ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਡੇਰਾ ਮੁੱਖੀ ਰਾਮ ਰਹੀਮ ਵਲੋਂ ਕੀਤੇ ਗਏ ਗੰਭੀਰ ਜ਼ੁਲਮ ਕਤਲ, ਜਬਰਜਿਨਾਹ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਦਸਮ ਪਾਤਸ਼ਾਹ ਦਾ ਸਵਰੂਪ ਰਚ ਕੇ ਅੰਮ੍ਰਿਤ ਸੰਚਾਰ ਦੀ ਮਰਿਆਦਾ ਨੂੰ ਵੰਗਾਰ ਪਾਉਣੀ ਨੂੰ ਵੱਖ ਵੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ 11 ਵੀਂ ਵਾਰ ਪੈਰੋਲ ਦਿੱਤੀ ਜਾਣ ਨਾਲ ਇਹ ਲਗ ਹੀ ਨਹੀਂ ਰਿਹਾ ਕਿ ਅਦਾਲਤ ਵਲੋਂ ਓਸ ਨੂੰ ਕੌਈ ਸਜ਼ਾ ਦਿੱਤੀ ਗਈ ਹੈ । ਜਿਸ ਸ਼ਾਨੋ ਸ਼ੋਕਤ ਨਾਲ ਓਹ ਕੁਝ ਦਿਨਾਂ ਲਈ ਜੇਲ੍ਹ ਜਾਂਦਾ ਹੈ ਓਸੇ ਸ਼ਾਨ ਦੇ ਨਾਲ ਵਾਪਿਸ ਮੁੜ ਆਂਦਾ ਹੈ । ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਸਾਬਕਾ ਮੁੱਖ ਸੇਵਾਦਾਰ, ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਦੇ ਚੇਅਰਮੈਨ ਪੰਥਕ ਆਗੂ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਜਿਸ ਅਖੌਤੀ ਸਿਰਸੇਵਾਲੇ ਸਾਧ ਨੇ ਆਪਣੀ ਦੁਕਾਨਦਾਰੀਨੁਮਾ ਡੇਰੇ ਵਿਚ ਬੀਬੀਆਂ ਨਾਲ ਬਲਾਤਕਾਰ ਕੀਤੇ ਹੋਣ ਅਤੇ ਆਪਣੇ ਮੰਦਭਾਵਨਾ ਭਰੇ ਮਕਸਦਾਂ ਦੇ ਸੱਚ ਨੂੰ ਛੁਪਾਉਣ ਲਈ ਡੇਰੇ ਵਿਚ ਆਪਣੇ ਨੇੜੇ ਦੇ ਸਾਥੀਆਂ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਨੂੰ ਜਾਨੋ ਮਾਰਕੇ ਉਨ੍ਹਾਂ ਦੇ ਸਰੀਰ ਮਿੱਟੀ ਵਿਚ ਦੱਬੇ ਹੋਣ ਅਤੇ ਜੋ ਮਨੁੱਖਤਾ ਦਾ ਕਾਤਲ ਹੋਵੇ, ਧਰਮ ਦੇ ਨਾਮ ਉਤੇ ਜਿਸਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੋਵੇ, ਅਜਿਹੇ ਨਾਮੀ ਮੁਜਰਿਮ ਅਖੌਤੀ ਸਿਰਸੇਵਾਲੇ ਨੂੰ ਵਾਰ-ਵਾਰ ਜੇਲ੍ਹ ਤੋ ਛੁੱਟੀ ਦੇਣ ਦਾ ਅਮਲ ਸਮੁੱਚੇ ਦੇਸ਼ ਦੇ ਨਿਜਾਮ ਤੇ ਸਮਾਜ ਲਈ ਬਹੁਤ ਹੀ ਗਲਤ ਸੰਦੇਸ ਦਿੰਦਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਅਜਿਹੇ ਵੱਡੇ ਮੁਜਰਿਮ ਅਖੌਤੀ ਸਾਧ ਨੂੰ ਹੁਕਮਰਾਨ ਛੁੱਟੀ ਦਿਵਾਕੇ ਚੋਣਾਂ ਸਮੇ ਆਪਣੇ ਸਿਆਸੀ ਫਾਇਦੇ ਲੈਣ ਦੀ ਤਾਕ ਵਿਚ ਹਨ ।
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਭਾਜਪਾ ਦੀ ਲੀਡਰਸ਼ਿਪ ਨਾਲ ਇਕੱਮਿਕ ਹੋਣ ਦੇ ਬਾਵਜੂਦ ਉਨ੍ਹਾਂ ਵਲੋਂ ਰਾਮ ਰਹੀਮ ਨੂੰ ਬਾਰ ਬਾਰ ਮਿਲ ਰਹਿ ਪੈਰੋਲ ਦਾ ਮੁੱਦਾ ਨਾ ਚੁੱਕਣਾ ਉਨ੍ਹਾਂ ਦੇ ਸਿੱਖਾਂ ਦੇ ਨੁਮਾਇੰਦੇ ਹੋਣ ਤੇ ਸੁਆਲ ਚੁੱਕ ਰਿਹਾ ਹੈ । ਤੁਸੀਂ ਲੋਕ ਬੀਤੇ ਇਕ ਦਿਨ ਪਹਿਲਾਂ ਭਾਜਪਾ ਨੇਤਾ ਜੇਪੀ ਨੱਡਾ, ਹਰਦੀਪ ਸਿੰਘ ਪੂਰੀ, ਇਕਬਾਲ ਸਿੰਘ ਲਾਲਪੁਰਾ ਨਾਲ ਮਿਲ ਕੇ ਆਏ ਹਨ ਤੇ ਉਨ੍ਹਾਂ ਅਗੇ ਰਾਮ ਰਹੀਮ ਨੂੰ ਬਾਰ ਬਾਰ ਮਿਲ ਰਹਿ ਪੈਰੋਲ ਅਤੇ ਬੰਦੀ ਸਿੰਘਾਂ ਨੂੰ ਅਖੌ ਪਰੋਖੇ ਕਰਣ ਦਾ ਮਸਲਾ ਕਿਉਂ ਨਹੀਂ ਰੱਖਿਆ.? ਜ਼ੇਕਰ ਤੁਸੀਂ ਸੁਹਿਰਦ ਅਤੇ ਸਿੱਖੀ ਜਜਬੇ ਨੂੰ ਸਮਰਪਿਤ ਹੋ ਤਾਂ ਨਿੱਜੀ ਹਿੱਤਾਂ ਨੂੰ ਸਵਾਰਨ ਦੀ ਜਗ੍ਹਾ ਨਵੀਂ ਬਣ ਰਹੀ ਭਾਜਪਾਈ ਸਿੱਖਾਂ ਦੀ ਕਮੇਟੀ ਜਿਸ ਵਿਚ ਤੁਸੀਂ ਵੀਂ ਨੁਮਾਇੰਦਗੀ ਕਰ ਰਹੇ ਹੋ ਪਹਿਲ ਦੇ ਆਧਾਰ ਤੇ ਇਹ ਅਤਿ ਜਰੂਰੀ ਮਸਲਾ ਸੁਲਝਾ ਕੇ ਕੌਮ ਦਾ ਕੁਝ ਸਵਾਰ ਦੋ ਨਹੀਂ ਤਾਂ ਤੁਹਾਡੇ ਵਲੋਂ ਕਮਾਏ ਜਾ ਰਹੇ ਕਰਮਾਂ ਨੂੰ ਦਿੱਲੀ ਦੇ ਸਿੱਖ ਪਰਿਵਾਰ ਬਹੁਤ ਨੇੜਿਓਂ ਦੇਖ ਰਹੇ ਹਨ ਤੇ ਆਣ ਵਾਲੀਆਂ ਚੋਣਾਂ ਵਿਚ ਇਸਦਾ ਉਨ੍ਹਾਂ ਵਲੋਂ ਤੁਹਾਨੂੰ ਜੁਆਬ ਦਿੱਤਾ ਜਾਏਗਾ ।