸਥਾਪਿਤ ਰੱਖ ਸਕਣ। ਇਸ ਵੰਡ ਦੀ ਇੱਕ ਵੱਡੀ ਵਜ੍ਹਾ ਉਹ ਸਿਆਸੀ ਲੀਡਰ ਵੀ ਸਨ, ਜਿਨ੍ਹਾਂ ਨੂੰ ਸੱਤਾ ਦਾ ਲਾਲਚ ਸੀ ਅਤੇ ਉਹ ਆਪਣੇ ਨਿਜ਼ੀ ਲਾਲਚ ਕਰਕੇ ਅਜਾਦੀ ਮਿਲਣ ਦੇ ਬਾਅਦ ਵੀ ਗੁਲਾਮ ਸੋਚ ਦੇ ਮਾਲਕ ਬਣਕੇ ਰਹਿਣ ਲਈ ਤਿਆਰ ਸਨ। ਇਹ ਸਿਆਸੀ ਨੇਤਾ, ਜੋ ਆਪਣੇ ਆਪ ਨੂੰ ਲੋਕਾਂ ਦੇ ਨੁਮਾਇੰਦੇ ਵਜੋਂ ਪੇਸ਼ ਕਰਦੇ ਸਨ, ਉਹਨਾਂ ਨੇ ਲੋਕਾਂ ਦੀ ਭਲਾਈ ਦੀ ਬਜਾਏ ਆਪਣੀ ਸੱਤਾ ਦੀ ਪ੍ਰਾਪਤੀ ਨੂੰ ਤਰਜੀਹ ਦਿੱਤੀ। ਇਹਨਾਂ ਦੇ ਲਾਲਚ ਅਤੇ ਨਿਜ਼ੀ ਸਵਾਰਥ ਕਾਰਨ ਹੀ ਕਈ ਲੱਖਾਂ ਬੇਗੁਨਾਹ ਜਿੰਦਗੀਆਂ ਦੀ ਕੁਰਬਾਨੀ ਦਿੱਤੀ ਗਈ।

ਪੰਜਾਬ, ਜੋ ਕਿ ਭਾਰਤ ਦਾ ਇੱਕ ਵੱਡਾ ਸੂਬਾ ਸੀ, ਉਸ ਨੂੰ ਇਸ ਵੰਡ ਨਾਲ ਸਭ ਤੋਂ ਵੱਧ ਦੁੱਖ ਸਹਿਣਾ ਪਿਆ। ਜਿੱਥੇ ਪਹਿਲਾਂ ਪੰਜਾਬ ਦੇ ਲੋਕ ਅਮਨ ਅਤੇ ਸ਼ਾਂਤੀ ਨਾਲ ਰਹਿੰਦੇ ਸਨ। ਵੱਡੇ ਪੈਮਾਨੇ ‘ਤੇ ਵਧੇਰੇ ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਰਹਿਣ ਨਾਲ ਉਹ ਇੱਕ ਰੰਗ-ਬਿਰੰਗੇ ਸਮਾਜ ਦੇ ਹਿੱਸੇ ਸਨ। ਪੰਜਾਬ ਦੀ ਵੰਡ ਨੇ ਇਹ ਸਭ ਕੁੱਝ ਤਬਾਹ ਕਰਕੇ ਰੱਖ ਦਿੱਤਾ। ਹਿੰਦੂ, ਮੁਸਲਮਾਨ, ਅਤੇ ਸਿੱਖ ਜੋ ਪਹਿਲਾਂ ਭਾਈਚਾਰੇ ਦੇ ਰਿਸ਼ਤੇ ਵਿੱਚ ਬੱਝੇ ਹੋਏ ਸਨ, ਉਹ ਇੱਕ-ਦੂਜੇ ਦੀ ਜਾਨ ਦੇ ਵੈਰੀ ਬਣ ਗਏ। ਹਜ਼ਾਰਾਂ ਬੇਗੁਨਾਹ ਲੋਕ ਇਸ ਹਿੰਸਾ ਦਾ ਸ਼ਿਕਾਰ ਬਣੇ। ਘਰ-ਬਾਰ ਛੱਡਣ ਪਏ, ਅਤੇ ਕਈਆਂ ਨੂੰ ਆਪਣੀ ਜ਼ਿੰਦਗੀ ਸ਼ਰਣਾਰਥੀ ਕੈਂਪਾਂ ਵਿੱਚ ਬਤੀਤ ਕਰਨੀ ਪਈ। ਪੰਜਾਬ ਦੀ ਇਹ ਵੰਡ ਸਿਰਫ਼ ਸਰਹੱਦਾਂ ਦੀ ਵੰਡ ਨਹੀਂ ਸੀ, ਬਲਕਿ ਇਹ ਇੱਕ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਵੰਡ ਵੀ ਸੀ। ਲੋਕਾਂ ਦੀ ਜਿੰਦਗੀ ਵਿੱਚ ਆਈ ਇਸ ਅਚਾਨਕ ਤਬਦੀਲੀ ਨਾਲ ਉਹਨਾ ਦੀਆਂ ਜਿੰਦਗੀਆਂ ਵਿੱਚ ਇੱਕ ਅਜਿਹਾ ਖੌਫਨਾਕ ਅਤੇ ਅਸੁਰੱਖਿਅਤਾ ਦਾ ਅਹਿਸਾਸ ਪੈਦਾ ਹੋ ਗਿਆ , ਜਿਸ ਨੂੰ ਦੂਰ ਕਰਨ ਲਈ ਕਈ ਪੀੜ੍ਹੀਆਂ ਲੱਗੀਆਂ। ਪਰਿਵਾਰਿਕ ਰਿਸ਼ਤੇ, ਵਪਾਰਕ ਸੰਬੰਧ ਅਤੇ ਕਈ ਪੀੜ੍ਹੀਆਂ ਪੁਰਾਣੀਆਂ ਦੋਸਤੀਆਂ ਇਸ ਵੰਡ ਦੀ ਭੇਟ ਚੜ੍ਹ ਗਈਆਂ। ਲੋਕਾਂ ਨੂੰ ਆਪਣੇ ਘਰ-ਬਾਰ, ਜ਼ਮੀਨ-ਜਾਇਦਾਦ, ਮਾਲ-ਧਨ ਛੱਡਣਾ ਪਿਆ ਅਤੇ ਇੱਕ ਨਵੀਂ ਜਗ੍ਹਾ ‘ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਪਈ।

ਅੰਗਰੇਜ਼ਾਂ ਨੇ ਬਹੁਤ ਚਲਾਕੀ ਨਾਲ ਸੱਤਾ ਦੇ ਲਾਲਚੀ ਲੀਡਰਾਂ ਨੂੰ ਦੇਖਦੇ ਹੋਏ ਦੇਸ਼ ਨੂੰ ਆਜ਼ਾਦੀ ਤਾਂ ਦੇ ਦਿੱਤੀ ਪਰ ਪੰਜਾਬ ਦੇ ਦੋ ਹਿੱਸੇ ਕਰਕੇ ਉਸ ਵਿੱਚੋਂ ਇੱਕ ਨਵਾਂ ਦੇਸ਼ ਪਾਕਿਸਤਾਨ ਸਿਰਜ ਦਿੱਤਾ। ਜਿਸ ਨਾਲ ਪੰਜਾਬ ਸੂਬੇ ਨੂੰ ਅਜਿਹਾ ਘਾਟਾ ਪਿਆ, ਜਿਸ ਨੂੰ ਅੱਜ ਵੀ ਪੂਰਾ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦਾ ਇੱਕ ਹਿੱਸਾ ਪਾਕਿਸਤਾਨ ਬਣਨ ਦੇ ਬਾਵਜੂਦ ਪੰਜਾਬ ‘ਭਾਰਤ’ ਦਾ ਇੱਕ ਮੁੱਖ ਅਤੇ ਅਨਿੱਖੜਵਾ ਅੰਗ ਹੈ ਜਿਸ ਨੇ ਬਹੁਤ ਹੀ ਦਲੇਰੀ ਦੇ ਨਾਲ ਭਾਰਤ ਨੂੰ ਅੱਗੇ ਲਿਜਾਣ ਵਿੱਚ ਆਪਣਾ ਸਹਿਯੋਗ ਦਿੱਤਾ। ਗੋਰੇ ਅੰਗਰੇਜ਼ ਤੇ ਆਪਣੀ ਚਾਲ ਖੇਡ ਕੇ ਆਪਣੇ ਦੇਸ਼ ਨੂੰ ਚਲੇ ਗਏ , ਪਰ ਕੁਝ ਦੇਸੀ ਅੰਗਰੇਜ਼ ਪੰਜਾਬ ਨੂੰ ਫਿਰ ਤੋਂ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਰ ਇਸ ਵਾਰ ਇਹ ਦੇਸੀ ਅੰਗਰੇਜ਼ ਕਾਮਯਾਬ ਨਹੀਂ ਹੋ ਸਕਣਗੇ , ਕਿਉਂਕਿ ਪੰਜਾਬ ਸੂਬਾ ‘ਭਾਰਤ’ ਦਾ ਦਿਲ ਹੈ ਅਤੇ ਦਿਲ ਤੋਂ ਬਿਨਾਂ ਸਰੀਰ ਦਾ ਜਿਉਣਾ ਅਸੰਭਵ ਹੈ। ਇਹ ਸਾਡੇ ਸੂਬੇ ਪੰਜਾਬ ਦੀ ਅਹਿਮੀਅਤ ਹੀ ਹੈ ਕਿ ਦੇਸ਼ ਦੇ ਬਹੁਤ ਹੀ ਅਹਿਮ ਜਗਾਵਾਂ ਤੇ ਭਾਵ ਖੇਡਾਂ , ਰਾਜਨੀਤੀ , ਪ੍ਰਸ਼ਾਸ਼ਨਿਕ , ਸਭਿਆਚਾਰਕ ਅਤੇ ਧਾਰਮਿਕ ਰੂਪ ਵਿੱਚ ਅੱਗੇ ਲਿਜਾਣ ਲਈ ਪੰਜਾਬੀ ਭਾਈਚਾਰਾ ਮਹੱਤਵਪੂਰਨ ਅਹੁਦਿਆਂ ਉਪਰ ਤੈਨਾਤ ਹਨ ਅਤੇ ਦੇਸ਼ ਨੂੰ ਅੱਗੇ ਲਿਜਾਣ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਗੋਰੇ ਅੰਗਰੇਜ਼ਾਂ ਦੀ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਆਜ਼ਾਦੀ ਦੇ ਸਮੇਂ ਤੇ ਚੱਲ ਗਈ , ਪਰ ਹੁਣ ਦੇਸੀ ਅੰਗਰੇਜ਼ਾਂ ਦੀ ਦੇਸ਼ ਨੂੰ ਦੁਬਾਰਾ ਤੋੜਨ ਦੀ ਇਹੀ ਰਾਜਨੀਤੀ ਕਿਸੇ ਵੀ ਸੂਰਤ ਵਿੱਚ ਕਾਮਯਾਬ ਨਹੀਂ ਹੋਵੇਗੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਪੂਰੇ ਦੇਸ਼ ਨੂੰ ਮਿਲੀ ਪਰ ਵੰਡ ਦਾ ਸੰਤਾਪ ਇਕੱਲੇ ਪੰਜਾਬ ਨੇ ਹੰਡਾਇਆ ਸੀ। ਸੋ ਇਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਕੁਝ ਜਖਮ ਹਾਲੇ ਭਰਨੇ ਬਾਕੀ ਹਨ। ਪਰ ਇਹਨਾਂ ਦੁਖਦਾਈ ਹਾਲਾਤਾਂ ਦੇ ਬਾਵਜੂਦ, ਪੰਜਾਬ ਦੇ ਲੋਕਾਂ ਨੇ ਆਪਣੇ ਅੰਦਰ ਇੱਕ ਨਵਾਂ ਜ਼ਜ਼ਬਾ ਪੈਦਾ ਕੀਤਾ। ਉਹਨਾਂ ਨੇ ਆਜ਼ਾਦੀ ਦਾ ਸਵਾਗਤ ਕੀਤਾ ਅਤੇ ਬਦਲਾਅ ਦੇ ਇਸ ਦੌਰ ਵਿੱਚ, ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਹਿੰਮਤ ਨਾਲ ਦੁਬਾਰਾ ਖੜੇ ਹੋਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਨਵੀਂ ਤਕਨੀਕਾਂ ਅਤੇ ਖੇਤੀਬਾੜੀ ਦੇ ਨਵੇਂ ਢੰਗ ਸਿੱਖੇ, ਜਿਸ ਨਾਲ ਪੰਜਾਬ ਨੇ ਖੇਤੀਬਾੜੀ ਵਿੱਚ ਇੱਕ ਨਵਾਂ ਅਜਾਦੀ ਦਾ ਦੌਰ ਵੇਖਿਆ।  ਦੇਸ਼ ਵਿਕਾਸ ਦੀਆਂ ਲੀਹਾਂ ਤੇ ਚੱਲ ਰਿਹਾ ਹੈ । ਸੰਸਾਰ ਪੱਧਰ ਤੇ ਭਾਰਤ ਦੀ ਇੱਕ ਵਿਸ਼ੇਸ਼ ਪਹਿਚਾਣ ਬਣ ਚੁੱਕੀ ਹੈ , ਜਿਸ ਵਿੱਚ ਭਾਰਤ ਦੇ ਰਹਿਣ ਵਾਲੇ ਸਾਰੇ ਹੀ ਨਾਗਰਿਕਾਂ ਦਾ ਯੋਗਦਾਨ ਹੈ। ਆਉਣ ਵਾਲੇ ਸਮੇਂ ਵਿੱਚ ਭਾਰਤ ਦੇਸ਼ ਨੂੰ ਤਰੱਕੀ ਦੀਆਂ ਹੋਰ ਬੁਲੰਦੀਆਂ ਵੱਲ ਲੈ ਕੇ ਜਾਇਆ ਜਾਵੇਗਾ ਤਾਂ ਜੋ ਇਥੋਂ ਦੇ ਰਹਿਣ ਵਾਲੇ ਨਿਵਾਸੀ ਖੁਸ਼ਹਾਲੀ ਦਾ ਜੀਵਨ ਬਸਰ ਕਰ ਸਕਣ ਅਤੇ ਮਿਲੀ ਹੋਈ ਆਜ਼ਾਦੀ ਦਾ ਆਨੰਦ ਮਾਨ ਸਕਣ।

ਹਾਲਾਂਕਿ, ਆਜ਼ਾਦੀ ਅਤੇ ਵੰਡ ਦੇ ਇਹ ਦਰਦਨਾਕ ਪਲ ਇਤਿਹਾਸ ਵਿੱਚ ਦਰਜ਼ ਹੋ ਚੁਕੇ ਹਨ। ਇਹਨਾਂ ਘਟਨਾਵਾਂ ਨੂੰ ਯਾਦ ਕਰਨਾ ਅਤੇ ਇਨ੍ਹਾਂ ਤੋਂ ਸਿੱਖਣਾ ਅੱਜ ਵੀ ਬਹੁਤ ਮਹੱਤਵਪੂਰਨ ਹੈ। ਇਸ ਦੇ ਨਾਲ ਹੀ, ਸਾਡੀ ਵਿਰਾਸਤ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਖਮਈ ਭਵਿੱਖ ਨਿਰਮਾਣ ਕਰਨ ਲਈ ਸਾਡੇ ਯਤਨ ਬਹੁਤ ਜ਼ਰੂਰੀ ਹਨ। ਸਵਤੰਤਰਤਾ ਦਿਵਸ ਸਾਨੂੰ ਆਪਣੇ ਦੇਸ਼ ਲਈ ਮਾਣ ਮਹਿਸੂਸ ਕਰਨ ਦਾ ਮੌਕਾ ਦਿੰਦਾ ਹੈ, ਪਰ ਇਹ ਸਾਡੇ ਲਈ ਇੱਕ ਯਾਦ ਦਿਵਸ ਵੀ ਹੈ ਕਿ ਸਾਡਾ ਕੰਮ ਅਜੇ ਮੁਕੰਮਲ ਨਹੀਂ ਹੋਇਆ। ਸਾਨੂੰ ਅਜੇ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ ਅਤੇ ਸੱਚੀ ਆਜ਼ਾਦੀ ਤਦ ਹੀ ਮਿਲੇਗੀ ਜਦੋਂ ਹਰ ਭਾਰਤੀ ਨਾਗਰਿਕ ਨੂੰ ਉਸ ਦੇ ਹੱਕ ਮਿਲਣਗੇ। ਆਜ਼ਾਦੀ ਦੀ ਖੁਸ਼ੀ ਅਤੇ ਵੰਡ ਦੀ ਤਕਲੀਫ਼ ਦੇ ਵਿੱਚ, ਸਾਡੇ ਵਾਸਤੇ ਸੱਚੀ ਆਜ਼ਾਦੀ ਉਸ ਸਮੇਂ ਮਿਲੇਗੀ ਜਦੋਂ ਸਾਨੂੰ ‘ਫੁਟ ਪਾਉ ਅਤੇ ਵੰਡ’ ਦੀ ਰਾਜਨੀਤੀ ਤੋਂ ਅਜ਼ਾਦੀ ਮਿਲੇਗੀ। ਆਉ ਇਸ ਦਿਨ, ਅਸੀਂ ਵਾਅਦਾ ਕਰੀਏ ਕਿ ਅਸੀਂ ਆਪਣੇ ਦੇਸ਼ ਨੂੰ ਇੱਕ ਸਫਲ, ਸਮਾਨਤਾਪੂਰਨ ਅਤੇ ਸ਼ਾਂਤਮਈ ਭਵਿੱਖ ਦੇਣ ਲਈ ਹਰ ਸੰਭਵ ਯਤਨ ਕਰਾਂਗੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>