ਕਦੇ ਆਪ ਨਹੀਂ ਸਨ ਲੱਗੀਆਂ,
ਨਜ਼ਰਾਂ ਲਾਈਆਂ ਗਈਆਂ ਸਨ,
ਪੰਜਾਬ ਨੂੰ।
ਹੁਣ ਵੀ ਫਿਰਦੀਆਂ,
ਹਵਾਵਾਂ ਮਰਜਾਣੀਆਂ,
ਹੱਥੀਂ ਫ਼ੜ ਮੁਆਤੇ।
ਉਦੋਂ ਫਿਰ ਸਿਰ ਤੋਂ ,
ਵਾਰੀਆਂ ਮਿਰਚਾਂ ਵੀ ਨਹੀਂ ,
ਕੰਮ ਕਰਦੀਆਂ।
ਨਾ ਅੱਗ ਵਿੱਚ ਸੜ੍ਹਨ ਕਦੇ,
ਜਦੋਂ ਆਪਣੇ ਹੀ ਅੱਗਾਂ ਲਾਉਣ
ਤੇ ਤੇਲ ਪਾਉਣ ।
ਕੌਮ ਉਦੋਂ ਮਰਦੀ ਹੈ ,
ਜਦੋਂ ਆਪਣੀ ਮਾਂ ਭੁੱਲਦੀ ਹੈ,
ਤੇ ਮਾਣੀ ਗੂੜ੍ਹੀ ਛਾਂ ਰੁਲਦੀ ਹੈ।
ਫ਼ਸਲ ਉਦੋਂ ਉੱਜੜਦੀ ਹੈ।
ਜਦੋਂ ਵਾੜ ਦੀ ਹੀ ਨੀਅਤ,
ਵਿੱਚ ਖੋਟ ਆ ਜਾਵੇ।
ਰਾਹ ਵੀ ਦਗਾ ਦੇ ਜਾਣ,
ਉਦੋਂ ਫਿਰ ਕਾਤਲ ਬਣ ਜਾਂਦੇ ਨੇ,
ਆਪਣੇ ਨਾਲ ਤੁਰੇ ਜਾਂਦੇ ਪਰਛਾਵੇਂ ਵੀ।
ਅੱਗਾਂ ਕਦੇ ਵੀ,
ਆਪਣੇ ਆਪ ਨਹੀਂ ਲੱਗਦੀਆਂ,
ਲਾਈਆਂ ਜਾਣ।
ਪੈਰੀਂ ਬੇੜੀਆਂ ਕਦੇ ਵੀ,
ਆਪਣੇ ਆਪ ਨਹੀਂ ਛਣਕਦੀਆਂ,
ਛਣਕਾਈਆਂ ਜਾਣ।
ਅੰਗਿਆਰਾਂ ਤੇ ਨੱਚਣ ਸਿਖਾਈਆਂ ਜਾਣ।
ਅੱਗ ਟੁਰ ਪਵੇ ਤਾਂ,
ਫੁੱਲ ਪੱਤੀਆਂ ਨਹੀਂ ਪਛਾਣਦੀ।
ਆਪਣੇ ਬੇਗਾਨੇ ਨਹੀਂ ਜਾਣਦੀ।
ਬਣੀ ਨਾ ਕਦੇ ਵੀ ਕਿਸੇ ਦੇ ਹਾਣਦੀ।
ਨਾ ਪਿਤਰਾਂ ਦੀ,
ਜ਼ੁਬਾਨ ਇਹ ਹੋਵੇ।
ਇਹ ਤਾਂ ਕਬਰੀਂ,
ਲਹੂ ਬਣ ਚੋਵੇ।