ਸ੍ਰੀ ਗੋਇੰਦਵਾਲ ਸਾਹਿਬ – ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਮੌਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ, ਹਰਿਆਣਾ, ਦਿੱਲੀ, ਮੱਧ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੀਆਂ ਗਤਕਾ ਟੀਮਾਂ ਨੇ ਹਿੱਸਾ ਲਿਆ। ਮੁਕਾਬਲਿਆਂ ਦੀ ਆਰੰਭਤਾ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਹੋਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਿੱਖ ਨੂੰ ਅਧਿਆਤਮਿਕ ਤੌਰ ’ਤੇ ਮਜਬੂਤੀ ਗੁਰਬਾਣੀ ਨਾਲ ਜੋੜਿਆ ਤੇ ਸਰੀਰਕ ਤੌਰ ਤੇ ਬਲਵਾਨ ਕਰਨ ਲਈ ਮੱਲ ਅਖਾੜਿਆਂ ਦੀ ਸਥਾਪਨਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਨੌਜੁਆਨਾਂ ਅੰਦਰ ਸਿੱਖ ਸ਼ਸਤਰ ਕਲਾ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਇਤਿਹਾਸਕ ਦਿਹਾੜਿਆਂ ਮੌਕੇ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦੇ ਮੁਕਾਬਲੇ ਕਰਵਾਏ ਗਏ ਹਨ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟੀਮਾਂ ਨੇ ਭਾਗ ਲੈ ਕੇ ਗਤਕੇ ਦੇ ਜੌਹਰ ਵਖਾਏ। ਭਾਈ ਮਹਿਤਾ ਨੇ ਸਿੱਖ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਨਾਲ ਨਾਲ ਗੁਰਬਾਣੀ, ਗੁਰ ਇਤਿਹਾਸ ਤੇ ਰਵਾਇਤੀ ਖੇਡਾਂ ਨਾਲ ਜੋੜਨ ਦੀ ਅਪੀਲ ਕੀਤੀ।
ਅੱਜ ਹੋਏ ਗਤਕਾ ਮੁਕਾਬਲਿਆਂ ਵਿਚ ਨੌਜੁਆਨਾਂ ਨੇ ਪ੍ਰਦਰਸ਼ਨ ਅਤੇ ਫਾਈਟ ਵਿਚ ਬਾਖੂਬੀ ਪੇਸ਼ਕਾਰੀ ਦਿੱਤੀ। ਗੱਤਕਾ ਮੁਕਾਬਲਿਆਂ ਵਿੱਚ ਸ਼੍ਰੋਮਣੀ ਕਮੇਟੀ ਦੀ ਗੱਤਕਾ ਟੀਮ, ਨਿਰਵੈਰ ਖ਼ਾਲਸਾ ਗੱਤਕਾ ਅਖਾੜਾ ਰਾਜਪੁਰਾ, ਮਿਸ਼ਲ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਰੋਪੜ, ਮਾਤਾ ਸਾਹਿਬ ਕੌਰ ਗਲਰਜ਼ ਕਾਲਜ ਤਲਵੰਡੀ ਸਾਬ੍ਹੋ ਅਤੇ ਫ਼ਤਿਹ ਸਿੰਘ ਕੇ ਜਥੇ ਸਿੰਘ ਗੱਤਕਾ ਅਖਾੜਾ ਲੁਧਿਆਣਾ ਦੀਆਂ ਟੀਮਾਂ ਤੋਂ ਇਲਾਵਾ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਬੱਚਿਆਂ ਨੇ ਭਾਗ ਲਿਆ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਬਾਬਾ ਹਾਕਮ ਸਿੰਘ ਸਰਹਾਲੀ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਗੁਰਮੀਤ ਸਿੰਘ ਬੂਹ, ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਧਰਮ ਪ੍ਰਚਾਰ ਕਮੇਟੀ ਸ. ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਸ. ਤਜਿੰਦਰ ਸਿੰਘ ਪੱਡਾ, ਸ. ਬਿਜੇ ਸਿੰਘ, ਮੀਤ ਸਕੱਤਰ ਸ. ਗੁਰਨਾਮ ਸਿੰਘ, ਇੰਚਾਰਜ ਸ. ਸਤਨਾਮ ਸਿੰਘ ਰਿਆੜ, ਸ. ਗੁਰਮੇਜ ਸਿੰਘ, ਚੀਫ ਸ. ਜਗਦੀਸ਼ ਸਿੰਘ, ਪ੍ਰਿੰਸੀਪਲ ਬੀਬੀ ਮਨਜੀਤ ਕੌਰ, ਬੀਬੀ ਅਮਰਜੀਤ ਕੌਰ, ਮੈਨੇਜਰ ਸ. ਨਰਿੰਦਰ ਸਿੰਘ, ਸ. ਗੁਰਾ ਸਿੰਘ, ਗਤਕਾ ਕੋਚ ਸ. ਹਰਸਿਮਰਨ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਮਨਪ੍ਰੀਤ ਸਿੰਘ, ਸ. ਹਰਜਿੰਦਰ ਸਿੰਘ, ਸ. ਮੰਗਲ ਸਿੰਘ, ਸ. ਤਲਵਿੰਦਰ ਸਿੰਘ ਆਦਿ ਹਾਜ਼ਰ ਸਨ।