ਅੱਜ ਜਿਸ ਵਿਸ਼ੇ ਤੇ ਵਿਚਾਰ-ਚਰਚਾ ਕਰਨ ਜਾ ਰਿਹਾ ਹਾਂ ਉਹ ਹਾਸੋ-ਹੀਣਾ ਹੋਣ ਦੇ ਨਾਲ-ਨਾਲ ਸਾਡੇ ਸਮਾਜ ਲਈ ਇੱਕ ਚਿੰਤਾ ਦਾ ਵਿਸ਼ਾ ਵੀ ਹੈ। ਇਹ ਵਿਅੰਗ ਮੇਰੇ ਨਿਜੀ ਤਜਰਬੇ ਦੀ ਉਪਜ ਦੇ ਨਾਲ-ਨਾਲ ਸਮਾਜ ਵਿੱਚ ਰਹਿੰਦੇ ਲੋਕਾਂ ਵੱਲੋਂ ਵੀ ਮਹਿਸੂਸ ਕੀਤਾ ਜਾਂਦਾ ਹੋਵੇਗਾ। ਸਮਾਜ ਵਿੱਚ ਰੋਜਾਨਾ ਜਿੰਦਗੀ ਵਿੱਚ ਵਿਚਰਦੇ ਹੋਏ ਮੈਂ ਕਈ ਵਾਰ ਨੋਟਿਸ ਕੀਤਾ ਕਿ ਛੋਟੇ ਉਮਰ ਦੇ ਬੱਚੇ ਕੰਨਾਂ ਵਿੱਚ ਈਅਰਬੱਡਸ ਲਗਾ ਕੇ ਬਹੁਤ ਹੀ ਗੰਭੀਰ ਚਿਹਰੇ ਨਾਲ ਸੜਕਾਂ ‘ਤੇ ਅਤੇ ਬਜ਼ਾਰਾਂ ਵਿੱਚ ਤੁਰਦੇ-ਫਿਰਦੇ ਨਜ਼ਰ ਆਉਂਦੇ ਹਨ। ਅਜਿਹਾ ਲੱਗਦਾ ਹੈ ਜਿਵੇਂ ਉਹ ਬਹੁਤ ਵੱਡੇ ਵਪਾਰੀ ਹਨ ਅਤੇ ਕਰੋੜਾਂ ਰੁਪਇਆਂ ਦੇ ਸੋਦੇ ਜਾਂ ਬਹੁਤ ਮਹਤਵਪੂਰਨ ਮੀਟਿੰਗਾਂ ਨੂੰ ਫੋਨ ‘ਤੇ ਕਰ ਰਹੇ ਹੋਣ । ਇਹ ਨਜਾਰਾ ਦੇਖ ਕੇ ਕਈ ਵਾਰ ਆਪ-ਮੁਹਾਰੇ ਹਾਸਾ ਆ ਜਾਂਦਾ ਹੈ।
ਅੱਜ ਕੱਲ, ਤਕਨੀਕ ਨੇ ਸਾਡੇ ਜੀਵਨ ਨੂੰ ਬਹੁਤ ਬਦਲ ਦਿੱਤਾ ਹੈ। ਮੋਬਾਈਲ ਫੋਨ, ਈਅਰਬੱਡਸ, ਅਤੇ ਹੋਰ ਤਕਨੀਕੀ ਸੰਦ ਬੱਚਿਆਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਪਰ ਇਹਨਾਂ ਸੰਦਾਂ ਦੀ ਵਰਤੋਂ ਕਈ ਵਾਰ ਹਾਸੋਹੀਣੀ ਸਥਿਤੀਆਂ ਪੈਦਾ ਕਰਦੀ ਹੈ। ਬੱਚੇ ਹੁਣ ਸਿਰਫ ਖੇਡਣ ਅਤੇ ਮਨੋਰੰਜਨ ਲਈ ਨਹੀਂ, ਸਗੋਂ ਵੱਡੇ ਵਪਾਰਕ ਮੁਲਾਕਾਤਾਂ ਵਾਲੇ ਸਟਾਈਲ ਵਿੱਚ ਵੀ ਇਨ੍ਹਾਂ ਦੀ ਵਰਤੋਂ ਕਰਦੇ ਹਨ। ਬੱਚੇ, ਜਿਨ੍ਹਾਂ ਦੀ ਉਮਰ 14-20 ਸਾਲਾਂ ਦੇ ਵਿਚਕਾਰ ਹੈ, ਕੰਨਾਂ ਵਿੱਚ ਈਅਰਬੱਡਸ ਲਗਾ ਕੇ ਗੰਭੀਰ ਚਿਹਰੇ ਨਾਲ ਤੁਰਦੇ ਹਨ। ਉਹਨਾਂ ਦੀਆਂ ਹਰਕਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਕਿ ਜਿਵੇਂ ਉਹ ਬਹੁਤ ਮਹੱਤਵਪੂਰਨ ਫੋਨ ਕਾਲਾਂ ਤੇ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਕਰੋੜਾਂ ਰੁਪਏ ਦੇ ਲੈਣ ਦੇਣ ਨਾਲ ਹੈ। ਉਹ ਹੱਥ ਵਿੱਚ ਮੋਬਾਈਲ ਫੋਨ ਫੜਕੇ, ਕਦੇ ਸੱਜੇ ਕਦੇ ਖੱਬੇ ਤੁਰਦੇ ਹਨ ਅਤੇ ਅਕਸਰ ਸਿਰ ਦੇ ਇਸ਼ਾਰੇ ਨਾਲ ਇੰਝ ਦਿਖਾਵਾ ਕਰਦੇ ਹਨ, ਜਿਵੇਂ ਕਿ ਉਹ ਆਪਣੇ ਬਿਹਤਰ ਸਟ੍ਰੈਟਜੀਕ ਸੋਚਾਂ ਨੂੰ ਸਾਂਝਾ ਕਰ ਰਹੇ ਹੋਣ। ਇਸ ਉਮਰ ਵਿੱਚ ਬੱਚੇ ਇਸ ਤਰ੍ਹਾਂ ਦਿਖਾਵਾ ਕਰ ਰਹੇ ਹੋਣ ਜਿਸ ਤਰ੍ਹਾਂ ਸਿਰਫ ਉਹਨਾਂ ਨੂੰ ਹੀ ਪੂਰੀ ਦੁਨੀਆ ਦਾ ਅਨੁਭਵ ਹੈ। ਅਜਿਹੇ ਹਲਾਤਾਂ ਵਿੱਚ ਦਿਖਾਵਾ ਕਰਨ ਵਾਲੇ ਦੇ ਘਰ ਵਿੱਚ ਭਾਵੇਂ ਭੰਗ ਭੁਜਦੀ ਹੋਵੇ, ਮਾਂ-ਬਾਪ ਭਾਵੇਂ ਬੜੀ ਮੁਸ਼ਕਿਲਾਂ ਵਿਚੋਂ ਗੁਜਰ ਕੇ ਆਪਣੇ ਬੱਚੇ ਦੀ ਪਰਵਰਿਸ਼ ਕਰ ਰਹੇ ਹੋਣ,ਪਰ ਬੱਚੇ ਲਈ ਦਿਖਾਵਾ ਦੀ ਜਿੰਦਗੀ ਇਸ ਤੋਂ ਉਪਰ ਹੈ। ਪਤਾ ਨਹੀਂ ਕਿੳਂ ਅੱਜ ਦਿਖਾਵੇ ਦੀ ਜਿੰਦਗੀ ਅਸਲ ਜਿੰਦਗੀ ਦੇ ਹਲਾਤਾਂ ‘ਤੇ ਭਾਰੂ ਹੁੰਦੀ ਜਾ ਰਹੀ ਹੈ ?
ਇਹ ਨਜਾਰੇ ਵੇਖ ਕੇ ਹਾਸਾ ਵੀ ਆਉਂਦਾ ਹੈ ਤੇ ਸੋਚ ਵੀ ਆਉਂਦੀ ਹੈ ਕਿ ਅਸੀਂ ਕਿੱਥੇ ਆ ਗਏ ਹਾਂ ? ਬੱਚੇ, ਜੋ ਕਿ ਪਹਿਲਾਂ ਖੇਡਣ ਅਤੇ ਮੁਹੱਲੇ ਦੀਆਂ ਗੱਲਾਂ ਕਰਨ ਵਿੱਚ ਮਸਤ ਹੁੰਦੇ ਸਨ, ਹੁਣ ਈਅਰਬੱਡਸ ਲਗਾ ਕੇ ਵੱਡੇ ਕਾਰੋਬਾਰੀ ਵਰਗੇ ਬਣਨ ਦੇ ਦਿਖਾਵੇ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਹਾਸੇ ਵਾਲੀ ਗੱਲ ਇਸ ਕਰਕੇ ਵੀ ਹੈ ਕਿਉਂਕਿ ਉਹਨਾਂ ਨੂੰ ਇਹ ਅਸਲ ਵਿੱਚ ਨਹੀਂ ਪਤਾ ਹੁੰਦਾ ਕਿ ਉਹ ਕੀ ਕਰ ਰਹੇ ਹਨ ਜਾਂ ਉਹਨਾਂ ਦੇ ਪੱਲੇ ਕੀ ਹੈ ? ਸਾਡਾ ਸਮਾਜ ਹੁਣ ਇੰਜ ਬਣ ਗਿਆ ਹੈ ਕਿ ਛੋਟੇ ਬੱਚੇ ਵੀ ਵੱਡਿਆਂ ਵਾਲੀਆਂ ਹਰਕਤਾਂ ਕਰਨ ਵਿੱਚ ਮਾਹਰ ਹੋ ਗਏ ਹਨ। ਇਹ ਵੀ ਇੱਕ ਤਰਾਸਦੀ ਹੈ ਕਿ ਜਿੱਥੇ ਸਾਡੇ ਬੱਚਿਆਂ ਦੀ ਖੇਡਣ-ਕੂਦਣ, ਪੜ੍ਹਾਈ ਅਤੇ ਅਨੰਦ ਮਾਨਣ ਦੀ ਉਮਰ ਹੈ, ਉਥੇ ਬੱਚੇ ਕਿੰਨ੍ਹਾਂ ਦਿਖਾਵਿਆਂ ਦੀ ਜਿੰਦਗੀ ਜਿੳੇਣ ਵੱਲ ਨੂੰ ਤੁਰ ਪਏ ਹਨ?
ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇਹ ਬੱਚੇ ਕੀ ਸਿੱਖ ਰਹੇ ਹਨ? ਕੀ ਇਹ ਸਾਡੀ ਤਕਨੀਕ ਦੀ ਅਗਵਾਈ ਦਾ ਨਤੀਜਾ ਹੈ ਜਾਂ ਸਾਡੇ ਸਮਾਜ ਦੇ ਬਦਲਦੇ ਰੁਝਾਨਾਂ ਦਾ ਪਰਛਾਵਾਂ ? ਜਿਵੇਂ ਕਿ ਅਕਸਰ ਕਹਿੰਦੇ ਹਨ, “ਇੱਕ ਤਸਵੀਰ ਹਜ਼ਾਰ ਸ਼ਬਦਾਂ ਤੋਂ ਬਿਹਤਰ ਹੈ,” ਇੰਜ ਇਹ ਬੱਚੇ ਆਪਣੀ ਤਸਵੀਰ ਨਾਲ ਹਜ਼ਾਰਾਂ ਸ਼ਬਦਾਂ ਦੀ ਕਹਾਣੀ ਕਹਿ ਰਹੇ ਹਨ।
ਤਕਨੀਕ ਦੇ ਇਹਨਾਂ ਹਾਸੋਹੀਣੇ ਪ੍ਰਭਾਵਾਂ ਤੋਂ ਇਲਾਵਾ, ਸਾਡੇ ਬੱਚਿਆਂ ਦੀ ਸਿਹਤ ‘ਤੇ ਵੀ ਇਹਦਾ ਅਸਰ ਪੈਂਦਾ ਹੈ। ਕੰਨਾਂ ਵਿੱਚ ਲਗੇ ਈਅਰਬੱਡਸ ਅਤੇ ਹੱਥ ਵਿੱਚ ਫੋਨ, ਉਹ ਸਿਰਫ਼ ਦਿਖਾਵੇ ਲਈ ਨਹੀਂ ਬਲਕਿ ਉਹਨਾਂ ਦੀ ਜਿੰਦਗੀ ਦਾ ਜਰੂਰਤ ਤੋਂ ਵੱਧ ਜਿੰਦਗੀ ਦਾ ਹਿੱਸਾ ਬਣ ਗਏ ਹਨ । ਬੱਚਿਆਂ ਦੇ ਕੰਨ ਸਾਰਾ ਦਿਨ ਉਹਨਾਂ ਈਅਰਬੱਡਸ ਨਾਲ ਭਰਪੂਰ ਰਹਿੰਦੇ ਹਨ, ਜੋ ਕਿ ਸਿਹਤ ਲਈ ਘਾਤਕ ਹੈ। ਇਸ ਨਾਲ ਬੱਚਿਆਂ ਨੂੰ ਕੰਨਾਂ ਦੀਆਂ ਬਿਮਾਰੀਆਂ, ਸੁਨਣ ਦੀ ਸਮੱਸਿਆ ਅਤੇ ਦਿਮਾਗੀ ਥਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਦੇ ਨਾਲ ਹੀ ਇਸ ਤਰ੍ਹਾਂ ਈਅਰਬੱਡਸ ਲਗਾ ਕੇ ਵਾਹਨ ਚਲਾਉਂਦੇ ਹੋਏ ਹਾਦਸਿਆਂ ਦੇ ਕਾਰਨ ਵੀ ਬਣ ਜਾਂਦੇ ਹਨ , ਜਿਸ ਨਾਲ ਕਦੀ-ਕਦੀ ਜਿੰਦਗੀ ਵਿੱਚ ਨਾ ਪੂਰਾ ਹੋਣ ਵਾਲਾ ਨੁਕਸਾਨ ਵੀ ਹੋ ਜਾਂਦਾ ਹੈ।
ਇਹ ਵੀ ਇੱਕ ਵੱਡਾ ਪ੍ਰਸ਼ਨ ਹੈ ਕਿ, ਕੀ ਇਹ ਬੱਚੇ ਅਸਲ ਵਿੱਚ ਬਿਹਤਰ ਸਮਾਜਿਕ ਅਤੇ ਵਪਾਰਕ ਸੁਝਾਅ ਸਿੱਖ ਰਹੇ ਹਨ ਜਾਂ ਸਿਰਫ਼ ਝੂਠਾ ਦਿਖਾਵਾ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿ ਬੱਚਿਆਂ ਨੂੰ ਵਾਪਸ ਉਹਨਾਂ ਦੀ ਅਸਲੀ ਜਿੰਦਗੀ ਵੱਲ ਕਿਵੇਂ ਲੈ ਜਾਇਆ ਜਾਵੇ। ਉਹਨਾਂ ਨੂੰ ਵਾਪਸ ਖੇਡਾਂ ਅਤੇ ਮਨੋਰੰਜਨ ਵਾਲੀਆਂ ਗਤੀਵਿਧੀਆਂ ਵਿੱਚ ਰੁਝਾਇਆ ਜਾਵੇ ਤਾਂ ਜੋ ਉਹਨਾਂ ਦਾ ਬਚਪਨ ਸਫਲ ਅਤੇ ਖੁਸ਼ਮਿਜਾਜ਼ ਰਹੇ। ਈਅਰਬੱਡਸ ਅਤੇ ਮੋਬਾਈਲ ਫੋਨ ਦੀਆਂ ਵਰਤੋਂ ਨੂੰ ਸੀਮਿਤ ਕਰਕੇ, ਅਸੀਂ ਬੱਚਿਆਂ ਦੇ ਸਿਹਤਮੰਦ ਭਵਿੱਖ ਦੀ ਰਾਹ ਤੇ ਚਲ ਸਕਦੇ ਹਾਂ। ਇਹ ਹਾਸੋਹੀਣੀ ਗੱਲਾਂ ਸਾਨੂੰ ਇਹ ਦਰਸਾਉਂਦੀਆਂ ਹਨ ਕਿ ਅਸੀਂ ਕਿੰਨਾ ਅਗੇ ਵੱਧ ਗਏ ਹਾਂ ਅਤੇ ਸਾਨੂੰ ਕਦੋਂ ਤਕ ਵਾਪਸ ਮੁੜਨਾ ਚਾਹੀਦਾ ਹੈ। ਬੱਚਿਆਂ ਨੂੰ ਬੱਚੇ ਹੀ ਰਹਿਣ ਦਿਓ, ਵੱਡੇ ਦਿਖਾਵੇ ਵਾਲੇ ਵਪਾਰੀ ਬਣਨ ਦੀ ਕੋਈ ਲੋੜ ਨਹੀਂ ਹੈ।