ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਿਚ ਵਾਧਾ ਕਰਨ ਨਾਲ ਆਮ ਆਦਮੀ ਦੇ ਨਾਲ-ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਮਾਰ ਪਵੇਗੀ ਤੇ ਇਸ ਫੈਸਲੇ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਆਗੂ ਨੇ ਕਿਹਾ ਕਿ ਪੈਟਰੋਲ ’ਤੇ 61 ਪੈਸੇ ਅਤੇ ਡੀਜ਼ਲ ’ਤੇ 92 ਪੈਸੇ ਪ੍ਰਤੀ ਲੀਟਰ ਵੈਟ ਵਿਚ ਵਾਧਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸਦੇ ਨਤੀਜੇ ਵਜੋਂ ਜ਼ਰੂਰੀ ਵਸਤਾਂ ਦੀ ਟਰਾਂਸਪੋਰਟੇਸ਼ਨ ਦੀ ਲਾਗਤ ਵੱਧ ਜਾਵੇਗੀ ਅਤੇ ਮਹਿੰਗਾਈ ਵਧੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਡੀਜ਼ਲ ਦੀ ਲੋੜ ਪੈਂਦੀ ਹੈ, ਉਹਨਾਂ ਨੂੰ ਵੈਟ ਵਿਚ ਵਾਧੇ ਦੀ ਵੱਡੀ ਮਾਰ ਪਵੇਗੀ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਨੇ ਵਾਧਾ ਕੀਤਾ ਸੀ ਕਿ ਤੇਲ ਕੀਮਤਾਂ ’ਤੇ ਵੈਟ ਵਿਚ ਕਟੌਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਇਸਦੇ ਬਿਲਕੁਲ ਉਲਟ ਕੰਮ ਕਰ ਰਹੀ ਹੈ। ਉਹਨਾਂ ਮੰਗ ਕੀਤੀ ਕਿ ਵੈਟ ਵਿਚ ਕੀਤਾ ਗਿਆ ਵਾਧਾ ਤੁਰੰਤ ਵਾਪਸ ਲਿਆ ਜਾਵੇ।
ਸਰਦਾਰ ਮਜੀਠੀਆ ਨੇ 7 ਕਿਲੋਵਾਟ ਤੱਕ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਲਈ ਬਿਜਲੀ ਸਬਸਿਡੀ ਜਿਸਦੇ ਤਹਿਤ 8 ਰੁਪਏ ਪ੍ਰਤੀ ਯੂਨਿਟ ਵਾਲੀ ਬਿਜਲੀ 5 ਰੁਪਏ ਪ੍ਰਤੀ ਯੂਨਿਟ ਮਿਲਦੀ ਸੀ, ਨੂੰ ਵਾਪਸ ਲੈਣ ਦੇ ਫੈਸਲੇ ਦੀ ਵੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਕਦਮ ਨਾਲ ਲੱਖਾਂ ਖਪਤਕਾਰਾਂ ਨੂੰ ਵੱਡੀ ਮਾਰ ਪਵੇਗੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਇਹ ਫੈਸਲਾ ਲੈ ਕੇ ਬਹੁਤ ਮਾੜਾ ਕੰਮ ਕੀਤਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਆਪ ਸਰਕਾਰ ਦਾਅਵੇ ਕਰ ਰਹੀ ਹੈ ਕਿ ਇਹਨਾਂ ਫੈਸਲਿਆਂ ਦੀ ਬਦੌਲਤ ਮਾਲੀਏ ਵਿਚ ਚੋਖਾ ਵਾਧਾ ਹੋਵੇਗਾ ਜਦੋਂ ਕਿ ਅਸਲੀਅਤ ਵਿਚ ਆਪ ਸਰਕਾਰ ਇਸ਼ਤਿਹਾਰਾਂ ਅਤੇ ਅਰਵਿੰਦ ਕੇਜਰੀਵਾਲ ਲਈ ਸਪੈਸ਼ਲ ਜੈਟ ਕਿਰਾਏ ’ਤੇ ਲੈਣ ਵਰਗੇ ਕੰਮਾਂ ’ਤੇ ਬਰਬਾਦ ਕੀਤੇ ਜਾ ਰਹੇ ਸੈਂਕੜੇ ਹਜ਼ਾਰ ਕਰੋੜ ਰੁਪਏ ਦੀ ਪੂਰਤੀ ਵਾਸਤੇ ਇਹ ਪੈਸਾ ਇਕੱਠਾ ਕਰ ਰਹੀ ਹੈ। ਉਹਨਾਂ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਬਰਬਾਦ ਕੀਤੇ ਜਾ ਰਹੇ ਹਨ ਅਤੇ ਜੇਕਰ ਸਰਕਾਰ ਇਸ ਫਜ਼ੂਲ ਖਰਚੀ ’ਤੇ ਨਕੇਲ ਪਾਵੇ ਤਾਂ ਫਿਰ ਆਮ ਆਦਮੀ ’ਤੇ ਫਾਲਤੂ ਬੋਝ ਪਾਉਣ ਦੀ ਲੋੜ ਹੀ ਨਹੀਂ ਰਹੇਗੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਨੇ ਅੱਜ ਦੋ ਲੋਕ ਵਿਰੋਧੀ ਫੈਸਲੇ ਲਏ ਹਨ ਜਦੋਂ ਕਿ ਇਸ ਤੋਂ ਪਹਿਲਾਂ ਰੋਡ ਟੈਕਸ ਵਿਚ ਵਾਧੇ ਸਮੇਤ ਕਈ ਹੋਰ ਵੀ ਲੋਕ ਵਿਰੋਧੀ ਫੈਸਲੇ ਲੁਕਵੇਂ ਤੌਰ ’ਤੇ ਲਏ ਗਏ ਹਨ।
ਉਹਨਾਂ ਮੰਗ ਕੀਤੀ ਕਿ ਆਮ ਆਦਮੀ ’ਤੇ ਬੋਝ ਪਾਉਂਦੇ ਇਹ ਸਾਰੇ ਫੈਸਲੇ ਤੁਰੰਤ ਵਾਪਸ ਲਏ ਜਾਣ।