ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਦੇ 16 ਮਹੀਨੇ ਬੀਤ ਜਾਣ ਤੇ ਵੈਨਕੂਵਰ ਕੈਨੇਡਾ ਦੇ ਸਿੱਖਾਂ ਵੱਲੋਂ ਭਾਰਤ ਦੀ ਐੰਬੈਸੀ ਵੈਨਕੂਵਰ ਸਾਹਮਣੇ ਵੱਡਾ ਪ੍ਰਦਰਸ਼ਨ ਕੀਤਾ ਗਿਆ। ਗੁਰਦੁਆਰਾ ਨਾਨਕ ਦਰਬਾਰ ਦੇ ਮੈਂਬਰ ਅਤੇ ਪੰਥਕ ਸੇਵਾਦਾਰ ਭਾਈ ਨਰਿੰਦਰ ਸਿੰਘ ਖਾਲਸਾ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਮੁਜਾਹਿਰੇ ਵਿਚ ਪਹੁੰਚੇ ਹੋਏ ਬੁਲਾਰਿਆ ਨੇ ਦਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਹਫਤੇ ਕਿਹਾ ਕਿ ਅਸੀਂ ਇੱਕ ਸਾਲ ਤੋਂ ਭਾਰਤ ਦੇ ਮੂੰਹ ਵੱਲ ਦੇਖ ਰਹੇ ਸੀ ਪਰ ਉਹ ਭਾਈ ਨਿੱਝਰ ਕਤਲ ਮਾਮਲੇ ‘ਚ ਚੱਲ ਰਹੀ ਜਾਂਚ ‘ਚ ਸਹਿਯੋਗ ਨਹੀਂ ਸੀ ਦੇ ਰਿਹਾ। ਅਸੀਂ ਉਨ੍ਹਾਂ ਨੂੰ ਬਹੁਤ ਕੁਝ ਦੱਸ ਚੁੱਕੇ ਹਾਂ ਅਤੇ ਦਿਖਾ ਚੁੱਕੇ ਹਾਂ । ਹੁਣ ਜਦੋਂ ਸਾਡੇ ਕੋਲ ਅਹਿਮ ਸਬੂਤ ਹਨ ਕਿ ਕੈਨੇਡਾ ਵਿੱਚ ਭਾਈ ਨਿੱਝਰ ਸਮੇਤ ਹੋਰ ਕਈ ਕਤਲਾਂ, ਫਿਰੌਤੀਆਂ, ਹਮਲਿਆਂ ਪਿੱਛੇ “ਭਾਰਤੀ ਡਿਪਲੋਮੈਟ ਗੱਠਜੋੜ” ਦਾ ਹੱਥ ਹੈ ਤਾਂ ਅਸੀਂ ਭਾਰਤੀ ਰਾਜਦੂਤ ਤੇ ਅੱਧੀ ਦਰਜਨ ਭਾਰਤੀ ਕੂਟਨੀਤਕ ਅਧਿਕਾਰੀਆਂ ਨੂੰ ਕੈਨੇਡਾ ਹਵਾਲੇ ਕਰਨ ਦੀ ਮੰਗ ਰੱਖੀ ਤੇ ਕਿਹਾ ਕਿ ਇਨ੍ਹਾਂ ਦੀ ਕੂਟਨੀਤਕ ਛੋਟ ਖਤਮ ਕਰੋ ਤਾਂ ਭਾਰਤ ਨੇ ਨਾਂਹ ਕਰ ਦਿੱਤੀ। ਟਰੂਡੋ ਨੇ ਬੜੇ ਧੜੱਲੇ ਨਾਲ ਸਿੱਖਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਕੈਨੇਡਾ ਵਾਸੀ ਦੀ ਜਾਨ-ਮਾਲ ਦੀ ਰਾਖੀ ਸਾਡਾ ਫਰਜ਼ ਹੈ।
ਦੂਜੇ ਪਾਸੇ ਭਾਰਤੀ ਜਸੂਸ ਸੀਸੀ ਵੰਨ ਭਾਰਤ ਨੇ ਅਮਰੀਕਨ ਦਬਾਅ ਹੇਠ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦਾ ਨਾਮ ਵਾਸ਼ਿੰਗਟਨ ਪੋਸਟ ਨੇ ਵਿਕਰਮ ਯਾਦਵ ਦੱਸਿਆ ਸੀ, ਜੋ ਨਿਖਿਲ ਗੁਪਤੇ ਰਾਹੀਂ ਆਪਣੀ ਏਜੰਸੀ ਰਾਅ ਅਤੇ ਭਾਰਤ ਸਰਕਾਰ ਵਾਸਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਰਵਾਉਣ ਲਈ ਯਤਨਸ਼ੀਲ ਸੀ।
ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਝੰਡੇ ਅਤੇ ਪੋਸਟਰ ਚੁੱਕੇ ਹੋਏ ਸਨ ਜੋ ਕਿ ਖਾਲਸਾਈ ਜੈਕਾਰੇ ਲਗਾ ਰਹੇ ਸਨ ਅਤੇ ਭਾਈ ਨਿਝਰ ਦੇ ਕਤਲ ਦੀ ਜਾਂਚ ਤੇਜ ਕਰਣ ਦੇ ਭਾਰਤੀ ਸ਼ਰਾਫ਼ਤਖਾਨਿਆ ਨੂੰ ਬੰਦ ਕਰਣ ਦੀ ਮੰਗ ਕਰ ਰਹੇ ਸਨ ।
ਭਾਰਤੀ ਅੰਬੇਸ਼ੀ ਮੂਹਰੇ ਹੋਣ ਵਾਲੇ ਮੁਜਾਹਿਰੇ ਕਰਕੇ ਵੈਨਕੂਵਰ ਪੁਲਿਸ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ ਜਿਸ ਨੇ ਐਬੈਸੀ ਦੇ ਸਾਹਮਣੇ ਵਾਲੀ ਸੜਕ ਦੋਨਾਂ ਪਾਸਿਆਂ ਤੋਂ ਬੰਦ ਕੀਤੀ ਹੋਈ ਸੀ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਬੰਧਕਾਂ ਵਿੱਚੋਂ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਗੁਰਭੇਜ ਸਿੰਘ ਬਾਠ, ਭਾਈ ਅਮਰਜੀਤ ਸਿੰਘ, ਭਾਈ ਭੁਪਿੰਦਰ ਸਿੰਘ ਹੋਠੀ ਅਤੇ ਸਿਖਸ ਫੋਰ ਜਸਟਿਸ ਤੋਂ ਭਾਈ ਮਨਜਿੰਦਰ ਸਿੰਘ ਖਾਲਸਾ ਅਤੇ ਭਾਈ ਜਸਪ੍ਰੀਤ ਸਿੰਘ ਬਾਠ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।