ਪੈਸਾ ਅਤੇ ਖੁਸ਼ੀ ਦਾ ਸਬੰਧ ਬਹੁਤ ਹੀ ਪੁਰਾਣਾ ਅਤੇ ਗਹਿਰਾ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਪੈਸਾ ਸਭ ਕੁਝ ਹੈ ਅਤੇ ਇਹ ਹਰ ਤਰ੍ਹਾਂ ਦੀ ਖੁਸ਼ੀ ਅਤੇ ਸਹੂਲਤਾਂ ਦੇਣ ਵਿੱਚ ਸਮਰੱਥ ਹੈ। ਪਰ ਇਸ ਗੱਲ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਸਿਰਫ ਪੈਸਾ ਕਦੋਂ ਅਤੇ ਕਿਵੇਂ ਖੁਸ਼ੀ ਦਾ ਅਧਾਰ ਬਣ ਸਕਦਾ ਹੈ। ਦੂਸਰੀ ਵੱਡੀ ਗੱਲ ਇਹ ਹੈ ਕਿ ਅਜਿਹੀਆਂ ਹਸਤੀਆਂ ਜਿਨ੍ਹਾਂ ਕੋਲ ਬੇਹਦ ਪੈਸਾ ਸੀ, ਵਧੀਆ ਜਾਇਦਾਦਾਂ ਸਨ, ਅਮੀਰੀਆਂ ਦੇ ਬਾਵਜੂਦ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਮਾਪਤ ਕਰਨ ਦਾ ਫੈਸਲਾ ਕਿਉਂ ਕੀਤਾ। ਇਹਨਾਂ ਸਵਾਲਾਂ ਦਾ ਜਵਾਬ ਖੋਜਣ ਲਈ ਸਾਡੇ ਸਾਹਮਣੇ ਕਈ ਅਜਿਹੇ ਕਿੱਸੇ ਹਨ ਜਿਨ੍ਹਾਂ ਨੇ ਪੈਸੇ ਅਤੇ ਖੁਸ਼ੀ ਦੇ ਸਬੰਧ ਨੂੰ ਗਹਿਰਾਈ ਨਾਲ ਸਮਝਣ ਲਈ ਨਵੇਂ ਦਰਵਾਜ਼ੇ ਖੋਲੇ ਹਨ।
ਪਹਿਲਾ ਮੁੱਦਾ ਅਸੀਂ ਇਤਿਹਾਸਕ ਤੌਰ ‘ਤੇ ਭਾਰਤ ਦੀਆਂ ਕਈ ਪ੍ਰਸਿੱਧ ਹਸਤੀਆਂ ਦੇ ਜੀਵਨ ਨੂੰ ਵੇਖਣ ਨਾਲ ਸਮਝ ਸਕਦੇ ਹਾਂ। ਸਿਨੇਮਾ ਦੁਨੀਆ ਤੋਂ ਸ਼ੁਰੂ ਕਰਦੇ ਹਾਂ। ਸੁਸ਼ਾਂਤ ਸਿੰਘ ਰਾਜਪੂਤ ਦਾ ਨਾਮ ਆਉਂਦਾ ਹੈ, ਜੋ ਇੱਕ ਪ੍ਰਸਿੱਧ ਬਾਲੀਵੁਡ ਅਦਾਕਾਰ ਸੀ। ਉਸ ਨੇ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ, ਬਹੁਤ ਸਾਰਾ ਪੈਸਾ ਕਮਾਇਆ, ਪਰ 2020 ਵਿੱਚ ਉਸ ਦੀ ਆਤਮ-ਹੱਤਿਆ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਉਸ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ, ਉਹ ਅੰਦਾਜਨ 100 ਕਰੋੜ ਦੀ ਜਾਇਦਾਦ ਦਾ ਮਾਲਕ ਸੀ। ਉਸ ਦੇ ਕੋਲ ਵੱਡੇ ਬੰਗਲੇ, ਮਹਿੰਗੀਆਂ ਕਾਰਾਂ ਅਤੇ ਬਹੁਤ ਸਾਰੀਆਂ ਬਾਦਸ਼ਾਹੀ ਸਹੂਲਤਾਂ ਸਨ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਉਹ ਖੁਸ਼ ਨਹੀਂ ਸੀ ਅਤੇ ਉਸ ਦਾ ਖੁਸ਼ ਨਾ ਹੋਣਾ ਇਹ ਪ੍ਰਸ਼ਨ ਖੜ੍ਹਾ ਕਰਦਾ ਹੈ ਕਿ ਕੀ ਪੈਸਾ ਅਸਲ ਵਿੱਚ ਖੁਸ਼ੀ ਦੇ ਸਕਦਾ ਹੈ? ਜੇਕਰ ਪੈਸਾ ਹੀ ਸਭ ਕੁਝ ਹੁੰਦਾ ਤਾਂ ਇੱਕ ਇੰਨੀ ਵੱਡੀ ਹਸਤੀ ਨੂੰ ਆਪਣੀ ਜ਼ਿੰਦਗੀ ਖਤਮ ਕਰਨ ਦੀ ਜ਼ਰੂਰਤ ਕਿਉਂ ਪਈ? ਇਸੇ ਤਰ੍ਹਾਂ, ਦੇਸ਼ ਦੀ ਇੱਕ ਹੋਰ ਅਮੀਰ ਹਸਤੀ ਦਿਵਿਆ ਭਾਰਤੀ ਦੀ ਗੱਲ ਕਰਦੇ ਹਾਂ, ਜੋ 1990 ਦੇ ਦਹਾਕੇ ਵਿੱਚ ਬਾਲੀਵੁਡ ਦੀ ਸਭ ਤੋਂ ਮਸ਼ਹੂਰ ਤੇ ਕਾਮਯਾਬ ਅਦਾਕਾਰਾ ਸੀ। ਉਸਨੇ ਵੀ ਬੇਹਦ ਪੈਸਾ ਕਮਾਇਆ, ਪਰ 1993 ਵਿੱਚ ਉਸ ਨੇ ਆਪਣੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਆਪਣੇ ਜੀਵਨ ਦਾ ਅੰਤ ਕਰ ਲਿਆ। ਇਸ ਦੀ ਪਿੱਛੇ ਕੀ ਕਾਰਨ ਸੀ? ਉਹ ਖੁਸ਼ ਨਹੀਂ ਸੀ। ਪੈਸੇ ਨੇ ਉਸ ਨੂੰ ਆਰਾਮ ਦੀਆਂ ਹਰ ਸਹੂਲਤਾਂ ਤਾਂ ਦਿੱਤੀਆਂ ਪਰ ਜੀਵਨ ਦੀ ਖੁਸ਼ੀ ਨਹੀਂ ਮਿਲੀ।
ਇਸੇ ਤਰ੍ਹਾਂ ਦੇ ਉਦਾਹਰਨ ਵਿਦੇਸ਼ਾਂ ਤੋਂ ਵੀ ਮਿਲਦੇ ਹਨ। ਦਿਲਚਸਪ ਗੱਲ ਹੈ ਕਿ ਇੰਨਸਾਨੀ ਜੀਵਨ ‘ਚ ਪੈਸਾ ਬਹੁਤ ਮਹੱਤਵ ਰੱਖਦਾ ਹੈ, ਪਰ ਅਸੀਂ ਕਈ ਵਾਰ ਅਜਿਹੀਆਂ ਹਸਤੀਆਂ ਨੂੰ ਵੇਖਦੇ ਹਾਂ ਜਿਨ੍ਹਾਂ ਨੇ ਸਾਰੀ ਜਿੰਦਗੀ ਬਹੁਤ ਸਾਰੇ ਪੈਸੇ ਕਮਾਏ ਪਰ ਫਿਰ ਵੀ ਉਹਨਾਂ ਨੂੰ ਖੁਸ਼ੀ ਨਹੀਂ ਮਿਲੀ। ਮਿਸਾਲ ਲਈ ਰਾਬਿਨ ਵਿਲੀਅਮਸ, ਹਾਲੀਵੁਡ ਦੇ ਬਹੁਤ ਪ੍ਰਸਿੱਧ ਕਾਮੇਡੀਅਨ, ਜੋ ਕਈ ਫਿਲਮਾਂ ਵਿਚ ਆਪਣੀ ਕਲਾ ਦੇ ਨਾਲ਼ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਸਨ। ਉਸਨੇ ਵੀ 2014 ਵਿੱਚ ਆਪਣੇ ਜੀਵਨ ਦਾ ਅੰਤ ਆਤਮ-ਹੱਤਿਆ ਨਾਲ ਕੀਤਾ। ਉਸ ਸਮੇਂ ਉਸ ਦੀ ਕੁੱਲ ਜਾਇਦਾਦ 50 ਮਿਲੀਅਨ ਡਾਲਰ ਸੀ। ਇਸ ਤਰ੍ਹਾਂ ਦੇ ਉਦਾਹਰਨ ਸਾਫ਼ ਦੱਸਦੇ ਹਨ ਕਿ ਪੈਸਾ, ਮਹਿੰਗੇ ਸਮਾਨ, ਵੱਡੇ ਬੰਗਲੇ ਜਾਂ ਮਹਿੰਗੀਆਂ ਕਾਰਾਂ ਦੇ ਬਾਵਜੂਦ, ਇਨਸਾਨ ਦੀ ਜਿੰਦਗੀ ਵਿੱਚ ਖੁਸ਼ੀ ਦੀ ਗਾਰੰਟੀ ਨਹੀਂ ਹੈ।
ਵਿਦੇਸ਼ਾਂ ਤੋਂ ਹੋਰ ਮਿਸਾਲ ਲੈਂਦੇ ਹਾਂ ਸਟੀਫਨ ਹਾਕਿੰਗ ਦੀ, ਜੋ ਸ਼ਰੀਰਿਕ ਤੌਰ ਤੇ ਅਧੂਰਾ ਸੀ ਪਰ ਦਿਮਾਗੀ ਤੌਰ ‘ਤੇ ਬਹੁਤ ਹੀ ਹੋਸ਼ਿਆਰ ਵਿਅਕਤੀ ਸੀ ਅਤੇ ਉਹਨੇ ਵਿਗਿਆਨ ਦੀ ਦੁਨੀਆ ‘ਚ ਕਈ ਵੱਡੇ ਯੋਗਦਾਨ ਦਿੱਤੇ। ਬਾਵਜੂਦ ਇਸਦੇ ਕਿ ਉਹ ਬਹੁਤ ਅਮੀਰ ਨਹੀਂ ਸੀ, ਉਸਦੀ ਜਿੰਦਗੀ ਇੱਕ ਬਹੁਤ ਵੱਡਾ ਪ੍ਰੇਰਨਾ ਦਾ ਸਰੋਤ ਰਹੀ। ਹਾਕਿੰਗ ਨੇ ਆਪਣੀ ਸਮੱਸਿਆਵਾਂ ਦੇ ਬਾਵਜੂਦ ਖੁਸ਼ੀ ਅਤੇ ਉਮੀਦ ਨਾਲ ਭਰਪੂਰ ਜੀਵਨ ਜਿਊਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਦੇ ਪ੍ਰਸੰਗ ਸਾਫ਼ ਦੱਸਦੇ ਹਨ ਕਿ ਸਿਰਫ ਪੈਸਾ ਸਭ ਕੁਝ ਨਹੀਂ ਹੈ। ਪੈਸਾ ਇਨਸਾਨ ਨੂੰ ਇੱਕ ਨਿੱਜੀ ਆਰਾਮ ਅਤੇ ਸਹੂਲਤਾਂ ਤਾਂ ਪ੍ਰਦਾਨ ਕਰ ਸਕਦਾ ਹੈ ਪਰ ਜੇਕਰ ਅੰਦਰਲੀ ਖੁਸ਼ੀ ਨਹੀਂ ਹੈ, ਤਾਂ ਇਹ ਸਾਰਾ ਪੈਸਾ ਕਿਸੇ ਵੀ ਕਿਸਮ ਦੀ ਸੰਤੁਸ਼ਟੀ ਨਹੀਂ ਦੇ ਸਕਦਾ। ਇੱਕ ਅਜਿਹਾ ਜੀਵਨ ਜੋ ਅੰਦਰੋਂ ਖਾਲੀ ਹੈ, ਉਸ ਵਿੱਚ ਪੈਸੇ ਦੀ ਬਹੁਤਾਤ ਵੀ ਖੁਸ਼ੀ ਨਹੀਂ ਭਰ ਸਕਦੀ। ਪੈਸਾ ਬਾਹਰੀ ਸੰਸਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ, ਪਰ ਦਿਲ ਦੀਆਂ ਜ਼ਰੂਰਤਾਂ ਨੂੰ ਨਹੀਂ।
ਇਹਨਾਂ ਮਾਮਲਿਆਂ ਤੋਂ ਇਹ ਸਬਕ ਮਿਲਦਾ ਹੈ ਕਿ ਖੁਸ਼ੀ ਇੱਕ ਅੰਦਰੂਨੀ ਅਹਿਸਾਸ ਹੈ ਜੋ ਮਨੋਵਿਗਿਆਨਿਕ ਸਥਿਤੀ ਨਾਲ ਜੁੜਿਆ ਹੋਇਆ ਹੈ। ਇਨਸਾਨੀ ਰਿਸ਼ਤੇ, ਪਿਆਰ, ਸਮਾਜਕ ਸਬੰਧ ਅਤੇ ਜ਼ਿੰਦਗੀ ਵਿੱਚ ਇੱਕ ਮਕਸਦ ਦਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੈਸੇ ਨੂੰ ਹੀ ਸਭ ਕੁਝ ਨਹੀਂ ਮੰਨ ਸਕਦੇ। ਜੇਕਰ ਪੈਸਾ ਹੀ ਖੁਸ਼ੀ ਦਾ ਇੱਕ ਮਾਪਦੰਡ ਹੁੰਦਾ ਤਾਂ ਬਹੁਤ ਸਾਰੇ ਅਮੀਰ ਲੋਕ ਅਜਿਹੇ ਹੋਣੇ ਸਨ ਜੋ ਹਰ ਵਕਤ ਖੁਸ਼ ਰਹਿੰਦੇ, ਪਰ ਅਜਿਹੇ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਦੀ ਸਮਾਪਤੀ ਆਤਮ-ਹੱਤਿਆ ਨਾਲ ਕੀਤੀ ਹੈ। ਜਿਸ ਨਾਲ, ਇਹ ਸਪੱਸ਼ਟ ਹੁੰਦਾ ਹੈ ਕਿ ਪੈਸਾ ਇਕ ਮਹੱਤਵਪੂਰਨ ਹਿੱਸਾ ਹੈ ਜ਼ਿੰਦਗੀ ਦਾ, ਪਰ ਇਸਨੂੰ ਹੀ ਸਭ ਕੁੱਝ ਨਹੀਂ ਮੰਨਿਆ ਜਾ ਸਕਦਾ। ਜੇਕਰ ਪੈਸਾ ਹੈ ਪਰ ਮਨ ਦਾ ਆਰਾਮ, ਰਿਸ਼ਤੇ ਅਤੇ ਮਕਸਦ ਨਹੀਂ ਹਨ ਤਾਂ ਅਜਿਹਾ ਜੀਵਨ ਫਿਰ ਵੀ ਅਧੂਰਾ ਹੈ। ਇਸ ਲਈ ਪੈਸੇ ਪਿਛੇ ਦੌੜਨ ਦੀ ਜਗ੍ਹਾ, ਜਰੂਰਤ ਜਿੰਨਾ ਪੈਸਾ ਜਰੂਰ ਕਮਾਉ। ਸਮਾਜ,ਪਰਿਵਾਰ ਅਤੇ ਰਿਸ਼ਤਿਆਂ ਨੂੰ ਸਮਾਂ ਜਰੂਰ ਦਿਉ, ਜੋ ਕਿ ਖੁਸ਼ਨੁਮਾ ਜਿੰਗਦੀ ਜਿਉਣ ਦਾ ਅਧਾਰ ਬਣ ਸਕਦੇ ਹਨ।