ਪਵਨ ਹਰਚੰਦਪੁਰੀ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 45 ਦੇ ਲਗਪਗ ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਮਹਾਂ ਕਾਵਿ, ਅਖ਼ੰਡ ਕਾਵਿ, ਗ਼ਜ਼ਲ ਸੰਗ੍ਰਹਿ, ਗੀਤ ਸੰਗ੍ਰਹਿ, ਬਾਲ ਕਾਵਿ ਸੰਗ੍ਰਹਿ, ਬਾਲ ਕਾਵਿ ਕਹਾਣੀ ਸੰਗ੍ਰਹਿ, ਵਾਰਤਕ/ਖੋਜ, ਸੰਪਾਦਨਾ ਅਤੇ ਅਨੁਵਾਦ ਦੀਆਂ ਪੁਸਤਕਾਂ ਸ਼ਾਮਲ ਹਨ। ਵਿਚਾਰ ਚਰਚਾ ਅਧੀਨ ‘ਮਹਾਨ ਯੋਧਿਆਂ ਦੀਆਂ ਵਾਰਾਂ’ ਪੁਸਤਕ ਵਿੱਚ 18 ਸਿਰਲੱਥ ਯੋਧਿਆਂ ਦੀ ਬਹਾਦਰੀ ਦੀਆਂ ਵਾਰਾਂ ਸ਼ਾਮਲ ਹਨ। ਇਹ 18 ਯੋਧੇ ਕੋਈ ਆਮ ਵਿਅਕਤੀ ਨਹੀਂ ਸਗੋਂ ਇਹ ਉਹ ਮਹਾਨ ਯੋਧੇ ਹਨ, ਜਿਨ੍ਹਾਂ ਨੇ ਆਪਣੀ ਕਾਬਲੀਅਤ ਨਾਲ ਇਤਿਹਾਸ ਵਿੱਚ ਵਿਲੱਖਣ ਯੋਗਦਾਨ ਪਾਇਆ ਹੈ। ਪਵਨ ਹਰਚੰਦਪੁਰੀ ਨੇ ਵੀ ਉਨ੍ਹਾਂ ਮਹਾਨ ਯੋਧਿਆਂ ਦੀ ਬਹਾਦਰੀ ਨੂੰ ਬਾਕਮਾਲ ਢੰਗ ਨਾਲ ਲਿਖਿਆ ਹੈ, ਜਿਨ੍ਹਾਂ ਨੂੰ ਪੜ੍ਹਕੇ ਪਾਠਕਾਂ ਦੇ ਲੂੰ ਕੰਡ੍ਹੇ ਖੜ੍ਹੇ ਹੋ ਜਾਂਦੇ ਤੇ ਖ਼ੂਨ ਖੌਲਣ ਲੱਗ ਜਾਂਦੇ ਹਨ। ਇਨ੍ਹਾਂ ਵਿੱਚੋਂ 8 ਵਾਰਾਂ ਸਿੱਖ ਇਤਿਹਾਸ ਨਾਲ ਸੰਬੰਧਤ ਯੋਧਿਆਂ ਹਰੀ ਸਿੰਘ ਨਲੂਆ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਸ਼ਾਮ ਸਿੰਘ ਅਟਾਰੀਵਾਲਾ, ਦੀਵਾਨ ਦਰਬਾਰਾ ਸਿੰਘ ਤੇ ਨਵਾਬ ਕਪੂਰ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਸ਼ਾਮਲ ਹਨ। ਵਾਰ ਦਾ ਅਰਥ ਹਮਲਾ ਕਰਨਾ ਦੱਸਿਆ ਗਿਆ ਹੈ। ਵਾਰਾਂ ਵਿੱਚ ਵੀ ਸ਼ਬਦੀ ਹਮਲੇ ਹੀ ਕੀਤੇ ਜਾਂਦੇ ਹਨ। ਵਾਰ ਦੀ ਸਿਰਜਣਾ ਦਾ ਕਾਰਜ ਛੇਵੇਂ ਗੁਰੂ ਸ੍ਰੀ ਹਰਿ ਗੋਬਿੰਦ ਜੀ ਦੇ ਸਮੇਂ ਹੋਈ ਸੀ। ਵਾਰ ਮਨੁੱਖਤਾ ਵਿਰੋਧੀ ਸਥਿਤੀਆਂ ਉਤੇ ਵਾਰ ਕਰਦੀ ਹੈ। ਵਾਰਾਂ ਖਾਸ ਤੌਰ ‘ਤੇ ਜੰਗਜੂ ਯੋਧਿਆਂ ਬਾਰੇ ਲਿਖੀਆਂ ਜਾਂਦੀਆਂ ਹਨ ਜਾਂ ਜਿਨ੍ਹਾਂ ਦਾ ਆਪੋ ਆਪਣੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਹੋਵੇ। ਵਾਰ ਨੂੰ ਕਾਵਿ ਛੰਦ/ਪਾਉੜੀ ਛੰਦ ਵੀ ਕਿਹਾ ਜਾਂਦਾ ਹੈ। ਵਾਰ ਲਿਖਣੀ ਬਹੁਤ ਔਖੀ ਹੈ ਕਿਉਂਕਿ ਛੰਦ ਬੱਧ ਲਿਖਣੀ ਪੈਂਦੀ ਹੈ। ਵਾਰ ਬੀਰ ਰਸ ਨਾਲ ਭਰਪੂਰ ਹੁੰਦੀ ਹੈ। ਇਹ ਡਰ ਕੱਢਦੀ ਹੈ। ਇਸ ਤੋਂ ਇਲਾਵਾ ਵਿਅਕਤੀਆਂ, ਇਤਿਹਾਸਕ ਘਟਨਾਵਾਂ ਅਤੇ ਸਥਿਤੀਆਂ ਬਾਰੇ ਵਾਰਾਂ ਲਿਖਣ ਲਈ ਉਨ੍ਹਾਂ ਦੀ ਸਹੀ ਇਤਿਹਾਸਕ ਤੇ ਮਿਥਹਾਸਕ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ। ਵਾਰ ਪੰਜਾਬੀ ਸਾਹਿਤ ਦਾ ਲੋਕ ਗੀਤਾਂ ਦੀ ਤਰ੍ਹਾਂ ਪੁਰਾਣਾ ਸਾਹਿਤ ਰੂਪ ਹੈ। ਗੀਤ ਇਸ਼ਕ ਮਜਾਜੀ ਤੇ ਹਕੀਕੀ ਨਾਲ ਸੰਬੰਧਤ ਹੁੰਦੇ ਹਨ ਪ੍ਰੰਤੂ ਵਾਰਾਂ ਧਾਰਮਿਕ ਅਤੇ ਇਤਿਹਾਸਕ ਘਟਨਾਵਾਂ ਜਾਂ ਯੋਧਿਆਂ ਦੀ ਬਹਾਦਰੀ ਨਾਲ ਸੰਬੰਧਤ ਹੁੰਦੀਆਂ ਹਨ। ਅਸਲ ਵਿੱਚ ਵਾਰਾਂ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸੰਬੰਧ ਹੈ। ਸਿੱਖ ਕੌਮ ਬਹਾਦਰੀ, ਦਲੇਰੀ ਤੇ ਜੰਗਜੂ ਪ੍ਰਵਿਰਤੀ ਵਾਲੀ ਹੁੰਦੀ ਹੈ। ਪਵਨ ਹਰਚੰਦਪੁਰੀ ਨੇ ਇਸ ਪੁਸਤਕ ਵਿੱਚ ਕਈ ਨਵੇਕਲੇ ਕੰਮ ਕੀਤੇ ਹਨ, ਜਿਨ੍ਹਾਂ ਵਿੱਚ ਭਗਵਾਨ ਪਰਸੂ ਰਾਮ, ਕਿਰਤੀ ਕਾਮਿਆਂ ਅਤੇ ਲੈਨਿਨ ਦੀ ਵਾਰ ਲਿਖਣਾ ਸ਼ਾਮਲ ਹੈ। ਇਨ੍ਹਾਂ ਵਾਰਾਂ ਵਿੱਚ 100 ਤੋਂ ਵੱਧ ਵਿਅਕਤੀਆਂ ਅਤੇ ਇਤਨੇ ਹੀ ਸਥਾਨਾਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਬਾਰੇ ਸਹੀ ਜਾਣਕਾਰੀ ਲਿਖੀ ਗਈ ਹੈ। ਪਵਨ ਹਰਚੰਦਪੁਰੀ ਨੇ ਤੱਥਾਂ ਨਾਲ ਘਟਨਾਵਾਂ ਨੂੰ ਤਰਤੀਵ ਅਨੁਸਾਰ ਲਿਖਿਆ ਹੈ। ਘਟਨਾ ਕਦੋਂ ਕਿਸ ਸਮੇਂ ਤੇ ਕਿਥੇ ਵਾਪਰੀ ਤੇ ਉਸ ਦਾ ਕੀ ਅਸਰ ਹੋਇਆ, ਸਾਰਾ ਕੁਝ ਦਿੱਤਾ ਗਿਆ ਹੈ। ਕੁਝ ਸਿੱਖ ਗਦਾਰਾਂ ਵੱਲੋਂ ਯੁੱਧ ਦੇ ਮੈਦਾਨ ਵਿੱਚ ਕੀਤੀਆਂ ਗਈਆਂ ਗਦਾਰੀਆਂ ਨੂੰ ਵੀ ਦਰਸਾਇਆ ਗਿਆ ਹੈ। ਇੱਕ ਕਿਸਮ ਨਾਲ ਵਾਰਾਂ ਦੇ ਰੂਪ ਵਿੱਚ ਸ਼ਾਇਰ ਨੇ ਉਨ੍ਹਾਂ ਮਹਾਨ ਯੋਧਿਆਂ ਦੇ ਰੇਖਾ ਚਿਤਰ ਲਿਖੇ ਹਨ। ਹਰ ਯੋਧੇ ਦੀ ਵਾਰ ਲਿਖਣ ਲੱਗਿਆਂ ਸ਼ਾਇਰ ਨੇ ਉਨ੍ਹਾਂ ਦੇ ਮਾਤਾ ਪਿਤਾ, ਜਨਮ, ਪਾਲਣ ਪੋਸ਼ਣ ਅਤੇ ਯੁੱਧ ਦੀ ਸਿਖਿਆ ਦਾ ਵਰਣਨ ਕੀਤਾ ਹੈ। ਉਨ੍ਹਾਂ ਮਹਾਨ ਯੋਧਿਆਂ ਦੇ ਜੀਵਨ ‘ਤੇ ਕਿਸ ਵਿਅਕਤੀ ਦਾ ਪ੍ਰਭਾਵ ਪਿਆ ਹੈ, ਆਦਿ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਹਰ ਯੋਧੇ ਦੀ ਵਾਰ ਦੇ ਅੰਤ ਵਿੱਚ ਤੋੜਾ ਲਿਖਿਆ ਹੈ, ਜਿਸ ਵਿੱਚ ਉਸ ਯੋਧੇ ਦੀ ਕਾਰਗੁਜ਼ਾਰੀ ਦੇ ਗੁਣਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈੇ। ਨੌਜਵਾਨ ਪੀੜ੍ਹੀ ਲਈ ਇਹ ਵਾਰਾਂ ਇਤਿਹਾਸ ਨੂੰ ਜਾਨਣ ਲਈ ਮਾਰਗ ਦਰਸ਼ਕ ਦਾ ਕੰਮ ਕਰਨਗੀਆਂ ਕਿਉਂਕਿ ਵਰਤਮਾਨ ਸਮੇਂ ਵਿੱਚ ਪਾਠਕ ਪੁਸਤਕਾਂ ਪੜ੍ਹਨ ਵਿੱਚ ਬਹੁਤੀ ਰੁਚੀ ਨਹੀਂ ਰੱਖਦਾ ਪ੍ਰੰਤੂ ਵਾਰ ਸਾਹਿਤ ਦਾ ਅਜਿਹਾ ਰੂਪ ਹੈ, ਜਿਸ ਨੂੰ ਪੜ੍ਹਨ ਲਈ ਪਾਠਕ ਵਿੱਚ ਦਿਲਚਸਪੀ ਬਣੀ ਰਹਿੰਦੀ ਹੈ। ਸ਼ਾਇਰ ਨੇ ਵਾਰਾਂ ਵਿੱਚ ਦਿਲਚਸਪੀ ਕਾਇਮ ਰੱਖੀ ਹੈ ਤਾਂ ਜੋ ਪਾਠਕ ਇਕ ਵਾਰ ਸ਼ੁਰੂ ਕਰਕੇ ਖ਼ਤਮ ਕੀਤੇ ਬਿਨਾ ਰਹਿ ਨਹੀਂ ਸਕੇ। ਪਵਨ ਹਰਚੰਦਪੁਰੀ ਦੀ ਇਹ ਪੁਸਤਕ ਇਤਿਹਾਸ ਦੇ ਖੋਜੀ ਵਿਦਿਆਰਥੀਆਂ ਲਈ ਲਾਹੇਬੰਦ ਹੋਵੇਗੀ।
ਇਸ ਪੁਸਤਕ ਦੀ ਪਹਿਲੀ ਵਾਰ ਹਰੀ ਸਿੰਘ ਨਲੂਆ ਦੀ ਹੈ, ਜਿਸ ਦੀ ਬਹਾਦਰੀ ਦੇ ਡੰਕੇ ਵੱਜਦੇ ਸਨ। ਹਰੀ ਸਿੰਘ ਨਲੂਆ ਦੀ ਦਲੇਰੀ ਦਾ ਛੱਪਾ ਅਜਿਹਾ ਪਿਆ ਹੋਇਆ ਸੀ ਕਿ ਔਰਤਾਂ ਬੱਚਿਆਂ ਨੂੰ ਡਰਾਉਣ ਲਈ ਹਰੀ ਸਿੰਘ ਨਲੂਆ ਆ ਗਿਆ ਕਹਿੰਦੀਆਂ ਸਨ। ਪਵਨ ਹਰਚੰਦਪੁਰੀ ਨੇ ਵਾਰਾਂ ਦੇ ਵਿੱਚ ਹਰੀ ਸਿੰਘ ਨਲੂਆ ਦੀ ਚੜ੍ਹਤ ਤੋਂ ਘਬਰਾਏ ਹੋਏ ਅਫ਼ਗਾਨੀਆਂ ਦੇ ਦਿਲਾਂ ਦੇ ਡਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਸ਼ਾਇਰ ਨੇ ਹਰੀ ਸਿੰਘ ਨਲੂਆ ਦੇੇ ਵਿਅਕਤਿਵ ਨੂੰ ਦ੍ਰਿਸ਼ਟਾਂਤਿਕ ਰੂਪ ਵਿੱਚ ਦਰਸਾਉਂਦਿਆਂ ਲਿਖਿਆ ਹੈ:
ਪਹੁੰਚ ਗਿਆ ਸੀ ਹਰੀ ਸਿੰਘ, ਲੈ ਫ਼ੌਜਾਂ ਭਾਰੀ,
ਜੋ ਸੁਫ਼ਨੇ ਲਏ ਅਫ਼ਗਾਨੀਆਂ, ਗਏ ਮਾਰ ਉਡਾਰੀ।
ਪੈਰ ਉਖੜ ਗਏ ਉਨ੍ਹਾਂ ਦੇ, ਤੱਕ ਲਸ਼ਕਰ ਸਾਰੀ,
ਨਲੂਆ ਆ ਗਿਆ ਆਖਕੇ, ਗੱਲ ਡਰ ਪਰਚਾਰੀ।
ਫ਼ੌਜੀ ਤਿੱਤਰ ਹੋ ਗਏ, ਛੱਡ ਗਏ ਸਰਦਾਰਾਂ,
ਆਖਣ ਕਿਹੜਾ ਖਾਊਗਾ, ਸਿੰਘਾਂ ਤੋਂ ਮਾਰਾਂ।
ਭੱਜ ਤੁਰੀਆਂ ਸੀ ਜੰਗ ‘ਚੋਂ, ਡਾਰਾਂ ਦੀਆਂ ਡਾਰਾਂ,
ਆਖਣ ਰੰਡੀਆਂ ਕਰਨਗੇ, ਇਹ ਸਾਡੀਆਂ ਨਾਰਾਂ।
ਦੂਜੀ ਵਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੂੰ ਮਾਤਾ ਸੁੰਦਰੀ ਦੇ ਆਸ਼ੀਰਵਾਦ, ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ, ਸਰਹੰਦ ਨੂੰ ਫ਼ਤਿਹ ਕਰਨਾ, ਲਾਹੌਰ ਦਾ ਰਾਜਾ ਬਣਨਾ, ਕਪੂਰਥਲੇ ਨੂੰ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਬਣਾਉਣਾ ਅਤੇ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਬਾਰੇ ਦਰਸਾਇਆ ਗਿਆ ਹੈ। ਜੱਸਾ ਸਿੰਘ ਆਹਲੂਵਾਲੀਆ ਦੀ ਯੁੱਧ ਕਲਾ ਬਾਰੇ ਬਿਹਤਰੀਨ ਢੰਗ ਨਾਲ ਦਰਸਾਇਆ ਗਿਆ ਹੈ:
ਜੱਸਾ ਸਿੰਘ ਜੋ ਆਹਲੂਵਾਲੀਆ, ਬਣਿਆਂ ਸਿੱਖ ਧਰਮ ਦਾ ਮਾਣ,
ਜੀਵਨ ਸਿੱਖੀ ਖਾਤਰ ਲਾ ਗਿਆ, ਉਹਨੇ ਸਾਂਭੀ ਸਹੀ ਕਮਾਣ।
ਉਹਨੇ ਭਰੇ ਸਿੱਖਾਂ ਵਿੱਚ ਹੌਸਲੇ, ਦੇ ਕੇ ਜਿੱਤਾਂ ਦੇ ਪਰਮਾਣ,
ਹਰੇ ਹਮਲਾਵਰ ਤੇ ਧਾੜਵੀ, ਜੋ ਸੀ ਕਰਦੇ ਹਿੰਦ ਦਾ ਘਾਣ।
ਤੀਜੇ ਮਹਾਨ ਯੋਧੇ ਬਾਰੇ ‘ਜੰਗਨਾਮਾ: ਸਰਦਾਰ ਜੱਸਾ ਸਿੰਘ ਰਾਮਗੜ੍ਹੀਆ’ ਦੀ ਬਹਾਦਰੀ ਬਾਰੇ ਸ਼ਾਇਰ ਲਿਖਦਾ ਹੈ:
ਸਿੰਘ ਤਿੰਨ ਸੌ ਆਜ਼ਾਦ ਕਰਾਏ ਉਸਨੇ, ਦਿੱਤਾ ਸਬਕ ਉਸ ਮੰਨੂੰ ਮੀਰ ਤਾਈਂ।
ਪਦਵੀ ‘ਰਾਮਗੜ੍ਹੀਆ’ ਜੱਸਾ ਸਿੰਘ ਪਾਈ, ਲੜਿਆ ਸੱਚ ਲਈ ਸਿੰਘ ਅਖ਼ੀਰ ਤਾਈਂ।
ਸ਼ਾਮ ਸਿੰਘ ਅਟਾਰੀ ਦੀ ਦਲੇਰੀ ਦਾ ਜ਼ਿਕਰ ਕਰਦਾ ਪਵਨ ਹਰਚੰਦਪੁਰੀ ਲਿਖਦਾ ਹੈ:
ਸ਼ਾਮ ਸਿੰਘ ਸੀ ਜੰਗ ਦੇ ਅੰਦਰ, ਭੜਥੂ ਪਾਉਂਦਾ, ਨਾਲ਼ ਹੌਸਲੇ ਫ਼ੌਜ ਨੂੰ, ਸੀ ਉਹੋ ਲੜਾਉਂਦਾ।
ਗੋਰੇ ਲਸ਼ਕਰ ਪਲਟਣਾ ਨੂੰ, ਮੂਹਰੇ ਲਾਉਂਦਾ, ਫਿਰਦਾ ਸ਼ੇਰ ਪੰਜਾਬ ਦਾ, ਸੀ ਅੱਤ ਮਚਾਉਂਦਾ।
ਗ਼ਦਰੀ ਬਾਬਿਆਂ ਦੀ ਵਾਰ ਵਿੱਚ, ਗ਼ਦਰੀਆਂ ਜਿਨ੍ਹਾਂ ਵਿੱਚ ਮਹਾਨ ਗ਼ਦਰੀ ਸ਼ਹੀਦ ਰਾਇ ਸਾਹਿਬ ਅਹਿਮਦ ਖ਼ਾਂ ਖਰਲ ਦਾ ਜੋਸ਼ ਅਤੇ ਆਜ਼ਾਦੀ ਪ੍ਰਾਪਤੀ ਦੀ ਸਿਕ ਬਾਰੇ ਲਿਖਿਆ ਹੈ:
ਭਾਰਤ ਆ ਕੇ ਗੋਰਿਆਂ, ਸੰਗ ਮੱਥਾ ਲਾਇਆ, ਵੇਖ ਉਹਨਾਂ ਦੇ ਹੌਸਲੇ, ਗੋਰਾ ਘਬਰਾਇਆ।
ਫੌਜ ਨਾਲ ਵੀ ਜੋੜੀਆਂ, ਯੋਧਿਆਂ ਨੇ ਤਾਰਾਂ, ਤੁਰੇ ਹਜ਼ਾਰਾਂ ਸੂਰਮੇ, ਸੀ ਬੰਨ੍ਹ ਬੰਨ੍ਹ ਡਾਰਾਂ।
ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਦੇਣ ਵਾਲੇ ਸਿੰਘਾਂ ਨੂੰ ਮਾਈ ਭਾਗੋ ਦੀ ਵੰਗਾਰ ਦਾ ਨਮੂਨਾ:
ਲਓ ਪਹਿਨ ਕੱਚ ਦੀਆਂ ਚੂੜੀਆਂ, ਤੁਸੀਂ ਸਾਂਭੋ ਹੁਣ ਘਰ ਬਾਰ,
ਸਾਡਾ ਨਾਲ਼ ਗੁਰੂ ਗੋਬਿੰਦ ਦੇ, ਧੀ ਬਾਬਲ ਵਰਗਾ ਪਿਆਰ।
ਅਸੀਂ ਕੱਠੀਆਂ ਹੋ ਕੇ ਔਰਤਾਂ, ਹੁਣ ਚੁੱਕਾਂਗੀਆਂ ਤਲਵਾਰ,
ਅਸੀਂ ਜਾਣਾ ਹੈ ਹੁਣ ਜੰਗ ਨੂੰ, ਥੋਡੇ ਵਾਂਗ ਨਾ ਮੰਨਣੀ ਹਾਰ।
ਊਧਮ ਸਿੰਘ ਦੀ ਵਾਰ ਵਿੱਚ ਸ਼ਾਇਰ ਲਿਖਦਾ ਹੈ:
ਜੀਹਨੂੰ ਮੌਤ ਡਰਾਉਣੀ ਕਹਿ ਰਿਹਾਂ, ਉਸ ਮੌਤ ‘ਤੇ ਮੈਨੂੰ ਮਾਣ,
ਹੁਣ ਇੰਗਲਿਸਤਾਨ ਦਾ ਟੁੱਟ ਜੂ, ਕੁੱਲ ਦੁਨੀਆਂ ਵਿੱਚੋਂ ਤਾਣ।
ਸਿੱਖਾਂ ਦੀ ਖ਼ਾਨਾਜੰਗੀ ਤੇ ਆਪਸੀ ਫੁੱਟ ਨੂੰ ਰੋਕਣ ਲਈ ਦਰਬਾਰਾ ਸਿੰਘ ਦਾ ਯੋਗਦਾਨ ਕਪੂਰ ਸਿੰਘ ਨੂੰ ਨਵਾਬ ਬਣਾਉਣ, ਹਰੀ ਸਿੰਘ ਨੂੰ ਤਰਨਾ ਦਲ ਤੇ ਜੱਸਾ ਸਿੰਘ ਨੂੰ ਬੱਢਾ ਦਲ ਦੇ ਮੁਖੀ ਬਣਾਕੇ ਤੇ ਦਰਬਾਰਾ ਸਿੰਘ ਦੇ ਆਪ ਜਥੇਦਾਰ ਬਣਨ ਬਾਰੇ ਵੀ ਬਾਕਮਾਲ ਵਾਰ ਲਿਖੀ ਹੈ। ਪੰਜਾਬ ਦੇ ਅਣਖੀਲੇ ਗਭਰੂਆਂ, ਕਿਰਤੀ-ਕਾਮਿਆਂ, ਸ਼ਿਕਾਗੋ ਦੇ ਸ਼ਹੀਦਾਂ ਅਤੇ ਲੈਨਿਨ ਬਾਰੇ ਵੀ ਵਾਰਾਂ ਲਿਖੀਆਂ। ਭਗਵਾਨ ਪਰਸੂ ਦੀ ਵਾਰ ਵਿੱਚ ਲਿਖਿਆ ਹੈ:
ਹੱਲਾ ਬੋਲਿਆ ਰਾਮ ਦੀ ਫ਼ੌਜ ਨੇ, ਦਿੱਤੇ ਧਾੜਵੀ ਉਹਨਾਂ ਹਿਲਾ।
ਚੁੱਕ ਪਰਸਾ ਆਪਣਾ ਰਾਮ ਨੇ, ਦਿੱਤਾ ਜ਼ਾਲਮਾ ਉਤੇ ਚਲਾ।
ਉਹਨੇ ਵੱਢ ਵੱਢ ਸੁੱਟੇ ਸੂਰਮੇ, ਦਿੱਤੀ ਜੰਗ ਵਿੱਚ ਅੱਗ ਵਰ੍ਹਾ,
ਹੋਈ ਰਾਮ-ਰਾਮ ਚਹੁੰ-ਕੂੰਟ ਸੀ, ਦਿੱਤੇ ਵੈਰੀ ਸੀ ਕੰਬਣ ਲਾ।
ਬਾਬਾ ਬੰਦਾ ਸਿੰਘ ਬਹਾਦਰ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ, ਬਾਰੇ ਸ਼ਾਇਰ ਨੇ ਵਾਰ ਵਿੱਚ ਲਿਖਿਆ ਹੈ:
ਸਿੱਖ ਰਾਜ ਚਲਾਇਆ ਸੀ ਓਸਨੇ, ਦੁਨੀਆਂ ‘ਤੇ ਪਹਿਲੀ ਵਾਰ,
ਖੁੰਢੀ ਪੈਣ ਨਾ ਦਿੱਤੀ ਓਸਨੇ, ਤਿੱਖੀ ਸਿੱਖੀ ਸਿਦਕ ਦੀ ਧਾਰ।
ਤੇਜਾ ਸਿੰਘ ਸੁਤੰਤਰ ਮੁਜ਼ਾਹਰਾ ਲਹਿਰ ਦਾ ਮੋਢੀ ਸੀ, ਉਸ ਦੀਆਂ ਸਰਗਰਮੀਆਂ ਦੀ ਵਾਰ ਵਿੱਚ ਲਿਖਿਆ ਹੈ:
ਖੜ੍ਹੀ ਕਰੀ ਮੁਜਾਹਰਾ ਲਹਿਰ ਸੀ, ਕੀਤਾ ਵੱਡਾ ਉਸ ਫਰਮਾਨ,
ਕਿਹਾ ਜਮੀ ਜੋ ਵਾਹੇ ਓਸਦੀ, ਹੁਣ ਕਿਰਤੀ ਨਹੀਂ ਨਾਦਾਨ।
ਕਹਿੰਦਾ ਵੱਡੇ ਜਾਗੀਰਦਾਰ ਜੋ, ਲੈਂਦੇ ਧੱਕੇ ਨਾਲ ਲਗਾਨ,
ਉਹਨੇ ਯੁੱਧ ਗੁਰੀਲਾ ਛੇੜਿਆ, ਲੱਖਾਂ ਭਰਤੀ ਕਰ ਕਿਰਸਾਨ।
ਸ਼ਹੀਦ ਭਾਈ ਮਨੀ ਸਿੰਘ ਦੀ ਸਿੱਖ ਧਰਮ ਦੀ ਸੇਵਾ ਅਤੇ ਸ਼ਹੀਦੀ ਬਾਰੇ ਵਾਰ ਵਿੱਚ ਲਿਖਿਆ:
ਮਨੀ ਸਿੰਘ ਨੇ ਸੀ ਰੱਖਿਆ ਸੀ ਹੌਸਲਾ, ਉਹ ਸੀ ਪੂਰਾ ਈ ਮਰਦ ਦਲੇਰ
ਬਾਲ ਉਮਰੇ ਸੀ ਸਿੱਖੀ ਧਾਰਲੀ, ਕਦੇ ਡੋਲਿਆ ਨਾ ਬਬਰ ਸ਼ੇਰ।
ਸੱਤ ਪੁੱਤਰ ਸ਼ਹੀਦੀਆਂ ਪਾ ਗਏ, ਮਨੋ ਕਦੇ ਨਾ ਸੀ ਹੋਇਅ ਢੇਰ,
ਗਿਆਰਾਂ ਭਾਈ ਲੜ ਹੋਏ ਸ਼ਹੀਦ ਸੀ, ਮਨੀ ਸਿੰਘ ਸਿੱਖੀ ਤੇ ਮੇਰ।
ਭਾਈ ਤਾਰੂ ਸਿੰਘ ਦੀ ਸਿਦਕਦਿਲੀ ਵੇਖਣ ਵਾਲੀ ਸੀ:
ਸਿੱਖੀ ਸੇਵਾ ਧਰਮ ਦੇ ਵਾਸਤੇ, ਤਾਰੂ ਸਿੰਘ ਗਿਆ ਪਿਰਤਾਂ ਪਾ,
ਤੱਕ ਜ਼ੁਲਮ ਨਾ ਭੋਰਾ ਡੋਲਿਆ, ਭੋਰਾ ਮੂੰਹੋਂ ਨਾ ਮਾਰੀ ਧਾ।
ਉਸਨੇ ਕੇਸਾਂ ਸੁਆਸਾਂ ਨਾਲ ਹੀ, ਦਿੱਤਾ ਆਪਣਾ ਸਿਦਕ ਪੁਗਾ,
ਉਹੋ ਅਮਰ ਹੋ ਗਿਆ ਦੁਨੀ ਵਿੱਚ, ਜਿੰਦ ਧਰਮ ਦੇ ਲੇਖੇ ਲਾ।
ਪਵਨ ਹਰਚੰਦਪੁਰੀ ਨੂੰ ਬਹੁਤ ਸਾਰੀਆਂ ਸਮਾਜਿਕ, ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਵੱਲੋਂ ਮਾਨ ਸਨਮਾਨ ਵੀ ਦਿੱਤੇ ਗਏ ਹਨ। ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਡਮੀ ਵੱਲੋਂ ਬਾਲ ਸਾਹਿਤ ਪੁਰਸਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਬਾਲ ਸਾਹਿਤ ਵੱਲੋਂ ਬਾਲ ਸਾਹਿਤ ਪੁਰਸਕਾਰ ਦਿੱਤਾ ਗਿਆ ਹੈ।
119 ਪੰਨਿਆਂ, 250 ਰੁਪਏ ਕੀਮਤ ਵਾਲੀ ਇਹ ਪੁਸਤਕ ਨਵਰੰਗ ਪਬਲੀਕੇਸ਼ਨਜ਼ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ