ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬਾਲੀਵੁੱਡ ਅਦਾਕਾਰਾ, ਫਿਲਮਕਾਰ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਜਿੱਥੇ ਸੈਂਸਰ ਬੋਰਡ ਨੇ ਅਦਾਲਤ ‘ਚ ਸਪੱਸ਼ਟ ਕੀਤਾ ਹੈ ਕਿ ਉਹ ਬਿਨਾਂ ਕਟੌਤੀਆਂ ਦੇ ਫਿਲਮ ਨੂੰ ਰਿਲੀਜ਼ ਕਰਨ ਲਈ ਹਰੀ ਝੰਡੀ ਨਹੀਂ ਦੇਵੇਗਾ, ਉਥੇ ਹੀ ਕੰਗਣਾ ਨੇ ਇਕ ਵਾਰ ਫਿਰ ਕਿਹਾ ਹੈ ਕਿ ‘ਐਮਰਜੈਂਸੀ’ ‘ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਅਦਾਕਾਰਾ ਨੇ ਕਿਹਾ ਕਿ ਸੈਂਸਰ ਬੋਰਡ ਤੋਂ ਫਿਲਮ ‘ਚ 13 ਕੱਟ ਲਗਾਉਣ ਦਾ ਸੁਝਾਅ ਆਇਆ ਹੈ ਪਰ ਇਹ ਸੁਝਾਅ ‘ਕਾਫੀ ਅਣਉਚਿਤ’ ਹਨ ਅਤੇ ਉਨ੍ਹਾਂ ਦੀ ਟੀਮ ਇਸ ‘ਤੇ ਅੜੀ ਹੋਈ ਹੈ। ਐਮਰਜੈਂਸੀ’ ਦੀ ਮੁੱਖ ਅਦਾਕਾਰਾ ਹੋਣ ਤੋਂ ਇਲਾਵਾ ਕੰਗਨਾ ਰਣੌਤ ਇਸ ਦੀ ਨਿਰਦੇਸ਼ਕ ਅਤੇ ਸਹਿ-ਨਿਰਮਾਤਾ ਵੀ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਦੀ ਟੀਮ ਫਿਲਮ ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਸੰਕਲਪ ਹੈ ਅਤੇ ਇਸ ਲਈ ਇਸ ਨਾਲ ਛੇੜਛਾੜ ਨਹੀਂ ਕਰੇਗੀ। ਇਸ ਫਿਲਮ ‘ਚ ਉਹ ਮਰਹੂਮ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਕੰਗਨਾ ਰਣੌਤ ਨੇ ਕਿਹਾ, ‘ਸਾਨੂੰ ਕਟੌਤੀ ਕਰਨ ਲਈ ਸੁਝਾਅ ਮਿਲੇ ਹਨ, ਪਰ ਇਨ੍ਹਾਂ ਵਿੱਚੋਂ ਕੁਝ ਸੁਝਾਅ ਕਾਫ਼ੀ ਗਲਤ ਜਾਪਦੇ ਹਨ ਜਦਕਿ ਜ਼ਿਆਦਾਤਰ ਇਤਿਹਾਸਕਾਰਾਂ ਅਤੇ ਸਮੀਖਿਆ ਕਮੇਟੀ ਦੇ ਮੈਂਬਰਾਂ ਨੇ ਸਾਡੀ ਫਿਲਮ ਨੂੰ ਸਭ ਤੋਂ ਭਰੋਸੇਯੋਗ ਅਤੇ ਤੱਥਾਂ ਨਾਲ ਪੇਸ਼ ਕੀਤਾ ਹੈ। ਕੰਗਣਾ ਨੇ ਕਿਹਾ ਕਿ ਅਸੀਂ ਆਪਣੇ ਆਧਾਰ ‘ਤੇ ਖੜ੍ਹੇ ਹਾਂ ਅਤੇ ਫਿਲਮ ਦੀ ਅਖੰਡਤਾ ਦੀ ਰੱਖਿਆ ਕਰਨ ਲਈ ਤਿਆਰ ਹਾਂ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਫਿਲਮ ਦਾ ਤੱਤ ਬਰਕਰਾਰ ਰਹੇ।
ਵਰਨਣਯੋਗ ਹੈ ਕਿ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਿੱਖ ਜਥੇਬੰਦੀਆਂ ਨੇ ‘ਐਮਰਜੈਂਸੀ’ ‘ਤੇ ਇਤਰਾਜ਼ ਪ੍ਰਗਟਾਇਆ ਹੈ। ਦੋਸ਼ ਹੈ ਕਿ ਫਿਲਮ ਵਿੱਚ ਸਿੱਖ ਕੌਮ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਤਿਹਾਸਕ ਤੱਥਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਐਸਜੀਪੀਸੀ ਵਲੋਂ ਇਸ ਨੂੰ ਪੰਜਾਬ ਅੰਦਰ ਨਾ ਲਗਣ ਦੇਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਪਹਿਲਾਂ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ। ਪਰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ.ਬੀ.ਐੱਫ.ਸੀ.) ਤੋਂ ਕਲੀਅਰੈਂਸ ਸਰਟੀਫਿਕੇਟ ਨਾ ਮਿਲਣ ਕਾਰਨ ਇਹ ਅਟਕ ਗਈ ਹੈ। ਨਿਰਮਾਤਾਵਾਂ ਨੇ ਇਸ ਸਬੰਧ ‘ਚ ਬਾਂਬੇ ਹਾਈ ਕੋਰਟ ‘ਚ ਅਰਜ਼ੀ ਦਾਇਰ ਕੀਤੀ ਹੋਈ ਹੈ। ਇਸ ਪਟੀਸ਼ਨ ‘ਤੇ ਬੀਤੇ ਇਕ ਦਿਨ ਪਹਿਲਾਂ ਅਦਾਲਤ ‘ਚ ਸੁਣਵਾਈ ਹੋਈ, ਜਿੱਥੇ ਸੈਂਸਰ ਬੋਰਡ ਨੇ ਬੰਬੇ ਹਾਈ ਕੋਰਟ ਨੂੰ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਸੁਝਾਏ ਗਏ ਕਟੌਤੀ ਫਿਲਮ ‘ਚ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਸ ਦੀ ਰਿਲੀਜ਼ ਲਈ ਸਰਟੀਫਿਕੇਟ ਦੇਣ ‘ਚ ਕੋਈ ਇਤਰਾਜ਼ ਨਹੀਂ ਹੈ। ਜ਼ੀ ਸਟੂਡੀਓਜ਼ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਸੀ ਕਿ ਟੀਮ ਨੂੰ ਇਹ ਵਿਚਾਰ ਕਰਨ ਲਈ ਸਮਾਂ ਚਾਹੀਦਾ ਹੈ ਕਿ ਇਹ ਕਟੌਤੀ ਕੀਤੀ ਜਾ ਸਕਦੀ ਹੈ ਜਾਂ ਨਹੀਂ। ਮਾਮਲੇ ਦੀ ਅਗਲੀ ਸੁਣਵਾਈ ਅਜ 30 ਸਤੰਬਰ ਨੂੰ ਹੋਣੀ ਹੈ।