ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਫ਼ਾਨੀ ਸੰਸਾਰ ਤੋਂ ਰੁਖਸਤ ਹੋਇਆਂ ਨੂੰ ਸਿਰਫ 20 ਸਾਲ ਹੋ ਗਏ ਹਨ। ਪ੍ਰੰਤੂ ਪੰਥਕ ਸੋਚ ਦੇ ਨਿਘਾਰ ਤੋਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਸਦੀਆਂ ਬੀਤ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਿੱਖ/ ਪੰਥਕ ਲੀਡਰਸ਼ਿਪ ਦਾ ਖਲਾਅ ਪੈਦਾ ਹੋ ਗਿਆ ਹੈ। ਪੰਥਕ ਸੋਚ ਵਾਲੀ ਲੀਡਰਸ਼ਿਪ ਗਾਇਬ ਹੀ ਹੋ ਗਈ ਜਾਂ ਸਿਆਸੀ ਤਾਕਤ ਦੇ ਨਸ਼ੇ ਵਿੱਚ ਘੂਕ ਸੁੱਤੀ ਪਈ ਹੈ। ਸਿੱਖ ਜਗਤ ਅਤੇ ਸ਼੍ਰੋਮਣੀ ਅਕਾਲੀ ਦਲ ਗਹਿਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਤਾਂ ‘‘ਪੰਥ ਵਸੈ ਮੈਂ ਉਜੜਾਂ ਮਨੁ ਚਾਓ ਘਨੇਰਾ’’ ਦੇ ਸਿਧਾਂਤ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਵਾਲੇ ਜਥੇਦਾਰ ਗੁਰਚਰਨ ਸਿੰੰਘ ਟੌਹੜਾ ਦੀ ਯਾਦ ਸਤਾ ਰਹੀ ਹੈ। ਅੱਜ ਦੇ ਅਖੌਤੀ ਪੰਥ ਹਿਤੈਸ਼ੀ ਇਸ ਵਿਚਾਰਧਾਰਾ ਦੇ ਵਿਰੁੱਧ ਚਲ ਰਹੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਰਾਸਤ ਦਾ ਲਾਹਾ ਲੈਣ ਲਈ ਉਨ੍ਹਾਂ ਦਾ 100ਵਾਂ ਜਨਮ ਦਿਵਸ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸੁਧਾਰ ਲਹਿਰ ਦੇ ਨੇਤਾ ਪੱਬਾਂ ਭਾਰ ਹੋਏ ਪਏ ਹਨ, ਪ੍ਰੰਤੂ ਜਥੇਦਾਰ ਟੌਹੜਾ ਦੀ ਵਿਚਾਰਧਾਰਾ ਦੀ ਪਹਿਰੇਦਾਰੀ ਨਹੀਂ ਕਰ ਰਹੇ। ਇਹ ਵੀ ਉਨ੍ਹਾਂ ਦਾ ਸਿਆਸੀ ਤਾਕਤ ਹਾਸਲ ਕਰਨ ਦਾ ਢਕੌਂਸਲਾ ਹੀ ਹੈ। ਸਿੱਖ ਲੀਡਰਸ਼ਿਪ ਪੀਰੀ ਦੀ ਥਾਂ ਮੀਰੀ ਲਈ ਲਲਚਾ ਰਹੀ ਹੈ। ਸਿੱਖ ਜਗਤ ਦੀ ਤ੍ਰਾਸਦੀ ਹੈ ਕਿ ਉਸ ਦੇ ਬਹੁਤੇ ਸਿਆਸੀ ਤੇ ਧਾਰਮਿਕ ਰਹਿਬਰਾਂ ਨੇ ਸਿਆਸਤ ਨੂੰ ਵਿਓਪਾਰ ਦੇ ਤੌਰ ‘ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਉਹ ਇਤਨੇ ਖ਼ੁਦਗਰਜ ਹੋ ਗਏ ਹਨ ਕਿ ਉਨ੍ਹਾਂ ਨੇ ਧਰਮ ਨੂੰ ਵੀ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਦਾ ਸਾਧਨ ਬਣਾ ਲਿਆ ਹੈ। ਆਪਣੇ ਪਰਿਵਾਰਾਂ ਅਤੇ ਨਜ਼ਦੀਕੀਆਂ ਨੂੰ ਸਿਆਸਤ ਦੇ ਵਾਰਸ ਬਣਾ ਲਿਆ ਹੈ। ਪੰਥ ਦਾ ਕਿਸੇ ਨੂੰ ਫ਼ਿਕਰ ਨਹੀਂ। ਖ਼ੁਦਗਰਜ ਸਿਆਸਤਦਾਨਾ ਨੇ ਧਾਰਮਿਕ/ਗੁਰਮਤਿ ਦੇ ਧਾਰਨੀ ਪੰਥਕ ਹਿਤੈਸ਼ੀ ਗੁਰਮੁਖਾਂ ਅਤੇ ਪਾਰਟੀ ਦੇ ਵਫ਼ਾਦਾਰਾਂ ਨੂੰ ਅਣਡਿਠ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਪੰਥਕ ਸੋਚ ਨੂੰ ਤਿਲਾਂਜ਼ਲੀ ਦਿੱਤੀ ਗਈ। ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ‘॥ ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ॥’ ਭਾਵ ਭਾਵੇਂ ਸਾਰਾ ਘਾਹ ਅੱਗ ਨਾਲ ਸੜ ਜਾਵੇ ਤਾਂ ਵੀ ਕੁਝ ਬੂਟੇ ਸਹੀ ਸਲਾਮਤ ਰਹਿ ਜਾਂਦੇ ਹਨ। ਅਰਥਾਤ ਭਰਿਸ਼ਟ ਧਾਰਮਿਕ ਤੇ ਸਿਆਸੀ ਨੇਤਾਵਾਂ ਵਿੱਚ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਅਧਿਆਤਮਿਕ ਇਨਸਾਨ ਸਿੱਖ ਧਰਮ ਦੀ ਵਿਚਾਰਧਾਰਾ ‘ਤੇ ਪਹਿਰਾ ਦਿੰਦੇ ਹੋਏ ਨੈਤਿਕਤਾ ਨਾਲ ਵਿਚਰਦੇ ਰਹੇ। ਉਹ ਭ੍ਰਿਸ਼ਟਾਚਾਰ ਦੇ ਦਾਵਾਨਲ ਵਿੱਚ ਸ਼ਾਮਲ ਨਹੀਂ ਹੋਏ।
ਉਨ੍ਹਾਂ ਨੇ ਸਿਆਸੀ ਤੇ ਧਾਰਮਿਕ ਜੀਵਨ ਵਿੱਚ ਵਿਚਰਦੇ ਹੋਇਆਂ ਨੇ ਆਪਣੀ ਚਿੱਟੀ ਚਾਦਰ ਨੂੰ ਦਾਗ਼ ਨਹੀਂ ਲੱਗਣ ਦਿੱਤਾ। ਪਾਕਿ ਤੇ ਪਵਿਤਰ ਰਹਿੰਦਿਆਂ ਆਪਣਾ ਜੀਵਨ ਬਸਰ ਕੀਤਾ। ਭਾਵੇਂ ਉਨ੍ਹਾਂ ਦੇ ਆਲੇ ਦੁਆਲੇ ਵੀ ਖ਼ੁਦਗਰਜ਼ ਸਿਆਸਤਦਾਨਾਂ ਨੇ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰੰਤੂ ਜਥੇਦਾਰ ਟੌਹੜਾ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਉਨ੍ਹਾਂ ਨੇ ਧਾਰਮਿਕ ਸਿਧਾਂਤਾਂ ਅਤੇ ਸਿਆਸਤ ਵਿੱਚ ਭਾਈ ਭਤੀਜਾਵਾਦ ਤੋਂ ਦੂਰ ਰਹਿੰਦਿਆਂ ਸਿੱਖ ਪੰਥ ਦੀ ਬਾਂਹ ਫੜੀ ਰੱਖੀ। ਜਿਤਨੀ ਦੇਰ ਉਹ ਇਸ ਸੰਸਾਰ ਵਿੱਚ ਰਹੇ, ਉਨ੍ਹਾਂ ਸਿੱਖ ਸਿਆਸਤਦਾਨਾ ਨੂੰ ਪੰਥਕ ਸਿਆਸਤ ਤੋਂ ਕਿਨਾਰਾ ਕਰਨ ਨਹੀਂ ਦਿੱਤਾ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੇਬਾਕੀ ਕਰਕੇ ਉਸ ਸਮੇਂ ਦੇ ਦਿਗਜ ਨੇਤਾ ਵੀ ਤਿਬਕਦੇ ਰਹੇ। ਉਹ ਸਿੱਖਾਂ ਦੇ ਹੱਕ ਤੇ ਸੱਚ ਦੇ ਮੁੱਦਈ ਬਣਕੇ ਖੜ੍ਹਦੇ ਰਹੇ। ਅਧਿਆਤਮਿਕਤਾ ਅਤੇ ਸਿਆਸਤ ਦਾ ਸੁਮੇਲ ਟਾਵੇਂ ਟਾਵੇਂ ਵਿਅਕਤੀਆਂ ਵਿਚ ਹੁੰਦਾ ਹੈ। ਉਹ ਸਿਆਸਤਦਾਨ ਨਾਲੋਂ ਧਾਰਮਿਕ ਵਿਅਕਤੀ ਜ਼ਿਆਦਾ ਸਨ। ਜੱਥੇਦਾਰ ਗੁਰਚਰਨ ਸਿੰਘ ਟੌਹੜਾ ਅਧਿਆਤਮਵਾਦ ਅਤੇ ਸਿਆਸਤ ਦਾ ਸੁਮੇਲ ਸਨ। ਸਿੱਖ ਧਰਮ ਦੁਨੀਆਂ ਦੇ ਸਭ ਧਰਮਾਂ ਤੋਂ ਸਰਵੋਤਮ, ਆਧੁਨਿਕ ਅਤੇ ਨਵਾਂ ਧਰਮ ਹੈ। ਇਸਦੇ ਜਨਮ ਨੂੰ ਮਸਾਂ ਅਜੇ ਸਾਢੇ ਪੰਜ ਕੁ ਸਦੀਆਂ ਹੀ ਹੋਈਆਂ ਹਨ, ਫਿਰ ਵੀ ਸਿੱਖ ਧਰਮ ਦੁਨੀਆਂ ਵਿਚ ਫੈਲਿਆ ਹੋਇਆ ਹੈ ਪ੍ਰੰਤੂ ਪੰਜਾਬ ਇਸ ਦੀ ਜਨਮ ਭੂਮੀ ਹੈ। ਦੁੱਖ ਇਸੇ ਗੱਲ ਦਾ ਹੈ ਕਿ ਪੰਜਾਬੀ ਪੰਥਕ ਸੋਚ ਤੋਂ ਥਿੜ੍ਹਕ ਰਹੇ ਹਨ। ਸਿੱਖ ਧਰਮ ਦੀ ਵਿਚਾਰਧਾਰਾ, ਦਰਸ਼ਨ, ਪਰੰਪਰਾਵਾਂ ਅਤੇ ਦਾਰਸ਼ਨਿਕਤਾ ਮਾਨਵਤਾ ਅਰਥਾਤ ਸਰਬਤ ਦੇ ਭਲੇ ਦੇ ਅਸੂਲਾਂ ਤੇ ਚਲਣ ਦੀ ਪ੍ਰੇਰਨਾ ਦਿੰਦੀ ਹੈ। ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਿੰਮੇਵਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਹੈ। ਇਸ ਧਾਰਮਿਕ ਸੰਸਥਾ ਦੀ ਪ੍ਰਧਾਨਗੀ ਹੁਣ ਤੱਕ ਸਭ ਤੋਂ ਲੰਮਾ ਸਮਾਂ ਕਰਨ ਦਾ ਮਾਣ ਸਿੱਖਾਂ ਦੇ ਰੌਸ਼ਨ ਦਿਮਾਗ਼ ਦੇ ਤੌਰ ਤੇ ਜਾਣੇ ਜਾਂਦੇ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜਾਂਦਾ ਹੈ। ਜੇ ਇਉਂ ਕਹਿ ਲਈਏ ਕਿ ਉਹ ਸਿੱਖੀ ਨੂੰ ਪ੍ਰਣਾਏ ਹੋਏ ਇਨਸਾਨ ਸਨ ਤਾਂ ਇਸ ਵਿਚ ਵੀ ਕੋਈ ਅਤਕਥਨੀ ਨਹੀਂ, ਜਿਨ੍ਹਾਂ ਆਪਣੀ ਸਾਰੀ ਉਮਰ ਇਮਾਨਦਾਰੀ, ਸਾਦਗੀ ਅਤੇ ਦਿਆਨਤਦਾਰੀ ਨਾਲ ਸਿੱਖ ਪਰੰਪਰਾਵਾਂ ਤੇ ਪਹਿਰਾ ਹੀ ਨਹੀਂ ਦਿੱਤਾ, ਸਗੋਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜ ਕੇ ਰੱਖਣ ਵਿਚ ਸਫਲਤਾ ਵੀ ਪ੍ਰਾਪਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਕਾਰ ਨਹੀਂ ਵਰਤੀ, ਸਗੋਂ ਆਪਣੇ ਭਰੋਸੇਯੋਗ ਸਹਿਯੋਗੀਆਂ ਦੀ ਕਾਰ ਦੀ ਹੀ ਵਰਤੋਂ ਕਰਦੇ ਰਹੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਦੀਂ ਵੀ ਟੀ.ਏ.ਡੀ.ਏ.ਨਹੀਂ ਲਿਆ। ਉਨ੍ਹਾਂ ਨੂੰ ਸਿਆਸਤ ਵਿੱਚ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ਤੇ ਜਾਣਿਆਂ ਜਾਂਦਾ ਹੈ।
ਸੰਸਾਰ ਵਿੱਚ ਬਹੁਤ ਸਾਰੇ ਸਿੱਖ ਸਿਆਸਤਦਾਨ ਹਨ/ਸਨ, ਉਨ੍ਹਾਂ ਵਿੱਚੋਂ ਕੁਝ ਇਕ ਨੂੰ ਘਾਗ ਸਿਆਸਤਦਾਨ ਵੀ ਕਿਹਾ ਜਾਂਦਾ ਹੈ। ਵੇਖਣ ਵਾਲੀ ਗੱਲ ਹੈ ਕਿ ਇਨ੍ਹਾਂ ਸਿੱਖ ਸਿਆਸਤਦਾਨਾ ਵਿੱਚੋਂ ਸਟੇਟਸਮੈਨ ਕਿਤਨੇ ਕੁ ਹਨ/ਸਨ। ਹੋਰ ਵੀ ਕੁਝ ਸਟੇਟਸਮੈਨ ਹੋਣਗੇ ਪ੍ਰੰਤੂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਸਿਆਸਤਦਾਨਾ ਵਿੱਚੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਬਿਹਤਰੀਨ ਸਟੇਟਸਮੈਨ ਸਮਝਦਾ ਹਾਂ। ਸਟੇਟਸਮੈਨ ਆਪਣੀ ਕਾਰਗੁਜ਼ਾਰੀ ਨਾਲ ਬਣਦਾ ਹੈ। ਸਟੇਟਸਮੈਨ ਸਮਾਜ ਵਿੱਚ ਵਿਚਰਦਿਆਂ ਕਦੀਂ ਵੀ ਜ਼ਾਤ ਪਾਤ, ਧਰਮ ਅਤੇ ਸਿਆਸੀ ਪਾਰਟੀ ਨੂੰ ਤਰਜੀਹ ਨਹੀਂ ਦਿੰਦਾ। ਉਹ ਸਾਰਿਆਂ ਨੂੰ ਬਰਾਬਰ ਸਤਿਕਾਰ ਦਿੰਦਾ ਹੈ। ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦਾ ਹੈ। ਇਥੇ ਮੈਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਇੱਕ ਉਦਾਹਰਣ ਦਿੰਦਾ ਹਾਂ, ਜਿਸ ਦਾ ਮੈਂ ਚਸ਼ਮਦੀਦ ਗਵਾਹ ਹਾਂ। ਇੱਕ ਵਾਰ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਸ੍ਰ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਮੈਂ ਇਕ ਸਿਆਸਤਦਾਨ ਕੋਲ ਕਿਸੇ ਦੋਸਤ ਦੇ ਕੰਮ ਲਈ ਗਿਆ ਤਾਂ ਉਸ ਸਿਆਸਤਦਾਨ ਨੇ ਕਿਹਾ ਕਿ ਭਾਵੇਂ ਤੁਹਾਡਾ ਕੰਮ ਜਾਇਜ਼ ਹੈ ਪ੍ਰੰਤੂ ਇਹ ਕੰਮ ਮੁੱਖ ਮੰਤਰੀ ਦੀ ਇਜ਼ਾਜਤ ਤੋਂ ਬਿਨਾ ਸੰਭਵ ਨਹੀਂ। ਇਸ ਲਈ ਤੁਸੀਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਮਿਲ ਲਵੋ, ਉਹ ਹੀ ਮੁੱਖ ਮੰਤਰੀ ਤੋਂ ਕਰਵਾ ਸਕਦੇ ਹਨ। ਮੈਂ ਦੂਜੇ ਦਿਨ ਸਵਖਤੇ ਹੀ ਜਿਸ ਦੋਸਤ ਦਾ ਕੰਮ ਸੀ, ਉਸ ਨੂੰ ਨਾਲ ਲੈ ਕੇ ਟੌਹੜਾ ਪਿੰਡ ਪਹੁੰਚ ਗਿਆ। ਟੌਹੜਾ ਸਾਹਿਬ ਨੂੰ ਮਿਲਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਜਦੋਂ ਮੇਰੀ ਵਾਰੀ ਆਈ ਤਾਂ ਦਰਵਾਜੇ ਤੇ ਖੜ੍ਹੇ ਵਿਅਕਤੀ ਨੇ ਮੈਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਕਿਉਂਕਿ ਮੈਨੂੰ ਸ੍ਰ.ਬੇਅੰਤ ਸਿੰਘ ਦਾ ਬੰਦਾ ਸਮਝਿਆ ਜਾਂਦਾ ਸੀ। ਜਦੋਂ ਉਹ ਵਿਅਕਤੀ ਥੋੜ੍ਹਾ ਐਧਰ ਓਧਰ ਹੋਇਆ ਮੈਂ ਮੌਕਾ ਤਾੜ ਕੇ ਕਮਰੇ ਵਿੱਚ ਦਾਖ਼ਲ ਹੋ ਗਿਆ। ਟੌਹੜਾ ਸਾਹਿਬ ਉਠ ਕੇ ਖੜ੍ਹੇ ਹੋ ਗਏ ਤੇ ਮੈਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ਉਨ੍ਹਾਂ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਉਸ ਵਿਅਕਤੀ ਨੂੰ ਚਾਹ ਲਿਆਉਣ ਲਈ ਕਹਿ ਦਿੱਤਾ, ਜਿਹੜਾ ਮੈਨੂੰ ਅੰਦਰ ਦਾਖ਼ਲ ਹੋਣ ਤੋਂ ਰੋਕ ਰਿਹਾ ਸੀ। ਮੈਂ ਟੌਹੜਾ ਸਾਹਿਬ ਨੂੰ ਬੇਨਤੀ ਕੀਤੀ ਕਿ ਇਹ ਲੜਕਾ ਜਿਹੜਾ ਮੇਰੇ ਨਾਲ ਹੈ, ਇਸ ਦਾ ਕੰਮ ਫਲਾਣੇ ਸਿਆਸਤਦਾਨ ਕੋਲ ਹੈ ਪ੍ਰੰਤੂ ਉਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੀ ਸਿਫ਼ਾਰਸ਼ ਤੋਂ ਬਿਨਾ ਕੰਮ ਨਹੀਂ ਹੋ ਸਕਦਾ। ਟੌਹੜਾ ਸਾਹਿਬ ਮੈਨੂੰ ਕਹਿਣ ਲੱਗੇ ‘ ਉਸ ਸਿਆਸਦਾਨ ਨੂੰ ਜਾ ਕੇ ਕਹਿ ਦਿਓ, ਆਪਣੇ ਬਾਦਲ. . . . ਨੂੰ ਕਹਿ ਦੇਣ ਕਿ ਇਹ ਕੰਮ ਮੇਰਾ ਹੈ।’ ਮੈਂ ਸਮਝਿਆ ਟੌਹੜਾ ਸਾਹਿਬ ਨੇ ਮੈਨੂੰ ਟਰਕਾ ਦਿੱਤਾ ਹੈ। ਮੈਂ ਵਾਪਸ ਆ ਕੇ ਉਸ ਸਿਆਸਤਦਾਨ ਕੋਲ ਚਲਾ ਗਿਆ ਤੇ ਟੌਹੜਾ ਸਾਹਿਬ ਦਾ ਸੰਦੇਸ਼ਾ ਦੇ ਦਿੱਤਾ। ਬਾਅਦ ਵਿੱਚ ਉਹ ਕੰਮ ਹੋ ਗਿਆ। ਅੱਜ ਉਹ ਅਧਿਕਾਰੀ ਟੌਹੜਾ ਸਾਹਿਬ ਦੇ ਗੁਣਗਾਨ ਕਰ ਰਿਹਾ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਐਨਾ ਲੰਮਾਂ ਸਮਾਂ ਪ੍ਰਧਾਨ ਰਹਿਣ ਦਾ ਉਨ੍ਹਾਂ ਦਾ ਬੇਦਾਗ਼ ਰਿਕਾਰਡ ਹੈ। ਉਹ 1969-76, 80-88 ਅਤੇ 98-2004 ਵਿਚ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ 1977 ਤੋਂ 79 ਤੱਕ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਰਹੇ। ਮਾਰਚ 2004 ਵਿਚ ਵੀ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ ਪ੍ਰੰਤੂ ਸਹੁੰ ਚੁਕਣ ਤੋਂ ਪਹਿਲਾਂ ਹੀ ਸਵਰਗ ਸਿਧਾਰ ਗਏ। ਜਥੇਦਾਰ ਟੌਹੜਾ ਆਮ ਤੌਰ ਤੇ ਕਿਸੇ ਨਾ ਕਿਸੇ ਟਿਪਣੀ ਕਰਕੇ ਵਿਵਾਦਾਂ ਵਿਚ ਘਿਰੇ ਰਹਿੰਦੇ ਸਨ, ਉਹ ਹਮੇਸ਼ਾ ਵਿਲੱਖਣ ਚਰਚਾ ਹੀ ਛੇੜਦੇ ਸਨ ਪ੍ਰੰਤੂ ਜਥੇਦਾਰ ਟੌਹੜਾ ਜਿੰਨਾ ਕੋਈ ਵੀ ਸਿਆਸਤਦਾਨ ਸੂਝਵਾਨ ਅਤੇ ਇਮਾਨਦਾਰ ਹੋਣਾ ਮੁਸ਼ਕਲ ਹੈ। ਇਸੇ ਕਰਕੇ ਉਹਨਾਂ ਨੂੰ ਸਿੱਖਾਂ ਦਾ ਰੌਸ਼ਨ ਦਿਮਾਗ ਨੇਤਾ ਕਿਹਾ ਜਾਂਦਾ ਸੀ। ਕੋਈ ਵੀ ਗੱਲ ਉਹ ਅਵੇਸਲੇ ਹੋਕੇ ਜਾਂ ਅਚਾਨਕ ਨਹੀਂ ਸਗੋਂ ਜਾਣ ਬੁਝ ਕੇ ਹੀ ਕਰਦੇ ਸਨ।
ਉਨ੍ਹਾਂ ਦਾ ਵਿਆਹ ਸਰਦਾਰਨੀ ਜੋਗਿੰਦਰ ਕੌਰ ਨਾਲ ਹੋਇਆ, ਜੋ ਸਿਖ ਵਿਚਾਰਧਾਰਾ ਨਾਲ ਪਰੁਚੀ ਹੋਈ ਸੀ। ਉਨ੍ਹਾਂ ਦੀ ਇੱਕ ਗੋਦ ਲਈ ਹੋਈ ਲੜਕੀ ਕੁਲਦੀਪ ਕੌਰ ਹੈ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਹੈ। ਉਨ੍ਹਾਂ ਦਾ ਜਵਾਈ ਹਰਮੇਲ ਸਿੰਘ ਪੰਜਾਬ ਦਾ ਮੰਤਰੀ ਰਿਹਾ ਹੈ। ਹਰਮੇਲ ਸਿੰਘ ਟੌਹੜਾ ਦਾ ਲੜਕਾ ਹਰਿੰਦਰਪਾਲ ਸਿੰਘ ਟੌਹੜਾ ਮਾਰਕੀਟ ਕਮੇਟੀ ਪਟਿਆਲਾ ਦਾ ਚੇਅਰਮੈਨ ਰਿਹਾ ਹੈ। ਸਿੱਖ ਇਤਿਹਾਸ ਵਿਚ ਜੱਥੇਦਾਰ ਟੌਹੜਾ ਇਮਾਨਦਾਰੀ ਅਤੇ ਸਾਦਗੀ ਦੇ ਪ੍ਰਤੀਕ ਦੇ ਤੌਰ ਤੇ ਜਾਣੇ ਜਾਂਦੇ ਰਹਿਣਗੇ। ਉਚੇ ਅਹੁਦਿਆਂ ਤੇ ਰਹਿਣ ਦੇ ਬਾਵਜੂਦ ਵੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ, ਜਿਹੜੀ ਜਾਇਦਾਦ ਸਿਆਸਤ ਵਿਚ ਆਉਣ ਤੋਂ ਪਹਿਲਾਂ ਸੀ, ਉਹੀ ਅਖ਼ੀਰ ਤੱਕ ਰਹੀ। ਅਜਿਹੇ ਵਿਲੱਖਣ ਇਨਸਾਨ ਆਟੇ ਵਿਚ ਲੂਣ ਦੇ ਬਰਾਬਰ ਹੀ ਮਿਲਦੇ ਹਨ। ਉਹ 1 ਅਪ੍ਰੈਲ 2004 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਮਰਨ ਉਪਰੰਤ ਉਨ੍ਹਾਂ ਨੂੰ ਪੰਥ ਰਤਨ ਦਾ ਖ਼ਿਤਾਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤਾ ਗਿਆ। ਜਥੇਦਾਰ ਟੌਹੜਾ ਨੇ ਆਪਣੀ ਲਿਆਕਤ, ਦਿਆਨਤਦਾਰੀ ਅਤੇ ਇਮਾਨਦਾਰੀ ਕਰਕੇ ਆਪਣੀ ਕਰਨੀ ਤੇ ਕਹਿਣੀ ਦਾ ਸਿੱਕਾ ਆਪਣੇ ਵਿਰੋਧੀਆਂ ਤੇ ਵੀ ਚਲਾਇਆ। ਜਥੇਦਾਰ ਟੌਹੜਾ ਹਮੇਸ਼ਾ ਹੀ ਕੰਡਿਆਲੇ ਰਾਹਾਂ ਦਾ ਪਾਂਧੀ ਰਿਹਾ ਹੈ ਪ੍ਰੰਤੂ ਕਦੇ ਲੜਖੜਾਇਆ ਨਹੀਂ ਸਿਰਫ ਆਪਣੀ ਜ਼ਿੰਦਗੀ ਦੇ ਅਖੀਰੀ ਦਿਨਾਂ ਵਿਚ ਪਰਿਵਾਰਕ ਮਜ਼ਬੂਰੀਆਂ ਕਰਕੇ ਉਸ ਨੂੰ ਥੋੜ੍ਹਾਂ ਥਿੜ੍ਹਕਣਾ ਪਿਆ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ