ਕੈਲਗਰੀ : ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਹ ਸੋਸਾਇਟੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਕਵੀ – ਦਰਬਾਰ ਸਜਾਉਣ ਦੀ ਪਿਰਤ ਨੂੰ ਜਿੰਦਾ ਰੱਖ ਰਹੀ ਹੈ।
ਸਭ ਤੋਂ ਪਹਿਲਾਂ ਡਾਕਟਰ ਬਲਰਾਜ ਸਿੰਘ ਜੀ ਨੇ ਸਭ ਨੂੰ ‘ਜੀ ਆਇਆਂ’ ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ਤੇ ਚਾਨਣਾ ਪਾਇਆ। ਟੋਰਾਂਟੋ ਤੋਂ ਆਈਆਂ ਬੱਚੀਆਂ- ਅਨੁਰੀਤ ਕੌਰ, ਅਮਿਤੋਜ਼ ਕੌਰ ਅਤੇ ਮਨਰੀਤ ਕੌਰ ਨੇ ਗੁਰਬਾਣੀ ਸ਼ਬਦ ਗਾਇਨ ਨਾਲ ਹਰੀ-ਜਸ ਕਰਦੇ ਹੋਏ ਕਵੀ ਦਰਬਾਰ ਦੀ ਆਰੰਭਤਾ ਕੀਤੀ। ਜੈਪੁਰ ਤੋਂ ਬ੍ਰਿਜਮਿੰਦਰ ਕੌਰ ਜੀਂ ਨੇ ਸ਼ਬਦ “ਮੈ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ” ਸੁਣਾਇਆ। ਬਰੈਂਪਟਨ ਤੋੰ ਬੱਚੀਆਂ ਸਿਮਰਲੀਨ ਕੌਰ, ਪਰਮੀਤ ਕੌਰ ਅਤੇ ਸ ਪਰਮਜੀਤ ਸਿੰਘ ਨੇ ਸ. ਕਰਮਜੀਤ ਸਿੰਘ ਨੂਰ ਜੀਂ ਦਾ ਲਿਖਿਆ ਧਾਰਮਿਕ ਗੀਤ “ਗੁਰਸਿੱਖ ਦੇ ਪ੍ਰਾਣ ਗੁਰਬਾਣੀ ਗੁਰਬਾਣੀ” ਗਾ ਕੇ ਕਵੀ ਦਰਬਾਰ ਦੇ ਵਿਸ਼ੇ ਵੱਲ ਧਿਆਨ ਖਿੱਚਿਆ । ਸਰਬਜੀਤ ਕੌਰ ਸਰਬ, ਉੱਤਰਾਖੰਡ ਨੇ। ਆਪਣੀ ਕਵਿਤਾ “ਸਰਬ ਸਾਂਝਾ ਗਿਆਨ ਦਾ ਨੂਰ ਬਾਣੀ” ਸਟੇਜੀ ਕਵਿਤਾ ਦੇ ਅੰਦਾਜ਼ ਵਿੱਚ ਸੁਣਾਈ । ਪਟਿਆਲੇ ਤੋਂ ਕਵੀ ਸ. ਕੁਲਵੰਤ ਸਿੰਘ ਸੇਦੋਕੇ ਨੇ ਦਵਈਆ ਛੰਦ ਵਿਚ ਲਿਖੀ ਕਵਿਤਾ “ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਣੀ ਧੁਰ ਤੋਂ ਆਈ ” ਗਾ ਕੇ ਕਵੀਸ਼ਰੀ ਰੰਗ ਸੁਰਜੀਤ ਕਰ ਦਿੱਤਾ। ਸ. ਜਸਵਿੰਦਰ ਸਿੰਘ “ਰੁਪਾਲ” ਨੇ ਕਵਿਤਾ “ਵਾਹ ਵਾਹ ਬਾਣੀ ਨਿਰੰਕਾਰ ਦੀ ਏ ” ਰਾਹੀਂ ਬਾਣੀ ਦੀ ਸਿਧਾਂਤਕ ਮਹੱਤਤਾ ਦਰਸਾਈ। ਜਲੰਧਰ ਤੋਂ ਉਸਤਾਦ ਕਵੀ ਇੰਜੀਨੀਅਰ ਸ. ਕਰਮਜੀਤ ਸਿੰਘ ਨੂਰ ਜੀਂ ਨੇ ਆਪਣੀ ਕਵਿਤਾ ਵਿੱਚ ਜਿੱਥੇ ਸ਼ਬਦ-ਗੁਰੂ ਦੀ ਵਡਿਆਈ ਕੀਤੀ,ਉੱਥੇ ਆਧੁਨਿਕ ਸਮੇਂ ਵਿੱਚ ਗੁਰਬਾਣੀ ਤੋਂ ਟੁੱਟਿਆਂ ਨੂੰ ਵੀ ਜਗਾਇਆ। ਮਸਕਟ ਤੋੰ ਸ਼ਾਮਲ ਹੋਏ ਸ ਬਲਕਾਰ ਸਿੰਘ ਬੱਲ ਜੀਂ ਨੇ ਸ੍ਰੀਮਤੀ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ ” ਬਾਣੀ ਹੈ ਇਹ ਧੁਰ ਕੀ ਬਾਣੀ, ਬਾਣੀ ਜਨਮ ਸਵਾਰੇ” ਆਪਣੀ ਦਿਲਕਸ਼ ਅਵਾਜ ਵਿਚ ਗਾ ਕੇ ਸੁਣਾਇਆ। ਟੋਰਾਂਟੋ ਤੋਂ ਸ੍ਰੀ ਮਤੀ ਸੁੰਦਰਪਾਲ ਕੌਰ ਰਾਜਾਸਾਂਸੀ ਨੇ ਕੋਰੜਾ ਛੰਦ ਵਿਚ ਲਿਖੀ ਆਪਣੀ ਕਵਿਤਾ “ਗੁਰੂ ਗ੍ਰੰਥ ਜੀਂ ਤੋੰ ਜਾਵਾਂ ਬਲਿਹਾਰ ਜੀਂ ਗਾ ਕੇ ਸੁਣਾਈ। ਗੁਰੂ ਪ੍ਰੇਮ ਵਿਚ ਰੱਤੀ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਆਪਣਾ ਲਿਖਿਆ ਗੀਤ “ਮੇਰੇ ਤਨ ਮਨ ਅੰਮ੍ਰਿਤ ਘੋਲਿਆ,ਗੁਰੂ ਦੀ ਬਾਣੀ ਨੇ” ਗਾ ਕੇ ਸੁਣਾਇਆ।ਸਿਆਟਲ ਤੋਂ ਸ ਅਵਤਾਰ ਸਿੰਘ ਅਦਮਪੁਰੀ ਜੀਂ ਨੇ ਆਪਣੀ ਕਵਿਤਾ “ਪੜ੍ਹਿਆ ਕਰ ਸਤਿਗੁਰ ਦੀ ਬਾਣੀ” ਰਾਹੀਂ ਸਰੋਤਿਆਂ ਨੂੰ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਕੈਲਗਰੀ ਤੋਂ ਸ. ਗੁਰਚਰਨ ਸਿੰਘ ਹੇਅਰਾਂ ਨੇ ਗੁਰੂ ਅਰਜਨ ਜੀਂ ਵਲੋਂ ਗੁਰੂ ਗ੍ਰੰਥ ਦੀ ਸੰਪਾਦਨਾ ਕਰਦੇ ਸਮੇਂ ਕਾਹਨਾ ਭਗਤ ਦੀ ਬਾਣੀ ਯੋਗ ਨਾ ਸਮਝ ਕੇ ਗ੍ਰੰਥ ਵਿਚ ਸ਼ਾਮਲ ਨਾ ਕਰਨ ਦੇ ਪ੍ਰਸੰਗ ਨੂੰ ਆਪਣੀ ਕਵਿਤਾ ” ਕਾਹਨਾ ਤੇਰੀ ਬਾਣੀ ਨਾ ਢੁਕੇ ਕਸਵੱਟੀ ਤੇ” ਰਾਹੀਂ ਪੇਸ਼ ਕਰਕੇ ਵਾਹ ਵਾਹ ਖੱਟੀ । ਕੈਲਗਰੀ ਤੋਂ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀਂ ਨੇ ਕਬਿੱਤ ਛੰਦ ਵਿਚ ਲਿਖੀ ਕਵਿਤਾ ਸੁਣਾ ਕੇ ਇੱਕ ਵੱਖਰਾ ਰੰਗ ਪੇਸ਼ ਕੀਤਾ। ਕੈਲਗਰੀ ਤੋਂ ਹੀ ਬੀਬੀ ਸੰਦੀਪ ਕੌਰ ਨੇ ਕਵਿਤਾ “ਨਿਰੰਕਾਰ ਹੀ ਗੋਬਿੰਦ ਹੈ, ਗੋਬਿੰਦ ਹੀ ਅਕਾਲ ਹੈ” । ਕੈਲਗਰੀ ਦੇ ਹੀ ਨੌਜਵਾਨ ਲੇਖਕ ਅਮਨਪ੍ਰੀਤ ਸਿੰਘ ਦੁਲਟ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਕਵਿਤਾ ਛੋਟੀ ਬਹਿਰ ਵਿਚ ਪੇਸ਼ ਕਰ ਕੇ ਸਰੋਤਿਆਂ ਨੂੰ ਹਲੂਣਿਆ। ਅਖੀਰ ਤੇ ਟੋਰਾਂਟੋ ਤੋਂ ਸ ਸੁਜਾਨ ਸਿੰਘ ਸੁਜਾਨ ਜੀਂ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲਣ ਸਮੇਂ ਦਾ ਬਿਰਤਾਂਤ “ਅੰਬਰ ਝੁਕ ਕੇ ਓਸ ਨੂੰ, ਦੇਖਣ ਲਈ ਆਇਆ” ਗੀਤ ਰਾਹੀਂ ਅੱਖਾਂ ਅੱਗੇ ਦ੍ਰਿਸ਼ਟੀਗੋਚਰ ਕਰ ਦਿੱਤਾ। ਸਟੇਜ ਸਕੱਤਰ ਦੀ ਸੇਵਾ ਸ ਸੁਜਾਨ ਸਿੰਘ ਸੁਜਾਨ ਜੀਂ ਨੇ ਅਤੇ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀਂ ਨੇ ਸਾਂਝੇ ਤੌਰ ਤੇ ਨਿਭਾਈ।
ਡਾ.ਸੁਰਜੀਤ ਸਿੰਘ ਭੱਟੀ ਜੀ ਨੇ ਹਾਜਰ ਕਵੀਆਂ ਦਾ ਧੰਨਵਾਦ ਕਰਦੇ ਹੋਏ, ਕਵੀ ਸਾਹਿਬਾਨਾਂ ਨੂੰ, ਸੋਸਾਇਟੀ ਦੇ ਮਾਸਿਕ ਮੈਗਜ਼ੀਨ ‘ਸਾਂਝੀ ਵਿਰਾਸਤ’ ਲਈ ਆਪਣੀਆਂ ਕਵਿਤਾਵਾਂ ਭੇਜਣ ਦਾ ਸੱਦਾ ਦਿੱਤਾ। ਆਨੰਦ ਸਾਹਿਬ , ਅਰਦਾਸ ਅਤੇ ਹੁਕਮਨਾਮੇ ਨਾਲ ਇਸ ਗੁਰਮਤਿ ਕਵੀ ਦਰਬਾਰ ਦੀ ਸਮਾਪਤੀ ਹੋਈ। ਸਰੋਤਿਆਂ ਨੇ ਇਸ ਕਵੀ ਦਰਬਾਰ ਦਾ ਭਰਪੂਰ ਆਨੰਦ ਮਾਣਿਆਂ।
ਵਧੇਰੇ ਜਾਣਕਾਰੀ ਲਈ ਸ. ਬਲਰਾਜ ਸਿੰਘ ਜੀ (+1 403 978 2419) ਅਤੇ ਸ. ਜਗਬੀਰ ਸਿੰਘ ਜੀ (+1 587 718 8100 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।