ਤਖ਼ਤ ਸਾਹਿਬਾਨ ਦੇ ਜਥੇਦਾਰਾਂ ਖਿਲਾਫ ਕਿਰਦਾਰਕੁਸ਼ੀ ਦੀ ਵੱਡੀ ਸਾਜ਼ਿਸ਼ ਕਰਨ ਵਾਲਾ ਕਿਸੇ ਤਰਾਂ ਵੀ ਪੰਥ ’ਚ ਬਣੇ ਰਹਿਣ ਦੇ ਲਾਇਕ ਨਹੀਂ

1280px-Akal_takhat_amritsar.resizedਅੰਮ੍ਰਿਤਸਰ : ਸਿੱਖ ਚਿੰਤਕ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਮਵਰ ਆਗੂ ਸ.ਵਿਰਸਾ ਸਿੰਘ ਵਲਟੋਹਾ ਦੇ ਖਿਲਾਫ ਲਏ ਗਏ ਫ਼ੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਥੇਦਾਰ ਸਿੰਘ ਸਾਹਿਬਾਨ ਦੀ ਦਰਿਆ ਦਿਲੀ ਹੈ ਕਿ ਉਨ੍ਹਾਂ ਨੇ ਵਲਟੋਹਾ ਵੱਲੋਂ ਕੀਤੀਆਂ ਗਈਆਂ ਵੱਡੀਆਂ ਕਰਤੂਤਾਂ ਦੇ ਬਾਵਜੂਦ ਕੇਵਲ ਉਸ ਨੂੰ ਅਕਾਲੀ ਦਲ ’ਚੋਂ ਬਾਹਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਦੋਂ ਕਿ ਪੰਥ ਦੀਆ ਸਭ ਤੋਂ ਵੱਧ ਸਤਿਕਾਰਯੋਗ ਧਾਰਮਿਕ ਸ਼ਖ਼ਸੀਅਤਾਂ ਵਜੋਂ ਪੰਥ ਦੀ ਸਿਰਮੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਹਨ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਿਰਦਾਰਕੁਸ਼ੀ ਦੀ ਵੱਡੀ ਸਾਜ਼ਿਸ਼ ਕੀਤੀ ਹੋਵੇ ਉਹ ਕਿਸੇ ਤਰਾਂ ਵੀ ਪੰਥ ’ਚ ਬਣੇ ਰਹਿਣ ਦੇ ਲਾਇਕ ਨਹੀਂ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਤਖ਼ਤ ਸਾਹਿਬਾਨ ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਹਨ ਅਤੇ ਇਸ ’ਤੇ ਸੇਵਾਵਾਂ ਨਿਭਾ ਰਹੇ ਜਥੇਦਾਰ ਸਿੰਘ ਸਾਹਿਬਾਨ ਦਾ ਪੰਥ ’ਚ ਆਪਣਾ ਉੱਚਾ ਰੁਤਬਾ ਅਤੇ ਮੁਕਾਮ ਹੈ।  ਕੋਈ ਵੀ ਗੁਰਸਿੱਖ ਸ੍ਰੀ ਤਖ਼ਤ ਸਾਹਿਬਾਨ ਅਤੇ ਜਥੇਦਾਰਾਂ ਖਿਲਾਫ ਕਿਸੇ ਕਿਸਮ ਦੀ ਸਾਜ਼ਿਸ਼ ਘੜਨ ਬਾਰੇ ਸੁਪਨੇ ’ਚ ਵੀ ਨਹੀਂ ਸੋਚ ਸਕਦਾ। ਇਹ ਬੜੀ ਚਿੰਤਾ ਅਤੇ ਸ਼ਰਮ ਦੀ ਗਲ ਹੈ ਕਿ ਜਿੱਥੇ ਅਕਾਲੀ ਆਗੂਆਂ ਵੱਲੋਂ ਸਿਆਸੀ ਮੁਫ਼ਾਦ ਲਈ ਵਿਰੋਧੀਆਂ ਦੀ ਨਜਾਇਜ਼ ਰਿਕਾਰਡਿੰਗ ਕਰਦਿਆਂ ਵਿਸ਼ਵਾਸਘਾਤ ਦੀ ਆਦਤ ਹੁਣ ਸਿੰਘ ਸਾਹਿਬਾਨ ਤਕ ਪਹੁੰਚ ਗਈ ਹੋਵੇ ਉੱਥੇ ਆਮ ਵਿਅਕਤੀ ਦਾ ਨਿੱਜ ਕਿਵੇਂ ਸੁਰੱਖਿਅਤ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਿਆਸਤ ਨਿਵਾਣਾਂ ਵਲ ਜਾ ਚੁੱਕੀ ਹੈ। ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਦੇ ਮਾਮਲੇ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਦਬਾਅ ਪਾਉਣ ਲਈ ਹੀ ਨੀਵੇਂ ਪੱਧਰ ’ਤੇ ਜਾ ਕੇ ਸਾਜ਼ਿਸ਼ ਤਹਿਤ ਰਿਕਾਰਡਿੰਗ ਕੀਤੀ, ਇਸ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਅਤੇ ਇਸ ਗੁਨਾਹ ਲਈ ਸ਼੍ਰੋਮਣੀ ਕਮੇਟੀ ਨੂੰ ਵਲਟੋਹਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।

ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸਿੰਘ ਸਾਹਿਬਾਨ ਦੇ ਫ਼ੈਸਲੇ ਨੇ ਭਾਜਪਾ ਅਤੇ ਆਰ ਐਸ ਐਸ ਖਿਲਾਫ ਅਕਾਲੀ ਆਗੂਆਂ ਵੱਲੋਂ ਲਗਾਏ ਜਾ ਰਹੇ ਬੇਬੁਨਿਆਦ ਇਲਜ਼ਾਮਾਂ ਦਾ ਸੱਚ ਵੀ ਸਾਹਮਣੇ ਲਿਆ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਭਾਜਪਾ ਨੇ ਬੇਸ਼ੱਕ ਸਤਿਕਾਰ ਵਜੋਂ ਕਰਤਾਰਪੁਰ ਲਾਂਘਾ, ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਮਨਾਉਣ ਅਤੇ ਵੀਰ ਬਾਲ ਦਿਵਸ ਵਰਗੇ ਧਾਰਮਿਕ ਖੇਤਰ ’ਚ ਵੱਡੇ ਫ਼ੈਸਲੇ ਲਏ ਹਨ, ਪਰ ਸਿੱਖ ਪੰਥ ਦੇ ਅੰਦਰੂਨੀ ਧਾਰਮਿਕ ਮਾਮਲਿਆਂ ’ਚ ਕਦੀ ਦਖ਼ਲ ਅੰਦਾਜ਼ੀ ਨਹੀਂ ਕੀਤੀ। ਸਿੱਖਾਂ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਸਾਡੀਆਂ ਇਹਨਾਂ ਸਿੱਖ ਸੰਸਥਾਵਾਂ ਨੂੰ ਆਪਣੇ ਸਵਾਰਥ ਲਈ ਅਕਾਲੀ ਦਲ ਅਤੇ ਬਾਦਲ ਪਰਿਵਾਰ ਵੱਲੋਂ ਕੀਤੀ ਜਾਂਦੀ ਰਹੀ ਦੁਰਵਰਤੋਂ ਦੀਆਂ ਅਨੇਕਾਂ ਮਿਸਾਲਾਂ ਹਨ, ਗਿਣਾਉਣ ਜਾਂ ਦੱਸਣ ਦੀ ਲੋੜ ਨਹੀਂ। ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਿਸੇ ਹੋਰ ਨੇ ਨਹੀਂ ਪੰਥ ਅੰਦਰ ਬੈਠ ਕੇ ਪੰਥ ਵਿਰੋਧੀ ਮਨਸੂਬੇ ਘੜਨ ਵਾਲਿਆਂ ਦੀ ਸੋਚ ਤੇ ਸਾਜ਼ਿਸ਼ਾਂ ਨੇ ਕੀਤਾ ਹੈ, ਜਿਸ ਤੋਂ ਅੱਜ ਹਰ ਕੋਈ ਵਾਕਫ਼ ਹੋ ਚੁਕਾ ਹੈ। ਸਿੱਖ ਪੰਥ ਦਹਾਕਿਆਂ ਤੋਂ ਜਾਗਰੂਕ ਹੈ, ਹੁਣ ਅਕਾਲੀ ਦਲ ਬਾਦਲ ਆਪਣੀਆਂ ਨਾਕਾਮੀਆਂ ਨੂੰ ਕੇਂਦਰੀ ਹਕੂਮਤ, ਭਾਜਪਾ ਅਤੇ ਆਰ ਐਸ ਐਸ ਦੇ ਖਾਤੇ ਪਾ ਕੇ ਸੁਰਖ਼ਰੂ ਨਹੀਂ ਹੋਇਆ ਜਾ ਸਕਦਾ।

ਪ੍ਰੋ. ਸਰਚਾਂਦ ਸਿੰਘ ਨੇ ਵਲਟੋਹਾ ਵੱਲੋਂ ਕੀਤੇ ਗਏ ਖ਼ੁਲਾਸੇ ਜਿਸ ਵਿਚ ਸੁਖਬੀਰ ਸਿੰਘ ਬਾਦਲ ਬਾਬਤ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ/ਤਨਖ਼ਾਹ ਸੁਣਾਏ ਜਾਣ ਦਾ ਫ਼ੈਸਲਾ ਹੋਰ ਨਾ ਲਮਕਾਉਣ ਲਈ ਅਕਾਲੀ ਆਗੂਆਂ ਵੱਲੋਂ ਵਾਰ ਵਾਰ ਜਥੇਦਾਰ ਸਾਹਿਬਾਨ ਪਹੁੰਚ ਕਰਨ ਨੂੰ ਗੈਰ ਸਿਧਾਂਤਕ ਅਤੇ ਸ਼ਰਮ ਕਰਨ ਵਾਲੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਤਨਖ਼ਾਹੀਆ ਨਾਲ ਮੇਲ ਮਿਲਾਪ ਨਾ ਰੱਖਣ ਲਈ ਰਹਿਤ ਮਰਯਾਦਾ ’ਚ ਸਪਸ਼ਟ ਆਦੇਸ਼ ਮੌਜੂਦ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 30 /08/ 2024 ਨੂੰ ਸੁਣਾਏ ਗਏ ਫ਼ੈਸਲੇ ’ਚ ਸੁਖਬੀਰ ਸਿੰਘ ਬਾਦਲ ਉਸ ਵਕਤ ਤਕ ਤਨਖ਼ਾਹੀਆ ਹੈ ਜਦੋਂ ਤਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣੇ ’’ਗੁਨਾਹਾਂ’’ ਦੀ ਮੁਆਫ਼ੀ ਨਹੀਂ ਮੰਗ ਲੈਂਦਾ। ਸੁਖਬੀਰ ਸਿੰਘ ਬਾਦਲ ਦੇ ਮਾਮਲੇ ’ਤੇ ਟਿੱਪਣੀ ਕਰਦਿਆਂ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਇਸ ਸ਼੍ਰੇਣੀ ਨਾਲ ਸੰਬੰਧਿਤ ਪੁਰਾਣੇ ਹੁਕਮਨਾਮਿਆਂ ’ਚ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਤਨਖ਼ਾਹੀਆ ਕਰਾਰ ਦਿੱਤੇ ਗਏ ਹਨ, ਉਨ੍ਹਾਂ ’ਚ ਜਗਦੇਵ ਸਿੰਘ ਤਲਵੰਡੀ ਬਾਰੇ ’’ਕਿਸੇ ਵੀ ਸਿੱਖ ਸਟੇਜ ’ਤੇ ਬੁਲਾਇਆ ਨਾ ਜਾਵੇ ਅਤੇ ਕਿਸੇ ਵੀ ਸਿੱਖ ਜਥੇਬੰਦੀ ਵਿਚ ਪ੍ਰਤੀਨਿਧਤਾ ਨਾ ਦਿੱਤੀ ਜਾਵੇ’’, ਗਿਆਨੀ ਜ਼ੈਲ ਸਿੰਘ ਦੇ ਬਾਰੇ ’ਚ ’’ਕਿਸੇ ਪ੍ਰਕਾਰ ਦੀ ਇਸ ਨਾਲ ਮਿਲਵਰਤਨ ਨਾ ਕਰੇ’’, ਬੂਟਾ ਸਿੰਘ ਦੇ ਬਾਰੇ ’ਚ ’’ਤਨਖ਼ਾਹ ਨਹੀਂ ਲਵਾ ਲੈਂਦਾ ਕੋਈ ਸਿੱਖ ਮਿਲਵਰਤਨ ਨਾ ਕਰੇ’’, ਸੁਰਜੀਤ ਸਿੰਘ ਬਰਨਾਲਾ ਦੇ ਸੰਬੰਧ ’ਚ ’’ਅਗਲੇ ਹੁਕਮਾਂ ਤਕ ਕੋਈ ਸਬੰਧ ਨਾ ਰੱਖੇ ਤੇ ਮਿਲਵਰਤਨ ਨਾ ਦੇਵੇ’’ ਆਦਿ ਦਰਜ ਕੀਤੇ ਗਏ । ਉਪਰੋਕਤ ਦੀ ਰੋਸ਼ਨੀ ਵਿਚ ਇਹ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ ਕਿ ਤਨਖ਼ਾਹੀਆ ਹੋਣ ਕਾਰਨ ਸੁਖਬੀਰ ਬਾਦਲ ਨੂੰ ਕਿਸੇ ਵੀ ਪੰਥਕ ਸਟੇਜ ’ਤੇ ਬੋਲਣ ਦੇਣਾ ਤਾਂ ਕੀ ਉਸ ਕੋਲ ਪੰਥਕ ਜਮਾਤ ਦੀ ਮੈਂਬਰਸ਼ਿਪ ਜਾਂ ਪ੍ਰਤੀਨਿਧਤਾ ਦਾ ਹੱਕ ਵੀ ਨਹੀਂ ਹੈ। ਇਸ ਨੁਕਤੇ ’ਤੇ ਅਮਲ ਨਾ ਕਰ ਕੇ ਅਕਾਲੀ ਦਲ ਸਿਧਾਂਤ ਹੀਣਤਾ ਦਾ ਪ੍ਰਗਟਾਵਾ ਨਹੀਂ ਕਰ ਰਿਹਾ?

ਵਲਟੋਹਾ ਜੀ ਨੇ ਆਪਣੀਆਂ ਦਲੀਲਾਂ ਨੂੰ ਪੁਖ਼ਤਾ ਕਰਨ ਲਈ ਰਹਿਤ ਮਰਯਾਦਾ ਦੀਆਂ ਕਾਪੀਆਂ ਵੀ ਪੇਸ਼ ਕੀਤੀਆਂ ਹਨ। ਪਰ ਇਹ ਕਾਪੀਆਂ ਕੇਵਲ ਸ਼ਖ਼ਸੀ ਰਹਿਣੀ ’ਚ ਆਈ ਢਿਲਿਆਈ, ਧਾਰਮਿਕ ਗ਼ਲਤੀਆਂ ਜਾਂ ਅਵੱਗਿਆ ਕਾਰਨ ਹੋਈ ਮਰਯਾਦਾ ਦੀ ਉਲੰਘਣਾ ਬਾਰੇ ਹੈ। ਇਸ ਲਈ ਸੁਖਬੀਰ ਬਾਦਲ ਨੂੰ ਇਸ ਸ਼੍ਰੇਣੀ ’ਚ ਨਹੀਂ ਰੱਖਿਆ ਜਾ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਆਦੇਸ਼ ’ਚ ਸਾਫ਼ ਕਿਹਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਬਤੌਰ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਲਏ ਗਏ ਫ਼ੈਸਲਿਆਂ ਨਾਲ ਪੰਥਕ ਸਰੂਪ ਦੇ ਅਕਸ ਨੂੰ ਬਹੁਤ ਭਾਰੀ ਢਾਹ ਲੱਗਣ, ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋ ਜਾਣ ਅਤੇ ਸਿੱਖ ਹਿਤਾਂ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਣ ਦਾ ’ਗੁਨਾਹ’ ਕੀਤਾ ਹੈ। ਸੋ ਇਹ ਜਾਣੇ ਅਨਜਾਣੇ ਹੋਈ ਗ਼ਲਤੀ ਨਹੀਂ। ਜਾਣਬੁੱਝ ਕੇ ਕੀਤੇ ਗਏ ਗੁਨਾਹ ਹਨ। ਉਨ੍ਹਾਂ ਸਵਾਲ ਕੀਤਾ ਕਿ ਸੌਦਾਸਾਧ ਬਾਰੇ ਬਾਈਕਾਟ ਸੰਬੰਧੀ ਜਾਰੀ ਹੁਕਮਨਾਮੇ ਦੀ ਜਾਣਬੁੱਝ ਕੇ ਵਾਰ ਵਾਰ ਉਲੰਘਣਾ ਕਰਨੀ ਕੀ ਗੁਰੂ ਨੂੰ ਪਿੱਠ ਦੇਣ ਦਾ ਵਤੀਰਾ ਨਹੀਂ। ਜੇ ਇਹ ਪਿੱਠ ਦੇਣ ਦਾ ਵਤੀਰਾ ਹੈ ਤਾਂ ’ਬੇਦਾਵਾ’ ਕਿਉਂ ਨਹੀਂ ਕਿਹਾ ਜਾਣਾ ਚਾਹੀਦਾ? ਬੇਦਾਵੇ ਦੀ ਮੁਆਫ਼ੀ ਤਾਂ ਕੁਰਬਾਨੀ ਰਾਹੀਂ ਹੀ ਮਿਲ ਸਕਦੀ ਹੈ ਜਿਵੇਂ ਇਤਿਹਾਸ ’ਚ ਭਾਈ ਮਹਾਂ ਸਿੰਘ ਅਤੇ ਚਾਲੀ ਮੁਕਤਿਆਂ ਨੇ ਰਾਹ ਦਿਖਾਇਆ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>