ਪਟਿਆਲਾ : ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾ ਨੇ ਪਟਿਆਲਾ ਮੀਡੀਆ ਕਲੱਬ ਵਿਖੇ ਆਜ਼ਾਦੀ ਦਿਵਸ ਦੀ ਸੰਧਿਆ ‘ਤੇ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਕੁਰਬਾਨੀਆਂ ਕਰਨ ਵਾਲੇ ਭਾਰਤੀਆਂ ਵਿਸ਼ੇਸ਼ ਤੌਰ ‘ਤੇ ਪੰਜਾਬੀਆਂ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ‘ਤੇ ਮੈਂਬਰਾਂ ਵੱਲੋਂ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਅਨੇਕਾਂ ਤਸੀਹੇ ਝੱਲਕੇ ਅਤੇ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀ ਆਜ਼ਾਦੀ ਦਾ ਸੁਚਾਰੂ ਢੰਗ ਨਾਲ ਲਾਭ ਉਠਾਇਆ ਜਾਵੇ। ਉਨ੍ਹਾਂ ਨੌਜਵਾਨਾ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਪੰਜਾਬੀਆਂ ਨੂੰ ਸਦਭਾਵਨਾ ਦਾ ਵਾਤਵਰਨ ਸਥਾਪਤ ਕਰਨ ਵਿੱਚ ਆਪਣਾ ਯੋਗ ਹਿੱਸਾ ਪਾਉਣ ਦੀ ਤਾਕੀਦ ਕੀਤੀ ਗਈ। ਇਸ ਤੋਂ ਇਲਾਵਾ ਆਪਣੀ ਕਾਬਲੀਅਤ ਦਾ ਪ੍ਰਵਾਸ ਦੀ ਥਾਂ ਆਪਣੇ ਦੇਸ਼ ਵਿੱਚ ਰਹਿਕੇ ਯੋਗਦਾਨ ਪਾਇਆ ਜਾਵੇ। ਜੇਕਰ ਪ੍ਰਵਾਸ ਜਾਣਾ ਹੋਵੇ ਤਾਂ ਗ਼ੈਰ ਕਾਨੂੰਨੀ ਢੰਗ ਦੀ ਵਰਤੋਂ ਨਾ ਕੀਤੀ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਰਜੀਤ ਸਿੰਘ ਸੈਣੀ ਪ੍ਰਧਾਨ ਜਿਲ੍ਹਾ ਲੋਕ ਸੰਪਰਕ ਵਿਭਾਗ ਪਟਿਆਲਾ ਨੇ ਸੇਵਾ ਮੁਕਤ ਮੁਲਾਜ਼ਮਾ ਦੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਯੋਜਤ ਮਹੀਨਾਵਰ ਮੀਟਿੰਗ ਵਿੱਚ ਬੋਲਦਿਆਂ ਕੀਤਾ। ਇਸ ਮੀਟਿੰਗ ਦੀ ਪ੍ਰਧਾਨਗੀ ਪਾਲ ਸਿੰਘ ਸਾਬਕਾ ਡਰਾਇਵਰ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਨੇ ਕੀਤੀ। ਇਸ ਮੌਕੇ ‘ਤੇ ਅਮਰਜੀਤ ਸਿੰਘ ਵੜੈਚ, ਰਾਜ ਕੁਮਾਰ, ਪਰਮਜੀਤ ਸਿੰਘ ਸੇਠੀ ਅਤੇ ਉਜਾਗਰ ਸਿੰਘ ਦੇ ਜਨਮ ਦਿਨ ਕੇਕ ਕੱਟ ਕੇ ਮਨਾਏ ਗਏ। ਅਮਰਜੀਤ ਸਿੰਘ ਵੜੈਚ ਦਾ ਜਨਮ ਦਿਨ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਮਨਾਇਆ ਗਿਆ। ਸਾਰੇ ਮੈਂਬਰਾਂ ਨੇ ਚਾਰਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਪਰਮਜੀਤ ਸਿੰਘ ਸੇਠੀ ਨੇ ਆਪਣੀ ਜ਼ਿੰਦਗੀ ਦੀ ਜਦੋਜਹਿਦ ਅਤੇ ਨੌਕਰੀ ਦੇ ਤਜ਼ਰਬੇ ਸਾਂਝੇ ਕੀਤੇ। ਇਸ ਮੀਟਿੰਗ ਵਿੱਚ ਉਜਾਗਰ ਸਿੰਘ, ਸੁਰਜੀਤ ਸਿੰਘ ਸੈਣੀ, ਸੁਰਜੀਤ ਸਿੰਘ ਦੁਖੀ, ਜੈ ਕ੍ਰਿਸ਼ਨ ਕੈਸ਼ਅਪ, ਅਸ਼ੋਕ ਕੁਮਾਰ ਸ਼ਰਮਾ, ਪਰਮਜੀਤ ਕੌਰ ਸੋਢੀ, ਸ਼ਾਮ ਸੁੰਦਰ, ਨਰਾਤਾ ਸਿੰਘ ਸਿੱਧੂ, ਨਵਲ ਕਿਸ਼ੋਰ, ਜੀ.ਆਰ.ਕੁਮਰਾ, ਪਰਮਜੀਤ ਸਿੰਘ ਸੇਠੀ, ਵਿਮਲ ਕੁਮਾਰ ਚਕੋਤਰਾ, ਗੁਰਪ੍ਰਤਾਪ ਸਿੰਘ ਜੀ.ਪੀ., ਰਾਜ ਕੁਮਾਰ ਅਤੇ ਪਾਲ ਸਿੰਘ ਸ਼ਾਮਲ ਹੋਏ।