ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਅਜਾਇਬ ਚਿੱਤਰਕਾਰ ਸ਼ਤਾਬਦੀ ਸਮਾਗਮ

Photo- 05-10-2024.resized.resizedਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਜਾਇਬ ਚਿੱਤਰਕਾਰ ਸ਼ਤਾਬਦੀ ਸਮਾਗਮ ਗ਼ਜ਼ਲ ਮੰਚ ਫ਼ਿਲੌਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ, ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸਰਦਾਰ ਪੰਛੀ, ਬੂਟਾ ਸਿੰਘ ਚੌਹਾਨ, ਅਜਾਇਬ ਚਿੱਤਰਕਾਰ ਦੇ ਸਪੁੱਤਰ ਸ. ਸੁਖਪਾਲ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ।

ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਕਦੇ ਤਿੰਨ ਵੱਡੇ ਸੰਗੀਤ ਘਰਾਣਿਆਂ ਦੀ ਕਰਮ ਭੂਮੀ ਸੀ। ਹੋਰ ਤਾਂ ਹੋਰ ਅੱਜ ਅਸੀਂ ਸਾਡੇ ਗੁਰਮਤਿ ਸੰਗੀਤ ਨੂੰ ਵੀ ਭੁੱਲਦੇ ਜਾ ਰਹੇ ਹਾਂ। ਬਾਜ਼ਾਰ ਨੇ ਸੰਗੀਤ ਸੁਣਨ ਜੋਗਾ ਵੀ ਨਹੀਂ ਛੱਡਿਆ। ਅਜਾਇਬ ਚਿੱਤਰਕਾਰ ਅਤੇ ਹੋਰ ਸ਼ਾਇਰ ਚਿੱਤਰਕਾਰ ਕਵੀਆਂ ਨੂੰ ਸਾਂਭਣ ਦੀ ਲੋੜ ਹੈ। ਪੰਜਾਬ ਦੇ ਸ਼ਾਬਦਿਕ ਆਰਟ ਨੂੰ ਕੇਵਲ ਸ਼ਬਦ ਪੜ੍ਹ ਕੇ ਹੀ ਨਹੀਂ ਵਿਚਾਰਿਆ ਜਾ ਸਕਦਾ ਉਸ ਸਮੇਂ ਦੇ ਹਾਲਾਤ ਵੀ ਸਮਝਣੇ ਪੈਣਗੇ।

ਭਾਰਤੀ ਸਾਹਿਤ ਅਕਾਦਮੀ, ਦਿੱਲੀ ਦੇ ਮੈਂਬਰ ਸ. ਬੂਟਾ ਸਿੰਘ ਚੌਹਾਨ ਨੇ ਅਜਾਇਬ ਚਿੱਤਰਕਾਰ ਦੀ ਸ਼ਖ਼ਸੀਅਤ ਅਤੇ ਸਾਹਿਤ ਬਾਰੇ ਗੱਲ ਕਰਦਿਆਂ ਕਿਹਾ ਕਿ ਚਿੱਤਰਕਾਰ ਲੋਕ ਰਮਜ਼ ਨੂੰ ਸਮਝਣ ਵਾਲਾ ਸਿਰੜੀ ਸ਼ਾਇਰ ਸੀ ਜੋ ਸਾਰੀ ਜ਼ਿੰਦਗੀ ਕਿਸੇ ਅੱਗੇ ਝੁਕਿਆ ਨਹੀਂ। ਉਸ ਦੇ ਸ਼ਤਾਬਦੀ ਸਮਾਗਮ ਮੌਕੇ ਮੈਂ ਉਸ ਦੀ ਪਰਿਕਰਮਾ ਕਰਨ ਲਈ ਆਇਆ ਹਾਂ। ਭਾਰਤੀ ਸਾਹਿਤ ਅਕਾਡਮੀ ਵਲੋਂ ਚਿੱਤਰਕਾਰ ਜੀ ਦੇ ਜੱਦੀ ਪਿੰਡ ਘਵੱਦੀ (ਜ਼ਿਲ੍ਹਾ ਲੁਧਿਆਣਾ) ਵਿਖੇ ਸਮਾਗਮ ਕਰਵਾਇਆ ਜਾਵੇਗਾ। ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਨੇ ‘ਸਿਰਜਣਾਤਮਕ ਅਮਲ ਦਾ ਸ਼ਾਇਰ : ਅਜਾਇਬ ਚਿੱਤਰਕਾਰ’’ ਬਾਰੇ ਪੇਪਰ ਪੜ੍ਹਦਿਆਂ ਕਿਹਾ ਕਿ ਉਸ ਦੀ ਸ਼ਾਇਰੀ ਮਨੁੱਖੀ ਜ਼ਿੰਦਗੀ ਦੇ ਅਸਾਵੇਂਪਣ ਨੂੰ ਵੱਖ ਵੱਖ ਰੰਗਾਂ ਰਾਹੀਂ ਚਿੱਤਰਦੀ ਹੈ। ਸ੍ਰੀਮਤੀ ਸੋਮਾ ਸਬਲੋਕ ਨੇ ਡਾ. ਰਣਜੀਤ ਸਿੰਘ ਦਾ ਲਿਖਿਆ ਪੇਪਰ ‘ਚਿੱਤਰਕਾਰੀ ਤੇ ਸ਼ਾਇਰੀ ਦਾ ਸੁਮੇਲ ਅਜਾਇਬ ਚਿੱਤਰਕਾਰ’ ਪੇਸ਼ ਕੀਤਾ ਜਿਸ ਦਾ ਤੱਤਸਾਰ ਸੀ ਉਹ ਪੇਸ਼ੇ ਵਜੋਂ ਚਿੱਤਰਕਾਰ, ਪਰ ਕਮਾਲ ਦਾ ਸ਼ਾਇਰ ਸੀ। ਡਾ. ਜਗਵਿੰਦਰ ਜੋਧਾ ਨੇ ਕਿਹਾ ਕਿ ਅਜਾਇਬ ਚਿੱਤਰਕਾਰ  ਤਰੱਕੀ ਪਸੰਦ ਸ਼ਾਇਰ ਸੀ। ਉਸ ਲੇ ਉਰਦੂ ਸ਼ਾਇਰੀ ਨੂੰ ਪਲਟਾ ਕੇ ਸਰਲ ਪੰਜਾਬੀ ਸ਼ਾਇਰੀ ਵਿਚ ਪੇਸ਼ ਕੀਤਾ। ਇਸ ਲਈ ਉਸ ਦੀ ਸ਼ਾਇਰੀ ਨੂੰ ਗੰਭੀਰਤਾ ਸਮਝਣਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਪੰਜਾਬੀ ਗ਼ਜ਼ਲ ਮੰਚ ਫ਼ਿਲੌਰ ਵਲੋਂ ਸ਼ਾਇਰ ਭਗਵਾਨ ਢਿੱਲੋਂ ਨੂੰ ਅਜਾਇਬ ਚਿੱਤਰਕਾਰ ਯਾਦਗਾਰੀ ਸਨਮਾਨ ਭੇਟਾ ਕੀਤਾ ਗਿਆ ਜਿਸ ਵਿਚ ਦੋਸ਼ਾਲਾ, ਸ਼ੋਭਾ ਪੱਤਰ ਅਤੇ ਨਕਦ ਰਾਸ਼ੀ ਸ਼ਾਮਲ ਸੀ। ਸ਼ਾਇਰ ਭਗਵਾਨ ਢਿੱਲੋਂ ਬਾਰੇ ਜਾਣ-ਪਛਾਣ ਕਰਵਾਉਂਦਿਆਂ ਐੱਸ. ਐੱਸ. ਡਿੰਪਲ ਨੇ ਕਿਹਾ ਕਿ ਭਗਵਾਨ ਢਿੱਲੋਂ ਦੀ ਸ਼ਾਇਰੀ ਦਾ ਮੁਹਾਵਰਾ ਵਿਲੱਖਣ ਹੈ। ਉਸ ਦੀ ਸ਼ਾਇਰੀ ਸਿਆਸੀ, ਧਾਰਮਿਕ ਅਤੇ ਸਮਾਜਿਕ ਮਸਲੇ ਉਭਾਰਦੀ ਹੈ ਅਤੇ ਪਾਠਕ ਨੂੰ ਆਪਣੇ ਅੰਦਰ ਦੇਖਣ ਲਈ ਮਜਬੂਰ ਕਰਦੀ ਹੈ। ਭਗਵਾਨ ਢਿੱਲੋਂ ਬਾਰੇ ਸ਼ੋਭਾ ਪੱਤਰ ਅਕਾਡਮੀ ਦੇ ਦਫ਼ਤਰ ਸਕੱਤਰ ਜਸਵੀਰ ਝੱਜ ਨੇ ਪੜਿ੍ਹਆ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹਾਂ ਕਿ ਅਸੀਂ ਸਮਰੱਥ ਸ਼ਾਇਰ, ਉਸਤਾਦ ਗ਼ਜ਼ਲਗੋ ਅਜਾਇਬ ਚਿੱਤਰਕਾਰ ਦੇ ਸ਼ਤਾਬਦੀ ਸਮਾਗਮ ਮਨ੍ਹਾ ਰਹੇ ਹਾਂ। ਭਾਰਤੀ ਸਾਹਿਤ ਅਕਾਦਮੀ ਵਲੋਂ ਕਰਵਾਏ ਜਾਣ ਵਾਲੇ ਸਮਾਗਮ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪੂਰਾ ਸਹਿਯੋਗ ਦੇਵੇਗੀ।

ਇਸ ਮੌਕੇ ਅਜਾਇਬ ਚਿੱਤਰਕਾਰ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗ਼ਜ਼ਲ ਮੰਚ ਫ਼ਿਲੌਰ ਦੇ ਜਨਰਲ ਸਕੱਤਰ ਤਰਲੋਚਨ ਝਾਂਡੇ, ਡਾ. ਗੁਰਚਰਨ ਕੌਰ ਕੋਚਰ, ਸਤੀਸ਼ ਗੁਲਾਟੀ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਕੰਵਲ ਢਿੱਲੋਂ, ਗੁਰਵਿੰਦਰ ਸਿੰਘ ਕੰਵਰ, ਉਜਾਗਰ ਸਿੰਘ ਲਲਤੋਂ, ਡਾ. ਯਾਦਵਿੰਦਰ ਸਿੰਘ, ਦਲਜੀਤ ਕੌਰ, ਹਰਜਿੰਦਰ ਸਿੰਘ ਰਾਏਕੋਟ, ਰੇਸ਼ਮ ਸਿੰਘ ਹਲਵਾਰਾ, ਹਰਪਾਲ ਕਨੇਚਵੀ, ਕਸਤੂਰੀ ਲਾਲ, ਮਹਿੰਦਰ ਸਿੰਘ, ਗੁਰਮੀਤ ਕੌਰ, ਭੁਪਿੰਦਰ ਸਿੰਘ ਚੌਕੀਮਾਨ, ਚਰਨਜੀਤ ਸਿੰਘ ਮਨਪ੍ਰੀਤ, ਹਸਕੀਰਤ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।

ਅਜਾਇਬ ਚਿੱਤਰਕਾਰ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸਰਦਾਰ ਪੰਛੀ ਹੋਰਾਂ ਨੇ ਕੀਤੀ। ਕਵੀ ਦਰਬਾਰ ਵਿਚ ਭਗਵਾਨ ਢਿੱਲੋਂ, ਡਾ. ਹਰੀ ਸਿੰਘ ਜਾਚਕ, ਅਜੀਤ ਪਿਆਸਾ, ਜਸਵੀਰ ਝੱਜ, ਦਰਸ਼ਨ ਓਬਰਾਏ,  ਅਮਰਜੀਤ ਸ਼ੇਰਪੁਰੀ, ਜ਼ੋਰਾਵਰ ਸਿੰਘ ਪੰਛੀ, ਪਰਮਿੰਦਰ ਅਲਬੇਲਾ, ਸੀਮਾ ਕਲਿਆਣ, ਪਰਮਜੀਤ ਕੌਰ ਮਹਿਕ, ਦਲਵੀਰ ਕਲੇਰ, ਬਲਜੀਤ ਸਿੰਘ, ਮਲਕੀਤ ਸਿੰਘ ਮਾਲੜਾ, ਇੰਦਰਜੀਤ ਲੋਟੇ ਸਮੇਤ ਕਾਫ਼ੀ ਗਿਣਤੀ ਵਿਚ ਕਵੀ ਸ਼ਾਮਲ ਸਨ। ਕਵੀ ਦਰਬਾਰ ਦਾ ਮੰਚ ਸੰਚਾਲਕ ਡਾ. ਹਰੀ ਸਿੰਘ ਜਾਚਕ ਨੇ ਨਿਭਾਇਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>