ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਇਕ ਰੋਜ਼ਾ ਨੈਸ਼ਨਲ ਸੈਮੀਨਾਰ ਸੁਰਜੀਤ ਪਾਤਰ : ਸ਼ਖ਼ਸੀਅਤ ਅਤੇ ਸਾਹਿਤ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ।
ਸੈਮੀਨਾਰ ਦਾ ਕੁੰਜੀਵਤ ਭਾਸ਼ਨ ਦਿੰਦਿਆਂ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਇਹ ਸੋਗ ਤੇ ਜਸ਼ਨ ਦੀ ਘੜੀ ਨਹੀਂ ਸਗੋਂ ਚਿੰਤਨ ਦੀ ਹੈ। ਉਨ੍ਹਾਂ ਆਪਣੀ ਗੱਲ ਡਾ. ਜਗਤਾਰ ਦੀ ਗ਼ਜ਼ਲ ਦੇ ਇਕ ਸ਼ਿਅਰ ਨਾਲ ਸ਼ੁਰੂ ਕੀਤੀ। ਸੁਰਜੀਤ ਪਾਤਰ ਯੁੱਗ ਸ਼ਾਇਰ ਹਨ। ਉਨ੍ਹਾਂ ਸਰਕਾਰ ਦੇ ਵਿਰੁੱਧ ਪੱਥਰ ਨਹੀਂ ਫੁੱਲ ਮਾਰ ਕੇ ਆਪਣਾ ਸੁਨੇਹਾ ਪਹੁੰਚਾ ਦਿੰਦੇ ਹਨ। ਪਾਤਰ ਦੇ ਦੁਸ਼ਮਣ ਵੀ ਉਸ ਦੀ ਸੋਚ ਦਾ ਲੋਹਾ ਮੰਨਦੇ ਹਨ। ਪਾਤਰ ਸੱਤਾਵਾਦੀ ਨਾਲੋਂ ਪ੍ਰਗਤੀਵਾਦੀ ਜ਼ਿਆਦਾ ਹੈ। ਉਹ ਇਕ ਧੜੇ ਦੇ ਨਾ ਹੋ ਕੇ ਸਰਬੱਤ ਦੇ ਭਲੇ ਲਈ ਲਿਖਦੇ ਰਹੇ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋਫ਼ੈਸਰ ਡਾ. ਸੁਰਜੀਤ ਸਿੰਘ ਨੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਕਿਹਾ ਕਿ ਡਾ. ਸੁਰਜੀਤ ਪਾਤਰ ਇਕ ਸ਼ਖ਼ਸੀਅਤ ਨਹੀਂ ਵਰਤਾਰਾ ਹੈ। ਪਾਤਰ ਆਪਣੇ ਯੁੱਗ ਦੇ ਵਿਰਲੇ ਨਹੀਂ ਇਕੋ ਇਕ ਸ਼ਾਇਰ ਨੇ ਜਿੰਨ੍ਹਾਂ ਨੂੰ ਸੱਭ ਤੋਂ ਵੱਧ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦਾ ਉਨ੍ਹਾਂ ਆਪਣੀਆਂ ਰਚਨਾਵਾਂ ਰਾਹੀਂ ਜਵਾਬ ਦਿੱਤੇ। ਪਾਤਰ ਸਾਹਿਬ ਦਾ ਰਚਨਾ ਸੰਸਾਰ ਸਿੱਧ ਕਰਦਾ ਹੈ ਕਿ ਉਹ ਮੁੱਖ ਰੂਪ ਵਿਚ ਨਾਟਕਕਾਰ ਨੇ। ਉਨ੍ਹਾਂ ਦੀ ਕਵਿਤਾ ਨਾਟਕੀ ਸੰਵਾਦ ਹੈ। ਉਨ੍ਹਾਂ ਦਸਿਆ ਕਿ ਡਾ. ਸੁਰਜੀਤ ਪਾਤਰ ਨੇ 308 ਰਚਨਾਵਾਂ ਲਿਖੀਆਂ ਪਰ ਉਨ੍ਹਾਂ ਦੀ ਪ੍ਰਗਟਾਵੇ ਦੀ ਸ਼ਾਇਰੀ ਨਜ਼ਮ ਹੈ। ਪਰ ਮਹਿਫ਼ਲਾਂ ਵਿਚ ਗ਼ਜ਼ਲ ਹੀ ਸੁਣੀ ਜਾਂਦੀ ਰਹੀ ਹੈ।ਉਨ੍ਹਾਂ ਪੰਜਾਬ ਦੇ ਹਰ ਲਮਹੇ ਦਾ ਹੁੰਗਾਰਾ ਭਰਿਆ। ਪਾਤਰ ਦੇ ਨਿਬੰਧ ਸਾਹਿਤ ਤੇ ਆਲੋਚਨਾ ਵਿਚਾਲੇ ਜ਼ਖ਼ਮ ਭਰਦੇ ਹਨ। ਪਾਤਰ ਦੀ ਦਾਰਸ਼ਨਿਕ ਫ਼ਿਲਾਸਫ਼ੀ ਦਾ ਵੱਲਾ ਜੁੜਾਵ ਸਿਆਸਤ ਨਾਲ ਹੈ। ਡਾ. ਸੁਰਜੀਤ ਸਿੰਘ ਨੇ ਕਿਹਾ ਪਾਤਰ ਵਾਮਣ ਤੋਂ ਵਿਰਾਟ ਰੂਪ ਸਨ। ਕੋਈ ਵੀ ਦਾਰਸ਼ਨਿਕ ਐਲਾਨ ਕਰਕੇ ਨਹੀਂ ਕਿਰਤਾਂ/ਕੰਮ ਕਰਕੇ ਹੁੰਦਾ ਹੈ।
ਡਾ. ਜਗਵਿੰਦਰ ਜੋਧਾ ਨੇ ਆਪਣੇ ਖੋਜ ਪੱਤਰ ‘ਸੁਰਜੀਤ ਪਾਤਰ ਦੀ ਵਾਰਤਕ : ਵਿਚਾਰ ਤੇ ਵਿਧਾਨ’ ਪੇਸ਼ ਕਰਦਿਆਂ ਕਿਹਾ ਕਿ ਡਾ. ਸੁਰਜੀਤ ਪਾਤਰ ਨੂੰ ਵਾਰਤਕ ਲਿਖਣ ਦੀ ਲੋੜ ਕਿਉਂ ਪਈ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਗ਼ਾਲਿਬ ਨੇ 1857 ਦੇ ਗ਼ਦਰ ਨੂੰ ਵਾਰਤਕ ਵਿਚ ਲਿਖਿਆ। ਉਨ੍ਹਾਂ ਕਿਹਾ ਸ਼ਾਇਰ ਨੂੰ ਆਪਣੇ ਆਪ ਨੂੰ ਸਮਝਣ ਲਈ ਵਾਰਤਕ ਇਕ ਮਾਧਿਅਮ ਹੈ। ਸਵੈ ਵਿਸ਼ਲੇਸ਼ਣ ਹੈ। ਸੁਰਜੀਤ ਪਾਤਰ ਨੇ ਨਾ ਸਿਰਫ਼ ਕਵਿਤਾ ਦੇ ਖੇਤਰ ਵਿਚ ਇਕ ਪੂਰਾ ਯੁੱਗ ਚਿਤਰਿਆ ਬਲਕਿ ਇਸ ਦੇ ਨਾਲ ਹੀ ਵਾਰਤਕ ਅਤੇ ਹੋਰ ਵੰਨਗੀਆਂ ਵਿਚ ਵੀ ਸਿਰਜਣਾ ਕੀਤੀ।
ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਸੁਰਜੀਤ ਪਾਤਰ ਹੋਰ ਦੇ ਭਰਾ ਸ. ਉਪਕਾਰ ਸਿੰਘ ਪਾਤਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਪਰਿਵਾਰ ’ਚ ਮਜਬੂਤ ਰਿਹਾ ਪਰ ਏਥੇ ਨਹੀਂ ਰੁਕ ਹੋ ਰਿਹਾ। ਮੈਂ ਮਾਣ ਮਹਿਸੂਸ ਕਰ ਰਿਹਾਂ ਕਿ ਤੁਸੀਂ ਮੇਰੇ ਵੱਡੇ ਭਰਾ ਨੂੰ ਇਸ ਤਰ੍ਹਾਂ ਯਾਦ ਕਰ ਰਹੇ ਹੋ। ਉਨ੍ਹਾਂ ਪਾਤਰ ਦੇ ਮਕਬੂਲ ਸ਼ਿਅਰ ਦੂਰ ਅਜੇ ਹੋਰ ਹਨੇਰਾ ਹੈ. . . ਤਰੁੰਨਮ ’ਚ ਪੇਸ਼ ਕਰਕੇ ਕੇ ਪਾਤਰ ਦਾ ਭੁਲੇਖਾ ਪਾ ਦਿੱਤਾ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਦੋਸ਼ਾਲਾ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਸੈਮੀਨਾਰ ਦੇ ਪਹਿਲੇ ਸੈਸ਼ਨ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਸ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਡਾ. ਸੁਰਜੀਤ ਪਾਤਰ ’ਤੇ ਖ਼ੂਬਸੂਰਤ ਸੈਮੀਨਾਰ ਕਰਦਿਆਂ ਕਿਹਾ ਕਿ ਤਿੰਨੇ ਵਿਦਵਾਨਾਂ ਦੇ ਪੜ੍ਹੇ ਗਏ ਪੇਪਰ ਪਾਤਰ ਸਾਹਿਬ ਦੀ ਸ਼ਖ਼ਸੀਅਤ ਨਾਲ ਇਨਸਾਫ਼ ਕਰਦੇ ਹਨ। 1971 ਤੋਂ ਸਾਡੀ ਸਾਂਝ ਰਹੀ। ਡਾ. ਸੁਰਜੀਤ ਪਾਤਰ ਨੇ ਭੂਤਵਾੜਾ ਦੇ ਕੰਨਸਟਰੱਕਸ਼ਨ ਬਾਰੇ ਬੋਲਦਿਆਂ ਕਿਹਾ ਕਿ ਪੀ.ਏ.ਯੂ. ਦੂਸਰਾ ਕੰਨਸਟਰੱਕਸ਼ਨ ਸੀ ਉਦੋਂ ਪੀ.ਏ.ਯੂ. ਆਰਟਿਸਟਾਂ ਦਾ ਗੜ੍ਹ ਸੀ। ਪਾਤਰ ਸਾਹਿਬ ਸਿਰਫ਼ ਸ਼ਾਇਰ, ਗੀਤਕਾਰ, ਨਾਟਕਾਰ ਹੀ ਨਹੀਂ ਵੱਡੇ ਚਿੰਤਕ ਸਨ। ਪੰਜਾਬ ਦਾ ਚਿੰਤਨ ਕਵਿਤਾ ਰਾਹੀਂ ਹੀ ਹੋਇਆ ਹੈ। ਕਿਸੇ ਸ਼ਾਇਰ ਨੂੰ ਸੰਤ ਕਿਹਾ ਜਾਂਦਾ ਤੇ ਡਾ. ਸੁਰਜੀਤ ਪਾਤਰ 21ਵੀਂ ਸਦੀ ਦੇ ਵੱਡੇ ਸੰਤ ਸਨ। ਉਨ੍ਹਾਂ ਆਪਣੀ ਲੇਖਣੀ ਰਾਹੀਂ 21ਵੀਂ ਸਦੀ ਵਿਚ ਜੀਣ ਦਾ ਢੰਗ ਦੇ ਕੇ ਗਿਆ। ਹਿਊਮਨਿਜ਼ਮ ਵੀ ਰਾਸ਼ਟਰਵਾਦ ਵਰਗਾ ਹੀ ਹੈ। ਮਨੁੱਖੀ ਅਧਿਕਾਰਾਂ ਦੀ ਗੱਲ ਤਾਂ ਹੁੰਦੀ ਹੈ। ਇਨਵਾਇਰਮੈਂਟ ਜਾਂ ਜੀਵਾਂ ਦੇ ਅਧਿਕਾਰਾਂ ਦੀ ਗੱਲ ਨਹੀਂ ਹੁੰਦੀ।
ਇਸ ਮੌਕੇ ਡਾ. ਗੁਲਜ਼ਾਰ ਸਿੰਘ ਪੰਧੇਰ ਵਲੋਂ ਸੰਪਾਦਿਤ ਸਮਾਂਤਰ ਨਜ਼ਰੀਆ ਦਾ ਨੌਵਾਂ ਅੰਕ ਜੁਲਾਈ, ਅਗਸਤ, ਸਤੰਬਰ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੇ ਦੂਜੇ ਸੈਸ਼ਨ ’ਚ ਡਾ. ਦੇਵਿੰਦਰ ਸੈਫ਼ੀ ਨੇ ‘ਪਾਤਰ ਕਾਵਿ : ਤਣਓ ਅਤੇ ਬੋਧ’ ਪੇਪਰ ਪੇਸ਼ ਕਰਦਿਆਂ ਕਿਹਾ ਕਿ ਪਾਤਰ ਕਾਵਿ ਸਮਾਜ ਤੇ ਰਾਜਨੀਤੀ ਦੇ ਤਣਾਓ ਦੀ ਬਾਤ ਪਾਉਂਦਾ ਹੈ। ਪਾਤਰ ਪ੍ਰੰਪਰਿਕ ਸ਼ਾਇਰਾਂ ਵਾਂਗ ਨਹੀਂ ਸਗੋਂ ਵਿਸੰਗਤੀਆਂ ਬਾਰੇ ਲਿਖਦਾ ਹੈ। ਡਾ. ਨੀਤੂ ਅਰੋੜਾ ਨੇ ‘ਸੁਰਜੀਤ ਪਾਤਰ ਦੀ ਕਵਿਤਾ ਵਿਚ ਪ੍ਰਤਿਰੋਧ’ ਬਾਰੇ ਆਪਣੇ ਖੋਜ-ਪੱਤਰ ਪੇਸ਼ ਕਰਦਿਆਂ ਕਿਹਾ ਕਿ ਡਾ. ਸੁਰਜੀਤ ਪਾਤਰ ਦਾ ਕਾਵਿ ਸਫ਼ਰ ਸੂਹੇ ਗੁਲਾਬ ਦਾ ਵਿਚ ਕਿਹਾ ਕਿ ਪਾਤਰ ਕੀਤੇ ਗਏ ਸਵਾਲਾਂ ਦੇ ਜਵਾਬ ਆਪਣੀ ਰਚਨਾ ਵਿਚ ਦਿੰਦਾ ਹੈ। ਪਾਤਰ ਸੁਚੇਤ ਹੈ ਕਿ ਉਹ ਚਿੰਤਨ ਦਾ ਪੱਲਾ ਨਹੀਂ ਛੱਡਦਾ। ਪਾਤਰ ਪੰਜਾਬ ਤੇ ਪੰਜਾਬੀਅਤ ਦਾ ਸ਼ਾਇਰ ਹੈ। ਪਾਤਰ ਦੀ ਕਵਿਤਾ ਵਿਚਲੇ ਸੰਵਾਦ ਨੂੰ ਪਾਠਕ ਗਲਤ ਸਮਝ ਲੈਂਦਾ ਹੈ ਤੇ ਦੁਬਿਧਾ ਦੀ ਸ਼ਾਇਰੀ ਕਹਿੰਦਾ ਹੈ। ਪਰ ਇਹ ਸੰਵਾਦ ਨਾਟਕੀਅਤਾ ਤੇ ਆਪਣੇ ਆਪ ਨਾਲ ਹੁੰਦਾ ਹੈ। ਜੋ ਬਹੁ-ਪਰਤੀ ਹੈ। ਡਾ. ਦੀਪਕ ਧਲੇਵਾਂ ਨੇ ‘ਸੁਰਜੀਤ ਪਾਤਰ ਦਾ ਗੀਤ ਕਾਵਿ’ ਬਾਰੇ ਪੇਪਰ ਪੜ੍ਹਦਿਆਂ ਕਿਹਾ ਕਿ ਪਾਤਰ ਦੇ ਗੀਤ ਇਕ ਭਾਵ ਨੂੰ ਹੀ ਨਹੀਂ ਵਿਅਕਤ ਕਰਦਾ ਸਗੋਂ ਵਿਸ਼ਲੇਸ਼ਣੀ ਹੁੰਦਾ ਤੁਰਿਆ ਜਾਂਦਾ ਹੈ। ਪਾਤਰ ਸਿੱਧੇ ਤੌਰ ’ਤੇ ਕਿਸੇ ਧਿਰ ਦਾ ਸ਼ਾਇਰ ਨਹੀਂ ਰਿਹਾ ਸਗੋਂ ਵਿਸ਼ਲੇਸ਼ਣ ਕਰਦਾ ਕਾਰਨਾਂ ਦੀ ਤਾਲਾਸ਼ ਕਰਦਾ ਹੈ। ਗੀਤ ਵਿਚ ਉਦਾਸੀ ਅੰਤ ਵਿਚ ਉਮੀਦ ਦੀ ਲੋਅ ਹੋ ਜਾਂਦੀ ਹੈ। ਪਾਤਰ ਰਾਜਸੀ ਤੌਰ ’ਤੇ ਸੁਚੇਤ ਕਵੀ ਹੈ। ਮੁਹੱਬਤ ਉਨ੍ਹਾਂ ਦੀ ਰਚਨਾ ਦਾ ਕੇਂਦਰੀ ਬਿੰਦੂ ਹੈ।
ਸਮਾਗਮ ਦੇ ਦੂਸਰੇ ਸੈਸ਼ਨ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਤਿੰਨੇ ਵਿਦਵਾਨਾਂ ਨੇ ਪਾਤਰ ਦੀ ਕਾਵਿ ਕਲਾ ਨੂੰ ਨਿਖਾਰ ਕੇ ਪੇਸ਼ ਕੀਤਾ।
ਪ੍ਰਗਤੀਸ਼ੀਲਤਾ ਜੇ ਨਾ ਜਿਉਂਦੀ ਹੁੰਦੀ ਤਾਂ ਅੱਜ ਦਾ ਸਮਾਗਮ ਨਾ ਹੁੰਦਾ। ਅਸੀਂ ਸ਼ੌਟ ਕੱਟ ਨੂੰ ਵੱਧ ਪਸੰਦ ਕਰਦੇ ਹਾਂ। ਸੁਰਜੀਤ ਪਾਤਰ ਸਮੇਤ ਸਮਕਾਲੀ ਲੇਖਕਾਂ ਨੂੰ ਅਜੇ ਸਮਝਿਆ ਜਾਣਾ ਬਾਕੀ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਧੰਨਵਾਦ ਕੀਤਾ। ਇਸ ਨੈਸ਼ਨਲ ਸੈਮੀਨਾਰ ਦੇ ਸੰਯੋਜਕ ਡਾ. ਗੁਰਇਕਬਾਲ ਸਿੰਘ ਨੇ ਮੰਚ ਸੰਚਾਲਨ ਕੀਤਾ।
ਇਸ ਸੈਮੀਨਾਰ ਮੌਕੇ ਡਾ. ਸੁਰਜੀਤ ਪਾਤਰ ਦੀਆਂ ਕਵਿਤਾਵਾਂ ’ਤੇ ਆਧਾਰਿਤ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਜਿਸ ਦੇ ਲੇਖਕ ਤੇ ਅਦਾਕਾਰ ਡਾ. ਸੋਮਪਾਲ ਹੀਰਾ ਅਤੇ ਨਿਰਦੇਸ਼ਕ ਡਾ. ਕੰਵਲ ਢਿੱਲੋਂ ਹਨ ਪੇਸ਼ ਕੀਤਾ ਗਿਆ।
ਇਸ ਸੈਮੀਨਾਰ ਵਿਚ ਪੰਜਾਬ ਅਤੇ ਪੰਜਾਬੋਂ ਬਾਹਰਲੇ ਦੋ ਸੌ ਤੋਂ ਵੱਧ ਵਿਦਵਾਨ ਸ਼ਾਮਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਜਸਵੰਤ ਜ਼ਫ਼ਰ, ਆਰਟ ਕਾਉਂਸਲ ਦੇ ਚੇਅਰਮੈਨ ਸ੍ਰੀ ਸਵਰਨਜੀਤ ਸਵੀ, ਤ੍ਰੈਲੋਚਨ ਲੋਚੀ, ਡਾ. ਹਰਵਿੰਦਰ ਸਿੰਘ ਸਿਰਸਾ, ਸੁਵਰਨ ਸਿੰਘ ਵਿਰਕ, ਡਾ. ਨਿਰਮਲ ਜੌੜਾ, ਸਰਦਾਰ ਪੰਛੀ, ਡਾ. ਸੰਤੋਖ ਸਿੰਘ ਸੁੱਖੀ, ਡਾ. ਗੁਰਚਰਨ ਕੌਰ ਕੋਚਰ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਦੀਪ ਜਗਦੀਪ ਸਿੰਘ, ਕਰਮਜੀਤ ਸਿੰਘ ਗਰੇਵਾਲ, ਅਮਰੀਕ ਸਿੰਘ ਤਲਵੰਡੀ, ਤਰਸੇਮ ਨੂਰ, ਡਾ. ਗੁਰਮੇਲ ਸਿੰਘ, ਭਗਵਾਨ ਢਿੱਲੋਂ, ਸੋਮਾ ਸਬਲੋਕ, ਗੁਰਮੇਜ ਸਿੰਘ ਭੱਟੀ, ਪ੍ਰਭਜੋਤ ਸੋਹੀ, ਰਵੀ ਰਵਿੰਦਰ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਮਨਦੀਪ ਔਲਖ, ਪਰਮਜੀਤ ਸਿੰਘ ਸੋਹਲ, ਰਾਮ ਸਿੰਘ, ਅਮੋਲਕ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ, ਜਸਪ੍ਰੀਤ ਅਮਲਤਾਸ, ਜਸਪ੍ਰੀਤ ਕੌਰ, ਸੰਤ ਸੋਹਲ, ਬਲਵਿੰਦਰ ਸਿੰਘ ਗਲੈਕਸੀ, ਬਲਕੌਰ ਸਿੰਘ, ਤਰਲੋਚਨ ਝਾਂਡੇ, ਜ਼ੋਰਾਵਰ ਸਿੰਘ ਪੰਛੀ, ਤਰਨ ਬੱਲ, ਗੁਰਲਾਲ ਸਿੰਘ, ਜਸਵੰਤ ਜੱਸੜ, ਰਿਸ਼ਿਕਾ, ਰਾਜਿੰਦਰ ਵਰਮਾ, ਕਮਲਦੀਪ ਕੌਰ, ਦੀਪਕ ਅਜ਼ੀਜ, ਰਣਜੀਤ ਸਿੰਘ, ਬਲਜਿੰਦਰ ਸਿੰਘ, ਕਰਮਜੀਤ ਸਿੰਘ, ਡਾ. ਲਖਵੀਰ ਸਿੰਘ ਸਿਰਸਾ, ਦੀਪ ਦਿਲਬਰ, ਸੰਧੇ ਸੁਖਬੀਰ ਆਦਿ ਸ਼ਾਮਲ ਸਨ।