ਘੜੱਮ ਚੌਧਰੀਆਂ ਹੱਥੋਂ ਹੁੰਦੀ ਪੰਜਾਬੀ ਜ਼ੁਬਾਨ ਦੀ ਦੁਰਦਸ਼ਾ

ਸਾਹਿਤਕ ਖੇਤਰ ਵਿੱਚ ਕਿਹਾ ਜਾਂਦਾ ਹੈ ਕਿ ਮਾਤ- ਭਾਸ਼ਾ ਦਾ ਦਰਜ਼ਾ ਸਭ ਤੋਂ ਉੱਤਮ ਹੁੰਦਾ ਹੈ/ ਉੱਚਾ ਹੁੰਦਾ ਹੈ। ਜਿਹੜੀਆਂ ਕੌਮਾਂ ਆਪਣੀ ਮਾਤ- ਭਾਸ਼ਾ ਤੋਂ ਮੁਨਕਰ ਹੋ ਜਾਂਦੀਆਂ ਹਨ ਉਹ ਦੁਨੀਆਂ ਦੇ ਨਕਸ਼ੇ ਤੋਂ ਮੁੱਕ ਜਾਂਦੀਆਂ ਹਨ/ ਅਲੋਪ ਹੋ ਜਾਂਦੀਆਂ ਹਨ ਅਤੇ ਜਿਹੜੀਆਂ ਕੌਮਾਂ ਆਪਣੀ ਮਾਤ- ਭਾਸ਼ਾ ਨਾਲ ਜੁੜੀਆਂ ਰਹਿੰਦੀਆਂ ਹਨ ਉਹਨਾਂ ਨੂੰ ਮੁਕਾਉਣ ਵਾਲੇ ਮੁੱਕ ਜਾਂਦੇ ਹਨ ਪਰ! ਉਹ ਕੌਮਾਂ ਨਹੀਂ ਮੁੱਕਦੀਆਂ। ਖ਼ੈਰ,

ਪੰਜਾਬ ਨਾਲੋਂ ਸਿਆਸੀ ਰੂਪ ਵਿੱਚ 01 ਨਵੰਬਰ 1966 ਵਿੱਚ ਵੱਖ ਹੋਏ ਸੂਬੇ ਹਰਿਆਣੇ ਅੰਦਰ ਇਸ ਵਕਤ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵੱਸਦਾ ਹੈ। ਪ੍ਰੰਤੂ! ਸਮੇਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦਾ ਹਸ਼ਰ ਦਿਨੋਂ- ਦਿਨ ਮਾੜਾ ਹੁੰਦਾ ਰਿਹਾ ਹੈ। ਇੱਥੇ ਖਾਸ ਗੱਲ ਇਹ ਹੈ ਕਿ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦਾ ਘਾਣ ਕਰਨ ਵਿੱਚ ਜਿੱਥੇ ਸਮੇਂ ਦੀਆਂ ਸਰਕਾਰਾਂ ਜਿ਼ੰਮੇਵਾਰ ਹਨ ਉੱਥੇ ਕੁਝ ਹੱਦ ਤੱਕ ਇੱਥੋਂ ਦੇ ਪੰਜਾਬੀ ਵੀ ਕਸੂਰਵਾਰ ਹਨ। ਅੱਜ ਦੇ ਲੇਖ ਵਿੱਚ ਸਰਕਾਰਾਂ ਤੋਂ ਛੁੱਟ ਉਹਨਾਂ ‘ਘੜੱਮ ਚੌਧਰੀਆਂ’ ਦੀ ਗੱਲ ਕੀਤੀ ਜਾਵੇਗੀ ਜਿਹੜੇ ਮਾਂ- ਬੋਲੀ ਦੇ ਰੁਲ਼ਣ ਵਿੱਚ ਵੱਧ ਕਸੂਰਵਾਰ ਹਨ।

ਹਰਿਆਣੇ ਦੇ ਬਹੁਤੇ ਪੰਜਾਬੀ ਆਪਣੀ ਜ਼ੁਬਾਨ ਪ੍ਰਤੀ ਫਿਕਰਮੰਦ ਨਹੀਂ ਹਨ ਅਤੇ ਜਿੰਨੇ ਕੁ ਪੰਜਾਬੀ ਫਿਕਰਮੰਦ ਹਨ ਉਹ ਸਿਆਸੀ ਆਗੂਆਂ, ਨਕਲੀ ਬੁਧੀਜੀਵੀਆਂ ਅਤੇ ਘੜੱਮ ਚੌਧਰੀਆਂ ਦੇ ਮੱਕੜਜਾਲ਼ ਵਿੱਚ ਘਿਰੇ ਹੋਏ ਹਨ/ ਅਸਹਿਜ ਮਹਿਸੂਸ ਕਰਦੇ ਹਨ। ਹਰਿਆਣੇ ਦੇ ਬਹੁਤ ਸਾਰੇ ਆਪੂ ਬਣੇ ਬੁੱਧੀਜੀਵੀ (ਜਿਹਨਾਂ ਨੇ ਨਾ ਤਾਂ ਖੁਦ ਕੋਈ ਕੰਮ ਕਰਨਾ ਹੁੰਦਾ ਹੈ ਅਤੇ ਨਾ ਹੀ ਦੂਜਿਆਂ ਨੂੰ ਕੰਮ ਕਰਨ ਦੇਣਾ ਹੁੰਦਾ ਹੈ) ਸਿਰਫ਼ ਚੌਧਰ ਦੀ ਭੁੱਖ ਖ਼ਾਤਰ! ਪੰਜਾਬੀ ਮਾਂ- ਬੋਲੀ ਦਾ ਘਾਣ ਕਰ ਰਹੇ ਹਨ/ ਨੁਕਸਾਨ ਕਰ ਰਹੇ ਹਨ।

ਹੈਰਾਨੀ ਦੀ ਹੱਦ ਉਦੋਂ ਹੁੰਦੀ ਹੈ ਜਦੋਂ ਮਾਤ- ਭਾਸ਼ਾ ਦੇ ਸਿਰ ਤੋਂ ਆਪਣੇ ਘਰਾਂ ਦਾ ਗੁਜ਼ਾਰਾ ਚਲਾ ਰਹੇ ‘ਚੌਧਰੀ’ ਆਪਣੀ ਹੀ ਮਾਂ- ਬੋਲੀ ਦੇ ਸੱਕੇ ਨਹੀਂ ਹੁੰਦੇ। ਅਜਿਹੇ ਘੜੱਮ ਚੌਧਰੀ ਆਪਸੀ ਖਿੱਚਤਾਣ ਵਿੱਚ ਇਸ ਤਰ੍ਹਾਂ ਉਲਝੇ ਹੋਏ ਹਨ ਕਿ ਜੇਕਰ ਕੋਈ ਨਵਾਂ ਸਾਹਿਤਕਾਰ/ ਵਿਦਿਆਰਥੀ ਪੰਜਾਬੀ ਜ਼ੁਬਾਨ ਦੀ ਤਰੱਕੀ ਖ਼ਾਤਰ! ਕੋਈ ਨਵਾਂ ਕਾਰਜ ਆਰੰਭ ਕਰਦਾ ਹੈ ਤਾਂ ‘ਘੜੱਮ ਚੌਧਰੀਆਂ’ ਦਾ ਇਹ ਟੋਲਾ ਉਸਦੀ ਨੁਕਤਾਚੀਨੀ / ਕਿਰਦਾਰ- ਕੁਸ਼ੀ ਆਰੰਭ ਕਰ ਦਿੰਦਾ ਹੈ ਜਿਸ ਨਾਲ ਕਿ ਉਸ ਸਾਹਿਤਕਾਰ/ ਵਿਦਿਆਰਥੀ ਦਾ ਹੌਸਲਾ ਟੁੱਟ ਜਾਵੇ ਅਤੇ ਉਹ ਵੀ ਇਹਨਾਂ ਚੌਧਰੀਆਂ ਵਾਂਗੂ ਚੁੱਪਚਾਪ ਆਪਣੇ ਘਰ ਬੈਠ ਜਾਵੇ।

ਹਰਿਆਣੇ ਦੇ ਪੰਜਾਬੀ ਸਾਹਿਤ ਦਾ ਡੁੰਘਾਈ ਨਾਲ ਅਧਿਐਨ ਕਰਨ ’ਤੇ ਇੰਝ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਜ਼ੁਬਾਨ ਦਾ ਸਰਕਾਰਾਂ ਨਾਲੋਂ ਵੱਧ ਨੁਕਸਾਨ ਇਹਨਾਂ ‘ਘੜੱਮ ਚੌਧਰੀਆਂ’ ਕਰਕੇ ਹੋਇਆ ਹੈ। ਇਹ ਚੌਧਰੀ ਸੈਮੀਨਾਰਾਂ, ਕਵੀ ਦਰਬਾਰਾਂ, ਸਾਹਿਤਕ ਸਮਾਗਮਾਂ ਵਿੱਚ‘ਪਹਿਲੀ’ ਲਾਈਨ ਦੀ ਕੁਰਸੀ ਚਾਹੁੰਦੇ ਹਨ/ ਪ੍ਰਧਾਨਗੀ ਮੰਡਲ ਵਿੱਚ ਜਗ੍ਹਾ ਚਾਹੁੰਦੇ ਹਨ। ਇਸ ਲਈ ਚਾਹੇ ਮਾਂ- ਬੋਲੀ ਦਾ ਗਲ਼ਾ ਹੀ ਕਿਉਂ ਨਾ ਘੁੱਟਿਆ ਜਾਵੇ? ਇਹ ਸਵੀਕਾਰ ਕਰ ਲੈਣਗੇ। ਫੇਰ ਅਸੀਂ ਸਮੇਂ ਦੀਆਂ ਸਰਕਾਰਾਂ ਨੂੰ ਕਿਸ ਤਰ੍ਹਾਂ ਦੋਸ਼ ਦੇ ਸਕਦੇ ਹਾਂ?

ਇਸ ਸਮੇਂ ਹਰਿਆਣੇ ਅੰਦਰ ਗਿਣਤੀ ਦੇ ਸਾਹਿਤਕਾਰ ਕਲਮ ਚਲਾ ਰਹੇ ਹਨ। ਹਰ ਸਾਲ ਲਗਭਗ 10 ਤੋਂ 12 ਕਿਤਾਬਾਂ ਹੀ ਪ੍ਰਕਾਸਿ਼ਤ ਹੁੰਦੀਆਂ ਹਨ। ਇੰਨੇ ਕੁ ਹੀ ਆਰਟੀਕਲ ਅਖ਼ਬਾਰਾਂ, ਰਸਾਲਿਆਂ ਵਿੱਚ ਆਪਣੀ ਜਗ੍ਹਾ ਬਣਾ ਪਾਉਂਦੇ ਹਨ। ਪ੍ਰੰਤੂ! ਪੰਜਾਬੀ ਮਾਂ- ਬੋਲੀ ਦੇ ਸਿਰ ਤੋਂ ਲੱਖਾਂ ਰੁਪਏ ਤਨਖ਼ਾਹਾਂ ਲੈ ਰਹੇ ‘ਘੜੱਮ ਚੌਧਰੀ’ ਦੂਜਿਆਂ ਨੂੰ ਭੰਡਣ/ ਨਿੰਦਣ ਤੋਂ ਇਲਾਵਾ ਕੋਈ ਕੰਮ ਨਹੀਂ ਕਰ ਰਹੇ। ਹਾਂ, ਜਿਹੜਾ ਕੋਈ ਕਰਨ ਲਈ ਸੋਚਦਾ ਵੀ ਹੈ, ਉਸਨੂੰ ਹੇਠਾਂ ਡੇਗਣ ਲਈ ਯਤਨ ਕਰਨ/ ਵਿਉਂਤ ਘੜਨ ਵਿੱਚ ਆਪਣੀ ਤਾਕਤ ਅਤੇ ਸਮਾਂ ਲਾ ਦਿੰਦੇ ਹਨ ਪਰ! ਮਾਤ ਭਾਸ਼ਾ ਦੀ ਤਰੱਕੀ ਲਈ ਕੋਈ ਕਦਮ ਨਹੀਂ ਪੁੱਟਣਗੇ। ਖ਼ੈਰ,
ਹਰਿਆਣਾ ਦਾ ਪੰਜਾਬੀ ਸਾਹਿਤਕ ਖ਼ੇਤਰ ਭਾਵੇਂ ਛੋਟਾ ਹੈ ਪ੍ਰੰਤੂ! ਇੱਥੇ ਹਰ ਜਿ਼ਲ੍ਹੇ ਵਿੱਚ ਵੱਖ-ਵੱਖ ਸਾਹਿਤਕ ਸੰਸਥਾਵਾਂ ਬਣੀਆਂ ਹੋਈਆਂ ਹਨ। ਇਹ ਸੰਸਥਾਵਾਂ ਆਪਣੇ ਪੱਧਰ ’ਤੇ ਚੰਗਾ ਕੰਮ ਕਰ ਰਹੀਆਂ ਹਨ ਪਰ! ਇਹਨਾਂ ਵਿੱਚ ਵੀ ਨਵੇਂ ਸਾਹਿਤਕਾਰ/ ਵਿਦਿਆਰਥੀ ਹੀ ਸ਼ਾਮਿਲ ਹਨ। ਇਹਨਾਂ ਦੇ ਉੱਪਰਾਲੇ ਭਾਵੇਂ ਜ਼ਮੀਨੀ ਪੱਧਰ ਉੱਪਰ ਕਾਰਗਰ ਸਾਬਿਤ ਹੋ ਰਹੇ ਹਨ ਪਰ! ਵੱਡੇ ਪੱਧਰ ’ਤੇ ਉਂਨਾ ਅਸਰ ਨਹੀਂ ਪਾ ਪਾਉਂਦੇ ਜਿੰਨਾ ਪਾਉਣਾ ਚਾਹੀਦਾ ਹੈ/ ਜਿੰਨਾ ਇਸ ਵਕਤ ਜ਼ਰੂਰਤ ਹੈ।

ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦੀ ਹਾਲਤ ਉੱਪਰ ਅਖ਼ਬਾਰਾਂ ਰਸਾਲਿਆਂ ਵਿੱਚ ਲਿਖਣ ਵਾਲੇ ਵੀ ‘ਕਲਮਕਾਰ’ ਵੀ ਗਿਣਤੀ ਦੇ ਹੀ ਹਨ। ਇਹਨਾਂ ਕਲਮਕਾਰਾਂ ਨੂੰ ਵੀ ‘ਘੜੱਮ ਚੌਧਰੀਆਂ’ ਦੀਆਂ ਨੁਕਤਾਚੀਨੀਆਂ ਦਾ ਅਕਸਰ ਹੀ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕਰਕੇ ਬਹੁਤੇ ਕਲਮਕਾਰ ਇਸ ਖ਼ੇਤਰ ਤੋਂ ਕਿਨਾਰਾ ਕਰ ਗਏ ਹਨ ਅਤੇ ਨਵੇਂ ਕਲਮਕਾਰ ਇਸ ਖ਼ੇਤਰ ਵਿੱਚ ਆਉਣਾ ਹੀ ਨਹੀਂ ਚਾਹੁੰਦੇ।

ਹਰਿਆਣੇ ਦੇ ਪੰਜਾਬੀ ਜੇਕਰ ਸਹੀ ਅਰਥਾਂ ਵਿੱਚ ਆਪਣੀ ਜ਼ੁਬਾਨ ਦਾ ਵਿਕਾਸ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਇਹਨਾਂ ਘੜੱਮ ਚੌਧਰੀਆਂ ਨੂੰ ਨੱਥ ਪਾਉਣ; ਕਿਉਂਕਿ ਜੇਕਰ ਨਵੇਂ ਵਿਦਿਆਰਥੀ ਹੀ ਇਸ ਖ਼ੇਤਰ ਤੋਂ ਕਿਨਾਰਾ ਕਰ ਲੈਣਗੇ ਫਿਰ ਹਰਿਆਣੇ ਵਿੱਚ ਪੰਜਾਬੀ ਜ਼ੁਬਾਨ ਦਾ ਭਵਿੱਖ ਕੀ ਹੋਵੇਗਾ? ਦੂਜੀ ਗੱਲ, ਕੁਰਸੀ ਜਾਂ ਚੌਧਰ ਦੀ ਖ਼ਾਤਰ! ਆਪਣੀ ਮਾਂ ਬੋਲੀ ਨਾਲ ਗੱਦਾਰੀ ਸਭ ਤੋਂ ਵੱਡਾ ਗੁਨਾਂਹ ਹੈ। ਹਰਿਆਣੇ ਦੇ ਪੰਜਾਬੀਆਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਮਾਂ- ਬੋਲੀ ਦੇ ਸਿਰ ਤੋਂ ਜੇਕਰ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਤਾਂ ਖ਼ੁਦ ਨੂੰ ਵੀ ਆਪਣੀ ਇਖ਼ਲਾਕੀ ਜਿ਼ੰਮੇਵਾਰੀ ਦਾ ਪਾਲਣ ਕਰਨਾ ਚਾਹੀਦਾ ਹੈ।

ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ ਤੋਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦੇ ਹਨ ਕਿ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦੀ ਦੁਰਦਸ਼ਾ ਲਈ ਜਿੱਥੇ ਸੂਬਾ ਸਰਕਾਰਾਂ ਜਿ਼ੰਮੇਵਾਰ ਹਨ ਉੱਥੇ ਹੀ ‘ਘੜੱਮ ਚੌਧਰੀ’ ਵੀ ਕਸੂਰਵਾਰ ਹਨ। ਸਾਹਿਤ ਸੱਭਿਆਚਾਰ ਉਦੋਂ ਪ੍ਰਫੁਲਿੱਤ ਹੁੰਦਾ ਹੈ ਜਦੋਂ ਬੁੱਧੀਜੀਵੀ ਵਰਗ ਹੱਲਾਸ਼ੇਰੀ ਦੇਵੇ, ਵਿਦਿਆਰਥੀ / ਸਾਹਿਤਕਾਰ ਵਰਗ ਸਾਰਥਕ ਯਤਨ ਕਰੇ ਅਤੇ ਅਵਾਮ (ਜਨਤਾ) ਸਾਥ ਦੇਵੇ। ਇਹ ਤਿੰਨੇ ਕਾਰਜ ਇੱਕੋ ਪੱਧਰ ’ਤੇ ਕਾਰਜਸ਼ੀਲ ਹੋਣ ਤਾਂ ਹੀ ਕਿਸੇ ਬੋਲੀ ਦਾ ਵਿਕਾਸ ਸੰਭਵ ਹੋ ਸਕਦਾ ਹੈ ਅਤੇ ਕੋਈ ਸਰਕਾਰ ਜਾਂ ਤਾਕਤ ਉਸ ਜ਼ੁਬਾਨ ਦੇ ਵਿਕਾਸ ਨੂੰ ਰੋਕ ਨਹੀਂ ਸਕਦੀ। ਪਰ! ਪੰਜਾਬੀ ਜ਼ੁਬਾਨ ਦੇ ਸੰਬੰਧ ਵਿੱਚ ਇਹ ਕਾਰਜ ਕਦੋਂ ਹੁੰਦਾ ਹੈ? ਇਹ ਅਜੇ ਭਵਿੱਖ ਦੀ ਕੁੱਖ ਵਿੱਚ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>