ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਦੇ ਸੰਘਰਸ਼ੀ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਤੇ ਹੋਰ ਆਗੂ ਜੋ ਕਿ ਤਾਮਿਲਨਾਡੂ ਵਿਖੇ ਕਿਸਾਨੀ ਮੰਗਾਂ ਸੰਬੰਧੀ ਕਨਵੈਨਸ਼ਨਾਂ ਵਿੱਚ ਸ਼ਾਮਲ ਹੋਣ ਜਾ ਰਹੇ ਸਨ । ਉਹਨਾਂ ਨੂੰ ਸ੍ਰੀ ਸਾਹਿਬ ਪਹਿਨੇ ਹੋਣ ਕਾਰਨ ਹਵਾਈ ਅੱਡੇ ਦੇ ਸੁਰੱਖਿਆ ਅਮਲੇ ਵੱਲੋਂ ਰੋਕਣਾ ਕਿਸਾਨਾਂ ਪ੍ਰਤੀ ਕੇਂਦਰ ਦੀ ਨਫ਼ਰਤ ਦਾ ਪ੍ਰਗਟਾਵਾ ਤੇ ਹੈ ਹੀ ਨਾਲ ਹੀ ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਵੀ ਕੇਂਦਰ ਦਾ ਹਮਲਾ ਹੈ । ਕੀ ਹੁਣ ਅੰਮ੍ਰਿਤਧਾਰੀ ਗੁਰਸਿੱਖ ਦੇਸ਼ ਵਿੱਚ ਆਪਣੇ ਧਾਰਮਿਕ ਅਕੀਦੇ ਦੇ ਕਾਇਮ ਰਹਿ ਕੇ ਵਿਚਰ ਨਹੀ ਸਕਦੇ ? ਕੀ ਇਹ ਸਿੱਖਾਂ ਪ੍ਰਤੀ ਨਸਲੀ ਅਪਰਾਧ ਨਹੀਂ ?
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਲੋਂ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਕੇੰਦਰ ਸਰਕਾਰ ਨੇ ਪਹਿਲਾਂ ਹੀ ਕਿਸਾਨੀ ਮਸਲਿਆਂ ਪ੍ਰਤੀ ਜੋ ਬੇਰੁਖ਼ੀ ਅਪਣਾ ਰੱਖੀ ਹੈ ਜਿਵੇਂ ਕਿਸਾਨ ਇਸ ਦੇਸ਼ ਦੇ ਵਾਸੀ ਹੀ ਨਾ ਹੋਣ ਤੇ ਭਾਜਪਾ ਦੇ ਆਗੂ ਵੀ ਸਮੇਂ – ਸਮੇਂ ਕਿਸਾਨਾਂ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ ਤੇ ਹੁਣ ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਸ੍ਰੀ ਸਾਹਿਬ ਪਹਿਨੇ ਹੋਣ ਕਾਰਨ ਰੋਕਿਆ ਜਾਣਾ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਰਾਜ ਕਰਨ ਦਾ ਧਰਮ ਨਿਭਾਉਣ ਵਿੱਚ ਬਿਲਕੁਲ ਅਸਫ਼ਲ ਸਾਬਤ ਹੋਈ ਹੈ ।
ਜਿਵੇਂ ਕਿ ਕਿਸਾਨ ਆਗੂਆਂ ਨੇ ਵੀ ਕਿਹਾ ਹੈ ਕਿ ਦੇਸ਼ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ । ਇੱਕ ਪਾਸੇ ਤੇ ਸਰਕਾਰ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਬਣਦੀ ਹੈ ਪਰ ਹਰ ਮਸਲੇ ਤੇ ਸਿੱਖਾਂ ਨਾਲ ਵੈਰ ਕਮਾਕੇ ਆਪਣੇ ਸਿੱਖ ਵਿਰੋਧੀ ਹੋਣ ਦਾ ਸਬੂਤ ਦੇਣ ‘ਚ ਕੋਈ ਕਸਰ ਨਹੀਂ ਛੱਡਦੀ । ਕੇੰਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਗ਼ਰੂਰ ਛੱਡਕੇ ਨਾ ਸਿਰਫ ਕਿਸਾਨਾਂ ਦੇ ਮਸਲੇ ਹੱਲ ਕਰੇ ਤੇ ਨਾਲ ਹੀ ਇਸ ਘਟਨਾਕ੍ਰਮ ਦੀ ਮਾਫ਼ੀ ਮੰਗਦਿਆਂ ਸੰਬੰਧਿਤ ਅਮਲੇ ਤੇ ਬਣਦੀ ਕਾਰਵਾਈ ਕਰੇ ।